ਸਾਡੀ ਬੋਲੀ-ਸਾਡਾ ਮਾਣ ; 7ਵੇਂ ‘ਨਿਊਜ਼ੀਲੈਂਡ ਪੰਜਾਬੀ ਭਾਸ਼ਾ’ ਹਫ਼ਤੇ ਸਬੰਧੀ ਆਸਟ੍ਰੇਲੀਆ ਵਿਖੇ ਵੀ ਜਾਰੀ ਹੋਇਆ ਪੋਸਟਰ
-‘ਪੰਜਾਬੀ ਭਾਸ਼ਾ ਹਫ਼ਤੇ’ ਦੀ ਚਿਣਗ ਆਸਟ੍ਰੇਲੀਆ ਵਿਖੇ ਲਗਾਉਣ ਦਾ ਯਤਨ
-ਪੰਜਵੇਂ ਅਦਬੀ ਅਤੇ ਕਲਾ ਉਤਸਵ ਨੇ ਸਿਰਜਿਆ ਸਾਹਿਤਕ ਮਾਹੌਲ
ਔਕਲੈਂਡ, 15 ਅਗਸਤ 2026 (ਹਰਜਿੰਦਰ ਸਿੰਘ ਬਸਿਆਲਾ) – ਅੱਜ ਪੰਜਵੇਂ ਅਦਬੀ ਅਤੇ ਕਲਾ ਉਤਸਵ ਮੈਲਬੌਰਨ 2026 ਮੌਕੇ ਸਾਹਿਤਕਾਰਾਂ, ਕਵੀਆਂ, ਵੱਖ-ਵੱਖ ਖੇਤਰਾਂ ਦੇ ਕਲਾਕਾਰਾਂ, ਰੰਗਕਰਮੀਆਂ, ਪੁਸਤਕ ਅਤੇ ਸੱਭਿਆਚਾਰਕ ਪ੍ਰਦਰਸ਼ਨੀ ਨੇ ਖ਼ੂਬ ਸਾਹਿਤਕ ਤੇ ਸੱਭਿਆਚਾਰਕ ਮਾਹੌਲ ਸਿਰਜ ਦਿੱਤਾ। ਇਸ ਦੇ ਚਲਦਿਆਂ ਨਿਊਜ਼ੀਲੈਂਡ ਨਾਲ ਮੂਲ ਰੂਪ ਵਿੱਚ ਜੁੜੇ ਅਤੇ ਇਸ ਪੱਤਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਪ੍ਰਬੰਧਕਾਂ—ਖ਼ਾਸ ਕਰ ਬਿੱਕਰ ਬਾਈ, ਸ. ਸਤਨਾਮ ਸਿੰਘ ਪਾਬਲਾ (ਬਸਿਆਲਾ) ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਦੇ 7ਵੇਂ ਪੰਜਾਬੀ ਭਾਸ਼ਾ ਹਫ਼ਤੇ ਦਾ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਭਜੋਤ ਸੰਧੂ, ਗੁਰਸਿਮਰਨ ਮਿੰਟੂ ਬਰਾੜ ਅਤੇ ਬੀਬਾ ਅਮਰਦੀਪ ਕੌਰ ਹੋਰੀਂ ਸ਼ਾਮਲ ਸਨ।
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਸਰਕਾਰੀ ਅਤੇ ਭਾਈਚਾਰਕ ਪੱਧਰ ਉੱਤੇ ਵੱਖ-ਵੱਖ ਭਾਸ਼ਾਈ ਹਫ਼ਤੇ (Language Weeks) ਬਹੁਤ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਹਨਾਂ ਦਾ ਮੁੱਖ ਮਕਸਦ ਵੱਖ-ਵੱਖ ਭਾਈਚਾਰਿਆਂ ਦੀਆਂ ਮਾਤ-ਭਾਸ਼ਾਵਾਂ, ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣਾ ਹੈ। ਨਿਊਜ਼ੀਲੈਂਡ ਦੇ ਵਿੱਚ ਇਸ ਵਾਰ ਸੱਤਵਾਂ ਸਾਲ ਹੈ, ਜਿਸ ਦੇ ਵਿੱਚ ਸਥਾਨਕ ਪੰਜਾਬੀ ਮੀਡੀਆ—ਪੰਜਾਬੀ ਹੈਰਲਡ, ਰੇਡੀਓ ਸਪਾਈਸ, ਕੂਕ ਸਮਾਚਾਰ, ਡੇਲੀ ਖ਼ਬਰ, ਨੱਚਦਾ ਪੰਜਾਬ, ਰੇਡੀਓ ਪਲੈਨਿਟ, ਵੈਲਿੰਗਟਨ ਪੰਜਾਬੀ ਵੁਮੈਨ ਐਸੋਸੀਏਸ਼ਨ, ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਚੈਰੀਟੇਬਲ ਟਰੱਸਟ, ਅਕਾਲ ਰਾਈਡਰਜ਼ ਹੇਸਟਿੰਗਜ਼, ਨਿਊਜ਼ੀਲੈਂਡ ਸਿੱਖ ਗੇਮਜ਼ ਅਤੇ ਹੋਰ ਸਕੂਲੀ ਸੰਸਥਾਵਾਂ ਸ਼ਾਮਲ ਹੁੰਦੀਆਂ ਹਨ।
ਨਿਊਜ਼ੀਲੈਂਡ ਵਿੱਚ ਮੁੱਖ ਤੌਰ ਉੱਤੇ ਮਾਓਰੀ ਭਾਸ਼ਾ ਹਫ਼ਤੇ ਤੋਂ ਇਲਾਵਾ ਪ੍ਰਸ਼ਾਂਤ ਮਹਾਸਾਗਰ ਦੇ 12 ਵੱਖ-ਵੱਖ ਟਾਪੂਆਂ ਦੀਆਂ ਭਾਸ਼ਾਵਾਂ ਦੇ ਹਫ਼ਤੇ ਸਰਕਾਰੀ ਸਹਿਯੋਗ ਨਾਲ ਮਨਾਏ ਜਾਂਦੇ ਹਨ। ਇਹਨਾਂ ਵਿੱਚ ਰੋਤੁਮਨ, ਸਮੋਅਨ, ਕਿਰੀਬਾਤੀ, ਵੈਨੂਆਤੂ, ਕੁੱਕ ਆਈਲੈਂਡਜ਼ ਮਾਓਰੀ, ਟੋਂਗਨ, ਪਾਪੂਆ ਨਿਊ ਗਿਨੀ, ਟੂਵਾਲੂ, ਫਿਜੀਅਨ, ਨਿਊਏ, ਟੋਕੇਲਾਊ ਅਤੇ ਸੁਲੇਮਾਨ ਆਈਲੈਂਡਜ਼ ਦੀਆਂ ਭਾਸ਼ਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬੀ, ਹਿੰਦੀ, ਗੁਜਰਾਤੀ ਅਤੇ ਹੋਰ ਏਸ਼ੀਆਈ ਭਾਸ਼ਾਵਾਂ ਦੇ ਹਫ਼ਤੇ ਵੀ ਭਾਈਚਾਰਕ ਸੰਸਥਾਵਾਂ ਵੱਲੋਂ ਮਨਾਏ ਜਾਂਦੇ ਹਨ।
ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ ਦਾ ਇਤਿਹਾਸ 135 ਸਾਲ ਤੋਂ ਵੀ ਵੱਧ ਪੁਰਾਣਾ ਹੈ। ਉੱਨੀਵੀਂ ਸਦੀ ਦੇ ਅਖ਼ੀਰ ਵਿੱਚ ਪੰਜਾਬ ਤੋਂ ਆਏ ਪਹਿਲੇ ਵਸਨੀਕਾਂ ਨੇ ਇੱਥੇ ਮਿਹਨਤ ਦੀ ਨੀਂਹ ਰੱਖੀ ਸੀ। ਅੱਜ ਇਹ ਭਾਈਚਾਰਾ ਨਿਊਜ਼ੀਲੈਂਡ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਇਸੇ ਯੋਗਦਾਨ ਅਤੇ ਆਪਣੀ ਮਾਤ-ਭਾਸ਼ਾ ਨੂੰ ਜਿਊਂਦਾ ਰੱਖਣ ਲਈ ਨਿਊਜ਼ੀਲੈਂਡ ਵਿੱਚ ਹਰ ਸਾਲ ‘ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤਾ’ (NZ Punjabi Language Week) ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਹਫ਼ਤੇ ਦੌਰਾਨ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਔਕਲੈਂਡ, ਹੈਮਿਲਟਨ, ਵੈਲਿੰਗਟਨ, ਹੇਸਟਿੰਗਜ਼, ਡੁਨੀਡਨ ਅਤੇ ਟੌਰੰਗਾ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਸਕੂਲਾਂ, ਕਾਲਜਾਂ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਬੱਚਿਆਂ ਦੇ ਸਮਾਗਮ ਹੁੰਦੇ ਹਨ। ਸਰਕਾਰੀ ਨੁਮਾਇੰਦੇ, ਸੰਸਦ ਮੈਂਬਰ ਅਤੇ ਸਥਾਨਕ ਮੇਅਰ ਵੀ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਪ੍ਰਵਾਨਗੀ ਦਿੰਦੇ ਹਨ। ਗੁਰਦੁਆਰਾ ਸਾਹਿਬਾਨ ਅੰਦਰ ਚੱਲਦੇ ਪੰਜਾਬੀ ਸਕੂਲਾਂ ਨੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਿਆ ਹੋਇਆ ਹੈ, ਜਿੱਥੇ ਵਿਦੇਸ਼ਾਂ ਵਿੱਚ ਜੰਮੀ-ਪਲੀ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਗੁਰਮੁਖੀ ਪੜ੍ਹਨ, ਲਿਖਣ ਅਤੇ ਬੋਲਣ ਦਾ ਉਤਸ਼ਾਹ ਮਿਲਦਾ ਹੈ। ਇਹਨਾਂ ਸਾਰੇ ਯਤਨਾਂ ਨਾਲ ਨਿਊਜ਼ੀਲੈਂਡ ਦੇ ਬਹੁ-ਸੱਭਿਆਚਾਰਕ ਢਾਂਚੇ ਵਿੱਚ ਪੰਜਾਬੀ ਭਾਸ਼ਾ ਨੇ ਆਪਣੀ ਇੱਕ ਵੱਖਰੀ ਅਤੇ ਮਜ਼ਬੂਤ ਪਛਾਣ ਕਾਇਮ ਕੀਤੀ ਹੈ।
ਆਸਟ੍ਰੇਲੀਆ ਵਿੱਚ ਵੀ ਬਹੁ-ਸੱਭਿਆਚਾਰਕ ਨੀਤੀਆਂ ਤਹਿਤ ‘ਸਕੂਲਜ਼ ਲੈਂਗੂਏਜ ਵੀਕ’, ਅਸਲ ਨਿਵਾਸੀਆਂ ਦੀਆਂ ਭਾਸ਼ਾਵਾਂ ਦਾ ਹਫ਼ਤਾ (First Nations Languages Week), ਅਤੇ ਪੰਜਾਬੀ, ਅਰਬੀ, ਚੀਨੀ, ਗ੍ਰੀਕ ਤੇ ਇਤਾਲਵੀ ਵਰਗੀਆਂ ਭਾਸ਼ਾਵਾਂ ਦੇ ਹਫ਼ਤੇ ਪ੍ਰਾਂਤਕ ਅਤੇ ਕਮਿਊਨਿਟੀ ਪੱਧਰ ਉੱਤੇ ਮਨਾਏ ਜਾਂਦੇ ਹਨ। ‘ਪੰਜਾਬੀ ਭਾਸ਼ਾ ਹਫ਼ਤੇ’ ਦੀ ਚਿਣਗ ਆਸਟ੍ਰੇਲੀਆ ਵਿੱਚ ਵੀ ਲੱਗਣ ਦੀ ਪੂਰੀ ਸੰਭਾਵਨਾ ਹੈ ਜਦੋਂ ਇਸ ਵਿਸ਼ਾਲ ਮੁਲਕ ਦੇ ਵਿੱਚ ਪੰਜਾਬੀ ਦੀ ਗੱਲ ਹੋਰ ਵਧੇ-ਫੁੱਲੇਗੀ। ਉਂਝ ਇੱਥੇ ਕਈ ਰਾਜਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਸਕੂਲੀ ਪਾਠਕ੍ਰਮ (School Curriculum) ਵਿੱਚ ਸ਼ਾਮਲ ਕੀਤਾ ਗਿਆ ਹੈ।
Share this content:

Post Comment