ਭਾਰਤ ਦੀ ਨਕਲ ਕਰਦਿਆਂ ਗੁਆਂਢੀ ਦੇਸ਼ ‘ਚ ਵੀ ਬਣੀ ‘ਕਾਕਰੋਚ ਅਵਾਮੀ ਪਾਰਟੀ’
ਇਸਲਾਮਾਬਾਦ, 23 ਮਈ – ਭਾਰਤ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ‘ਕਾਕਰੋਚ ਜਨਤਾ ਪਾਰਟੀ’ ਦਾ ਕ੍ਰੇਜ਼ ਹੁਣ ਗੁਆਂਢੀ ਦੇਸ਼ ਪਾਕਿਸਤਾਨ ਤਕ ਪਹੁੰਚ ਗਿਆ ਹੈ। ਭਾਰਤੀ ਨੌਜਵਾਨਾਂ ਦੇ ਇਸ ਵਿਅੰਗਮਈ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਪਾਕਿਸਤਾਨੀ ਨੌਜਵਾਨਾਂ ਨੇ ਵੀ ‘ਕਾਕਰੋਚ ਅਵਾਮੀ ਪਾਰਟੀ’ ਅਤੇ ‘ਕਾਕਰੋਚ ਅਵਾਮੀ ਲੀਗ’ ਵਰਗੇ ਸੋਸ਼ਲ ਮੀਡੀਆ ਪੇਜ ਬਣਾ ਲਏ ਹਨ। ਇਹ ਅਕਾਊਂਟ ਖ਼ੁਦ ਨੂੰ ‘ਜੈਨ-ਜ਼ੀ’ ਨੌਜਵਾਨਾਂ ਦੀ ਆਵਾਜ਼ ਦੱਸ ਰਹੇ ਹਨ ਅਤੇ ਉੱਥੋਂ ਦੀ ਰਵਾਇਤੀ ਰਾਜਨੀਤੀ ’ਤੇ ਤਿੱਖੇ ਵਿਅੰਗ ਕਰ ਰਹੇ ਹਨ। ਭਾਰਤ ਵਿਚ ‘ਕਾਕਰੋਚ ਜਨਤਾ ਪਾਰਟੀ’ ਦੀ ਸ਼ੁਰੂਆਤ ਪਿਛਲੇ ਹਫ਼ਤੇ ਹੋਈ ਸੀ। ਇਸ ਦਾ ਮੁੱਖ ਕਾਰਨ ਭਾਰਤ ਦੇ ਮੁੱਖ ਜੱਜ ਸੂਰਿਆਕਾਂਤ ਦੀ ਇਕ ਕਥਿਤ ਟਿੱਪਣੀ ਸੀ, ਜਿਸ ਵਿਚ ਉਨ੍ਹਾਂ ਨੇ ਕਥਿਤ ਤੌਰ ’ਤੇ ਬੇਰੁਜ਼ਗਾਰ ਕਾਰਕੁਨ ਨੌਜਵਾਨਾਂ ਦੀ ਤੁਲਨਾ ‘ਕਾਕਰੋਚ’ ਅਤੇ ‘ਪੈਰਾਸਾਈਟ’ (ਪਰਜੀਵੀ) ਨਾਲ ਕੀਤੀ ਸੀ।
ਹਾਲਾਂਕਿ ਬਾਅਦ ਵਿਚ ਇਸ ’ਤੇ ਸਫ਼ਾਈ ਦਿਤੀ ਗਈ ਪਰ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ। ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਅਭਿਜੀਤ ਦਿਪਕੇ ਨੇ 16 ਮਈ ਨੂੰ ਇਹ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿਚ ਖ਼ੁਦ ਨੂੰ ‘ਕਾਕਰੋਚ’ ਦੱਸਦਿਆਂ ਇਸ ਨੂੰ ਸਿਸਟਮ ਤੋਂ ਨਾਰਾਜ਼ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਬਣਾ ਦਿਤਾ। ਕੁਝ ਹੀ ਦਿਨਾਂ ਵਿਚ ਇਸ ਪਾਰਟੀ ਦੇ ਇੰਸਟਾਗ੍ਰਾਮ ਫ਼ਾਲੋਅਰਜ਼ ਕਰੋੜਾਂ ਵਿਚ ਪਹੁੰਚ ਗਏ। ਇਹ ਅੰਦੋਲਨ ਮੀਮਜ਼ ਰਾਹੀਂ ਸਿੱਖਿਆ, ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਸਰਕਾਰੀ ਜਵਾਬਦੇਹੀ ਵਰਗੇ ਮੁੱਦੇ ਉਠਾ ਰਿਹਾ ਹੈ। ਪਾਕਿਸਤਾਨ ਵਿਚ ਬਣੇ ‘ਕਾਕਰੋਚ’ ਪੇਜਾਂ ਨੇ ਖੁੱਲ੍ਹੇਆਮ ਸਵੀਕਾਰ ਕੀਤਾ ਹੈ ਕਿ ਉਹ ਭਾਰਤੀ ਅੰਦੋਲਨ ਤੋਂ ਪ੍ਰੇਰਿਤ ਹਨ। ਇਕ ਪੇਜ ਦੇ ਬਾਇਓ ਵਿਚ ਲਿਖਿਆ ਗਿਆ ਹੈ, ‘ਹਾਂ ਕਾਪੀ ਕੀਤਾ ਹੈ ਪਰ ਕਿਸ ਨੂੰ ਫ਼ਰਕ ਪੈਂਦਾ ਹੈ, ਗੱਲ ਤਾਂ ਉਹੀ ਹੈ। ਇਹ ਪੇਜ ਪਾਕਿਸਤਾਨ ਦੀਆਂ ਮੁੱਖ ਪਾਰਟੀਆਂ ਜਿਵੇਂ ਪੀ.ਟੀ.ਆਈ, ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ’ਤੇ ਤੰਜ ਕੱਸ ਰਹੇ ਹਨ। ਪਾਕਿਸਤਾਨੀ ‘ਕਾਕਰੋਚ’ ਪੇਜਾਂ ਦਾ ਦਾਅਵਾ ਹੈ ਕਿ ਉਹ ਉਨ੍ਹਾਂ ਲੋਕਾਂ ਦੀ ਆਵਾਜ਼ ਹਨ ਜਿਨ੍ਹਾਂ ਨੂੰ ਸਿਸਟਮ ਨੇ ਕਾਕਰੋਚ ਸਮਝਿਆ ਹੈ। ਉਹ ਹਰ ਹਾਲਾਤ ਵਿਚ ਜ਼ਿੰਦਾ ਹਨ, ਵਰਗੇ ਨਾਅਰਿਆਂ ਨਾਲ ਨੌਜਵਾਨਾਂ ਨੂੰ ਅਪਣੇ ਨਾਲ ਜੋੜ ਰਹੇ ਹਨ।
Share this content:



Post Comment