ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ 4 ਅਗਸਤ ਨੂੰ ਕਰਵਾਇਆ ਜਾਵੇਗਾ ‘ਜਗੀਰ ਸੱਧਰ ਕਾਵਿ-ਚਿੰਤਨ ਅਤੇ ਸਨਮਾਨ’ ਸਮਾਗਮ
ਫ਼ਰੀਦਕੋਟ, 29 ਜੁਲਾਈ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਸਹਿਯੋਗ ਨਾਲ ਮਿਤੀ 4 ਅਗਸਤ 2026 ਨੂੰ ‘ਜਗੀਰ ਸੱਧਰ ਕਾਵਿ-ਚਿੰਤਨ ਅਤੇ ਸਨਮਾਨ’ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਉਦੇਸ਼ ਪੰਜਾਬੀ ਸਾਹਿਤ ਦੇ ਉੱਘੇ ਰਚਨਾਕਾਰ ਜਗੀਰ ਸੱਧਰ ਦੀ ਸਾਹਿਤਕ ਦੇਣ ਨੂੰ ਯਾਦ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀਆਂ ਰਚਨਾਵਾਂ ਨਾਲ ਜੋੜਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ੍ਰੀ ਮਨਜੀਤ ਪੁਰੀ ਨੇ ਦੱਸਿਆ ਕਿ ਜਗੀਰ ਸੱਧਰ ਪੰਜਾਬ ਦੇ ਸਾਹਿਤ ਅਤੇ ਕਲਾ ਖੇਤਰ ਦੀ ਵਿਲੱਖਣ ਸ਼ਖ਼ਸੀਅਤ ਹਨ। ਉਨ੍ਹਾਂ ਨੇ ਅਨੇਕਾਂ ਪ੍ਰਸਿੱਧ ਗੀਤਾਂ ਦੀ ਰਚਨਾ ਕਰਨ ਦੇ ਨਾਲ-ਨਾਲ ਕਹਾਣੀ ਅਤੇ ਕਵਿਤਾ ਦੀਆਂ ਪੁਸਤਕਾਂ ਰਾਹੀਂ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਸ. ਸੁਖਚੈਨ ਸਿੰਘ ਬਰਾੜ, ਚੇਅਰਮੈਨ, ਮੇਜਰ ਅਜਾਇਬ ਸਿੰਘ ਐਜੂਕੇਸ਼ਨਲ ਐਂਡ ਸੋਸ਼ਲ ਸਰਵਿਸਿਜ਼ ਸੋਸਾਇਟੀ (ਰਜਿ.), ਫ਼ਰੀਦਕੋਟ ਹੋਣਗੇ, ਜਦਕਿ ਸਮਾਗਮ ਦੀ ਪ੍ਰਧਾਨਗੀ ਗੁਰਤੇਜ ਕੋਹਾਰਵਾਲਾ ਅਤੇ ਹਰਮੀਤ ਵਿਦਿਆਰਥੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਹ ਸਾਹਿਤਕ ਸਮਾਗਮ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਦੇ ਹਾਲ ਵਿੱਚ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਇਸ ਮੌਕੇ ਡਾ. ਜਗਵਿੰਦਰ ਜੋਧਾ ਅਤੇ ਡਾ. ਦੇਵਿੰਦਰ ਸੈਫ਼ੀ ਜਗੀਰ ਸੱਧਰ ਦੀ ਸਾਹਿਤਕ ਦੇਣ ਬਾਰੇ ਆਪਣੇ ਖੋਜ-ਪਰਚੇ ਪੇਸ਼ ਕਰਨਗੇ, ਜਦਕਿ ਡਾ. ਜਲੌਰ ਸਿੰਘ ਖੀਵਾ, ਵਿਜੇ ਵਿਵੇਕ ਅਤੇ ਕੁਮਾਰ ਜਗਦੇਵ ਸਿੰਘ ਇਨ੍ਹਾਂ ਖੋਜ-ਪਰਚਿਆਂ ਉੱਤੇ ਆਪਣੇ ਵਿਚਾਰ ਪੇਸ਼ ਕਰਨਗੇ।
ਸਮਾਗਮ ਦੌਰਾਨ ‘ਸੁਰ ਆਂਗਣ’ ਦੇ ਕਲਾਕਾਰਾਂ ਵੱਲੋਂ ਜਗੀਰ ਸੱਧਰ ਦੀਆਂ ਰਚਨਾਵਾਂ ਦਾ ਕਾਵਿ-ਗਾਇਨ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਪੁਸਤਕਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਰਾਹੀਂ ਸਾਹਿਤ ਪ੍ਰੇਮੀਆਂ ਨੂੰ ਪੰਜਾਬੀ ਪੁਸਤਕਾਂ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲੇਗਾ। ਸਮਾਗਮ ਦਾ ਮੰਚ ਸੰਚਾਲਨ ਨਵਪ੍ਰੀਤ ਨਵੀ ਵੱਲੋਂ ਕੀਤਾ ਜਾਵੇਗਾ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਸਮੂਹ ਸਾਹਿਤਕਾਰਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਪੰਜਾਬੀ ਸਾਹਿਤ ਦੇ ਇਸ ਮਹੱਤਵਪੂਰਨ ਸਮਾਗਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।
Share this content:


Post Comment