ਗ਼ਦਰੀ ਮੇਲੇ ਦੇ ਦੂਜੇ ਦਿਨ ਖਿੜੇ ਮਨਮੋਹਕ ਰੰਗ ਵਿਚਾਰ-ਚਰਚਾ, ਝੰਡੇ ਦਾ ਗੀਤ ਅਤੇ ਨਾਟਕਾਂ ਭਰੀ ਰਾਤ ਅੱਜ * ਡਾ. ਨਵਸ਼ਰਨ ਹੋਣਗੇ ਮੁੱਖ ਵਕਤਾ * ਦਰਸ਼ਨ ਖਟਕੜ ਲਹਿਰਾਉਣਗੇ ਗ਼ਦਰੀ ਝੰਡਾ

ਗ਼ਦਰੀ ਮੇਲੇ ਦੇ ਦੂਜੇ ਦਿਨ ਖਿੜੇ ਮਨਮੋਹਕ ਰੰਗ
ਵਿਚਾਰ-ਚਰਚਾ, ਝੰਡੇ ਦਾ ਗੀਤ ਅਤੇ ਨਾਟਕਾਂ ਭਰੀ ਰਾਤ ਅੱਜ
* ਡਾ. ਨਵਸ਼ਰਨ ਹੋਣਗੇ ਮੁੱਖ ਵਕਤਾ * ਦਰਸ਼ਨ ਖਟਕੜ ਲਹਿਰਾਉਣਗੇ ਗ਼ਦਰੀ ਝੰਡਾ
ਜਲੰਧਰ (31 ਅਕਤੂਬਰ): ਮੇਲਾ ਗ਼ਦਰੀ ਬਾਬਿਆਂ ਦਾ ਦੂਜੇ ਦਿਨ ਵੰਨ-ਸੁਵੰਨੀਆਂ ਕਲਾ ਕਿਰਤਾਂ ਦੇ ਮੁਕਾਬਲੇ, ਕਵੀ ਦਰਬਾਰ ਅਤੇ ਫ਼ਿਲਮ ਸ਼ੋਅ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਦਾ ਹੋਇਆ ਪਹਿਲੀ ਨਵੰਬਰ ਨੂੰ ਤੀਜੇ ਅਤੇ ਸਿਖਰਲੇ ਦਿਨ ਸ਼ਾਨਾਮੱਤੇ ਅੰਦਾਜ਼ ‘ਚ ਦਾਖ਼ਲ ਹੋ ਗਿਆ ਹੈ।
ਦੂਜੇ ਦਿਨ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਹਾਲ ‘ਚ ਲਿਫ਼ਟ ਲਾਏ ਜਾਣ ਨਾਲ ਹੋਇਆ। ਲਿਫ਼ਟ ਲਈ ਅਵਤਾਰ ਤਾਰੀ ਅਟਵਾਲ ਬਰਮਿੰਘਮ ਯੂ.ਕੇ. ਵੱਲੋਂ 13 ਲੱਖ ਰੁਪਏ ਦੀ ਸਹਾਇਤਾ ਭੇਜੇ ਜਾਣ ਦਾ ਦੇਸ਼ ਭਗਤ ਯਾਦਗਾਰ ਕਮੇਟੀ ਨੇ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਿੱਥੇ ਦੂਜੇ ਦਿਨ ਮੇਲਾ ਪ੍ਰੇਮੀਆਂ ਨੂੰ ਮੁਬਾਰਕ ਦਿੱਤੀ ਓਥੇ ਤਾਰੀ ਅਟਵਾਲ ਦੇ ਉੱਦਮ ਦੀ ਪੁਰਜ਼ੋਰ ਸ਼ਲਾਘਾ ਵੀ ਕੀਤੀ। ਸੁਰਿੰਦਰਪਾਲ ਕੋਟ ਗਰੇਵਾਲ ਨੇ ਮੇਲੇ ‘ਤੇ ਸਭਨਾਂ ਨੂੰ ਮੁਬਾਰਕਵਾਦ ਦਿੱਤੀ।
ਲਿਫ਼ਟ ਦਾ ਉਦਘਾਟਨ ਇੰਗਲੈਂਡ ਤੋਂ ਉਚੇਚੇ ਤੌਰ ਤੇ ਮੇਲੇ ‘ਚ ਆਏ ਕੁਲਬੀਰ ਸੰਘੇੜਾ ਬਿਲਗਾ, ਅਜੀਤ ਰਾਮੇਵਾਲ, ਸੁਰਿੰਦਰਪਾਲ ਕੋਟ ਗਰੇਵਾਲ, ਉਹਨਾਂ ਦੀਆਂ ਭੈਣਾਂ ਅਤੇ ਭਰਾ ਸਭਨਾਂ ਨੇ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਨਾਲ ਮਿਲ ਕੇ ਕੀਤਾ।
ਕੁਇਜ਼ ਮੁਕਾਬਲੇ ਦੇ ਮੁੱਢਲੇ ਟੈਸਟ ਵਿੱਚ ਉਹਨਾਂ ਵਿਚੋਂ ਅਵੱਲ ਦਰਜਾ ਪ੍ਰਾਪਤ ਕਰਨ ਵਾਲੀਆਂ ਪੰਜ ਟੀਮਾਂ ਵਿੱਚ ਅੰਤਿਮ ਮੁਕਾਬਲਾ ਹੋਇਆ। ਕੁਇਜ਼ ਸੰਚਾਲਕ ਹਰਵਿੰਦਰ ਭੰਡਾਲ ਵੱਲੋਂ ਤਿੰਨ ਰਾਉਂਡ ਵਿੱਚ ਪੁੱਛੇ ਸੁਆਲਾਂ ਦੇ ਸਹੀ ਜੁਆਬ ਦੇਣ ਵਾਲੀਆਂ ਟੀਮਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗੁਰੂ ਹਰਗੋਬਿੰਦ ਪਬਲਿਕ ਸੈਕੰਡਰੀ ਸਕੂਲ ਜੋੜਕੀਆ (ਮਾਨਸਾ), ਸਿੱਖ ਨੈਸ਼ਨਲ ਕਾਲਜ (ਬੰਗਾ), ਐਸ.ਡੀ. ਮਾਡਲ ਸਕੂਲ, (ਜਲੰਧਰ ਕੈਂਟ) ਟੀਮਾਂ ਨੇ ਹਾਸਲ ਕੀਤਾ।
ਪੇਂਟਿੰਗ ਮੁਕਾਬਲੇ ਦੇ ਗਰੁੱਪ ਏ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਕਿਰਨਜੋਤ ਕੌਰ (ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਜਲੰਧਰ), ਮੰਨਤ (ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਕਪੂਰਥਲਾ), ਨੰਦਨੀ (ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਜਲੰਧਰ), ਗਰੁੱਪ ਬੀ ਵਿੱਚ ਅਰਮਾਨ ਸਿੱਧੂ (ਐਸ.ਡੀ. ਮਾਡਲ ਸਕੂਲ, ਜਲੰਧਰ), ਤਨਵੀਨ ਪਾਲ (ਐਸ.ਡੀ. ਮਾਡਲ ਸਕੂਲ, ਜਲੰਧਰ), ਅਸ਼ਮੀਤ ਸਿੰਘ (ਐਸ.ਆਰ.ਟੀ. ਡੀ.ਏ.ਵੀ. ਸਕੂਲ, ਬਿਲਗਾ) ਅਤੇ ਗਰੁੱਪ ਸੀ ਵਿੱਚ ਮਹਿਕਪ੍ਰੀਤ ਕੌਰ (ਐਸ.ਡੀ. ਮਾਡਲ ਸਕੂਲ, ਜਲੰਧਰ) ਤੇ ਵਿਰਾਟ ਪਾਲ (ਡੀ.ਏ.ਵੀ. ਪਬਲਿਕ ਸਕੂਲ, ਬਿਲਗਾ), ਆਭਾ (ਐਸ.ਡੀ. ਮਾਡਲ ਸਕੂਲ, ਜਲੰਧਰ) ਤੇ ਸਿਮਰਨ (ਜਲੰਧਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਲੰਧਰ), ਰੀਤਿਕਾ (ਡੀ.ਏ.ਵੀ. ਪਬਲਿਕ ਸਕੂਲ, ਬਿਲਗਾ) ਤੇ ਸਮਰਜੋਤ (ਲਾਅਨਜ਼ ਪਬਲਿਕ ਸਕੂਲ) ਨੇ ਪ੍ਰਾਪਤ ਕੀਤਾ।
ਸਭਨਾਂ ਮੁਕਾਬਲਿਆਂ ਦੇ ਜੇਤੂਆਂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਕਦ ਰਾਸ਼ੀ, ਪੁਸਤਕਾਂ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ ਗਿਆ। ਸਭਨਾਂ ਮੁਕਾਬਲਿਆਂ ਵਿੱਚ ਹੌਂਸਲਾ ਵਧਾਊ ਇਨਾਮ ਵੀ ਦਿੱਤੇ ਗਏ। ਪੇਂਟਿੰਗ ਮੁਕਾਬਲੇ ਦੇ ਜੱਜ ਸਾਹਿਬਾਨ ਗੁਰਦੀਸ਼ ਸਿੰਘ ਪੰਨੂ, ਏਕਮ ਸਿੰਘ ਪੰਨੂ ਅਤੇ ਇੰਦਰਜੀਤ ਸਿੰਘ ਆਰਟਿਸਟ ਜਲੰਧਰ ਦਾ ਕਮੇਟੀ ਨੇ ਸਨਮਾਨ ਕਰਦਿਆਂ ਮਾਣ ਮਹਿਸੂਸ ਕੀਤਾ।
ਕਾਕੋਰੀ ਕਾਂਡ ਅਤੇ ਨੌਜਵਾਨ ਭਾਰਤ ਸਭਾ ਨੂੰ ਸਮਰਪਤ ਬਣਾਏ ਪੰਡਾਲ ‘ਚ ਤਰਕਸ਼ੀਲ ਸੋਸਾਇਟੀ ਪੰਜਾਬ ਦੀ ਕਲਾ ਕਿਰਤਾਂ ਨਾਲ ਜੁੜੀ ਟੀਮ ਨੇ ਵਿਗਿਆਨਕ ਚੇਤਨਾ ਦਾ ਚਾਨਣ ਵੰਡਦੀਆਂ ਕਲਾ ਕਿਰਤਾਂ ਪੇਸ਼ ਕੀਤੀਆਂ।
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਟੀਮ ਜਸਵਿੰਦਰ ਫਗਵਾੜਾ, ਸੁਮੀਤ ਅੰਮ੍ਰਿਤਸਰ, ਸੁਖਦੇਵ ਫਗਵਾੜਾ, ਸੁਖਜੀਤ ਅੱਭੋਵਾਲ, ਬਲਵਿੰਦਰ ਕੋਠੇ ਜੱਟਾਂ ਅਤੇ ਸੁਰਿੰਦਰ ਪੱਦੀ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨਤ ਕੀਤਾ ਗਿਆ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਸੈਲੇਸ਼ ਨੇ ਕੀਤਾ।
ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆ ਹਾਲ ਵਿੱਚ ਹੋਈ ਵਿਚਾਰ-ਚਰਚਾ ਨੂੰ ਮੁੱਖ ਵਕਤਾ ਪ੍ਰਜੌਏ ਗੁਹਾ ਠਾਕੁਰਤਾ ਨੇ ਸੰਬੋਧਨ ‘ਚ ਕਿਹਾ ਕਿ ਵੋਟ ਚੋਰੀ ਗਿਣੀ ਮਿਥੀ ਸਾਜ਼ਸ਼ ਹੈ। ਜ਼ਰੂਰੀ ਦਸਤਾਵੇਜ਼ੀ ‘ਕਾਗਜ਼ ਦਿਖਾਓ ਮੁਹਿੰਮ’ ਵਿਸ਼ੇਸ਼ ਫ਼ਿਰਕਿਆਂ ਨੂੰ ਚੋਣਵਾਂ ਨਿਸ਼ਾਨਾ ਬਣਾਉਣ ਲਈ ਹੈ। ਉਹਨਾਂ ਕਿਹਾ ਕਿ ਵਿਸ਼ਵ ਸਾਮਰਾਜੀ ਤਾਕਤਾਂ ਅਤੇ ਭਾਰਤੀ ਕਾਰਪੋਰੇਟ ਘਰਾਣੇ ਆਪਣੇ ਆਰਥਕ, ਰਾਜਨੀਤਕ ਮਨੋਰਥਾਂ ਦੀ ਪੂਰਤੀ ਲਈ ਜਮਹੂਰੀ ਹੱਕਾਂ ਦਾ ਘਾਣ ਕਰ ਰਹੇ ਹਨ। ਉਹਨਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚੇਤਨ ਅਵਾਮੀ ਲਹਿਰ ਦੀ ਲੋਕਾਂ ਦੀ ਸਹੀ ਮਾਰਗ-ਦਰਸ਼ਕ ਹੋ ਸਕਦੀ ਹੈ।
ਵਿਚਾਰ-ਚਰਚਾ ਮੌਕੇ ਮੰਚ ‘ਤੇ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਗੋਪਾਲ ਸਿੰਘ ਬੁੱਟਰ ਅਤੇ ਕਮੇਟੀ ਮੈਂਬਰ ਕੁਲਬੀਰ ਸੰਘੇੜਾ ਸਸ਼ੋਭਤ ਸਨ। ਇਸ ਸੈਸ਼ਨ ‘ਚ ਮੰਚ ਸੰਚਾਲਨ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ ਨੇ ਕੀਤਾ।
ਸ਼ਾਮ 4 ਵਜੇ ਹੋਏ ਕਵੀ-ਦਰਬਾਰ ਦਾ ਆਗਾਜ਼ ਦਰਜਣਾਂ ਹੀ ਕਿਤਾਬਾਂ ਲੋਕ-ਅਰਪਣ ਕਰਨ ਨਾਲ ਹੋਇਆ। ਜੋ ਮੇਲੇ ਦੀ ਵੱਡੀ ਪ੍ਰਾਪਤੀ ਹੈ। ਕਮੇਟੀ ਮੈਂਬਰ ਹਰਵਿੰਦਰ ਭੰਡਾਲ ਦੇ ਮੰਚ ਸੰਚਾਲਨ ‘ਚ ਹੋਏ ਕਵੀ ਦਰਬਾਰ ਵਿੱਚ ਦਰਸ਼ਨ ਖਟਕੜ, ਮੰਗਤ ਰਾਮ ਪਾਸਲਾ, ਸੁਰਜੀਤ ਜੱਜ, ਸੁਸ਼ੀਲ ਦੁਸਾਂਝ ਪ੍ਰਧਾਨਗੀ ਮੰਡਲ ‘ਚ ਸਸ਼ੋਭਤ ਸਨ। ਸ਼ਬਦੀਸ਼, ਹਰਮੀਤ ਵਿਦਿਆਰਥੀ, ਮੱਖਣ ਕੋਹਾੜ, ਤਲਵਿੰਦਰ ਸ਼ੇਰਗਿੱਲ, ਓਕਾਰਪ੍ਰੀਤ, ਕਮਲਦੀਪ ਜਲੂਰ, ਮਨਪ੍ਰੀਤ ਜੱਸ ਮਨਜਿੰਦਰ ਕਮਲ, ਭੁਪਿੰਦਰ ਦੂਲੇ, ਜਗਵਿੰਦਰ ਜੋਧਾ, ਮਨਜੀਤ ਔਲਖ, ਗੁਰਮੀਤ ਕੜਿਆਲਵੀ, ਜਸਦੇਵ ਸਿੰਘ ਲਲਤੋਂ ਨੇ ਕਵੀ ਦਰਬਾਰ ‘ਚ ਆਪਣੇ ਕਲਾਮ ਪੇਸ਼ ਕੀਤੇ।
ਪੀਪਲਜ਼ ਵਾਇਸ (ਕੁਲਵਿੰਦਰ, ਡਾ. ਸੈਲੇਸ਼) ਵੱਲੋਂ ਦਸਤਾਵੇਜ਼ੀ ਫ਼ਿਲਮ ‘ਚੜ੍ਹਦੀ ਕਲਾ’ (ਦਿੱਲੀ ਕਿਸਾਨ ਮੋਰਚੇ ਬਾਰੇ) ਨਕੁਲ ਸਾਹਨੀ ਦੀ ਨਿਰਦੇਸ਼ਨਾ ‘ਚ ਵਿਖਾਈ ਗਈ।
ਅੱਜ ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਨਾਟਕ, ਗੀਤ-ਸੰਗੀਤ, ਭੈਣੀ ਸਾਹਿਬ ਜੱਥੇ ਦਾ ਹੱਲਾ, ਝੰਡੇ ਦਾ ਗੀਤ ਅਤੇ ਵੰਨ-ਸੁਵੰਨੇ ਨਾਟਕ ਖੇਡੇ ਜਾਣਗੇ।
ਮੇਲੇ ‘ਚ ਮੈਡੀਕਲ ਸਹਾਇਤਾ ਕੈਂਪ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਪ੍ਰਧਾਨ ਧੰਨਾ ਮੱਲ ਗੋਇਲ) ਦੀ ਅਗਵਾਈ ਵਿੱਚ ਲਾਇਆ ਗਿਆ।
Share this content:



Post Comment