Loading Now

ਡਿਜੀਟਲ ਯੁੱਗ ਦੀਆਂ ਚੁਣੌਤੀਆਂ

ਡਿਜੀਟਲ ਯੁੱਗ ਦੀਆਂ ਚੁਣੌਤੀਆਂ

ਤੇਜ਼ੀ ਨਾਲ ਬਦਲ ਰਹੇ ਅੱਜ ਦੇ ਡਿਜੀਟਲ ਯੁੱਗ ’ਚ ਹਕੀਕਤ ਅਤੇ ਝੂਠ (ਭਰਮ) ਵਿਚਕਾਰਲੀ ਲਕੀਰ ਧੁੰਦਲੀ ਹੁੰਦੀ ਜਾ ਰਹੀ ਹੈ। ਡੀਪਫੇਕ ਅਤੇ ਸਿੰਥੈਟਿਕ ਮੀਡੀਆ ਇਸ ਬਦਲਾਅ ਪਿਛਲੀ ਸਭ ਤੋਂ ਪ੍ਰਭਾਵਸ਼ਾਲੀ ਤਕਨਾਲੋਜੀ ’ਚੋਂ ਇੱਕ ਹੈ। ਕੁਝ ਸਾਲ ਪਹਿਲਾਂ ਤੱਕ ਇਹ ਗੱਲ ਮਹਿਜ਼ ਕਲਪਨਾ ਜਾਪਦੀ ਸੀ ਕਿ ਕਿਸੇ ਵਿਅਕਤੀ ਦੀ ਆਵਾਜ਼ ਜਾਂ ਚਿਹਰੇ ਨੂੰ ਕੰਪਿਊਟਰ ਦੀ ਮਦਦ ਨਾਲ ਇਸ ਤਰ੍ਹਾਂ ਬਦਲਿਆ ਜਾ ਸਕਦਾ ਹੈ ਕਿ ਉਹ ਅਸਲੀ ਜਾਪੇ, ਪਰ ਅੱਜ ਇਹ ਹਕੀਕਤ ਬਣ ਚੁੱਕੀ ਹੈ। ਡੀਪਫੇਕ ਅਜਿਹੀ ਡਿਜੀਟਲ ਸਮੱਗਰੀ ਹੁੰਦੀ ਹੈ, ਜਿਸ ਵਿੱਚ ਕਿਸੇ ਵੀਡੀਓ, ਤਸਵੀਰ ਜਾਂ ਆਡੀਓ ਨੂੰ ‘ਆਰਟੀਫੀਸ਼ੀਅਲ ਇੰਟੈਲੀਜੈਂਸ’ (ਏ ਆਈ) ਦੀ ਮਦਦ ਨਾਲ ਇਸ ਤਰ੍ਹਾਂ ਤਿਆਰ ਕੀਤਾ ਜਾਂ ਬਦਲਿਆ ਜਾਂਦਾ ਹੈ ਕਿ ਦੇਖਣ ਵਾਲੇ ਨੂੰ ਸੱਚ ਅਤੇ ਝੂਠ ਵਿਚਕਾਰ ਫ਼ਰਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਉਦਾਹਰਣ ਵਜੋਂ, ਕਿਸੇ ਨੇਤਾ ਨੂੰ ਅਜਿਹੀ ਗੱਲ ਕਰਦੇ ਹੋਏ ਦਿਖਾਇਆ ਜਾ ਸਕਦਾ ਹੈ, ਜੋ ਉਸ ਨੇ ਕਦੇ ਆਖੀ ਹੀ ਨਾ ਹੋਵੇ ਜਾਂ ਕਿਸੇ ਅਦਾਕਾਰ ਦੇ ਚਿਹਰੇ ਨੂੰ ਕਿਸੇ ਹੋਰ ਵਿਅਕਤੀ ਦੇ ਸਰੀਰ ਉੱਤੇ ਇਸ ਤਰ੍ਹਾਂ ਲਾਇਆ ਜਾ ਸਕਦਾ ਹੈ ਕਿ ਉਹ ਬਿਲਕੁਲ ਅਸਲੀ ਜਾਪੇ। ਸਿੰਥੈਟਿਕ ਮੀਡੀਆ ਦਾ ਖੇਤਰ ਇਸ ਤੋਂ ਵੀ ਵੱਡਾ ਹੈ। ਇਸ ਵਿੱਚ ਉਹ ਸਾਰੀ ਡਿਜੀਟਲ ਸਮੱਗਰੀ ਸ਼ਾਮਿਲ ਹੈ, ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਜਾਂਦੀ ਹੈ। ਅੱਜ ਵਰਚੁਅਲ ਇਨਫਲੂਐਂਸਰ, ਏ ਆਈ ਦੁਆਰਾ ਬਣਾਏ ਗਏ ਖ਼ਬਰ ਪਾਠਕ, ਮਨੁੱਖਾਂ ਵਰਗੀਆਂ ਆਵਾਜ਼ਾਂ ਅਤੇ ਡਿਜੀਟਲ ਅਵਤਾਰ ਇਸ ਤਕਨਾਲੋਜੀ ਦੀਆਂ ਉਦਾਹਰਣਾਂ ਹਨ।

ਕਈ ਦੇਸ਼ਾਂ ਵਿੱਚ ਏ ਆਈ ਐਂਕਰ 24 ਘੰਟੇ ਖ਼ਬਰਾਂ ਪੜ੍ਹ ਰਹੇ ਹਨ ਅਤੇ ਕਈ ਕੰਪਨੀਆਂ ਗਾਹਕਾਂ ਨਾਲ ਗੱਲਬਾਤ ਕਰਨ ਲਈ ਡਿਜੀਟਲ ਮਨੁੱਖਾਂ ਦੀ ਵਰਤੋਂ ਕਰ ਰਹੀਆਂ ਹਨ। ਇਸ ਤਰ੍ਹਾਂ ਜੋ ਚੀਜ਼ ਕਦੇ ਵਿਗਿਆਨਕ ਕਲਪਨਾ ਦਾ ਹਿੱਸਾ ਸੀ, ਉਹ ਹੁਣ ਸਾਡੇ ਰੋਜ਼ਾਨਾ ਜੀਵਨ ਵਿੱਚ ਦਾਖ਼ਲ ਹੋ ਚੁੱਕੀ ਹੈ। ਡੀਪਫੇਕ ਤਕਨਾਲੋਜੀ ਦੀ ਨੀਂਹ ਮਸ਼ੀਨ ਲਰਨਿੰਗ ਅਤੇ ਡੀਪ ਲਰਨਿੰਗ ਵਰਗੀਆਂ ਆਧੁਨਿਕ ਏ ਆਈ ਤਕਨੀਕਾਂ ’ਤੇ ਆਧਾਰਿਤ ਹੈ। ਇਸ ਲਈ ਆਮ ਤੌਰ ’ਤੇ ਜੈਨਰੇਟਿਵ ਐਡਵਰਸਰੀਅਲ ਨੈੱਟਵਰਕਸ (GANs) ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪ੍ਰਣਾਲੀ ਦੋ ਨਿਊਰਲ ਨੈੱਟਵਰਕਾਂ ਦੇ ਮੁਕਾਬਲੇ ਉੱਤੇ ਕੰਮ ਕਰਦੀ ਹੈ। ਇੱਕ ਨੈੱਟਵਰਕ ਨਕਲੀ ਸਮੱਗਰੀ ਬਣਾਉਂਦਾ ਹੈ ਜਦੋਂਕਿ ਦੂਜਾ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਸਮੱਗਰੀ ਅਸਲੀ ਹੈ ਜਾਂ ਨਕਲੀ।

ਇਹ ਪ੍ਰਕਿਰਿਆ ਵਾਰ-ਵਾਰ ਚੱਲਦੀ ਰਹਿੰਦੀ ਹੈ ਅਤੇ ਸਮੇਂ ਦੇ ਨਾਲ ਨਕਲੀ ਸਮੱਗਰੀ ਬਣਾਉਣ ਵਾਲਾ ਨੈੱਟਵਰਕ ਇੰਨਾ ਮਾਹਿਰ ਹੋ ਜਾਂਦਾ ਹੈ ਕਿ ਉਸ ਦੁਆਰਾ ਤਿਆਰ ਕੀਤੀ ਸਮੱਗਰੀ ਬਿਲਕੁਲ ਅਸਲੀ ਜਾਪਦੀ ਹੈ। ਸਾਧਾਰਨ ਭਾਸ਼ਾ ਵਿੱਚ ਕਹੀਏ ਤਾਂ ਇਹ ਉਸ ਨਕਲਚੀ ਵਰਗਾ ਹੈ ਜੋ ਹਰ ਵਾਰ ਆਪਣੀ ਕਲਾ ਵਿੱਚ ਸੁਧਾਰ ਕਰਦਾ ਰਹਿੰਦਾ ਹੈ ਅਤੇ ਆਖ਼ਰਕਾਰ ਮਾਹਿਰਾਂ ਨੂੰ ਵੀ ਧੋਖਾ ਦੇ ਸਕਦਾ ਹੈ। ਭਾਵੇਂ ਡੀਪਫੇਕ ਦਾ ਨਾਮ ਸੁਣਦੇ ਹੀ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਹਨ, ਪਰ ਇਸ ਤਕਨਾਲੋਜੀ ਦੇ ਕਈ ਚੰਗੇ ਪੱਖ ਵੀ ਹਨ। ਮਨੋਰੰਜਨ ਜਗਤ ਵਿੱਚ ਇਸ ਦੀ ਵਰਤੋਂ ਇਤਿਹਾਸਕ ਸ਼ਖ਼ਸੀਅਤਾਂ ਨੂੰ ਦੁਬਾਰਾ ਪਰਦੇ ਉੱਤੇ ਲਿਆਉਣ, ਅਦਾਕਾਰਾਂ ਨੂੰ ਜਵਾਨ ਦਿਖਾਉਣ ਜਾਂ ਮਰ ਚੁੱਕੇ ਕਲਾਕਾਰਾਂ ਦੀਆਂ ਆਵਾਜ਼ਾਂ ਨੂੰ ਮੁੜ ਜੀਵੰਤ ਕਰਨ ਲਈ ਕੀਤੀ ਜਾ ਰਹੀ ਹੈ। ਸਿੱਖਿਆ ਦੇ ਖੇਤਰ ਵਿੱਚ ਇਹ ਤਕਨਾਲੋਜੀ ਵਿਦਿਆਰਥੀਆਂ ਲਈ ਸਿੱਖਣ ਨੂੰ ਹੋਰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾ ਸਕਦੀ ਹੈ।

ਜੇਕਰ ਕਿਸੇ ਇਤਿਹਾਸਕ ਘਟਨਾ ਨੂੰ ਅਸਲੀ ਦ੍ਰਿਸ਼ਾਂ ਵਰਗੀ ਸਿਮੂਲੇਸ਼ਨ ਰਾਹੀਂ ਦਿਖਾਇਆ ਜਾਵੇ ਤਾਂ ਵਿਦਿਆਰਥੀਆਂ ਨੂੰ ਉਸ ਨੂੰ ਸਮਝਣਾ ਬਹੁਤ ਆਸਾਨ ਹੋ ਜਾਂਦਾ ਹੈ। ਸਿਹਤ ਸੇਵਾਵਾਂ ਵਿੱਚ ਵੀ ਸਿੰਥੈਟਿਕ ਮੀਡੀਆ ਦੀ ਭੂਮਿਕਾ ਵਧ ਰਹੀ ਹੈ। ਮੈਡੀਕਲ ਵਿਦਿਆਰਥੀਆਂ ਨੂੰ ਅਸਲ ਜਿਹੀਆਂ ਵਰਚੁਅਲ ਸਥਿਤੀਆਂ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਬੋਲਣ ਵਿੱਚ ਦਿੱਕਤ ਆਉਂਦੀ ਹੈ, ਉਨ੍ਹਾਂ ਲਈ ਏ ਆਈ ਆਧਾਰਿਤ ਆਵਾਜ਼ਾਂ ਮਦਦਗਾਰ ਸਾਬਿਤ ਹੋ ਰਹੀਆਂ ਹਨ। ਨਜ਼ਰ ਜਾਂ ਸੁਣਨ ਦੀ ਸਮੱਸਿਆ ਵਾਲੇ ਲੋਕਾਂ ਲਈ ਵੀ ਇਹ ਤਕਨਾਲੋਜੀ ਡਿਜੀਟਲ ਸਮੱਗਰੀ ਨੂੰ ਵਧੇਰੇ ਪਹੁੰਚਯੋਗ ਬਣਾ ਰਹੀ ਹੈ। ਇਸ ਤੋਂ ਇਲਾਵਾ ਬਹੁ-ਭਾਸ਼ਾਈ ਡਿਜੀਟਲ ਅਵਤਾਰ ਗਾਹਕ ਸੇਵਾਵਾਂ ਨੂੰ ਹੋਰ ਸੁਗਮ ਅਤੇ ਪ੍ਰਭਾਵਸ਼ਾਲੀ ਬਣਾ ਰਹੇ ਹਨ।

ਜਿੱਥੇ ਇਸ ਤਕਨਾਲੋਜੀ ਦੇ ਕਈ ਫ਼ਾਇਦੇ ਹਨ, ਉੱਥੇ ਇਸ ਦੇ ਗੰਭੀਰ ਖ਼ਤਰੇ ਵੀ ਹਨ। ਦੁਨੀਆ ਭਰ ਵਿੱਚ ਡੀਪਫੇਕ ਦੀ ਦੁਰਵਰਤੋਂ ਵਧਦੀ ਜਾ ਰਹੀ ਹੈ। ਝੂਠੀਆਂ ਖ਼ਬਰਾਂ ਫੈਲਾਉਣ, ਰਾਜਨੀਤਕ ਪ੍ਰਚਾਰ ਕਰਨ ਅਤੇ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ ਲਈ ਨਕਲੀ ਵੀਡੀਓਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਅਪਰਾਧੀ ਏ ਆਈ ਦੁਆਰਾ ਤਿਆਰ ਕੀਤੀਆਂ ਆਵਾਜ਼ਾਂ ਦੀ ਵਰਤੋਂ ਕਰ ਕੇ ਕੰਪਨੀਆਂ ਦੇ ਅਧਿਕਾਰੀਆਂ ਦਾ ਰੂਪ ਧਾਰ ਲੈਂਦੇ ਹਨ ਅਤੇ ਲੋਕਾਂ ਤੋਂ ਵੱਡੀਆਂ ਰਕਮਾਂ ਠੱਗ ਲੈਂਦੇ ਹਨ। ਪਛਾਣ ਚੋਰੀ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ, ਜਿੱਥੇ ਲੋਕਾਂ ਦੇ ਚਿਹਰੇ ਜਾਂ ਆਵਾਜ਼ਾਂ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਵਰਤਿਆ ਜਾਂਦਾ ਹੈ। ਸਾਈਬਰ ਸੁਰੱਖਿਆ ਸੰਸਥਾਵਾਂ ਦੀਆਂ ਰਿਪੋਰਟਾਂ ਅਨੁਸਾਰ 2019 ਤੋਂ 2023 ਦਰਮਿਆਨ ਡੀਪਫੇਕ ਨਾਲ ਜੁੜੇ ਧੋਖਾਧੜੀ ਦੇ ਮਾਮਲਿਆਂ ਵਿੱਚ 900 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਅਸਲ ਜੀਵਨ ਦੀਆਂ ਕਈ ਘਟਨਾਵਾਂ ਇਸ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ।

ਚੋਣਾਂ ਦੌਰਾਨ ਕਈ ਦੇਸ਼ਾਂ ਵਿੱਚ ਸਿਆਸੀ ਆਗੂਆਂ ਦੀਆਂ ਨਕਲੀ ਵੀਡੀਓਜ਼ ਵਾਇਰਲ ਹੋਈਆਂ, ਜਿਨ੍ਹਾਂ ਨੇ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਵਿੱਚ ਵੀ ਕਈ ਮਸ਼ਹੂਰ ਹਸਤੀਆਂ ਅਤੇ ਜਨਤਕ ਵਿਅਕਤੀਆਂ ਦੇ ਡੀਪਫੇਕ ਵੀਡੀਓ ਸਾਹਮਣੇ ਆਏ ਹਨ। ਦੁਨੀਆ ਭਰ ਵਿੱਚ ਇੱਕ ਪ੍ਰਸਿੱਧ ਮਾਮਲੇ ਵਿੱਚ ਇੱਕ ਕੰਪਨੀ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਜਦੋਂ ਠੱਗਾਂ ਨੇ ਏ ਆਈ ਦੁਆਰਾ ਤਿਆਰ ਕੀਤੀ ਗਈ ਉਸ ਦੇ ਸੀ ਈ ਓ ਦੀ ਆਵਾਜ਼ ਦੀ ਵਰਤੋਂ ਕਰਕੇ ਪੈਸੇ ਟਰਾਂਸਫਰ ਕਰਵਾ ਲਏ। ਅਜਿਹੀਆਂ ਘਟਨਾਵਾਂ ਦੱਸਦੀਆਂ ਹਨ ਕਿ ਡਿਜੀਟਲ ਦੁਨੀਆ ਵਿੱਚ ਭਰੋਸੇ ਦੀ ਦੁਰਵਰਤੋਂ ਕਿੰਨੀ ਆਸਾਨ ਹੋ ਗਈ ਹੈ।

ਡੀਪਫੇਕ ਦਾ ਪ੍ਰਭਾਵ ਸਿਰਫ਼ ਵਿਅਕਤੀਗਤ ਪੱਧਰ ਤੱਕ ਸੀਮਿਤ ਨਹੀਂ ਹੈ। ਇਹ ਸਮਾਜ ਅਤੇ ਲੋਕਤੰਤਰ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈ। ਜਦੋਂ ਲੋਕ ਅਸਲੀ ਅਤੇ ਨਕਲੀ ਸਮੱਗਰੀ ਵਿੱਚ ਫ਼ਰਕ ਨਹੀਂ ਕਰ ਸਕਦੇ ਤਾਂ ਉਹ ਹਰ ਜਾਣਕਾਰੀ ਉੱਤੇ ਸ਼ੱਕ ਕਰਨ ਲੱਗ ਪੈਂਦੇ ਹਨ। ਇਸ ਸਥਿਤੀ ਨੂੰ ਕਈ ਵਾਰ ‘ਲਾਇਰਜ਼ ਡਿਵੀਡੈਂਡ’ (Liar’s Dividend) ਕਿਹਾ ਜਾਂਦਾ ਹੈ, ਜਿੱਥੇ ਅਸਲੀ ਸਬੂਤਾਂ ਨੂੰ ਵੀ ਨਕਲੀ ਕਹਿ ਕੇ ਰੱਦ ਕੀਤਾ ਜਾ ਸਕਦਾ ਹੈ। ਇਸ ਨਾਲ ਲੋਕਤੰਤਰੀ ਪ੍ਰਕਿਰਿਆਵਾਂ, ਚੋਣਾਂ, ਜਨਤਕ ਵਿਚਾਰ-ਵਟਾਂਦਰੇ ਅਤੇ ਜਵਾਬਦੇਹੀ ਉੱਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਗ਼ਲਤ ਜਾਣਕਾਰੀ ਦਾ ਫੈਲਾਅ ਸਮਾਜਿਕ ਸਾਂਝ, ਕਾਨੂੰਨ ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਲਈ ਵੀ ਖ਼ਤਰਾ ਬਣ ਸਕਦਾ ਹੈ। ਇਸ ਤਕਨਾਲੋਜੀ ਨਾਲ ਜੁੜੇ ਕਾਨੂੰਨੀ ਅਤੇ ਨੈਤਿਕ ਸਵਾਲ ਵੀ ਬਹੁਤ ਮਹੱਤਵਪੂਰਨ ਹਨ। ਕੀ ਕਿਸੇ ਵਿਅਕਤੀ ਨੂੰ ਆਪਣੇ ਚਿਹਰੇ ਅਤੇ ਆਵਾਜ਼ ਉੱਤੇ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ? ਜੇਕਰ ਕਿਸੇ ਡੀਪਫੇਕ ਕਾਰਨ ਕਿਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ- ਸਮੱਗਰੀ ਬਣਾਉਣ ਵਾਲਾ, ਪਲੈਟਫਾਰਮ ਜਾਂ ਤਕਨਾਲੋਜੀ ਪ੍ਰੋਵਾਈਡਰ? ਇਨ੍ਹਾਂ ਸਵਾਲਾਂ ਦੇ ਸਪੱਸ਼ਟ ਜਵਾਬ ਅਜੇ ਵੀ ਤਿਆਰ ਕੀਤੇ ਜਾ ਰਹੇ ਹਨ। ਦੁਨੀਆ ਭਰ ਦੇ ਕਾਨੂੰਨ ਨਿਰਮਾਤਾ ਅਤੇ ਨੀਤੀਘਾੜੇ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ ਤਾਂ ਜੋ ਨਵੀਨਤਾ ਅਤੇ ਜਵਾਬਦੇਹੀ ਵਿਚਕਾਰ ਸੰਤੁਲਨ ਬਣਾਇਆ ਜਾ ਸਕੇ।

ਭਾਰਤ ਸਮੇਤ ਕਈ ਦੇਸ਼ਾਂ ਨੇ ਡੀਪਫੇਕ ਅਤੇ ਸਿੰਥੈਟਿਕ ਮੀਡੀਆ ਦੇ ਨਿਯਮ ਬਣਾਉਣ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਵਿੱਚ ਸੂਚਨਾ ਤਕਨਾਲੋਜੀ ਕਾਨੂੰਨ ਅਤੇ ਉੱਭਰ ਰਹੇ ਡਿਜੀਟਲ ਨਿਯਮਾਂ ਰਾਹੀਂ ਗ਼ਲਤ ਜਾਣਕਾਰੀ ਅਤੇ ਨੁਕਸਾਨਦਾਇਕ ਸਮੱਗਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਜਿਹੀ ਸਮੱਗਰੀ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਯੂਰੋਪੀ ਸੰਘ ਅਤੇ ਅਮਰੀਕਾ ਵਰਗੇ ਖੇਤਰਾਂ ਵਿੱਚ ਏ ਆਈ ਦੁਆਰਾ ਬਣਾਈ ਗਈ ਸਮੱਗਰੀ ਨੂੰ ਲੇਬਲ ਕਰਨ ਦੇ ਨਿਯਮਾਂ ਉੱਤੇ ਕੰਮ ਹੋ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਉਹ ਜੋ ਦੇਖ ਰਹੇ ਹਨ, ਉਹ ਅਸਲੀ ਹੈ ਜਾਂ ਏ ਆਈ ਰਾਹੀਂ ਤਿਆਰ ਕੀਤੀ ਗਈ ਸਮੱਗਰੀ ਹੈ।

ਤਕਨਾਲੋਜੀ ਕੰਪਨੀਆਂ ਵੀ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਨਵੇਂ ਹੱਲ ਵਿਕਸਿਤ ਕਰ ਰਹੀਆਂ ਹਨ। ਵੱਡੀਆਂ ਕੰਪਨੀਆਂ ਏ ਆਈ ਆਧਾਰਿਤ ਡੀਪਫੇਕ ਖੋਜ ਪ੍ਰਣਾਲੀਆਂ ਉੱਤੇ ਕੰਮ ਕਰ ਰਹੀਆਂ ਹਨ, ਜੋ ਚਿਹਰੇ ਦੀਆਂ ਹਰਕਤਾਂ, ਰੌਸ਼ਨੀ, ਆਵਾਜ਼ ਅਤੇ ਹੋਰ ਡਿਜੀਟਲ ਸੰਕੇਤਾਂ ਦਾ ਵਿਸ਼ਲੇਸ਼ਣ ਕਰਕੇ ਨਕਲੀ ਸਮੱਗਰੀ ਦੀ ਪਛਾਣ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਡਿਜੀਟਲ ਵਾਟਰਮਾਰਕਿੰਗ ਵਰਗੀਆਂ ਤਕਨੀਕਾਂ ਵੀ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਏ ਆਈ ਦੁਆਰਾ ਬਣਾਈ ਗਈ ਸਮੱਗਰੀ ਵਿੱਚ ਅਦ੍ਰਿਸ਼ ਚਿੰਨ੍ਹ ਜੋੜੇ ਜਾਂਦੇ ਹਨ। ਹਾਲਾਂਕਿ ਇਹ ਇੱਕ ਲਗਾਤਾਰ ਦੌੜ ਹੈ ਕਿਉਂਕਿ ਜਿੰਨੀ ਤੇਜ਼ੀ ਨਾਲ ਖੋਜ ਪ੍ਰਣਾਲੀਆਂ ਵਿਕਸਿਤ ਹੁੰਦੀਆਂ ਹਨ, ਓਨੀ ਹੀ ਤੇਜ਼ੀ ਨਾਲ ਨਵੇਂ ਅਤੇ ਹੋਰ ਯਥਾਰਥਵਾਦੀ ਡੀਪਫੇਕ ਵੀ ਤਿਆਰ ਕੀਤੇ ਜਾਂਦੇ ਹਨ।

ਆਮ ਲੋਕਾਂ ਲਈ ਇਸ ਡਿਜੀਟਲ ਯੁੱਗ ਵਿੱਚ ਸੁਰੱਖਿਅਤ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਜਾਗਰੂਕਤਾ ਅਤੇ ਸਾਵਧਾਨੀ ਹੈ। ਕਿਸੇ ਵੀ ਹੈਰਾਨੀਜਨਕ ਜਾਂ ਸਨਸਨੀਖੇਜ਼ ਵੀਡੀਓ ਜਾਂ ਆਡੀਓ ਨੂੰ ਤੁਰੰਤ ਸੱਚ ਨਾ ਮੰਨਿਆ ਜਾਵੇ। ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰਨੀ ਚਾਹੀਦੀ ਹੈ। ਚਿਹਰੇ ਦੀਆਂ ਗ਼ੈਰ-ਕੁਦਰਤੀ ਹਰਕਤਾਂ, ਆਵਾਜ਼ ਅਤੇ ਬੁੱਲ੍ਹਾਂ ਦੇ ਮੇਲ ਵਿੱਚ ਗੜਬੜ ਜਾਂ ਰੌਸ਼ਨੀ ਵਿੱਚ ਅਸੰਗਤੀ ਵਰਗੇ ਸੰਕੇਤ ਨਕਲੀ ਸਮੱਗਰੀ ਦੀ ਪਛਾਣ ਵਿੱਚ ਮਦਦ ਕਰ ਸਕਦੇ ਹਨ। ਭਰੋਸੇਯੋਗ ਖ਼ਬਰ ਸਰੋਤਾਂ ਅਤੇ ਅਧਿਕਾਰਤ ਜਾਣਕਾਰੀ ਉੱਤੇ ਨਿਰਭਰ ਰਹਿਣਾ ਅੱਜ ਪਹਿਲਾਂ ਨਾਲੋਂ ਵੱਧ ਜ਼ਰੂਰੀ ਹੋ ਗਿਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਆਪਣੀਆਂ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਸਮੇਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ।

ਵਿਸ਼ਵ ਆਰਥਿਕ ਮੰਚ ਨੇ ਵੀ ਏ ਆਈ ਆਧਾਰਿਤ ਗ਼ਲਤ ਜਾਣਕਾਰੀ ਨੂੰ ਆਉਣ ਵਾਲੇ ਸਾਲਾਂ ਦੇ ਸਭ ਤੋਂ ਵੱਡੇ ਵਿਸ਼ਵ ਪੱਧਰੀ ਖ਼ਤਰਿਆਂ ਵਿੱਚ ਸ਼ਾਮਿਲ ਕੀਤਾ ਹੈ। ਲੋੜ ਇਸ ਗੱਲ ਦੀ ਹੈ ਕਿ ਨਵੀਨਤਾ ਅਤੇ ਨਿਯਮਾਂ ਵਿਚਕਾਰ ਸੰਤੁਲਨ ਬਣਾਇਆ ਜਾਵੇ ਤਾਂ ਜੋ ਇਸ ਤਕਨਾਲੋਜੀ ਦਾ ਪੂਰਾ ਫ਼ਾਇਦਾ ਉਠਾਇਆ ਜਾ ਸਕੇ ਅਤੇ ਇਸ ਨਾਲ ਜੁੜੇ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕੇ। ਸਰਕਾਰਾਂ, ਤਕਨਾਲੋਜੀ ਕੰਪਨੀਆਂ, ਸਿੱਖਿਆ ਸੰਸਥਾਵਾਂ ਅਤੇ ਆਮ ਨਾਗਰਿਕਾਂ ਨੂੰ ਮਿਲ ਕੇ ਇੱਕ ਜ਼ਿੰਮੇਵਾਰ ਡਿਜੀਟਲ ਵਾਤਾਵਰਨ ਤਿਆਰ ਕਰਨਾ ਹੋਵੇਗਾ।

Share this content:

Post Comment