ਖ਼ਤਾਂ ਨੇ ਗੁਜ਼ਰੇ ਜ਼ਮਾਨੇ ’ਚ ਪਹੁੰਚਾਇਆ
ਮੈਂ ਪੁਰਾਣੀਆਂ ਫਾਈਲਾਂ ’ਚੋਂ ਕਿਸੇ ਛਪੇ ਹੋਏ ਆਰਟੀਕਲ ਨੂੰ ਲੱਭ ਰਿਹਾ ਸਾਂ। ਉਹ ਆਰਟੀਕਲ ਤਾਂ ਨਾ ਲੱਭਿਆ ਪਰ ਉਨ੍ਹਾਂ ਫਾਈਲਾਂ ’ਚ ਕਈ ਪਾਠਕਾਂ, ਲੇਖਕ ਮਿੱਤਰਾਂ ਅਤੇ ਸਨੇਹੀਆਂ ਦੇ ਖ਼ਤ ਜ਼ਰੂਰ ਹੱਥ ਲੱਗ ਗਏ। ਪੋਸਟ ਕਾਰਡ, ਅੰਤਰਦੇਸ਼ੀ ਲਿਫ਼ਾਫ਼ੇ ਅਤੇ ਇਨਵੈਲਪ, ਕਈ ਸਾਹਿਤਕ ਸਮਾਗਮਾਂ ਦੇ ਛਪੇ ਹੋਏ ਸੱਦਾ ਪੱਤਰ ਆਦਿ। ਉਨ੍ਹਾਂ ’ਚੋਂ ਆਪਣਾਪਣ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਮੈਂ ਆਰਟੀਕਲ ਭੁੱਲ ਕੇ ਉਨ੍ਹਾਂ ਖ਼ਤਾਂ ਰਾਹੀਂ ਅਤੀਤ ਵਿਚ ਗੁਆਚ ਗਿਆ। ਬੇਸ਼ੱਕ ਬੀਤਿਆ ਸਮਾਂ ਕਦੇਂ ਪਰਤਦਾ ਨਹੀਂ ਪਰ ਸਾਨੂੰ ਵਰਤਮਾਨ ਵਿਚ ਹੀ ਅਤੀਤ ਦਾ ਅਹਿਸਾਸ ਜ਼ਰੂਰ ਕਰਾ ਦਿੰਦਾ ਹੈ। ਮੇਰੇ ਸਾਹਮਣੇ ਮਹਾਨ ਨਾਵਲਕਾਰ ਜਸਵੰਤ ਸਿੰਘ ਕੰਵਲ, ਡਾ. ਨਿਰੰਜਣ ਤਸਨੀਮ, ਡਾ. ਦਲੀਪ ਕੌਰ ਟਿਵਾਣਾ, ਡਾ. ਗੁਰਮਿੰਦਰ ਕੌਰ ਸਿੱਧੂ, ਡਾ. ਸੀ.ਆਰ.ਮੌਦਗਿੱਲ, ਡਾ. ਸੁਰਿੰਦਰ ਅਜਨਾਤ, ਡਾ. ਰਜਨੀਸ਼ ਬਹਾਦਰ, ਬਲਬੀਰ ਪਰਵਾਨਾ, ਨਿਰੰਜਣ ਬੋਹਾ, ਜਿੰਦਰ, ਪ੍ਰੇਮ ਗੋਰਖੀ, ਡਾ. ਰਵਿੰਦਰ ਰਵੀ, ਹਿੰਦੀ ਦੇ ਕਮਲੇਸ਼ਵਰ, ਡਾ. ਕਮਲ ਕੁਮਾਰ, ਅੰਗਰੇਜ਼ੀ ਦੇ ਖੁਸ਼ਵੰਤ ਸਿੰਘ, ਉਰਦੂ ਦੇ ਪ੍ਰੇਮ ਕੁਮਾਰ ਨਜ਼ਰ, ਸ਼ਹਿਰਯਾਰ, ਜਨਾਬ ਨਿਦਾ ਫ਼ਾਜ਼ਲੀ ਅਤੇ ਗੁਲਜ਼ਾਰ ਆਦਿ ਕਈ ਹੋਰ ਮਹਾਨ ਸ਼ਖ਼ਸ਼ੀਅਤਾਂ ਦੇ ਖ਼ਤਾਂ ਦਾ ਖ਼ੁਸ਼ਬੂਆਂ ਖਿਲਾਰਦਾ ਖ਼ਜ਼ਾਨਾ ਖੁੱਲ੍ਹਿਆ ਪਿਆ ਸੀ।
ਸੰਨ 1980-90 ਦੇ ਦੌਰ ਵਿਚ ਹੰਸਰਾਜ ਹੰਸ ਦਾ ਗੀਤ ਮਕਬੂਲ ਹੋਇਆ ਸੀ “ਲੋਕ ਚਿੱਠੀਆਂ ਪਾਉਣੀਆਂ ਭੁੱਲਗੇ ਜਦੋਂ ਦਾ ਟੈਲੀਫੋਨ ਲੱਗਿਆ।” ਇਸ ਮਗਰੋਂ ਤਾਂ ਸੂਚਨਾ ਅਤੇ ਤਕਨਾਲੋਜੀ ਦੀ ਅਜਿਹੀ ਹਨੇਰੀ ਆਈ ਕਿ ਅਸੀਂ ਸਿਰਫ਼ ਚਿੱਠੀਆਂ ਪਾਉਣੀਆਂ ਹੀ ਨਹੀਂ ਭੁੱਲੇ ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ’ਚੋਂ ਹੋਰ ਬਹੁਤ ਕੁਝ ਸਾਡੇ ਘਰਾਂ ਅਤੇ ਜ਼ਿਹਨ ’ਚੋਂ ਹੀ ਮਨਫ਼ੀ ਹੋ ਗਿਆ ਤੇ ਸਾਡੇ ਦੇਖਦਿਆਂ ਹੀ ਦੇਖਦਿਆਂ ਉਹ ਸਭ ਜਿਵੇਂ ਬੀਤੇ ਜ਼ਮਾਨੇ ਦੀਆਂ ਗੱਲਾਂ ਹੋ ਗਈਆਂ। ਮੈਂ ਅਜੇ ਵੀ ਉਹ ਪਾਕੇਟ ਟ੍ਰਾਂਜ਼ਿਸਟਰ ਸਾਂਭਿਆ ਹੋਇਆ ਹੈ ਜਿਸ ’ਤੇ ਮੈਂ 1981 ਦੇ ਕ੍ਰਿਕਟ ਵਰਲਡ ਕੱਪ ਦੀ ਕੁਮੈਂਟਰੀ ਸੁਣੀ ਸੀ। ਤੜਕਸਾਰ ਸ਼ਮਾ ਏ ਫ਼ਰੋਜ਼ਾਂ, ਦੁਪਹਿਰ ਬਾਅਦ ਆਲ ਇੰਡੀਆ ਰੇਡੀਓ ਦੀ ਉਰਦੂ ਸਰਵਿਸ ਤੋਂ ਫਰਮਾਇਸ਼ੀ ਫਿਲਮੀ ਗਾਣੇ ਅਤੇ ਸ਼ਾਮ ਨੂੰ ਅਮੀਨ ਸਿਆਨੀ ਦੀ ਦਿਲਕਸ਼ ਆਵਾਜ਼ ਵਿਚ ਬਿਨਾਕਾ ਗੀਤਮਾਲਾ ਅਤੇ ਰਾਤ ਨੂੰ ਤਾਮੀਲੇ ਇਰਸ਼ਾਦ ਸੁਣ ਕੇ ਤਸੱਲੀ ਹੁੰਦੀ ਸੀ।
ਮੇਰੇ ਕੋਲ ਯਾਸ਼ਿਕਾ ਦਾ ਬਲੈਕ ਐਂਡ ਵ੍ਹਾਈਟ ਕੈਮਰਾ ਵੀ ਹੈ ਜਿਸ ’ਤੇ ਰੀਲਾਂ ਦੇ ਨੈਗਟਿਵ ਤੋਂ ਫੋਟੋਆਂ ਬਣਾ-ਬਣਾ ਕੇ ਐਲਬਮਾਂ ਤਿਆਰ ਕੀਤੀਆਂ ਸਨ। ਇਕ ਟੇਪ ਰਿਕਾਰਡਰ ਹੈ ਜਿਸ ’ਤੇ ਕੈਸੇਟਾਂ ਬਦਲ-ਬਦਲ ਕੇ ਭਜਨ, ਬਾਣੀ, ਪ੍ਰਵਚਨ ਅਤੇ ਪਸੰਦੀਦਾ ਗੀਤ ਸੁਣੀਦੇ ਸਨ। ਵੀਡੀਓ ਕੈਸੇਟ ਪਲੇਅਰ ਵੀ ਹੈ ਜਿਸ ਦੀ ਮਦਦ ਨਾਲ ਫਿਲਮਾਂ ਦੀਆਂ ਕੈਸੇਟਾਂ ਕਿਰਾਏ ’ਤੇ ਲਿਆ ਕੇ ਪਰਿਵਾਰ ਸਹਿਤ ਰਾਤਾਂ ਨੂੰ ਦੇਖੀ ਦੀਆਂ ਸਨ। ਹੁਣ ਤਾਂ ਉਸ ਸਮੇਂ ਦੇ ਬਲੈਕ ਐਂਡ ਵ੍ਹਾਈਟ ਟੀਵੀ ਨੂੰ ਤਾਂ ਕੋਈ ਕਬਾੜੀਆ ਵੀ ਲੈਣ ਲਈ ਤਿਆਰ ਨਹੀਂ ਹੁੰਦਾ। ਘਰ ਵਿਚ ਕਈ ਟਾਰਚਾਂ ਬਿਨਾਂ ਸੈੱਲਾਂ ਦੇ ਪਈਆਂ ਹੋਈਆਂ ਹਨ। ਮੇਰੇ ਜਨਮ ਦਿਨ ਅਤੇ ਹੋਰ ਮੌਕਿਆਂ ’ਤੇ ਮਿਲੇ ਕੈਲਕੂਲੇਟਰ ਵੀ ਹੁਣ ਬੇਕਾਰ ਪਏ ਹਨ। ਲੈਂਡਲਾਈਨ ਫੋਨ ਦੇ ਕਈ ਸੈੱਟ ਸ਼ੋਅਪੀਸ ਬਣੇ ਹੋਏ ਹਨ ਜਿਨ੍ਹਾਂ ਦੇ ਸਿਰਹਾਣੇ ਬੁੱਤ ਵਾਂਗ ਖੜ੍ਹੇ ਹੋ ਕੇ ਘੰਟਿਆਂ -ਬੱਧੀ ਆਪਣੇ ਰਿਸ਼ਤੇਦਾਰਾਂ ਨਾਲ ਦੁੱਖ-ਸੁੱਖ ਫੋਲ ਲਈਦੇ ਸਨ। ਹੁਣ ਕਦੇ ਕਿਸੇ ਸਿਨੇਮਾ ਥੀਏਟਰ ’ਤੇ ਵੀ ਜਾਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਨਾਟਕ ਦੇਖਣ ਲਈ ਕਿਸੇ ਥੀਏਟਰ ਨਹੀਂ ਜਾਂਦੇ।
ਉਂਜ ਕਿਤਾਬਾਂ ਨਾਲ ਸਟੱਡੀ ਰੂਮ ਨੱਕੋ-ਨੱਕ ਭਰਿਆ ਪਿਆ ਹੈ, ਪਰ ਜ਼ਰੂਰੀ ਰੈਫਰੈਂਸ ਲਈ ਘੱਟ-ਵੱਧ ਹੀ ਪੁਸਤਕਾਂ ਫਰੋਲਦਾ ਹਾਂ। ਕਿਤਾਬਾਂ ਮੰਗਵਾਉਣ ਲਈ ਕਿਸੇ ਬੁੱਕ ਸੈਲਰ ਕੋਲ ਜਾਣ ਦੀ ਬਜਾਏ ਆਨਲਾਈਨ ਸਾਈਟਾਂ ਤੋਂ ਆਰਡਰ ਭੇਜ ਕੇ ਘਰ ਬੈਠੇ ਮੰਗਵਾ ਲੈਂਦਾ ਹਾਂ। ਘਰ ਵਿਚ ਬੱਚਿਆਂ ਦੇ ਖਿਡੌਣੇ ਅਤੇ ਹੋਰ ਖੇਡਾਂ ਦਾ ਸਾਮਾਨ ਨਹੀਂ ਲਿਆਇਆ ਜਾਂਦਾ। ਘਰਾਂ ’ਚ ਅਖ਼ਬਾਰਾਂ ਮੰਗਵਾਉਣ ਦਾ ਰਿਵਾਜ਼ ਵੀ ਬੰਦ ਹੋਇਆਂ ਵਰਗਾ ਹੈ। ਗਲੀਆਂ-ਮੁਹੱਲਿਆਂ ਵਿਚ ਖੇਡੀਆਂ ਜਾਣ ਵਾਲੀਆਂ ਖੇਡਾਂ ਹੁਣ ਲੋਪ ਹੋ ਗਈਆਂ ਹਨ। ਦੋਸਤਾਂ ਦੀ ਮਹਿਫਿਲ ਸਜਾ ਕੇ ਗੱਪ-ਸ਼ੱਪ ਮਾਰਨ ਦਾ ਨਾ ਚਾਅ ਹੁੰਦਾ ਹੈ ਤੇ ਨਾ ਵਿਹਲ ਮਿਲਦੀ ਹੈ।
ਮੇਰੇ ਨਾਤੀ-ਪੋਤਿਆਂ ਨੂੰ ਸਾਥੋਂ ਕਹਾਣੀਆਂ ਸੁਣਿਆਂ ਮੁੱਦਤਾਂ ਹੋ ਗਈਆਂ ਹਨ। ਦਰਅਸਲ, 2000 ਦੇ ਨੇੜੇ-ਤੇੜੇ ‘ਕਰ ਲਓ ਦੁਨੀਆ ਮੁੱਠੀ ਮੇਂ’ ਦੇ ਸਲੋਗਨ ਨਾਲ ਸਾਡੇ ਹੱਥ ਵਿਚ ਆਇਆ ਮੋਬਾਈਲ ਫੋਨ ਸੌ ਬਿਮਾਰੀਆਂ ਦਾ ਇਕ ਦਾਰੂ ਸਿੱਧ ਹੋ ਰਿਹਾ ਹੈ। ਹੁਣ ਇਸ ਛੋਟੇ ਜਿਹੇ ਯੰਤਰ ਨੇ ਸਾਡੀ ਮੁੱਠੀ ਵਿਚ ਆ ਕੇ ਸਾਨੂੰ ਹੀ ਆਪਣੀ ਮੁੱਠੀ ਵਿਚ ਕੈਦ ਕਰ ਲਿਆ ਹੈ। ਇਸ ‘ਆਲ ਇਨ ਵੰਨ’ ਯੰਤਰ ਵਿਚ ਫੋਨ, ਸੰਪਰਕ ਨੰਬਰ, ਕੈਮਰਾ, ਟਾਰਚ, ਰਿਕਾਰਡਰ, ਕੈਲਕੂਲੇਟਰ, ਰਿਕਾਰਡ ਪਲੇਅਰ, ਵੀਡੀਓ ਕੈਮਰਾ, ਵੀਡੀਓ ਪਲੇਅਰ, ਕੰਪਿਊਟਰ, ਟੀਵੀ, ਐੱਫਐੱਮ, ਫਿਲਮਾਂ, ਹਰ ਤਰ੍ਹਾਂ ਦੇ ਗੀਤ, ਭਜਨ, ਬਾਣੀ, ਕੀਰਤਨ, ਪ੍ਰਵਚਨ, ਈਮੇਲ, ਅਖ਼ਬਾਰਾਂ, ਖੇਡਾਂ, ਸੀਰੀਅਲ, ਨਾਟਕ, ਕਿੱਸੇ-ਕਹਾਣੀਆਂ, ਗਰੁੱਪ ਚੈਟ ਰਾਹੀਂ ਘਰ ਬੈਠਿਆਂ ਦੋਸਤਾਂ ਦੀ ਮਹਿਫਿਲ, ਵੀਡੀਓ ਗੇਮਜ਼, ਸ਼ਿਅਰ-ਓ-ਸ਼ਾਇਰੀ, ਜੋਤਿਸ਼, ਅਨੁਵਾਦ, ਨੈੱਟ ਬੈਂਕਿੰਗ, ਬੱਸਾਂ, ਰੇਲਵੇ ਤੋਂ ਲੈ ਕੇ ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਬੁਕਿੰਗ, ਹਰ ਬਿਮਾਰੀ ਦੇ ਲੱਛਣਾਂ, ਐਲੋਪੈਥਿਕ, ਆਯੁਰਵੈਦਿਕ, ਹੋਮਿਓਪੈਥਿਕ, ਯੂਨਾਨੀ, ਰੈਕੀ ਪੈਥੀ, ਨੇਚੁਰਲ ਪੈਥੀ ਰਾਹੀਂ ਇਲਾਜ ਅਤੇ ਦਵਾਈਆਂ ਦੀ ਜਾਣਕਾਰੀ ਉਪਲਬਧ ਹੈ ਅਤੇ ਹੋਰ ਪਤਾ ਨਹੀਂ ਕੀ-ਕੀ ਹੈ ਇਸ ਅੰਦਰ।
ਇਕ ਆਮ ਆਦਮੀ ਲਈ ਜਿਸ ਦਾ ਅੰਦਾਜ਼ਾ ਲਾਉਣਾ ਹੀ ਮੁਸ਼ਕਲ ਹੈ। ਸੂਰਜ ਦੀ ਰੌਸ਼ਨੀ ਦੀ ਗਤੀ ਜਿੰਨੀ ਤੇਜ਼ੀ ਨਾਲ ਸਾਡੇ ਸੰਦੇਸ਼, ਵਿਚਾਰ ਅਤੇ ਸੂਚਨਾਵਾਂ ਪਹੁੰਚ ਰਹੀਆਂ ਹਨ। ਲੋਕੇਸ਼ਨਜ਼ ਭੇਜ ਅਤੇ ਮੰਗਵਾ ਕੇ ਕਿਸੇ ਵੀ ਥਾਂ, ਬਿਨਾਂ ਕਿਸੇ ਨੂੰ ਪੁੱਛਿਆਂ ਪੁੱਜਿਆ ਜਾ ਸਕਦਾ ਹੈ। ਇੰਨਾ ਸਭ ਕੁਝ ਸਾਡੀ ਮੁੱਠੀ ਵਿਚ ਆਉਣ ਦੇ ਬਾਵਜੂਦ ਜਿਹੜੀ ਚੀਜ਼ ਸਾਡੇ ਹੱਥਾਂ ’ਚੋਂ ਰੇਤ ਵਾਂਗੂ ਕਿਰ ਗਈ ਹੈ, ਉਹ ਹੈ ਸਾਡੇ ਬੱਚਿਆਂ ਹੱਥੋਂ ਉਨ੍ਹਾਂ ਦਾ ਬਚਪਨ। ਹੁਣ ‘ਮੇਰਾ ਪ੍ਰੇਮ ਪੱਤਰ ਪੜ੍ਹ ਕਰ ਤੁਮ ਨਾਰਾਜ਼ ਮਤ ਹੋਨਾ’ ਜਾਂ ‘ਲਿਖੇ ਜੋ ਖ਼ਤ ਤੁਝੇ ਤੇਰੀ ਯਾਦ ਮੇਂ…’, ਜਾਂ ‘ਫੂਲ ਤੁਮ੍ਹੇ ਭੇਜਾ ਹੈ ਖ਼ਤ ਮੇਂ, ਫੂਲ ਨਹੀਂ ਮੇਰਾ ਦਿਲ ਹੈ’ ਜਿਹੇ ਗੀਤ ਆਪਣੀਆਂ ਉਮਰਾਂ ਹੰਢਾ ਬੈਠੇ ਹਨ।
‘ਗ਼ਾਲਿਬ ਕੇ ਖ਼ਤ’, ‘ਪਿਤਾ ਕਾ ਖ਼ਤ ਪੁੱਤਰੀ ਕੇ ਨਾਮ’ ਹੁਣ ਆਪਣਾ ਮਹੱਤਵ ਗੁਆਈ ਜਾ ਰਹੇ ਹਨ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਸਾਡੀ ਉਮਰ ਦੀ ‘ਬੇਬੀ ਬੂਮਰ’ ਪੀੜ੍ਹੀ ਵੱਲੋਂ ਸਾਂਭੇ ਗਏ ਖ਼ਤ ਸਾਡਾ ਵਡਮੁੱਲਾ ਸਰਮਾਇਆ ਹਨ। ਅੱਜ ਵੀ ਉਨ੍ਹਾਂ ਖ਼ਤਾਂ ਨੂੰ ਹੱਥ ਵਿਚ ਲੈਂਦਿਆਂ ਸਾਰ ਹੀ ਜਿਵੇਂ ਲਿਖਣ ਵਾਲੇ ਦਾ ਹੱਥ ਸਾਡੇ ਹੱਥ ਵਿਚ ਆ ਜਾਂਦਾ ਹੈ। ਉਸ ਦਾ ਵਜੂਦ ਸਾਨੂੰ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ। ਸਾਡਾ ਰੋਮ-ਰੋਮ ਮਹਿਕ ਜਾਂਦਾ ਹੈ। ਖ਼ਤਾਂ ਦੇ ਮੋਤੀਆਂ ਵਰਗੇ ਅੱਖਰਾਂ ’ਚੋਂ ਲਿਖਣ ਵਾਲੇ ਦਾ ਚਿਹਰਾ ਨਜ਼ਰ ਆਉਣ ਲੱਗਦਾ ਹੈ।
Share this content:



Post Comment