ਕਵਿਤਾ/ਦਲਜੀਤ ਸਿੰਘ ਕਾਹਲੋਂ
ਇਹ ਤਾਂ ਕੁੜੀ ਪੰਜਾਬਣ ਏ। ਨਿਰੀ ਸ਼ਹਿਦ ਦੀ ਪੁੜੀ ਪੰਜਾਬਣ ਏ॥
ਇਹ ਮਿੱਠੇ ਬੋਲ ਜੋ ਬੋਲੇ ਬਈ । ਮੂੰਹ ਵਿੱਚੋਂ ਪੋਲੇ ਪੋਲੇ ਬਈ ॥
ਇਹਦੇ ਦੋਨੋ ਬੁੱਲ੍ਹ ਗੁਲਾਬੀ ਬਈ । ਉੱਤੋਂ ਇਹਦੀ ਠੇਠ ਪੰਜਾਬੀ ਬਈ ॥
ਇਹਦੇ ਬੋਲ,ਬੋਲੀ ਤੇ ਬਾਣੀ ਬਈ । ਸੱਚ ਦੱਸਣ ਇਹਦੀ ਕਹਾਣੀ ਬਈ ॥
ਇਹਦਾ ਪਾਇਆ ਸੂਟ ਪੰਜਾਬੀ ਬਈ । ਉੱਤੋ ਪਾਈ ਦੇਸੀ ਗੁਰਗਾਬੀ ਬਈ ॥
ਇਹਨੇ ਸਿਰ ਵਿੱਚ ਰੱਖਿਆ ਕੰਘਾ ਏ । ਇਹਦੇ ਗਲ ਚਿ ਲਟਕਦਾ ਖੰਡਾ ਏ ॥
ਇਹਦੀ ਦਿੱਖ,ਤੱਕਣੀ ਤੇ ਝਾਤ ਬਈ । ਪਾਵੇ ਇਹਦੇ ਦਿਲ ਦੀ ਬਾਤ ਬਈ ॥
ਇਹਦਾ ਸਿੱਧਾ – ਭੋਲਾਪਨ ਬਈ । ਇਹਦਾ ਅੰਦਰੋਂ ਸੱਚਾ ਮੰਨ ਬਈ ॥
ਇਹਦੇ ਪੜ੍ਹਨ ਦੇ ਤੌਰ ਤਰੀਕੇ ਨੇ । ਬੋਲਣ ਦੇ ਇਹਨੂੰ ਸਲੀਕੇ ਨੇ ॥
ਇਹਦੇ ਸੱਚੇ ਤੇ ਸੁੱਚੇ ਬੋਲ ਬਈ । ਦੇਣ ਪੋਲ ਸਾਰੇ ਹੀ ਖੋਲ ਬਈ ॥
ਪਾਈ ਪੈਰੀਂ ਇਹਦੇ ਪਜੇਬ ਬਈ । ਨਾ ਪੱਲੇ ਝੂਠ ਫ਼ਰੇਬ ਬਈ ॥
ਇਹਦੀ ਨੱਨ੍ਹੀ ਨੱਨ੍ਹੀ ਚਾਲ ਬਈ । ਮੂੰਹੋਂ ਬੋਲਕੇ ਦੱਸੇ ਹਾਲ ਬਈ ॥
ਦਿਸਦੀ ਇਹ ਮਸਤ ਮਲੰਗ ਬਈ। ਕਦੇ ਕਰੇ ਨਾ ਕਿਸੇ ਨੂੰ ਤੰਗ ਬਈ ॥
ਦੱਸਣ ਇਹਦੇ ਨਿੱਕੇ ਪੈਰ ਬਈ । ਕਿਸੇ ਨਾਲ ਨਾ ਕਰਦੀ ਵੈਰ ਬਈ ॥
ਇਹਦਾ ਸਿੱਧਾ ਸਾਦਾਪਨ ਬਈ । ਅੰਦਰੋਂ ਇਹਦਾ ਸੱਚਾ ਮੰਨ ਬਈ ॥
ਇਹ ਪੜ੍ਹੇ-ਲਿਖੇ ਪੰਜਾਬੀ ਬਈ । ਜਿਵੇਂ ਖਿੜਿਆ ਫੁੱਲ ਗੁਲਾਬੀ ਬਈ ॥
ਇਹ ਆਪਣੀ ਧੁੰਨ ਵਿੱਚ ਰਹਿੰਦੀ ਏ । ਪਿਓ ਵਾਂਗਰ ਸੱਚ ਹੀ ਕਹਿੰਦੀ ਏ ॥
ਪਿਓ ਆਖੇ ਸੂਰਤ ਸੋਹਣੀ ਏ । ਮੇਰੇ ਮੰਨ ਦੀ ਇਹ ਮਨਮੋਹਣੀ ਏ ॥
ਇਹਦੀ ਮੱਮੀ ਪਾਠ ਸਿਖਾਂਦੀ ਏ । ਵੀਕਐਂਡ ਗੁਰੂਘਰ ਲਿਜਾਂਦੀ ਏ ॥
ਇਹ ਉੱਥੇ ਸੰਥਿਆ ਲੈਂਦੀ ਏ । ਬਸ ਗੁਰੂ ਦੇ ਚਰਨੀਂ ਪੈਂਦੀ ਏ ॥
ਹੱਥ ਜੋੜ ਇਹ ਫਤਿਹ ਬਲਾਉਂਦੀ ਏ । ਸੱਭ ਦਾ ਇਹ ਭਲਾ ਮਨਾਉਂਦੀ ਏ ॥
ਇਹ ਕੀਰਤਨ ਓਥੇ ਕਰਦੀ ਏ । ਕਰੇ ਸੇਵਾ ਤੇ ਪਾਣੀ ਭਰਦੀ ਏ ॥
ਇਹ ਉੱਚੀ ਉੱਚੀ ਗਾਂਦੀ ਏ । ਓਥੇ ਹਰੀ ਦਾ ਨਾਮ ਧਿਆਂਦੀ ਏ ॥
ਸਦਾ ਗੁਰੂ ਦੇ ਗੁਣ ਹੀ ਗਾਉਂਦੀ ਏ । ਤਾਂਈਉਂ ਸੱਭ ਦੇ ਮੰਨ ਨੂੰ ਭਾਉਂਦੀ ਏ ॥
ਓਥੇ ਇਹਦਾ ਠੁੱਕ ਹੈ ਵਾਹਵਾ ਬਈ । ਸੰਗਤ ਚੋਂ ਖੱਟੇ ਵਾਹ-ਵਾਹ ਬਈ ॥
ਕਹਿੰਦੇ ਮਾਂ ਜਿੱਡੀ ਇਹ ਹੋ ਗਈ ਏ । ਪਿਓ ਲਈ ਇਹ ਕਿੱਡੀ ਹੋ ਗਈ ਏ ?
ਪਿਓ ਆਖੇ ਮੇਰੇ ਲਈ ਬੱਚੀ ਏ । ਇਹ ਸਦਾ ਹੀ ਮੰਨ ਦੀ ਸੱਚੀ ਏ ॥
ਕੱਲ ਦਿੰਦਾ ਸੀ ਇਹਨੂੰ ਲੋਰੀ ਬਈ । ਅੱਜ ਬਣੀ ਮੇਰੀ ਡੰਗੋਰੀ ਬਈ ॥
ਇਹਦਾ ਪਿਆਰਾ ਨਾਮ ਗੁਰਵੀਰ ਏ । ਇਹਦਾ ਕੋਈ ਨਾ ਨੱਨ੍ਹਾ ਵੀਰ ਏ ॥
ਇਹ ਵੱਡਿਆਂ ਨੂੰ ਭਾਅ ਜੀ ਕਹਿੰਦੀ ਏ । ਬੱਸ ਉੱਨ ਦੇ ਦਿਲਾਂ ਚਿ ਰਹਿੰਦੀ ਏ ॥
ਇਹਨੂੰ ਗੁਰਜੰਟ ਤੇ ਹੈਪੀ ਭਾਵੇ ਬਈ । ਇਹ ਦੋਨਾਂ ਤੇ ਹੁਕਮ ਚਲਾਵੇ ਬਈ ॥
ਉਹ ਇਹਦੇ ਕਜਨ ਬ੍ਰਦਰ ਬਈ । ਇਹਦੀ ਕਰਦੇ ਬੜੀ ਹੀ ਕਦਰ ਬਈ॥
ਪੂਰੇ ਕਰਦੇ ਚਾਅ ਮਲਾਰ ਇਹਦੇ । ਦੋਵੇਂ ਹਨ ਫਰਮਾਬਰਦਾਰ ਇਹਦੇ ॥
“ਇਹਨੂੰ ਮੋਢਿਆਂ ਤੇ ਚੱਕੀ ਇਹਦੇ ਭਾਈ ਫਿਰਦੇ ।ਟੈਟੂ ਇਹਦੇ ਨਾਮ ਦਾ ਲਿਖਾਈ ਫਿਰਦੇ”॥“
ਇਹਦਾ ਤਾਂ ਇਹ ਵੀ ਕਹਿਣਾ ਏ । ਮੇਰੀਆਂ ਦੋ ਵੱਡੀਆਂ ਭੈਣਾਂ ਏਂ ॥
ਉੱਨਾਂ ਮੈਨੂੰ ਲਾਡ ਲਡਾਇਆ ਈ । ਹੁਣ ਆਪਣਾ ਘਰ ਵਸਾਇਆ ਈ ।
ਮਿੱਸ ਕਰਦੀ ਉੱਨਾਂ ਨੂੰ ਖ਼ਾਸੀ ਏ । ਹੈ ਉੱਨਾਂ ਦੇ ਬੱਚਿਆਂ ਦੀ ਮਾਸੀ ਏ ॥
ਸਦਾ ਪਿਓਂ ਦੇ ਅੰਗ ਸੰਗ ਰਹਿੰਦੀ ਏ । ਸਦਾ ਗੋਦੀ ਓਹਦੀ ਚਿ ਬਹਿੰਦੀ ਏ ॥
ਹੱਥ ਮਾਂ ਦੀ ਚੁੰਨੀ ਨੂੰ ਵੀ ਪਾਵੇ ਬਈ । ਜਿੱਥੇ ਜਾਂਦੀ ਨਾਲ ਹੀ ਜਾਵੇ ਬਈ ॥

Share this content:



Post Comment