ਭਗਤ ਸਿੰਘ: ਵਿਚਾਰਧਾਰਾ ਨਾਲੋਂ ਵਡੇਰਾ ਜੀਵਨ
ਭਗਤ ਸਿੰਘ ਸਿਰਫ਼ ਅਜਿਹਾ ਨੌਜਵਾਨ ਨਹੀਂ ਸੀ, ਜੋ ਜੋਬਨ ਰੁੱਤੇ ਤੁਰ ਗਿਆ। ਉਹ ਨੌਜਵਾਨ ਇਨਕਲਾਬੀ ਸੀ, ਜਿਸ ਨੇ ਆਪਣੀ ਮਰਜ਼ੀ ਨਾਲ ਮੌਤ ਨੂੰ ਗਲ ਲਗਾਇਆ। ਤੇਈ ਸਾਲ ਦੀ ਉਮਰ ਵਿੱਚ ਜ਼ਿਆਦਾਤਰ ਨੌਜਵਾਨ ਅਜੇ ਵੀ ਆਪਣੇ ਜੀਵਨ ਦੀ ਦਿਸ਼ਾ ਤੈਅ ਕਰ ਰਹੇ ਹੁੰਦੇ ਹਨ, ਜਦੋਂਕਿ ਉਸ ਉਮਰੇ ਭਗਤ ਸਿੰਘ ਨੂੰ ਆਪਣੇ ਮਕਸਦ ਬਾਰੇ ਪੂਰੀ ਸਪੱਸ਼ਟਤਾ ਸੀ, ਜਿਸ ਨੇ ਉਸ ਦੇ ਵਿਚਾਰਾਂ ਅਤੇ ਕਾਰਜਾਂ ਨੂੰ ਅਦੁੱਤੀ ਸ਼ਕਤੀ ਨਾਲ ਭਰ ਦਿੱਤਾ। ਉਸ ਦੀ ਕੁਰਬਾਨੀ ਨਾ ਤਾਂ ਭਾਵਨਾ ’ਚ ਵਹਿ ਕੇ ਕੀਤੀ ਗਈ ਕਾਰਵਾਈ ਸੀ ਅਤੇ ਨਾ ਹੀ ਰਵਾਇਤੀ ਅਰਥਾਂ ਵਿੱਚ ਦੁਖਾਂਤ; ਇਹ ਸੋਚ-ਸਮਝ ਕੇ ਕੀਤੀ ਗਈ ਤਰਕਪੂਰਨ ਅਤੇ ਸਿਆਸੀ ਕਾਰਵਾਈ ਸੀ। ਉਹ ਆਪਣੇ ਕੰਮਾਂ ਦੇ ਸਿੱਟਿਆਂ ਬਾਰੇ ਭਲੀਭਾਂਤ ਜਾਣਦਾ ਸੀ ਅਤੇ ਉਸ ਨੂੰ ਫਾਂਸੀ ਦੀ ਅਟੱਲਤਾ ਬਾਰੇ ਵੀ ਪਤਾ ਸੀ।
ਫਿਰ ਵੀ ਉਹ ਇਸ ਅਟੱਲ ਵਿਸ਼ਵਾਸ ਨਾਲ ਅੱਗੇ ਵਧਿਆ ਕਿ ਉਸ ਦੀ ਮੌਤ ਦੇਸ਼ ਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਨਿਜਾਤ ਪਾਉਣ ਲਈ ਸੰਘਰਸ਼ ਕਰਨ ਬਾਰੇ ਜਾਗਰੂਕ ਕਰੇਗੀ। ਉਸ ਦੇ ਜੀਵਨ ਵਿੱਚ ਵਿਚਾਰ ਸਿਰਫ਼ ਕਿਤਾਬਾਂ ਦੇ ਪੰਨਿਆਂ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਉਸ ਨੇ ਆਪਣੇ ਪੜ੍ਹੇ ’ਤੇ ਅਮਲ ਕਰਕੇ ਇਨ੍ਹਾਂ ਸ਼ਬਦਾਂ ਨੂੰ ਸਾਰਥਕ ਕੀਤਾ। ਇਸ ਲਈ ਭਗਤ ਸਿੰਘ ਨੂੰ ਇਸ ਸਵਾਲ ਨਾਲ ਨਹੀਂ ਸਮਝਿਆ ਜਾ ਸਕਦਾ ਕਿ ਉਹ ਕਿੰਨਾ ਪੜ੍ਹਦਾ ਸੀ ਜਾਂ ਅਸੀਂ ਉਸ ’ਤੇ ਕਿਸ ਵਿਚਾਰਧਾਰਕ ਵਰਗ ਦਾ ਠੱਪਾ ਲਗਾ ਸਕਦੇ ਹਾਂ; ਸਗੋਂ ਭਗਤ ਸਿੰਘ ਦੀ ਜ਼ਿੰਦਗੀ ਲਿਆਕਤ, ਉਦੇਸ਼ ਅਤੇ ਕੁਰਬਾਨੀ ਦਾ ਦੁਰਲੱਭ ਸੁਮੇਲ ਸੀ, ਜਿਸ ਨਾਲ ਹੀ ਉਸ ਬਾਰੇ ਸਮਝਿਆ ਜਾ ਸਕਦਾ ਹੈ। ਇਹ ਸੁਮੇਲ ਹੀ ਭਗਤ ਸਿੰਘ ਦੀ ਬੌਧਿਕ ਪਛਾਣ ਨੂੰ ਪਰਿਭਾਸ਼ਤ ਕਰਨ ਦੀਆਂ ਹਾਲੀਆ ਕੋਸ਼ਿਸ਼ਾਂ ਨੂੰ ਦਿਲਚਸਪ ਵੀ ਬਣਾਉਂਦਾ ਹੈ ਅਤੇ ਸੰਦੇਹਪੂਰਨ ਵੀ। ਆਪਣੇ ਲੇਖ ‘ਭਗਤ ਸਿੰਘ ਮਾਰਕਸਵਾਦੀ ਚਿੰਤਕ ਕਿਉਂ ਨਹੀਂ ਸੀ?’ (‘ਪੰਜਾਬ ਟ੍ਰਿਬਿਊਨ’, 23 ਮਾਰਚ) ਵਿੱਚ ਭਗਵਾਨ ਜੋਸ਼ ਹੋਰੀਂ ਭਗਤ ਸਿੰਘ ਨੂੰ ਇੱਕ ‘ਮਾਰਕਸਵਾਦੀ’ ਨਾ ਸਮਝਣ ਦੀ ਚਿਤਾਵਨੀ ਦਿੰਦੇ ਹਨ।
ਇਸ ਦੇ ਨਾਲ ਹੀ ਉਹ ਉਸ ਵੱਲੋਂ ਪੜ੍ਹੀਆਂ ਗਈਆਂ ਪੁਸਤਕਾਂ ਨੂੰ ਹੀ ਉਸ ਦੀ ਅਸਲ ‘ਵਿਚਾਰਧਾਰਕ ਵਚਨਬੱਧਤਾ’ ਨਾਲ ਤੁਲਨਾਉਣ ਦੇ ਰੁਝਾਨ ਨੂੰ ਵੀ ਚੁਣੌਤੀ ਦਿੰਦੇ ਹਨ। ਇਹ ਦਖਲ ਇਸ ਕਰਕੇ ਬਹੁਤ ਅਹਿਮ ਹੈ ਕਿਉਂਕਿ ਇਹ ਉਸ ਦੇ ਆਪਣੇ ਪਹਿਲਾਂ ਅਪਣਾਏ ਰੁਖ਼ ਤੋਂ ਵੱਖਰਾ ਹੈ। ਪੰਜਾਬੀ ਵਿੱਚ ਪਹਿਲਾਂ ਲਿਖੀ ਆਪਣੀ ਲਿਖਤ ‘ਭਗਤ ਸਿੰਘ ਦਾ ਮਾਰਕਸਵਾਦ’ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਜੋਸ਼ ਨੇ ਕਾਫ਼ੀ ਵਿਸਥਾਰ ਅਤੇ ਡੂੰਘਾਈ ਨਾਲ ਚਰਚਾ ਕੀਤੀ ਸੀ। ਜੋਸ਼ ਨੇ ਭਗਤ ਸਿੰਘ ਦੇ ‘ਮਾਰਕਸਵਾਦੀ ਝੁਕਾਅ’ ਦੇ ਪੱਖ ਵਿੱਚ ਜ਼ੋਰਦਾਰ ਦਲੀਲਾਂ ਪੇਸ਼ ਕੀਤੀਆਂ ਸਨ। ਉਸ ਲਿਖਤ ਵਿੱਚ ਜੋਸ਼ ਨੇ ਭਗਤ ਸਿੰਘ ਨੂੰ 1928 ਤੋਂ 1931 ਦਰਮਿਆਨ ਪੰਜਾਬ ਵਿੱਚ ਉੱਭਰ ਰਹੀ ਇੱਕ ਵੱਖਰੀ ‘ਲੈਨਿਨਵਾਦੀ ਧਾਰਾ’ ਵਾਲਾ ਦੱਸਿਆ, ਜਿਹੜਾ ਬੌਧਿਕ ਤਾਣਾ-ਬਾਣਾ ਡੂੰਘੇ ਅਧਿਐਨ, ਵਿਚਾਰਧਾਰਕ ਬਹਿਸਾਂ ਅਤੇ ਬੌਧਿਕ ਗੰਭੀਰਤਾ ’ਤੇ ਆਧਾਰਤ ਸੀ ਅਤੇ ਭਾਰਤੀ ਕਮਿਊਨਿਜ਼ਮ ਅੰਦਰਲੀਆਂ ਹੋਰ ਧਾਰਾਵਾਂ ਦੇ ਐਨ ਉਲਟ ਸੀ, ਜਿਸ ਨੂੰ ਉਹ ਵਧੇਰੇ ‘ਵਿਹਾਰਕ’ ਅਤੇ ਅਕਸਰ ‘ਬੌਧਿਕਤਾ ਵਿਰੋਧੀ’ ਸਮਝਦਾ ਸੀ। ਇਨ੍ਹਾਂ ਦੋਵਾਂ ਲਿਖਤਾਂ ਵਿਚਕਾਰ ਵਿਚਾਰਧਾਰਕ ਫ਼ਰਕ ਸਪੱਸ਼ਟ ਹੈ।
ਭਗਵਾਨ ਜੋਸ਼ ਦੀ ਪਹਿਲਾਂ ਵਾਲੀ ਲਿਖਤ ਵਿੱਚ ਭਗਤ ਸਿੰਘ ‘ਵਿਕਸਿਤ ਹੋ ਰਹੇ ਮਾਰਕਸਵਾਦੀ ਮਾਰਗ’ ਦਾ ਅਨਿੱਖੜਵਾਂ ਹਿੱਸਾ ਜਾਪਦਾ ਹੈ ਜਦੋਂਕਿ ਜੋਸ਼ ਦੇ ਹਾਲੀਆ ਲੇਖ ਵਿੱਚ ਉਸ ਨੂੰ ਉਸੇ ਵਿਚਾਰਧਾਰਕ ਢਾਂਚੇ ਤੋਂ ਵੱਖ ਦਰਸਾਇਆ ਗਿਆ ਹੈ ਕਿਉਂਕਿ ਭਗਵਾਨ ਜੋਸ਼ ਸਮਝਦੇ ਹਨ ਕਿ ਮਹਿਜ਼ ‘ਕਿਤਾਬਾਂ ਦੇ ਅਧਿਐਨ’ ਨੂੰ ‘ਵਿਚਾਰਧਾਰਕ ਅਭਿਆਸ’ ਨਹੀਂ ਸਮਝਣਾ ਚਾਹੀਦਾ। ਇਹ ਵਿਚਾਰਧਾਰਕ ਅੰਤਰ ਸਿਰਫ਼ ਦੋਵਾਂ ਲੇਖਾਂ ਵਿਚਲੀ ਵਿਆਖਿਆ ਵਿੱਚ ਨਹੀਂ ਹੈ; ਸਗੋਂ ਇਹ ਇਤਿਹਾਸ ਲੇਖਣੀ ਅੰਦਰ ਇੱਕ ਡੂੰਘੇ ਤਣਾਅ ਨੂੰ ਉਜਾਗਰ ਕਰਦਾ ਹੈ। ਇਸ ਤੋਂ ਭਾਵ ਇਹ ਹੈ: ਕੀ ਭਗਤ ਸਿੰਘ ਨੂੰ ਉਸ ਵੱਲੋਂ ਪੜ੍ਹੀਆਂ ਗਈਆਂ ਲਿਖਤਾਂ ਰਾਹੀਂ ਸਮਝਿਆ ਜਾਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਸਿਆਸੀ ਹਾਲਾਤ ਰਾਹੀਂ, ਜਿਨ੍ਹਾਂ ਵਿੱਚ ਉਸ ਨੇ ਇਨਕਲਾਬ ਦਾ ਰਾਹ ਫੜਿਆ ਅਤੇ ਅੰਤ ਸ਼ਹਾਦਤ ਪਾਈ। ਇਸ ਸੰਦਰਭ ਵਿੱਚ ਹੀ ਉਸ ਦੀ ਹੋਰਨਾਂ ਉੱਘੀਆਂ ਸ਼ਖ਼ਸੀਅਤਾਂ ਨਾਲ ਤੁਲਨਾ ਕੀਤੀ ਜਾਂਦੀ ਹੈ, ਖ਼ਾਸਕਰ ਚੀ ਗਵੇਰਾ ਜਾਂ ਅੰਤੋਨੀਓ ਗ੍ਰਾਮਸ਼ੀ ਵਰਗੀਆਂ ਸ਼ਖ਼ਸੀਅਤਾਂ ਨਾਲ ਅਜਿਹੀਆਂ ਤੁਲਨਾਵਾਂ ਬੌਧਿਕਤਾ ਪੱਖੋਂ ਦਿਲਚਸਪ ਤਾਂ ਹੋ ਸਕਦੀਆਂ ਹਨ, ਪਰ ਇਹ ਭਗਤ ਸਿੰਘ ਦੀ ਵਿਚਾਰਧਾਰਾ ’ਤੇ ਰੌਸ਼ਨੀ ਪਾਉਣ ਦੀ ਥਾਂ ਇਸ ਬਾਰੇ ਧੁੰਦਲਕਾ ਵਧਾ ਸਕਦੀਆਂ ਹਨ।
ਗ੍ਰਾਮਸ਼ੀ ਦਾ ਬੌਧਿਕ ਵਿਕਾਸ ਯੂਰੋਪੀਅਨ ਦਾਰਸ਼ਨਿਕ ਰਵਾਇਤਾਂ ਨਾਲ ਨਿਰੰਤਰ ਜੁੜੇ ਰਹਿਣ ਸਦਕਾ ਹੋਇਆ ਸੀ, ਜਿਸ ਸਦਕਾ ਉਸ ਨੇ ਯੋਜਨਾਬੱਧ ਢਾਂਚੇ ਅੰਦਰ ਸਿਧਾਂਤਕ ਰਚਨਾਵਾਂ ਕੀਤੀਆਂ। ਚੀ ਗਵੇਰਾ ਵੀ ਇੱਕ ਵੱਖਰੇ ਇਤਿਹਾਸਕ ਪਰਿਪੇਖ ’ਚ ਉੱਭਰਿਆ, ਜਿੱਥੇ ਇੱਕ ਖ਼ਾਸ ਲਾਤੀਨੀ ਅਮਰੀਕੀ ਸੰਦਰਭ ਅੰਦਰ ਇਨਕਲਾਬੀ ਸਰਗਰਮੀਆਂ ਅਤੇ ਵਿਚਾਰਧਾਰਕ ਪ੍ਰਗਟਾਵੇ ਦਾ ਸੁਮੇਲ ਹੋਇਆ। ਭਗਤ ਸਿੰਘ ਵੱਲੋਂ ਅਪਣਾਇਆ ਗਿਆ ਰਾਹ ਨਾ ਤਾਂ ਇਨ੍ਹਾਂ ਦੋਵਾਂ ਜਿਹਾ ਸੀ ਅਤੇ ਨਾ ਹੀ ਇਨ੍ਹਾਂ ਦੀ ਨਕਲ ਸੀ। ਉਹ ਕਿਸੇ ਖ਼ਾਸ ਵਿਚਾਰਧਾਰਾ ਦੀ ਪਾਲਣਾ ਲਈ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਸ਼ਾਮਿਲ ਨਹੀਂ ਸੀ ਹੋਇਆ, ਸਗੋਂ ਪਰਿਵਾਰ ਵਿੱਚੋਂ ਵਿਰਸੇ ’ਚ ਮਿਲੀ ਸਿਆਸੀ ਚੇਤਨਾ ਕਾਰਨ ਇਸ ਸੰਘਰਸ਼ ਦੇ ਰਾਹ ਦਾ ਪਾਂਧੀ ਬਣਿਆ। ਇਹ ਚੇਤਨਾ ਅਨੁਭਵ ਦੇ ਸਾਣ ’ਤੇ ਤਿੱਖੀ ਹੋਈ ਅਤੇ ਤੀਬਰ ਨੈਤਿਕ ਦ੍ਰਿੜ੍ਹਤਾ ਨੇ ਇਸ ਨੂੰ ਰਾਹ ਦਿਖਾਇਆ।
ਉਸ ਵਿੱਚ ਦੇਸ਼ਭਗਤੀ ਦਾ ‘ਜਜ਼ਬਾ’ ਪਹਿਲਾਂ ਤੋਂ ਮੌਜੂਦ ਸੀ, ਜੋ ਉਸ ਦੇ ਬਾਅਦ ਦੇ ਬੌਧਿਕ ਰੁਝੇਵਿਆਂ ਦਾ ਵੀ ਆਧਾਰ ਬਣਿਆ। ਭਗਤ ਸਿੰਘ ਬਾਰੇ ਸਿਰਫ਼ ਅਜਿਹੀਆਂ ਤੁਲਨਾਵਾਂ ਰਾਹੀਂ ਸਮਝਣ ਦੀ ਕੋੋੋਸ਼ਿਸ਼ ਕਰਨਾ ਉਸ ਨੂੰ ਇੰਨ-ਬਿੰਨ ਇਨ੍ਹਾਂ ਸ਼ਖ਼ਸੀਅਤਾਂ ਜਿਹਾ ਸਮਝਣਾ ਹੈ। ਭਗਤ ਸਿੰਘ ਨੇ ਕੋਈ ਅਮੂਰਤ ਸਿਧਾਂਤ ਬਣਾਉਣ ਲਈ ਨਹੀਂ ਲਿਖਿਆ; ਸਗੋਂ ਉਸ ਨੇ ਸਿਆਸੀ ਸੰਘਰਸ਼ ਦੀ ਲੋੜ ਦੇ ਸੰਦਰਭ ਵਿੱਚ ਵਿਚਾਰ ਪੜ੍ਹੇ, ਚੁਣੇ ਅਤੇ ਇਨ੍ਹਾਂ ਨੂੰ ਅਮਲ ਵਿੱਚ ਲਿਆਂਦਾ। ਉਸ ਦੀਆਂ ਲਿਖਤਾਂ ਤੋਂ ਉਸ ਦੀ ਯੋਜਨਾਬੱਧ ਸਿੱਟਿਆਂ ’ਤੇ ਪਹੁੰਚਣ ਦੀ ਇੱਛਾ ਨਹੀਂ ਜਾਪਦੀ; ਉਨ੍ਹਾਂ ’ਤੇ ਦਬਾਅ ਹੇਠ ਕੰਮ ਕਰਨ ਵਾਲੇ ਮਨ ਦੀ ਛਾਪ ਹੈ। ਅਜਿਹਾ ਮਨ ਕਾਰਵਾਈ ਦੇ ਸੰਦਰਭ ਵਿੱਚ ਵਿਚਾਰਾਂ ਨੂੰ ਜਜ਼ਬ ਕਰਦਾ, ਇਨ੍ਹਾਂ ਦਾ ਮੁਲਾਂਕਣ ਕਰਦਾ ਅਤੇ ਮੁੜ ਸੁਰਜੀਤ ਕਰਦਾ ਹੈ। ਸਿੱਟੇ ਵਜੋਂ, ਭਗਤ ਸਿੰਘ ਉੱਤੇ ਇੱਕ ਨਿਸ਼ਚਿਤ ਵਿਚਾਰਧਾਰਾ ਦਾ ਠੱਪਾ ਲਾਉਣ ਦੀ ਕੋਸ਼ਿਸ਼ ਉਸ ਬਾਰੇ ਘੱਟ ਅਤੇ ਬੌਧਿਕ ਤੌਰ ’ਤੇ ਵਰਗੀਕਰਨ ਦੀ ਸਾਡੀ ਆਪਣੀ ਮਜਬੂਰੀ ਨੂੰ ਜ਼ਿਆਦਾ ਪ੍ਰਗਟਾਉਂਦੀ ਹੈ।
ਇਸੇ ਲਈ ਉਸ ਵੱਲੋਂ ਪੜ੍ਹੀਆਂ ਗਈਆਂ ਕਿਤਾਬਾਂ ਦੀ ਗਿਣਤੀ ’ਤੇ ਵਾਰ-ਵਾਰ ਜ਼ੋਰ ਦੇਣ ਨਾਲ ਇਸ ਦੀਆਂ ਸੀਮਾਵਾਂ ਦਿਸਣ ਲੱਗਦੀਆਂ ਹਨ। ਬਿਨਾਂ ਡੂੰਘਾਈ ਨਾਲ ਵਾਚਿਆਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਭਗਤ ਸਿੰਘ ਨੇ ਸੈਂਕੜੇ ਕਿਤਾਬਾਂ ਪੜ੍ਹੀਆਂ ਸਨ। ਇਹ ਦਾਅਵਾ ਹੁਣ ਤੱਥ ਸਮਝਿਆ ਜਾਣ ਲੱਗਿਆ ਹੈ। ਇਸ ਦੇ ਬਾਵਜੂਦ ਇਨ੍ਹਾਂ ਦਾਅਵਿਆਂ ਦਾ ਆਧਾਰ ਬੜਾ ਕਮਜ਼ੋਰ ਹੈ। ਭਗਤ ਸਿੰਘ ਦਾ ਆਪਣੀਆਂ ਪੜ੍ਹੀਆਂ ਕਿਤਾਬਾਂ ਦੀ ਗਿਣਤੀ ਬਾਰੇ ਕੋਈ ਨਿੱਜੀ ਰਿਕਾਰਡ ਉਪਲਬਧ ਨਹੀਂ ਹੈ। ਅਜਿਹੇ ਦਾਅਵੇ ਬਸਤੀਵਾਦੀ ਨਿਗਰਾਨੀ ਅਤੇ ਇਨਕਲਾਬੀ ਨੈੱਟਵਰਕਾਂ ਦੀਆਂ ਸਮੂਹਿਕ ਸਰਗਰਮੀਆਂ ਦੇ ਆਧਾਰ ’ਤੇ ਤਿਆਰ ਖਰੜਿਆਂ ਦੇ ਹਵਾਲੇ ਨਾਲ ਕੀਤੇ ਜਾਂਦੇ ਹਨ। ‘ਜੇਲ੍ਹ ਨੋਟਬੁੱਕ’ ਤੋਂ ਅਜਿਹਾ ਅੰਦਾਜ਼ਾ ਲਗਾਉਂਦੇ ਸਮੇਂ ਵੀ ਸਾਨੂੰ ਇਹੋ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਨੂੰ ਅਕਸਰ ਯੋਜਨਾਬੱਧ ਅਧਿਐਨ ਦੇ ਸਬੂਤ ਵਜੋਂ ਦੇਖਿਆ ਜਾਂਦਾ ਹੈ, ਜਿੱਥੇ ਹਵਾਲਿਆਂ ਦੀ ਗਿਣਤੀ ਦੇ ਆਧਾਰ ’ਤੇ ਭਗਤ ਸਿੰਘ ਵੱਲੋਂ ਪੜ੍ਹੀਆਂ ਗਈਆਂ ਕਿਤਾਬਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਹਾਲਾਂਕਿ, ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਅਜਿਹੇ ਅੰਦਾਜ਼ਿਆਂ ਦਾ ਸਮਰਥਨ ਨਹੀਂ ਕਰਦੀ।
ਇਹ ਕੰਮ ਚਲਾਊ ਦਸਤਾਵੇਜ਼ ਅਜਿਹੇ ਹਵਾਲਿਆਂ, ਵਾਕ-ਅੰਸ਼ਾਂ ਅਤੇ ਵਿਚਾਰਾਂ ਦਾ ਇੱਕ ਸੰਗ੍ਰਹਿ ਹੈ, ਜੋ ਭਗਤ ਸਿੰਘ ਨੂੰ ਲਾਹੇਵੰਦ ਜਾਂ ਪ੍ਰਭਾਵਸ਼ਾਲੀ ਜਾਪਦੇ ਸਨ। ਇਸ ਨੂੰ ਭਗਤ ਸਿੰਘ ਵੱਲੋਂ ਪੜ੍ਹੀਆਂ ਪੁਸਤਕਾਂ ਦੀ ਸੂਚੀ ਦਾ ਰਿਕਾਰਡ ਮੰਨਣਾ ਸਹੀ ਨਹੀਂ ਹੈ ਕਿਉਂਕਿ ਇਹ ਨੋਟਬੁੱਕ ਲਿਖਣ ਦਾ ਕਾਰਨ ਅਜਿਹਾ ਰਿਕਾਰਡ ਬਣਾਉਣਾ ਹਰਗਿਜ਼ ਨਹੀਂ ਸੀ। ਇੱਕ ਬੰਦ ਵਿਚਾਰਧਾਰਕ ਵਿਵਸਥਾ ਨੂੰ ਅਪਣਾਉਣ ਵਾਲੇ ਦੀ ਥਾਂ ਭਗਤ ਸਿੰਘ ਇੱਕ ‘ਗਤੀਸ਼ੀਲ ਮਨ’ ਵਾਲੇ ਸ਼ਖ਼ਸ ਵਜੋਂ ਉੱਭਰਦਾ ਹੈ, ਜੋ ਵੱਖ-ਵੱਖ ਸਰੋਤਾਂ ਨਾਲ ਜੁੜਦਾ, ਵਿਚਾਰਾਂ ਨੂੰ ਜਜ਼ਬ ਕਰਦਾ ਅਤੇ ਸਿਆਸੀ ਲੋੜਾਂ ਮੁਤਾਬਿਕ ਉਨ੍ਹਾਂ ਨੂੰ ਮੁੜ ਆਕਾਰ ਦਿੰਦਾ ਹੈ। ਉਸ ਨੇ ਇਨਕਲਾਬੀ, ਰਾਸ਼ਟਰਵਾਦੀ ਅਤੇ ਸਮਾਜਵਾਦੀ ਲਿਖਤਾਂ ਵਿੱਚੋਂ ਹਵਾਲੇ ਦਿੱਤੇ ਹਨ, ਫਿਰ ਵੀ ਇਹ ਹਵਾਲੇ ਭਗਤ ਸਿੰਘ ਨੂੰ ਕਿਸੇ ਇਕਹਿਰੀ ਸਿਧਾਂਤਕ ਪਛਾਣ ਨਾਲ ਨਹੀਂ ਬੰਨ੍ਹਦੇ। ਇਸ ਦੇ ਉਲਟ ਇਹ ਵਿਚਾਰਾਂ ਦੇ ਨਿਰੰਤਰ ਵਿਕਾਸ ਅਤੇ ਵਿਹਾਰਕ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ। ਭਗਤ ਸਿੰਘ ਨੂੰ ਮਾਰਕਸਵਾਦੀ, ਅਰਾਜਕਤਾਵਾਦੀ (Anarchist) ਜਾਂ ਰਾਸ਼ਟਰਵਾਦੀ ਵਿੱਚੋਂ ਕਿਸੇ ਵੀ ਇੱਕ ਵਰਗ ਤੱਕ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਉਸ ਦੇ ਅਸਲ ਵਿਚਾਰਾਂ ਨਾਲੋਂ ਵਰਗੀਕਰਨ ਦੀ ਸਾਡੀ ਆਪਣੀ ਲੋੜ ਨੂੰ ਵਧੇਰੇ ਪ੍ਰਗਟਾਉਂਦੀਆਂ ਹਨ।
ਪੇਚੀਦਗੀ ਨਾਲ ਜੂਝਣ ਨਾਲੋਂ ਕਿਸੇ ’ਤੇ ਠੱਪਾ ਲਗਾਉਣਾ ਬੜਾ ਸੁਖਾਲਾ ਹੁੰਦਾ ਹੈ। ਤਾਂਘ, ਜੋਖ਼ਮ ਅਤੇ ਉਦੇਸ਼ ਭਰਪੂਰ ਜ਼ਿੰਦਗੀ ਦੇ ਅੰਦਰ ਪੜ੍ਹਨ ਦੇ ਅਸਲ ਮਹੱਤਵ ਨੂੰ ਸਮਝਣ ਨਾਲੋਂ ਉਸ ਵੱਲੋਂ ਪੜ੍ਹੀਆਂ ਗਈਆਂ ਕਿਤਾਬਾਂ ਦੀ ਗਿਣਤੀ ਕਰਨੀ ਸੁਖਾਲੀ ਹੈ। ਭਗਤ ਸਿੰਘ ਦਾ ਜੀਵਨ ਅਜਿਹੇ ਸਰਲੀਕਰਨ ਦੇ ਉਲਟ ਹੈ। ਭਗਤ ਸਿੰਘ ਦੇ ਅਦਾਲਤੀ ਬਿਆਨ, ਭੁੱਖ ਹੜਤਾਲ ਤੇ ਜੇਲ੍ਹ ਅੰਦਰ ਲਿਖੀਆਂ ਲਿਖਤਾਂ ਇੱਕ ਅਜਿਹੀ ਸ਼ਖ਼ਸੀਅਤ ਬਾਰੇ ਦੱਸਦੀਆਂ ਹਨ, ਜੋ ਬੌਧਿਕ ਉਤਸੁਕਤਾ ਤੇ ਅਸਾਧਾਰਨ ਨੈਤਿਕ ਸਪੱਸ਼ਟਤਾ ਦਾ ਸੁਮੇਲ ਸੀ। ਨਿਆਂਪੂਰਨ ਤੇ ਸਮਾਨਤਾਵਾਦੀ ਸਮਾਜ ਬਣਾਉਣ ਦੇ ਵਿਚਾਰ ਦਾ ਧਾਰਨੀ ਹੋਣ ਕਾਰਨ ਉਸ ਨੇ ਸਾਮਰਾਜਵਾਦ ਦੀ ਭਰਪੂਰ ਆਲੋਚਨਾ ਕੀਤੀ; ਫਿਰ ਵੀ ਉਸ ਨੇ ਇਹ ਆਲੋਚਨਾ ਸੰਕੀਰਨਤਾ ਦੀ ਥਾਂ ਖੁੱਲ੍ਹਦਿਲੀ ਤੇ ਸੰਦਰਭ ਮੁਤਾਬਿਕ ਕੀਤੀ। ਜਦੋਂ ਵੀ ਕੋਈ ਵਿਦਿਆਰਥੀ, ਕਿਰਤੀ ਜਾਂ ਕਿਸਾਨ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਗਾਉਂਦਾ ਹੈ ਤਾਂ ਵਿਚਾਰਧਾਰਕ ਵਰਗੀਕਰਨ ਦਾ ਸਵਾਲ ਆਪਣੇ ਆਪ ਹੀ ਖ਼ਤਮ ਹੋ ਜਾਂਦਾ ਹੈ। ਇਹ ਨਾਅਰਾ ਇਸ ਕਰਕੇ ਸਦੀਵੀ ਹੈ ਕਿਉਂਕਿ ਇਹ ਕਿਸੇ ਖ਼ਾਸ ਸਿਧਾਂਤ ਦੀ ਬਜਾਏ ਖ਼ਾਸ ‘ਸਥਿਤੀ’ ਨੂੰ ਸੰਬੋਧਿਤ ਹੈ। ਇਸੇ ਤਰ੍ਹਾਂ ਗਾਂਧੀਵਾਦੀ ਵਿਚਾਰ ਅੱਜ ਵੀ ਵੱਖ-ਵੱਖ ਸੰਦਰਭਾਂ ’ਚ ਵਿਰੋਧ ਦੀ ਪ੍ਰੇਰਨਾ ਬਣਦੇ ਹਨ, ਉਨ੍ਹਾਂ ਕਾਰਜਾਂ ਲਈ ਵੀ, ਜਿਨ੍ਹਾਂ ਦੀ ਮਹਾਤਮਾ ਗਾਂਧੀ ਨੇ ਆਪਣੇ ਜਿਊਂਦੇ ਜੀਅ ਸ਼ਾਇਦ ਕਲਪਨਾ ਵੀ ਨਹੀਂ ਕੀਤੀ ਹੋਣੀ।
Share this content:



Post Comment