Loading Now

SIR 2026 ਦਾ 100 ਫ਼ੀਸਦੀ ਡਿਜੀਟਾਈਜ਼ੇਸ਼ਨ ਮੁਕੰਮਲ

SIR 2026 ਦਾ 100 ਫ਼ੀਸਦੀ ਡਿਜੀਟਾਈਜ਼ੇਸ਼ਨ ਮੁਕੰਮਲ

ਮੁਹਾਲੀ, 30 ਜੁਲਾਈ – ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਵਿਸ਼ੇਸ਼ ਗਹਿਰੀ ਸੁਧਾਈ (ਸਪੈਸ਼ਲ ਇੰਟੈਂਸਿਵ ਰੀਵਿਜ਼ਨ-2026) ਤਹਿਤ 3 ਅਗਸਤ ਦੀ ਨਿਰਧਾਰਤ ਸਮਾਂ-ਸੀਮਾ ਤੋਂ ਪਹਿਲਾਂ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ ਕਰਨ ‘ਤੇ ਜ਼ਿਲ੍ਹੇ ਦੇ ਸਮੂਹ ਬੂਥ ਲੈਵਲ ਅਫ਼ਸਰਾਂ (ਬੀਐੱਲਓ.), ਸੁਪਰਵਾਈਜ਼ਰਾਂ, ਇਲੈਕਟੋਰਲ ਰਜਿਸਟਰੇਸ਼ਨ ਅਫ਼ਸਰਾਂ (ਈਆਰਓ), ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੀਤਿਕਾ ਸਿੰਘ ਅਤੇ ਸਮੁੱਚੇ ਚੋਣ ਅਮਲੇ ਨੂੰ ਵਧਾਈ ਦਿੱਤੀ ਹੈ।

ਡੀਸੀ ਨੇ ਚੋਣ ਅਮਲੇ ਦੀ ਸਮਰਪਿਤ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਹੋਣਾ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਭਾਵਨਾ, ਤਾਲਮੇਲ ਅਤੇ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਸਮੁੱਚੀ ਟੀਮ ਵੱਲੋਂ ਇਹ ਕਾਰਜ ਸੁਚਾਰੂ ਅਤੇ ਕੁਸ਼ਲ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼ਲਾਘਾ ਕੀਤੀ। ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਖਰੜਾ ਵੋਟਰ ਸੂਚੀ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਉਪਰੰਤ ਗੈਰ-ਹਾਜ਼ਰ, ਤਬਦੀਲ ਹੋਏ, ਮ੍ਰਿਤਕ ਅਤੇ ਡੁਪਲੀਕੇਟ (ਏਐੱਸਡੀਡੀ) ਸ਼੍ਰੇਣੀਆਂ ਨਾਲ ਸਬੰਧਤ ਵੋਟਰਾਂ ਸਬੰਧੀ ਨੋਟਿਸ ਜਾਰੀ ਕੀਤੇ ਜਾਣਗੇ। ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਮਿਆਦ 13 ਅਗਸਤ ਤੋਂ 12 ਸਤੰਬਰ ਤੱਕ ਰਹੇਗੀ, ਜਦਕਿ ਨੋਟਿਸਾਂ ਅਤੇ ਦਾਅਵਿਆਂ-ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ 8 ਅਕਤੂਬਰ ਤੱਕ ਮੁਕੰਮਲ ਕਰ ਲਈ ਜਾਵੇਗੀ। ਅੰਤਿਮ ਤੇ ਫਾਈਨਲ ਵੋਟਰ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਡੀਸੀ ਨੇ ਸਮੂਹ ਬੀਐੱਲਓਜ਼, ਸੁਪਰਵਾਈਜ਼ਰਾਂ, ਈਆਰਓਜ਼ ਅਤੇ ਹੋਰ ਚੋਣ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੁਧਾਈ ਪ੍ਰਕਿਰਿਆ ਦੇ ਬਾਕੀ ਪੜਾਵਾਂ ਦੌਰਾਨ ਵੀ ਇਸੇ ਤਰ੍ਹਾਂ ਦੀ ਸਮਰਪਣ ਭਾਵਨਾ, ਸੁਚੇਤਤਾ ਅਤੇ ਲਗਨ ਨਾਲ ਕੰਮ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਦਾਅਵੇ ਅਤੇ ਇਤਰਾਜ਼ ਦਾ ਨਿਪਟਾਰਾ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਸਾਵਧਾਨੀ ਅਤੇ ਪਾਰਦਰਸ਼ਤਾ ਨਾਲ ਕੀਤਾ ਜਾਵੇ ਤਾਂ ਜੋ ਵੋਟਰ ਸੂਚੀਆਂ ਸਹੀ, ਪਾਰਦਰਸ਼ੀ ਅਤੇ ਗ਼ਲਤੀ-ਰਹਿਤ ਬਣਾਈਆਂ ਜਾ ਸਕਣ।

Share this content:

Post Comment