Loading Now

Kaante ਫ਼ਿਲਮ ਦੇ ਨਿਰਦੇਸ਼ਕ ਸੰਜੇ ਗੁਪਤਾ ਦਾ ਦੇਹਾਂ

Kaante ਫ਼ਿਲਮ ਦੇ ਨਿਰਦੇਸ਼ਕ ਸੰਜੇ ਗੁਪਤਾ ਦਾ ਦੇਹਾਂ

ਮੁੰਬਈ, 31 ਅਕਤੂਬਰ – ‘ਕਾਂਟੇ’, ‘ਸ਼ੂਟਆਊਟ ਐਟ ਲੋਖੰਡਵਾਲਾ’ ਅਤੇ ‘ਕਾਬਿਲ’ ਵਰਗੀਆਂ ਬਿਹਤਰੀਨ ਫ਼ਿਲਮਾਂ ਦੇ ਨਿਰਦੇਸ਼ਕ ਸੰਜੇ ਗੁਪਤਾ ਦਾ ਅੱਜ ਇੱਥੇ ਉਨ੍ਹਾਂ ਦੀ ਰਿਹਾਇਸ਼ ’ਤੇ ਅਚਾਨਕ ਦੇਹਾਂਤ ਹੋ ਗਿਆ। ਉਹ 59 ਵਰ੍ਹਿਆਂ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਘਰ ਅੰਦਰ ਅਚਾਨਕ ਪੈਰ ਤਿਲਕਣ ਕਾਰਨ ਉਨ੍ਹਾਂ ਦੇ ਸਿਰ ’ਤੇ ਡੂੰਘੀ ਸੱਟ ਲੱਗ ਗਈ ਸੀ, ਜੋ ਜਾਨਲੇਵਾ ਸਾਬਤ ਹੋਈ। ਉਨ੍ਹਾਂ ਦੇ ਕਰੀਬੀ ਦੋਸਤ ਅਤੇ ਫ਼ਿਲਮ ਨਿਰਦੇਸ਼ਕ ਮਿਲਾਪ ਜ਼ਾਵੇਰੀ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਸਦਮਾ ਹੈ। ਵਰਸੋਵਾ ਪੁਲੀਸ ਨੇ ਇਸ ਘਟਨਾ ਸਬੰਧੀ ਹਾਦਸਤੀ ਮੌਤ ਦੀ ਰਿਪੋਰਟ (ਏ.ਡੀ.ਆਰ.) ਦਰਜ ਕਰ ਲਈ ਹੈ। ਸੀਨੀਅਰ ਪੁਲੀਸ ਇੰਸਪੈਕਟਰ ਦੀਪਸ਼ਿਖਾ ਵਾਰੇ ਨੇ ਦੱਸਿਆ ਕਿ ਸੰਜੇ ਗੁਪਤਾ ਰਾਮ ਨਗਰ ਇਲਾਕੇ ਸਥਿਤ ਆਪਣੇ ਬੰਗਲੇ ਵਿੱਚ ਰਹਿ ਰਹੇ ਸਨ ਅਤੇ ਸ਼ੁਰੂਆਤੀ ਜਾਂਚ ਦੌਰਾਨ ਕੋਈ ਸ਼ੱਕੀ ਪਹਿਲੂ ਸਾਹਮਣੇ ਨਹੀਂ ਆਇਆ ਹੈ। ਸੰਜੇ ਗੁਪਤਾ ਦੇ ਬੇਵਕਤੀ ਦੇਹਾਂਤ ’ਤੇ ਬੌਲੀਵੁੱਡ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਫ਼ਿਲਮਸਾਜ਼ ਅਸ਼ੋਕ ਪੰਡਿਤ ਸਮੇਤ ਸਿਨੇਮਾ ਜਗਤ ਦੀਆਂ ਪ੍ਰਮੁੱਖ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਸ਼ੋਕ ਪੰਡਿਤ ਨੇ ਸੋਸ਼ਲ ਮੀਡੀਆ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਕਿ ਇੱਕ ਬਿਹਤਰੀਨ ਕਹਾਣੀਕਾਰ, ਜ਼ਿੰਦਾਦਿਲ ਇਨਸਾਨ ਅਤੇ ਜਨੂੰਨੀ ਫ਼ਿਲਮਸਾਜ਼ ਸਾਨੂੰ ਬਹੁਤ ਜਲਦੀ ਅਲਵਿਦਾ ਕਹਿ ਗਿਆ ਹੈ, ਜਿਸ ਨਾਲ ਹਿੰਦੀ ਸਿਨੇਮਾ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਜ਼ਿਕਰਯੋਗ ਹੈ ਕਿ ਸੰਜੇ ਗੁਪਤਾ ਨੇ ਸਾਲ 1994 ਵਿੱਚ ਸੰਜੇ ਦੱਤ, ਆਦਿੱਤਿਆ ਪੰਚੋਲੀ ਅਤੇ ਰਵੀਨਾ ਟੰਡਨ ਸਟਾਰਰ ਫ਼ਿਲਮ ‘ਆਤਿਸ਼: ਫੀਲ ਦ ਫਾਇਰ’ ਰਾਹੀਂ ਬਤੌਰ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਿੰਦੀ ਸਿਨੇਮਾ ਵਿੱਚ ਉਹ ਖ਼ਾਸ ਤੌਰ ’ਤੇ ਮੁੰਬਈ ਦੇ ਅੰਡਰਵਰਲਡ, ਗੈਂਗਸਟਰ ਡਰਾਮਾ ਅਤੇ ਵਿਲੱਖਣ ਐਕਸ਼ਨ-ਥ੍ਰਿਲਰ ਫ਼ਿਲਮਾਂ ਬਣਾਉਣ ਲਈ ਮਸ਼ਹੂਰ ਸਨ। ਉਨ੍ਹਾਂ ਨੇ ਸੰਜੇ ਦੱਤ ਅਤੇ ਜੌਹਨ ਅਬਰਾਹਮ ਨਾਲ ਕਈ ਵੱਡੇ ਪ੍ਰੋਜੈਕਟਾਂ ਵਿੱਚ ਕੰਮ ਕੀਤਾ। ਸਾਲ 2002 ਵਿੱਚ ਆਈ ਅਮਿਤਾਭ ਬੱਚਨ ਅਤੇ ਸੰਜੇ ਦੱਤ ਦੀ ਬਹੁ-ਚਰਚਿਤ ਫ਼ਿਲਮ ‘ਕਾਂਟੇ’ ਨੇ ਦਰਸ਼ਕਾਂ ਵਿੱਚ ਇੱਕ ਖ਼ਾਸ ਮੁਕਾਮ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪ੍ਰਮੁੱਖ ਫ਼ਿਲਮਾਂ ਵਿੱਚ ‘ਮੁਸਾਫ਼ਿਰ’ (2004), ‘ਜ਼ਿੰਦਾ’ (2006), ‘ਸ਼ੂਟਆਊਟ ਐਟ ਲੋਖੰਡਵਾਲਾ’ (2007), ‘ਸ਼ੂਟਆਊਟ ਐਟ ਵਡਾਲਾ’ (2013), ਰਿਤਿਕ ਰੋਸ਼ਨ ਸਟਾਰਰ ‘ਕਾਬਿਲ’ (2017) ਅਤੇ ‘ਮੁੰਬਈ ਸਾਗਾ’ (2021) ਸ਼ਾਮਲ ਰਹੀਆਂ।

Share this content:

Post Comment