ਹੱਸੋ ਤੇ ਖ਼ੁਸ਼ੀਆਂ ਮਾਣੋ
ਮਨੁੱਖੀ ਜੀਵਨ ਖ਼ੁਸ਼ੀਆਂ ਅਤੇ ਗ਼ਮੀਆਂ ਦਾ ਸੁਮੇਲ ਹੈ। ਜਿਹੜੇ ਲੋਕ ਖ਼ੁਸ਼ਦਿਲ, ਹੌਸਲੇ ਵਾਲੇ ਤੇ ਸਕਾਰਾਤਮਕ ਸੋਚ ਵਾਲੇ ਹੋਣ ਉਨ੍ਹਾਂ ਦੇ ਜੀਵਨ ਵਿੱਚ ਰੌਣਕ, ਸਾਂਝ ਅਤੇ ਤਰੱਕੀ ਦੇ ਮੌਕੇ ਵਧਦੇ ਰਹਿੰਦੇ ਹਨ ਜਦੋਂਕਿ ਹਰ ਵੇਲੇ ਨਿਰਾਸ਼, ਸ਼ਿਕਾਇਤਾਂ ਅਤੇ ਰੋਣ-ਧੋਣ ਵਿੱਚ ਡੁੱਬੇ ਰਹਿਣ ਵਾਲੇ ਮਨੁੱਖ ਦਾ ਜੀਵਨ ਹਮੇਸ਼ਾ ਮੁਸ਼ਕਿਲਾਂ ਵਿੱਚ ਹੀ ਉਲਝਿਆ ਰਹਿੰਦਾ ਹੈ। ਮਨੁੱਖੀ ਜੀਵਨ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਕਦੇ ਸੁੱਖ ਆਉਂਦਾ ਹੈ ਤੇ ਕਦੇ ਦੁੱਖ, ਕਦੇ ਜਿੱਤ ਮਿਲਦੀ ਹੈ ਤੇ ਕਦੇ ਹਾਰ, ਕਦੇ ਰਾਹ ਪੱਧਰਾ ਹੁੰਦਾ ਹੈ ਤੇ ਕਦੇ ਕੰਡਿਆਂ ਨਾਲ ਭਰਪੂਰ। ਜੇ ਜ਼ਿੰਦਗੀ ਵਿੱਚ ਸਿਰਫ਼ ਸੁੱਖ ਹੀ ਟੱਕਰਦੇ ਤਾਂ ਸ਼ਾਇਦ ਮਨੁੱਖ ਨੂੰ ਸੁੱਖ ਦੀ ਕੀਮਤ ਦਾ ਪਤਾ ਹੀ ਨਾ ਲੱਗਦਾ। ਦੁੱਖ ਵੀ ਜੀਵਨ ਦਾ ਅਟੁੱਟ ਹਿੱਸਾ ਹਨ, ਪਰ ਅਸਲ ਫ਼ਰਕ ਇਸ ਗੱਲ ਨਾਲ ਪੈਂਦਾ ਹੈ ਕਿ ਅਸੀਂ ਦੁੱਖਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਹਾਂ। ਕੋਈ ਵਿਅਕਤੀ ਔਖੀ ਘੜੀ ਵਿੱਚ ਟੁੱਟ ਜਾਂਦਾ ਹੈ ਅਤੇ ਕੋਈ ਉਸੇ ਔਖੀ ਘੜੀ ਨੂੰ ਆਪਣੀ ਤਾਕਤ ਬਣਾ ਕੇ ਅੱਗੇ ਵਧਣ ਦਾ ਤਰੀਕਾ ਲੱਭ ਲੈਂਦਾ ਹੈ।
ਖ਼ੁਸ਼ ਰਹਿਣ ਦਾ ਅਰਥ ਇਹ ਨਹੀਂ ਕਿ ਮਨੁੱਖ ਨੂੰ ਜੀਵਨ ਦੀਆਂ ਹਕੀਕਤਾਂ ਤੋਂ ਅਣਜਾਣ ਹੋਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਜਦੋਂ ਕੋਈ ਨੁਕਸਾਨ ਹੋਵੇ, ਰਿਸ਼ਤਾ ਟੁੱਟੇ, ਆਰਥਿਕ ਮੁਸ਼ਕਿਲ ਆਵੇ ਜਾਂ ਕੋਈ ਸੁਪਨਾ ਪੂਰਾ ਨਾ ਹੋਵੇ ਤਾਂ ਦੁੱਖ ਮਹਿਸੂਸ ਹੋਣਾ ਸੁਭਾਵਿਕ ਹੈ। ਅੱਖਾਂ ਵਿੱਚ ਹੰਝੂਆਂ ਦਾ ਆ ਜਾਣਾ ਵੀ ਮਨੁੱਖੀ ਸੁਭਾਅ ਦਾ ਹਿੱਸਾ ਹੈ, ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਨਿਰਾਸ਼ਾ ਤੇ ਹੰਝੂ ਸਾਡੀ ਸੋਚ ਉੱਤੇ ਕਬਜ਼ਾ ਕਰ ਲੈਂਦੇ ਹਨ ਅਤੇ ਅਸੀਂ ਹਰ ਗੱਲ ਵਿੱਚ ਨਕਾਰਾਤਮਕਤਾ ਦੇਖਣ ਲੱਗ ਪੈਂਦੇ ਹਾਂ। ਦੁੱਖ ਨੂੰ ਮਹਿਸੂਸ ਕਰਨਾ ਗ਼ਲਤ ਨਹੀਂ, ਪਰ ਦੁੱਖ ਨੂੰ ਹੀ ਆਪਣੀ ਜ਼ਿੰਦਗੀ ਬਣਾ ਲੈਣਾ ਜ਼ਰੂਰ ਨੁਕਸਾਨਦਾਇਕ ਹੈ। ਅੱਜ ਦੇ ਸਮੇਂ ਵਿੱਚ ਮਨੁੱਖ ਕੋਲ ਜਿਵੇਂ ਜਿਵੇਂ ਸੁੱਖ-ਸਹੂਲਤਾਂ ਵਧਦੀਆਂ ਜਾ ਰਹੀਆਂ ਹਨ, ਉਵੇਂ ਹੀ ਮਨ ਦੀ ਸ਼ਾਂਤੀ ਤੇ ਖ਼ੁਸ਼ ਰਹਿਣ ਦੀ ਪ੍ਰਵਿਰਤੀ ਮਨਫ਼ੀ ਹੁੰਦੀ ਜਾ ਰਹੀ ਹੈ। ਮੋਬਾਈਲ ਫੋਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਦੁਨੀਆ ਨੂੰ ਮੁੱਠੀ ਵਿੱਚ ਬੰਦ ਕਰ ਦਿੱਤਾ ਹੈ। ਅਸੀਂ ਪਲ-ਪਲ ਦੂਜਿਆਂ ਦੀ ਜ਼ਿੰਦਗੀ ਦੇਖਦੇ ਹਾਂ। ਦੂਜਿਆਂ ਦੀ ਖ਼ੁਸ਼ੀ ਨੂੰ ਦੇਖ ਕੇ ਕਈ ਲੋਕ ਆਪਣੀ ਜ਼ਿੰਦਗੀ ਤੋਂ ਅਸੰਤੁਸ਼ਟ ਹੋਣ ਲੱਗ ਪੈਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਸੋਸ਼ਲ ਮੀਡੀਆ ਉੱਤੇ ਦਿਖਾਈ ਜਾਣ ਵਾਲੀ ਜ਼ਿੰਦਗੀ ਹਮੇਸ਼ਾ ਅਸਲੀ ਨਹੀਂ ਹੁੰਦੀ। ਇਸ ਲਈ ਦੂਜਿਆਂ ਨਾਲ ਤੁਲਨਾ ਕਰਕੇ ਆਪਣੀ ਖ਼ੁਸ਼ੀ ਨੂੰ ਖ਼ਤਮ ਕਰਨਾ ਸਿਆਣਪ ਨਹੀਂ ਸਮਝੀ ਜਾ ਸਕਦੀ।
ਖ਼ੁਸ਼ੀ ਦਾ ਸਬੰਧ ਧਨ-ਦੌਲਤ ਜਾਂ ਵੱਡੀਆਂ ਪ੍ਰਾਪਤੀਆਂ ਨਾਲ ਨਹੀਂ ਹੁੰਦਾ। ਕਈ ਵਾਰ ਪਰਿਵਾਰ ਨਾਲ ਬੈਠ ਕੇ ਕੀਤੀ ਇੱਕ ਸਾਧਾਰਨ ਗੱਲਬਾਤ, ਦੋਸਤ ਦੀ ਇੱਕ ਪਿਆਰ ਭਰੀ ਫੋਨ ਕਾਲ, ਬੱਚੇ ਦੀ ਮੁਸਕਰਾਹਟ, ਮਾਂ-ਬਾਪ ਦੀ ਦੁਆ, ਸਵੇਰ ਦੀ ਸੈਰ ਜਾਂ ਕੁਦਰਤ ਦੇ ਸੁਹੱਪਣ ਨੂੰ ਮਾਣਨਾ ਵੀ ਮਨੁੱਖ ਨੂੰ ਅੰਦਰੋਂ ਖ਼ੁਸ਼ੀ ਦੇ ਸਕਦਾ ਹੈ, ਪਰ ਅਸੀਂ ਵੱਡੀਆਂ ਖ਼ੁਸ਼ੀਆਂ ਦੀ ਭਾਲ ਵਿੱਚ ਇਨ੍ਹਾਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਨੂੰ ਅਣਡਿੱਠ ਕਰ ਦਿੰਦੇ ਹਾਂ। ਘਰ ਦੀ ਖ਼ੁਸ਼ਹਾਲੀ ਵਿੱਚ ਹੱਸਮੁੱਖ ਸੁਭਾਅ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਜਿਸ ਘਰ ਵਿੱਚ ਪਰਿਵਾਰ ਦੇ ਮੈਂਬਰ ਇੱਕ-ਦੂਜੇ ਨਾਲ ਪਿਆਰ ਨਾਲ ਗੱਲ ਕਰਦੇ ਹਨ, ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਮੁਸ਼ਕਿਲ ਸਮੇਂ ਵਿੱਚ ਸਾਥ ਦਿੰਦੇ ਹਨ, ਉਸ ਘਰ ਵਿੱਚ ਘੱਟ ਸਾਧਨਾਂ ਦੇ ਬਾਵਜੂਦ ਸਕੂਨ, ਖ਼ੁਸ਼ੀ ਅਤੇ ਸੁੱਖ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਦੇ ਉਲਟ ਜੇ ਘਰ ਵਿੱਚ ਹਰ ਸਮੇਂ ਤਕਰਾਰ, ਤਾਅਨੇ, ਸ਼ਿਕਾਇਤਾਂ ਅਤੇ ਗੁੱਸਾ ਹੋਵੇ ਤਾਂ ਵੱਡੇ ਤੋਂ ਵੱਡਾ ਮਕਾਨ ਤੇ ਸਹੂਲਤਾਂ ਵੀ ਸਕੂਨ ਨਹੀਂ ਦੇ ਸਕਦਾ। ਅੱਜ ਪਰਿਵਾਰਕ ਰਿਸ਼ਤਿਆਂ ਵਿੱਚ ਵਧ ਰਹੀ ਦੂਰੀ ਵੀ ਚਿੰਤਾ ਦਾ ਵਿਸ਼ਾ ਹੈ। ਇੱਕੋ ਘਰ ਵਿੱਚ ਰਹਿੰਦੇ ਹੋਏ ਵੀ ਕਈ ਵਾਰ ਪਰਿਵਾਰਕ ਮੈਂਬਰ ਇੱਕ-ਦੂਜੇ ਨਾਲ ਗੱਲ ਕਰਨ ਲਈ ਸਮਾਂ ਨਹੀਂ ਕੱਢਦੇ। ਹਰ ਕੋਈ ਆਪਣੇ ਮੋਬਾਈਲ ਜਾਂ ਆਪਣੀ ਹੀ ਦੁਨੀਆ ਵਿੱਚ ਰੁੱਝਿਆ ਹੋਇਆ ਹੈ। ਅਜਿਹੇ ਮਾਹੌਲ ਵਿੱਚ ਆਪਸੀ ਸਾਂਝ ਘਟਦੀ ਜਾਂਦੀ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਘਰ ਇੱਟਾਂ, ਸੀਮਿੰਟ ਅਤੇ ਮਹਿੰਗੇ ਸਾਮਾਨ ਨਾਲ ਨਹੀਂ ਬਣਦਾ ਸਗੋਂ ਘਰ ਪਿਆਰ, ਵਿਸ਼ਵਾਸ, ਸਤਿਕਾਰ ਅਤੇ ਸੁਖਾਵੇਂ ਮਾਹੌਲ ਨਾਲ ਬਣਦਾ ਹੈ।
ਜਿਹੜਾ ਇਨਸਾਨ ਹਰ ਵੇਲੇ ਦੂਜਿਆਂ ਦੀਆਂ ਕਮੀਆਂ ਲੱਭਦਾ ਰਹਿੰਦਾ ਹੈ, ਉਸ ਦੀ ਸੰਗਤ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੀ। ਇਸ ਦੇ ਉਲਟ ਹੱਸਮੁੱਖ, ਮਿਲਣਸਾਰ ਅਤੇ ਮਦਦਗਾਰ ਵਿਅਕਤੀ ਜਿੱਥੇ ਜਾਂਦਾ ਹੈ ਉੱਥੇ ਆਪਣਾਪਣ ਪੈਦਾ ਕਰ ਲੈਂਦਾ ਹੈ। ਉਸ ਦੀ ਮੌਜੂਦਗੀ ਮਾਹੌਲ ਨੂੰ ਹਲਕਾ ਫੁਲਕਾ ਬਣਾ ਕੇ ਖ਼ੁਸ਼ਗਵਾਰ ਬਣਾ ਦਿੰਦੀ ਹੈ ਅਤੇ ਇਹ ਮਾਹੌਲ ਹਰ ਕਿਸੇ ਨੂੰ ਆਪਣੇ ਵੱਲ ਖਿੱਚਦਾ ਹੈ। ਅਸਲ ਵਿੱਚ ਚੰਗਾ ਤੇ ਹੱਸਮੁੱਖ ਸੁਭਾਅ ਕੁਦਰਤ ਵੱਲੋਂ ਮਿਲੀ ਵਡਮੁੱਲੀ ਦਾਤ ਹੈ। ਸਾਡੇ ਸੱਭਿਆਚਾਰ ਵਿੱਚ ਵਿਆਹ ਅਤੇ ਹੋਰ ਖ਼ੁਸ਼ੀਆਂ ਦੇ ਸਮਾਗਮਾਂ ਮੌਕੇ ਪੈਂਦੀਆਂ ਬੋਲੀਆਂ, ਗਿੱਧਾ, ਭੰਗੜਾ, ਤਿਉਹਾਰ, ਮੇਲੇ, ਖੇਡ ਮੇਲੇ, ਅਖਾੜੇ, ਲੋਕ-ਗੀਤ ਅਤੇ ਸਾਂਝੇ ਸਮਾਗਮ ਸਿਰਫ਼ ਮਨੋਰੰਜਨ ਦੇ ਸਾਧਨ ਨਹੀਂ ਸਗੋਂ ਸਮਾਜਿਕ ਏਕਤਾ ਤੇ ਭਾਈਚਾਰਕ ਸਾਂਝ ਦਾ ਸਬੂਤ ਸਨ। ਮੁੱਢ ਤੋਂ ਹੀ ਸਾਡੇ ਸਮਾਜ ਖ਼ਾਸ ਕਰਕੇ ਪੰਜਾਬ ਵਿੱਚ ਰੀਤ ਰਹੀ ਹੈ ਕਿ ਜੇਕਰ ਕਿਸੇ ਘਰ ਖ਼ੁਸ਼ੀ ਹੁੰਦੀ ਤਾਂ ਸਾਰਾ ਪਿੰਡ ਖ਼ੁਸ਼ੀ ਵਿੱਚ ਸ਼ਾਮਲ ਹੁੰਦਾ ਅਤੇ ਜੇਕਰ ਕਿਸੇ ਦੇ ਘਰ ਦੁੱਖ ਦੀ ਘੜੀ ਆਉਂਦੀ ਤਾਂ ਸਾਰਾ ਭਾਈਚਾਰਾ ਉਸ ਪਰਿਵਾਰ ਦੇ ਦੁੱਖ ਵਿੱਚ ਦਿਲੋਂ ਸ਼ਰੀਕ ਹੁੰਦਾ ਸੀ। ਇਹੀ ਸਾਂਝ ਪੰਜਾਬੀ ਜੀਵਨ ਦੀ ਅਸਲੀ ਤਾਕਤ ਰਹੀ ਹੈ, ਪਰ ਸਮੇਂ, ਹਾਲਾਤ, ਮਨੁੱਖ ਦੀ ਸੁੰਗੜਦੀ ਜਾ ਰਹੀ ਸੋਚ ਅਤੇ ਆਧੁਨਿਕ ਯੁੱਗ ਦੇ ਨਿੱਤ ਨਵੇਂ ਵਰਤਾਰਿਆਂ ਨੇ ਇਸ ਸਭ ਕੁਝ ਨੂੰ ਖੋਰਾ ਲਗਾਇਆ ਹੈ।
ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਇਹ ਸਿੱਖਿਆ ਦੇਣ ਦੀ ਲੋੜ ਹੈ ਕਿ ਸਫਲਤਾ ਤੋਂ ਭਾਵ ਸਿਰਫ਼ ਵੱਡੀ ਨੌਕਰੀ, ਵੱਡਾ ਕਾਰੋਬਾਰ, ਚੰਗੀ ਆਮਦਨ ਜਾਂ ਵਿਦੇਸ਼ ਜਾਣਾ ਨਹੀਂ ਹੈ ਸਗੋਂ ਅਸਲ ਸਫਲਤਾ ਤਾਂ ਉਸ ਹਾਲਤ ਵਿੱਚ ਹੈ ਜਦੋਂ ਮਨੁੱਖ ਆਪਣੇ ਪਰਿਵਾਰ ਨੂੰ ਸਮਾਂ ਦੇ ਸਕੇ, ਰਿਸ਼ਤਿਆਂ ਨੂੰ ਸੰਭਾਲ ਸਕੇ, ਕਿਸੇ ਲੋੜਵੰਦ ਦੇ ਕੰਮ ਆ ਸਕੇ, ਸਮਾਜ ਲਈ ਕੁਝ ਚੰਗਾ ਕਰ ਸਕੇ ਅਤੇ ਵਿਪਰੀਤ ਹਾਲਤਾਂ ਵਿੱਚ ਵੀ ਆਪਣੇ ਅੰਦਰ ਸ਼ਾਂਤੀ ਕਾਇਮ ਰੱਖ ਸਕੇ। ਇਹੋ ਨਹੀਂ ਸਗੋਂ ਜੇਕਰ ਧਨ, ਜ਼ਮੀਨ, ਜਾਇਦਾਦ ਅਤੇ ਕੁਦਰਤ ਵੱਲੋਂ ਮਿਲੀਆਂ ਦਾਤਾਂ ਦੇ ਬਾਵਜੂਦ ਮਨ ਹਰ ਵੇਲੇ ਬੇਚੈਨ ਰਹੇ ਤਾਂ ਇਨ੍ਹਾਂ ਪ੍ਰਾਪਤੀਆਂ ਦੀ ਖ਼ੁਸ਼ੀ ਵੀ ਅਧੂਰੀ ਹੀ ਰਹਿ ਜਾਂਦੀ ਹੈ ਅਤੇ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਹੀ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਲਈ ਕਾਫ਼ੀ ਨਹੀਂ ਹਨ। ਹੱਸਮੁੱਖ ਸੁਭਾਅ ਦਾ ਹੋਣਾ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨਾਲ ਜੁੜਿਆ ਹੋਇਆ ਹੈ। ਜਦੋਂ ਮਨੁੱਖ ਖ਼ੁਸ਼ ਰਹਿੰਦਾ ਹੈ ਤਾਂ ਉਸ ਦੀ ਸੋਚ ਵਿੱਚ ਵੀ ਸਕਾਰਾਤਮਕਤਾ ਅਤੇ ਤਾਜ਼ਗੀ ਆਉਂਦੀ ਹੈ। ਉਹ ਸਮੱਸਿਆਵਾਂ ਨੂੰ ਵਧੇਰੇ ਦੂਰਅੰਦੇਸ਼ੀ ਨਾਲ ਦੇਖ ਸਕਦਾ ਹੈ। ਇਸ ਦੇ ਉਲਟ ਹਰ ਵੇਲੇ ਤਣਾਅ ਅਤੇ ਨਿਰਾਸ਼ਾ ਵਿੱਚ ਰਹਿਣ ਵਾਲਾ ਵਿਅਕਤੀ ਛੋਟੀ ਸਮੱਸਿਆ ਨੂੰ ਵੀ ਵੱਡੀ ਮੁਸੀਬਤ ਸਮਝ ਲੈਂਦਾ ਹੈ। ਇਸ ਲਈ ਜੀਵਨ ਵਿੱਚ ਕੰਮ ਅਤੇ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਰਿਵਾਰ ਨਾਲ ਸਮਾਂ ਬਿਤਾਉਣਾ, ਸਵੈ-ਪੜਚੋਲ ਅਤੇ ਆਪਣੇ ਮਨ ਨੂੰ ਆਰਾਮ ਦੇਣ ਲਈ ਵੀ ਸਮਾਂ ਕੱਢਣਾ ਜ਼ਰੂਰੀ ਹੈ। ਜੇਕਰ ਅਸੀਂ ਦਿਨ ਦੀ ਸ਼ੁਰੂਆਤ ਹੱਸ ਕੇ ਕਰਦੇ ਹਾਂ ਤਾਂ ਪੂਰਾ ਦਿਨ ਚੰਗਾ ਅਤੇ ਸਕਾਰਾਤਮਕਤਾ ਨਾਲ ਭਰਪੂਰ ਰਹਿੰਦਾ ਹੈ। ਹੱਸਣਾ ਰਾਤ ਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ।
ਇੱਥੇ ਇਹ ਸਮਝਣ ਦੀ ਵੀ ਲੋੜ ਹੈ ਕਿ ਖ਼ੁਸ਼ ਹੋਣਾ ਅਤੇ ਹੱਸਣਾ ਦੋ ਵੱਖ-ਵੱਖ ਅਵਸਥਾਵਾਂ ਹਨ। ਖ਼ੁਸ਼ ਹੋਣਾ ਇਨਸਾਨ ਦੀ ਉਸਾਰੂ ਮਾਨਸਿਕ ਅਵਸਥਾ ਨੂੰ ਦਰਸਾਉਂਦਾ ਹੈ ਜਦੋਂਕਿ ਹਾਸਾ ਕਈ ਵਾਰ ਬਣਾਉਟੀ, ਵਿਅੰਗਮਈ ਅਤੇ ਕੂਟਨੀਤੀ ਦਾ ਹਿੱਸਾ ਵੀ ਹੋ ਸਕਦਾ ਹੈ। ਫਿਰ ਵੀ ਮੰਨਿਆ ਜਾਂਦਾ ਹੈ ਕਿ ਖੁੱਲ੍ਹ ਕੇ ਹੱਸਣ ਨਾਲ ਖ਼ੂਨ ਦਾ ਸੰਚਾਰ ਵਧੀਆ ਹੁੰਦਾ ਹੈ ਅਤੇ ਆਕਸੀਜਨ ਸਹੀ ਢੰਗ ਨਾਲ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਦੀ ਹੈ। ਹਾਸਾ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਕਰਦਾ ਹੈ। ਇਸ ਲਈ ਹੀ ਯੋਗਾ ਕਲਾਸਾਂ ਵਿੱਚ ਉੱਚੀ ਹੱਸਣ ’ਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਹਸਾਉਣ ਲਈ ਹੀ ਵਿਸ਼ੇਸ਼ ਤੌਰ ’ਤੇ ਫਿਲਮਾਂ ਅਤੇ ਕਾਮੇਡੀ ਸ਼ੋਅ ਬਣ ਰਹੇ ਹਨ। ਇਹੋ ਨਹੀਂ ਸਗੋਂ ਮਈ ਦੇ ਪਹਿਲੇ ਐਤਵਾਰ ਨੂੰ ‘ਵਿਸ਼ਵ ਹਾਸਾ ਦਿਵਸ’ ਵਜੋਂ ਮਨਾਇਆ ਜਾਣ ਲੱਗਿਆ ਹੈ, ਪਰ ਇੱਥੇ ਇਹ ਸਮਝਣ ਦੀ ਜ਼ਰੂਰ ਲੋੜ ਹੈ ਕਿ ਹੱਸਣਾ ਤੇ ਮਨ ਦਾ ਖ਼ੁਸ਼ ਹੋਣਾ ਦੋ ਵੱਖੋ-ਵੱਖਰੀਆਂ ਗੱਲਾਂ ਹਨ। ਕੁਝ ਸਮੇਂ ਲਈ ਹੱਸ ਲੈਣਾ ਅਤੇ ਆਪਣੇ ਮਨ ਨੂੰ ਖ਼ੁਸ਼ ਰਹਿ ਸਕਣ ਦੇ ਕਾਬਲ ਬਣਾਉਣਾ ਵੱਖ-ਵੱਖ ਅਵਸਥਾਵਾਂ ਹਨ। ਇਸ ਲਈ ਖ਼ੁਸ਼ ਰਹਿਣਾ ਹੱਸਣ ਤੋਂ ਵਧੇਰੇ ਅਹਿਮ ਹੋ ਜਾਂਦਾ ਹੈ। ਜਿਸ ਮਨੁੱਖ ਨੇ ਹਰ ਤਰ੍ਹਾਂ ਦੇ ਹਾਲਾਤ ਵਿੱਚੋਂ ਖ਼ੁਸ਼ ਰਹਿਣ ਦਾ ਢੰਗ ਲੱਭ ਲਿਆ, ਉਸ ਨੂੰ ਫਿਰ ਉੱਚੀ ਹੱਸ ਕੇ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਦਾ ਹੌਸਲੇ ਨਾਲ ਸਾਹਮਣਾ ਕਰਨਾ ਹੀ ਜ਼ਿੰਦਗੀ ਦੀ ਅਸਲ ਜਿੱਤ ਹੈ। ਇਤਿਹਾਸ ਵਿੱਚ ਅਜਿਹੇ ਅਨੇਕਾਂ ਵਿਅਕਤੀ ਹੋਏ ਹਨ ਜਿਨ੍ਹਾਂ ਨੇ ਵੱਡੀਆਂ ਮੁਸ਼ਕਿਲਾਂ ਦੇ ਬਾਵਜੂਦ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਹਾਲਾਤ ਨੂੰ ਆਪਣੀ ਕਿਸਮਤ ਮੰਨ ਕੇ ਬੈਠਣ ਦੀ ਬਜਾਏ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ। ਮਨੁੱਖ ਦੀ ਇਹੋ ਜੁਝਾਰੂ ਸੋਚ ਉਸ ਨੂੰ ਹੋਰਾਂ ਜੀਵਾਂ ਤੋਂ ਵੱਖਰਾ ਕਰਦੀ ਹੈ। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਹਰ ਵੇਲੇ ਹੱਸਣ ਅਤੇ ਖ਼ੁਸ਼ ਰਹਿਣ ਦਾ ਦਿਖਾਵਾ ਕਰਨਾ ਜ਼ਰੂਰੀ ਨਹੀਂ। ਜੇ ਕੋਈ ਮਨੁੱਖ ਦੁੱਖ ਵਿੱਚ ਹੈ ਤਾਂ ਉਸ ਦੇ ਦੁੱਖ ਨੂੰ ਸਮਝਣਾ ਅਤੇ ਉਸ ਨੂੰ ਸਮਾਂ ਦੇਣਾ ਵੀ ਮਨੁੱਖਤਾ ਹੈ। ਉਲਝਣ ਵਿੱਚ ਫਸੇ ਵਿਅਕਤੀ ਦੀ ਗੱਲ ਸੁਣਨਾ ਅਤੇ ਉਸ ਦਾ ਹੌਸਲਾ ਵਧਾਉਣ ਲਈ ਦਿੱਤਾ ਸਾਥ ਮਨੁੱਖ ਨੂੰ ਮੁੜ ਖੜ੍ਹਾ ਹੋਣ ਦੀ ਤਾਕਤ ਦਿੰਦਾ ਹੈ।
ਇਹ ਵੀ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦੀ ਖ਼ੁਸ਼ੀ ਨਾਲ ਈਰਖਾ ਕਰਨ ਦੀ ਥਾਂ ਹੋਰਾਂ ਦੀ ਖ਼ੁਸ਼ੀ ਵਿੱਚ ਸ਼ਾਮਲ ਹੋਣਾ ਸਿੱਖੀਏ। ਕਿਸੇ ਦੀ ਤਰੱਕੀ ਦੇਖ ਕੇ ਜਦੋਂ ਅਸੀਂ ਸੜਨ ਲੱਗ ਪਈਏ ਤਾਂ ਸਾਡੇ ਮਨ ਦੀ ਸ਼ਾਂਤੀ ਖ਼ਤਮ ਹੋ ਜਾਂਦੀ ਹੈ। ਇਸ ਦੇ ਉਲਟ ਜੇ ਅਸੀਂ ਦੂਜੇ ਦੀ ਸਫਲਤਾ ਉੱਤੇ ਖ਼ੁਸ਼ ਹੋਈਏ ਅਤੇ ਉਸ ਤੋਂ ਪ੍ਰੇਰਣਾ ਲਈਏ ਤਾਂ ਸਾਡੀ ਆਪਣੀ ਜ਼ਿੰਦਗੀ ਵੀ ਬਿਹਤਰ ਬਣ ਸਕਦੀ ਹੈ। ਅਸਲ ਵਿੱਚ ਹੱਸਦੇ ਰਹਿਣ ਤੋਂ ਭਾਵ ਜੀਵਨ ’ਚੋਂ ਦੁੱਖ ਨੂੰ ਖ਼ਤਮ ਕਰਨਾ ਨਹੀਂ ਸਗੋਂ ਦੁੱਖਾਂ ਦੇ ਬਾਵਜੂਦ ਜੀਵਨ ਨੂੰ ਸਕਾਰਾਤਮਕ ਸੋਚ ਨਾਲ ਜਿਊਣ ਦਾ ਢੰਗ ਅਪਣਾਉਣਾ ਹੈ। ਬਹੁਤੀ ਵਾਰ ਪ੍ਰਸਥਿਤੀਆਂ ਨੂੰ ਬਦਲਣਾ ਹਰ ਸਮੇਂ ਮਨੁੱਖ ਦੇ ਹੱਥ ਵਿੱਚ ਨਹੀਂ ਹੁੰਦਾ, ਪਰ ਉਨ੍ਹਾਂ ਪ੍ਰਸਥਿਤੀਆਂ ਪ੍ਰਤੀ ਆਪਣਾ ਰਵੱਈਆ ਬਦਲਣਾ ਮਨੁੱਖ ਦੇ ਹੱਥ ਵਿੱਚ ਜ਼ਰੂਰ ਹੁੰਦਾ ਹੈ। ਜੇ ਸੋਚ ਵਿੱਚ ਸਕਾਰਾਤਮਕਤਾ, ਦਿਲ ਵਿੱਚ ਹੌਸਲਾ ਅਤੇ ਚਿਹਰੇ ਉੱਤੇ ਮੁਸਕਰਾਹਟ ਹੋਵੇ ਤਾਂ ਔਖੇ ਰਸਤੇ ਵੀ ਸੌਖੇ ਲੱਗਣ ਲੱਗਦੇ ਹਨ। ਅੱਜ ਸਾਨੂੰ ਆਪਣੇ ਘਰਾਂ, ਸਕੂਲਾਂ, ਦਫ਼ਤਰਾਂ ਅਤੇ ਸਮਾਜ ਵਿੱਚ ਹਾਸੇ, ਸਾਂਝ, ਸਹਿਯੋਗ ਅਤੇ ਪਿਆਰ ਦਾ ਮਾਹੌਲ ਸਿਰਜਣ ਦੀ ਲੋੜ ਹੈ। ਇੱਕ-ਦੂਜੇ ਦੀਆਂ ਕਮੀਆਂ ਗਿਣਾਉਣ ਦੀ ਬਜਾਏ ਹੌਸਲਾ ਦੇਈਏ, ਨਿਰਾਸ਼ ਕਰਨ ਦੀ ਬਜਾਏ ਆਸ ਜਗਾਈਏ ਅਤੇ ਰਿਸ਼ਤਿਆਂ ਵਿੱਚ ਕੰਧਾਂ ਖੜ੍ਹੀਆਂ ਕਰਨ ਦੀ ਬਜਾਏ ਪੁਲ ਬਣੀਏ ਕਿਉਂਕਿ ਛੋਟੀ ਜਿਹੀ ਜ਼ਿੰਦਗੀ ਨੂੰ ਗਿਲਿਆਂ-ਸ਼ਿਕਵਿਆਂ ਵਿੱਚ ਗੁਆਉਣਾ ਸਿਆਣਪ ਨਹੀਂ ਮੰਨਿਆ ਜਾ ਸਕਦਾ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਜੀਵਨ ਵਿੱਚ ਖ਼ੁਸ਼ੀ ਸਿਰਫ਼ ਹਾਲਤਾਂ ਨਾਲ ਨਹੀਂ ਸਗੋਂ ਸਾਡੀ ਸੋਚ ਨਾਲ ਵੀ ਪੈਦਾ ਹੁੰਦੀ ਹੈ। ਜਿਹੜਾ ਮਨੁੱਖ ਥੋੜ੍ਹੇ ਵਿੱਚ ਖ਼ੁਸ਼ ਰਹਿਣਾ, ਔਖੇ ਵੇਲੇ ਹੌਸਲਾ ਰੱਖਣ ਅਤੇ ਦੂਜਿਆਂ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਨਾ ਸਿੱਖ ਲੈਂਦਾ ਹੈ, ਉਸ ਦੀ ਜ਼ਿੰਦਗੀ ਅਸਲ ਅਰਥਾਂ ਵਿੱਚ ਸੁਖਾਲੀ ਤੇ ਖ਼ੁਸ਼ਗਵਾਰ ਹੋ ਜਾਂਦੀ ਹੈ।
Share this content:

Post Comment