RBI ਨੇ ਡਿਜੀਟਲ ਬੈਂਕਿੰਗ ਨੂੰ ਸਾਈਬਰ ਠੱਗਾਂ ਤੋਂ ਸੁਰੱਖਿਅਤ ਤੋਂ ਬਚਾਉਣ ਲਈ ਜਾਰੀ ਕੀਤੇ ਨਵੇਂ ਫੀਚਰਜ਼
ਨਵੀਂ ਦਿੱਲੀ, 24 ਨਵੰਬਰ – ਡਿਜੀਟਲ ਬੈਂਕਿੰਗ ਨੇ ਸਾਡੀ ਜ਼ਿੰਦਗੀ ਜਿੰਨੀ ਆਸਾਨ ਬਣਾਈ ਹੈ, ਸਾਈਬਰ ਠੱਗਾਂ ਨੇ ਓਨੀਆਂ ਹੀ ਮੁਸ਼ਕਲਾਂ ਵੀ ਵਧਾ ਦਿੱਤੀਆਂ ਹਨ। ਆਏ ਦਿਨ ਸੁਣਨ ਨੂੰ ਮਿਲਦਾ ਹੈ ਕਿ ਫ਼ੋਨ ‘ਤੇ ਇਕ ਅਣਜਾਣ ਲਿੰਕ ਆਇਆ, ਇਕ ਕਲਿੱਕ ਹੋਇਆ ਅਤੇ ਪਲਕ ਝਪਕਦਿਆਂ ਹੀ ਬੈਂਕ ਖਾਤਾ ਖ਼ਾਲੀ ਹੋ ਗਿਆ। ਲੋਕ ਜਦੋਂ ਤਕ ਕੁਝ ਸਮਝ ਪਾਉਂਦੇ ਹਨ, ਉਦੋਂ ਤੱਕ ਖਾਤੇ ‘ਚੋਂ ਸਾਰੀ ਰਕਮ ਕੱਢੀ ਜਾ ਚੁੱਕੀ ਹੁੰਦੀ ਹੈ। ਇਸ ਤਰ੍ਹਾਂ ਦੀ ਠੱਗੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ (RBI) ਇਕ ਵੱਡਾ ਸੁਰੱਖਿਆ ਕਵਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ। RBI ਨੇ ਗਾਹਕਾਂ ਨੂੰ ਡਿਜੀਟਲ ਬੈਂਕਿੰਗ ਧੋਖਾਧੜੀ ਅਤੇ ਬਿਨਾਂ ਮਨਜ਼ੂਰੀ ਹੋਣ ਵਾਲੇ ਲੈਣ-ਦੇਣ ਤੋਂ ਬਚਾਉਣ ਲਈ ‘ਸਟਾਪ ਸਵਿੱਚ’ ਅਤੇ ‘ਟਰੱਸਟਿਡ ਪਰਸਨ ਮਕੈਨਿਜ਼ਮ’ ਦਾ ਪ੍ਰਸਤਾਵ ਜਾਰੀ ਕੀਤਾ ਹੈ।
ਕੀ ਹੈ ਸਟਾਪ ਸਵਿੱਚ ਅਤੇ ਕਿਵੇਂ ਕਰੇਗਾ ਕੰਮ?
ਇਸ ਨੂੰ ਤੁਸੀਂ ਆਪਣੇ ਬੈਂਕ ਖਾਤੇ ਦਾ ਐਮਰਜੈਂਸੀ ਬ੍ਰੇਕ ਸਮਝ ਸਕਦੇ ਹੋ। ਜੇਕਰ ਤੁਹਾਨੂੰ ਕਦੇ ਵੀ ਸ਼ੱਕ ਹੋਵੇ ਕਿ ਤੁਹਾਡਾ ਬੈਂਕ ਖਾਤਾ ਹੈਕ ਹੋ ਗਿਆ ਹੈ ਜਾਂ ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਏ ਹੋ, ਤਾਂ ਸਟਾਪ ਸਵਿੱਚ ਰਾਹੀਂ ਮਹਿਜ਼ ਇਕ ਕਲਿੱਕ ਨਾਲ ਖਾਤੇ ‘ਚੋਂ ਹੋਣ ਵਾਲੇ ਸਾਰੇ ਆਊਟਗੋਇੰਗ ਡੈਬਿਟ ਯਾਨੀ ਪੈਸੇ ਕਢਵਾਉਣ ਜਾਂ ਟਰਾਂਸਫਰ ਕਰਨ ‘ਤੇ ਤੁਰੰਤ ਰੋਕ ਲਗਾ ਸਕੋਗੇ। ਜਿਵੇਂ ਹੀ ਇਹ ਸਵਿੱਚ ਐਕਟਿਵ ਹੋਵੇਗਾ, ਤੁਹਾਡੇ ਖਾਤੇ ‘ਚੋਂ ਕੋਈ ਵੀ ਨਵਾਂ ਡਿਜੀਟਲ ਲੈਣ-ਦੇਣ ਨਹੀਂ ਹੋ ਸਕੇਗਾ। ਇਸ ਤੋਂ ਇਲਾਵਾ, ਕੋਈ ਨਵਾਂ ਪੇਮੈਂਟ ਮੈਂਡੇਟ ਜਾਂ ਸਟੈਂਡਿੰਗ ਇੰਸਟ੍ਰਕਸ਼ਨ ਵੀ ਸੈੱਟ ਨਹੀਂ ਹੋ ਸਕੇਗੀ ਅਤੇ ਨਾ ਹੀ ਕਿਸੇ ਨਵੇਂ ਥਰਡ-ਪਾਰਟੀ ਐਪ ‘ਤੇ ਤੁਹਾਡਾ UPI ਰਜਿਸਟਰ ਹੋ ਸਕੇਗਾ। ਇਸ ਤਰ੍ਹਾਂ ਪੈਸੇ ਕਢਵਾਉਣ ਜਾਂ ਟਰਾਂਸਫਰ ਕਰਨ ਦੇ ਨਵੇਂ ਰਸਤੇ ਬੰਦ ਹੋ ਜਾਣਗੇ ਅਤੇ ਤੁਹਾਡੀ ਜਮ੍ਹਾਂ ਪੂੰਜੀ ਸੁਰੱਖਿਅਤ ਰਹੇਗੀ। ਖ਼ਾਸ ਗੱਲ ਇਹ ਹੈ ਕਿ ਇਸ ਲਈ ਸਿਰਫ਼ ਸਮਾਰਟਫ਼ੋਨ ‘ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੋਵੇਗੀ। ਗਾਹਕ ਬੈਂਕ ਦੇ ਮੋਬਾਈਲ ਐਪ, ਇੰਟਰਨੈੱਟ ਬੈਂਕਿੰਗ ਤੋਂ ਇਲਾਵਾ ਨੇੜਲੇ ATM, ਬੈਂਕ ਬ੍ਰਾਂਚ ਜਾਂ ਕਸਟਮਰ ਕੇਅਰ ‘ਤੇ ਕਾਲ ਕਰਕੇ ਵੀ ਇਸ ਨੂੰ ਚਾਲੂ ਜਾਂ ਬੰਦ ਕਰ ਸਕਣਗੇ।
ਹੈਕਰ ਵੀ ਆਸਾਨੀ ਨਾਲ ਬੰਦ ਨਹੀਂ ਕਰ ਸਕਣਗੇ ਇਹ ਫੀਚਰ
ਮਨ ‘ਚ ਇਹ ਸਵਾਲ ਆਉਣਾ ਸੁਭਾਵਿਕ ਹੈ ਕਿ ਜੇਕਰ ਠੱਗਾਂ ਨੇ ਫ਼ੋਨ ਹੀ ਹੈਕ ਕਰ ਲਿਆ ਤਾਂ ਕੀ ਉਹ ਖ਼ੁਦ ਇਸ ਸਵਿੱਚ ਨੂੰ ਬੰਦ ਨਹੀਂ ਕਰ ਦੇਣਗੇ? RBI ਨੇ ਇਸ ਦਾ ਵੀ ਪੁਖ਼ਤਾ ਪ੍ਰਬੰਧ ਕਰਨ ਦਾ ਪ੍ਰਸਤਾਵ ਦਿੱਤਾ ਹੈ। ਸਟਾਪ ਸਵਿੱਚ ਨੂੰ ਬੰਦ ਕਰਨ ਦੇ ਨਿਯਮ ਕਾਫ਼ੀ ਸਖ਼ਤ ਹੋਣਗੇ। ਇਸ ਨੂੰ ਬੰਦ ਕਰਵਾਉਣ ਸਮੇਂ ਬੈਂਕ ਕਈ ਪੱਧਰਾਂ ‘ਤੇ ਗਾਹਕ ਦੀ ਪਛਾਣ ਦੀ ਪੁਸ਼ਟੀ ਕਰੇਗਾ। ਇਸ ਦੇ ਨਾਲ ਹੀ, ਬੰਦ ਕਰਨ ਦੀ ਬੇਨਤੀ ਦੇਣ ਤੋਂ ਬਾਅਦ ਵੀ ਇਕ ਨਿਰਧਾਰਤ ਕੂਲਿੰਗ ਪੀਰੀਅਡ ਤੱਕ ਉਡੀਕ ਕਰਨੀ ਪਵੇਗੀ। ਮਤਲਬ, ਇਸ ਨੂੰ ਤੁਰੰਤ ਅਤੇ ਜਲਦਬਾਜ਼ੀ ‘ਚ ਬੰਦ ਕਰਨਾ ਸੰਭਵ ਨਹੀਂ ਹੋਵੇਗਾ।
ਟਰੱਸਟਿਡ ਪਰਸਨ ਮਕੈਨਿਜ਼ਮ ਨਾਲ ਪਰਿਵਾਰ ਨੂੰ ਮਿਲੇਗਾ ਸੁਰੱਖਿਆ ਕਵਚ
ਸਟਾਪ ਸਵਿੱਚ ਦੇ ਨਾਲ ਹੀ RBI ਨੇ ਟਰੱਸਟਿਡ ਪਰਸਨ ਮਕੈਨਿਜ਼ਮ ਦਾ ਵੀ ਪ੍ਰਸਤਾਵ ਦਿੱਤਾ ਹੈ। ਇਸ ਦੇ ਤਹਿਤ ਕੋਈ ਵੀ ਗਾਹਕ ਆਪਣੀ ਮਰਜ਼ੀ ਨਾਲ ਪਰਿਵਾਰ ਦੇ ਕਿਸੇ ਮੈਂਬਰ ਜਾਂ 18 ਸਾਲ ਤੋਂ ਵੱਧ ਉਮਰ ਦੇ ਕਿਸੇ ਭਰੋਸੇਮੰਦ ਵਿਅਕਤੀ ਨੂੰ ਆਪਣੇ ਖਾਤੇ ਲਈ ਟਰੱਸਟਿਡ ਪਰਸਨ ਨਿਯੁਕਤ ਕਰ ਸਕੇਗਾ। ਗਾਹਕ ਆਪਣੀ ਸਹੂਲਤ ਅਨੁਸਾਰ ਰਕਮ ਦੀ ਇਕ ਸੀਮਾ ਵੀ ਤੈਅ ਕਰ ਸਕੇਗਾ। ਜੇਕਰ ਖਾਤੇ ‘ਚੋਂ RTGS ਜਾਂ NEFT ਰਾਹੀਂ ਤੈਅ ਕੀਤੀ ਗਈ ਸੀਮਾ ਤੋਂ ਵੱਧ ਪੈਸੇ ਟਰਾਂਸਫਰ ਕੀਤੇ ਜਾਂਦੇ ਹਨ, ਤਾਂ ਬੈਂਕ ਪਹਿਲਾਂ ਟਰੱਸਟਿਡ ਪਰਸਨ ਨੂੰ ਅਲਰਟ ਭੇਜੇਗਾ। ਇਕ ਘੰਟੇ ਦੇ ਅੰਦਰ ਉਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪੈਸੇ ਟਰਾਂਸਫਰ ਹੋ ਸਕਣਗੇ। ਇਹ ਫੀਚਰ ਡਿਜੀਟਲ ਬੈਂਕਿੰਗ ਦੀ ਘੱਟ ਸਮਝ ਰੱਖਣ ਵਾਲੇ ਪਰਿਵਾਰਕ ਮੈਂਬਰਾਂ ਅਤੇ ਬਜ਼ੁਰਗਾਂ ਲਈ ਬੇਹੱਦ ਲਾਹੇਵੰਦ ਸਾਬਤ ਹੋ ਸਕਦਾ ਹੈ।
Share this content:



Post Comment