ਚੜ੍ਹਦੇ ਪੰਜਾਬ ਵਿੱਚ ਕੇਸ ਕਤਲ ਕਰਨ ਵਾਲੇ ਸਿੱਖ ਨੌਜਵਾਨ ਪਾਕਿਸਤਾਨੀ ਸਿੱਖਾਂ ਤੋਂ ਸੇਧ ਲੈਣ: ਜਥੇਦਾਰ ਗੜਗੱਜ
ਅੰਮ੍ਰਿਤਸਰ, 24 ਨਵੰਬਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਜਥੇਦਾਰ ਗੜਗੱਜ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਸਿੰਧੀ ਭਾਈਚਾਰੇ ਨਾਲ ਸਬੰਧਤ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਪਣੀ ਪੁਰਾਣੀ ਰਵਾਇਤ ਅਨੁਸਾਰ ਪਰਿਵਾਰਾਂ ਵਿੱਚੋਂ ਪਹਿਲਾ ਬੱਚਾ ਸਾਬਤ-ਸੂਰਤ ਸਿੱਖ ਜ਼ਰੂਰ ਬਣਾਉਣ।
ਉਨ੍ਹਾਂ ਚੜ੍ਹਦੇ ਪੰਜਾਬ ਵਾਲੇ ਸਿੱਖ ਨੌਜਵਾਨਾਂ ਨੂੰ, ਜੋ ਕੇਸ ਕਤਲ ਕਰਦੇ ਹਨ, ਆਖਿਆ ਕਿ ਉਹ ਪਾਕਿਸਤਾਨ ਦੇ ਸਿੱਖਾਂ ਤੋਂ ਸੇਧ ਜ਼ਰੂਰ ਲੈਣ। ਇਨ੍ਹਾਂ ਨੇ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਸਿੱਖੀ ਨਹੀਂ ਛੱਡੀ ਅਤੇ ਕੋਈ ਵੀ ਸਿੱਖ ਇੱਥੇ ਕੇਸ ਕਤਲ ਨਹੀਂ ਕਰਦਾ। ਉਨ੍ਹਾਂ ਚੜ੍ਹਦੇ ਪੰਜਾਬ ਤੋਂ ਆਈ ਸੰਗਤ ਨੂੰ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਪਿਸ਼ੌਰੀ ਅਤੇ ਸਿੰਧੀ ਸੰਗਤ ਪਾਸੋਂ ਸੇਵਾ ਤੇ ਸ਼ਰਧਾ ਦੀ ਪ੍ਰੇਰਨਾ ਜ਼ਰੂਰ ਲੈ ਕੇ ਜਾਣ, ਜੋ ਬਹੁਤ ਹੀ ਪ੍ਰੇਮ ਨਾਲ ਗੁਰਪੁਰਬ ਮੌਕੇ ਵੱਡੀਆਂ ਸੇਵਾਵਾਂ ਨਿਭਾਉਂਦੇ ਹਨ। ਇਸ ਦੌਰਾਨ ਉਨ੍ਹਾਂ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪੁੱਜੀਆਂ ਸਿੱਖ ਸੰਗਤਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਮਨ ਵਿੱਚ ਬਹੁਤ ਚਾਅ ਅਤੇ ਉਤਸ਼ਾਹ ਹੈ ਕਿ ਉਨ੍ਹਾਂ ਨੂੰ ਆਪਣੇ ਵਿੱਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਮੌਕਾ ਮਿਲਿਆ।
Share this content:



Post Comment