Loading Now

‘ਅਸੀਂ ਦਿੱਲੀ ਵਿੱਚ ਸਿਰਫ਼ ਬੀ.ਐੱਸ.-6 ਵਾਹਨ ਚਾਹੁੰਦੇ ਹਾਂ’ : ਸੁਪਰੀਮ ਕੋਰਟ

‘ਅਸੀਂ ਦਿੱਲੀ ਵਿੱਚ ਸਿਰਫ਼ ਬੀ.ਐੱਸ.-6 ਵਾਹਨ ਚਾਹੁੰਦੇ ਹਾਂ’ : ਸੁਪਰੀਮ ਕੋਰਟ

ਨਵੀਂ ਦਿੱਲੀ, 24 ਨਵੰਬਰ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ-ਐੱਨ.ਸੀ.ਆਰ. ਵਿੱਚ ਵਾਰ-ਵਾਰ ਪੈਦਾ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਸੰਕਟ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਕੌਮੀ ਰਾਜਧਾਨੀ ਵਿੱਚ ਸਿਰਫ਼ ਬੀ.ਐੱਸ.-6 (BS-VI) ਵਾਹਨਾਂ ਨੂੰ ਹੀ ਇਜਾਜ਼ਤ ਦੇਣ ’ਤੇ ਵਿਚਾਰ ਕਰ ਰਹੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਤੇ ਜਸਟਿਸ ਵੀ. ਮੋਹਨਾ ’ਤੇ ਆਧਾਰਤ ਬੈਂਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਲੇ ਢਾਂਚੇ ਦੀ ਜਾਂਚ ਸਬੰਧੀ ਖ਼ੁਦ ਨੋਟਿਸ ਲੈ ਕੇ ਦਰਜ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ। ਜਸਟਿਸ ਬਾਗਚੀ ਨੇ ਕਿਹਾ, ‘‘ਅਸੀਂ ਸਪੱਸ਼ਟ ਹਾਂ; ਅਸੀਂ ਦਿੱਲੀ ਵਿੱਚ ਸਿਰਫ਼ ਬੀ.ਐੱਸ.-6 ਵਾਹਨ ਚਾਹੁੰਦੇ ਹਾਂ, ਜੇਕਰ ਐੱਨ.ਸੀ.ਆਰ. ਵਿੱਚ ਨਹੀਂ ਤਾਂ ਘੱਟੋ-ਘੱਟ ਦਿੱਲੀ ਵਿੱਚ।’’ ਜ਼ਿਕਰਯੋਗ ਹੈ ਕਿ 1 ਅਪਰੈਲ, 2020 ਤੋਂ ਲਾਗੂ ਸਖ਼ਤ ਨਿਯਮਾਂ ਵਾਲੇ ਬੀ.ਐੱਸ.-6 ਵਾਹਨ ਪੁਰਾਣੇ ਬੀ.ਐੱਸ.-4 ਵਾਹਨਾਂ ਦੇ ਮੁਕਾਬਲੇ ਹਾਨੀਕਾਰਕ ਪ੍ਰਦੂਸ਼ਕਾਂ ਨੂੰ ਕਾਫ਼ੀ ਘਟਾਉਂਦੇ ਹਨ।

ਅਦਾਲਤ ਨੇ ਸਬਜ਼ੀਆਂ, ਫਲ ਤੇ ਰੋਜ਼ਾਨਾ ਲੋੜਾਂ ਦੀਆਂ ਵਸਤਾਂ ਦੀ ਨਿਰਵਿਘਨ ਸਪਲਾਈ ਬਣਾਈ ਰੱਖਦਿਆਂ ਪ੍ਰਦੂਸ਼ਣ ਫੈਲਾਉਣ ਵਾਲੇ ਵਪਾਰਕ ਵਾਹਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਲੰਮੇ ਸਮੇਂ ਦੀ ਯੋਜਨਾ ’ਤੇ ਜ਼ੋਰ ਦਿੱਤਾ। ਚੀਫ਼ ਜਸਟਿਸ ਨੇ ਸੁਝਾਅ ਦਿੱਤਾ ਕਿ ਸਰਹੱਦ ’ਤੇ ਗੋਦਾਮ ਬਣਾ ਕੇ ਬੈਟਰੀ ਜਾਂ ਪ੍ਰਦੂਸ਼ਣ ਰਹਿਤ ਵਾਹਨਾਂ ਰਾਹੀਂ ਸਾਮਾਨ ਸ਼ਹਿਰ ਅੰਦਰ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਇਸ ਜਾਂ ਅਗਲੇ ਸਾਲ ਸੰਭਵ ਨਾ ਹੋਵੇ, ਪਰ ਪੰਜ ਸਾਲਾਂ ਵਿੱਚ ਅਜਿਹਾ ਕੀਤਾ ਜਾ ਸਕਦਾ ਹੈ ਤਾਂ ਜੋ ਇੱਕ ਵੀ ਵਪਾਰਕ ਵਾਹਨ ਦਿੱਲੀ ਅੰਦਰ ਦਾਖ਼ਲ ਨਾ ਹੋਵੇ। ਬੈਂਚ ਨੇ ਐੱਨ.ਸੀ.ਆਰ. ਸੂਬਿਆਂ ਦੀ ਸਰਗਰਮ ਸ਼ਮੂਲੀਅਤ ਦੀ ਘਾਟ ’ਤੇ ਸਵਾਲ ਉਠਾਉਂਦਿਆਂ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਸਬੰਧਤ ਸੂਬਿਆਂ ਨੂੰ ਸੂਖਮ ਕਣਾਂ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਚੁੱਕੇ ਕਦਮਾਂ ਬਾਰੇ ਸਥਿਤੀ ਰਿਪੋਰਟਾਂ ਦਾਇਰ ਕਰਨ ਦੇ ਨਿਰਦੇਸ਼ ਦਿੱਤੇ।

Share this content:

Post Comment