Loading Now

ਸੁਣਨਾ ਇੱਕ ਕਲਾ ਹੈ

ਸੁਣਨਾ ਇੱਕ ਕਲਾ ਹੈ

ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਰ ਕੋਈ ਆਪਣੇ ਆਪਣੇ ਕੰਮਾਂ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਕੋਲ ਕਿਸੇ ਦੀ ਗੱਲ ਸੁਣਨ ਦਾ ਵਿਹਲ ਨਹੀਂ ਹੈ। ਅਕਸਰ ਅਸੀਂ ਘਰਾਂ ਵਿੱਚ ਵੀ ਦੇਖਦੇ ਹਾਂ ਕਿ ਘਰ ਦੇ ਬੱਚੇ ਤੇ ਵੱਡੇ ਇਹ ਗੱਲ ਆਮ ਹੀ ਕਹਿੰਦੇ ਸੁਣੇ ਜਾਂਦੇ ਹਨ ‘ਜਲਦੀ ਗੱਲ ਖ਼ਤਮ ਕਰੋ, ਮੈਨੂੰ ਜ਼ਰੂਰੀ ਕੰਮ ਹੈ। ਮੈਂ ਜਲਦੀ ਜਾਣਾ ਹੈ’ ਜਾਂ ‘ਮੈਂ ਬਾਅਦ ’ਚ ਤੁਹਾਡੀ ਗੱਲ ਸੁਣ ਲਵਾਂਗਾ, ਪਹਿਲਾਂ ਮੈਂ ਕੰਮ ਕਰ ਆਵਾਂ’ ਜਾਂ ‘ਮੈਂ ਆ ਕੇ ਗੱਲ ਸੁਣਦਾ ਹਾਂ, ਬਾਹਰ ਕੋਈ ਮੇਰਾ ਇੰਤਜ਼ਾਰ ਕਰ ਰਿਹੈ’ ਆਦਿ ਅਨੇਕਾਂ ਬਹਾਨੇ ਲਾ ਕੇ ਕਿਸੇ ਦੀ ਗੱਲ ਸੁਣਨ ਤੋਂ ਕੰਨੀਂ ਕਤਰਾਉਂਦੇ ਹਨ। ਕਈ ਵਾਰ ਤਾਂ ਸਾਡੇ ਘਰਾਂ ਦੇ ਬਜ਼ੁਰਗਾਂ ਨੂੰ ਤਾਂ ਬਿਲਕੁਲ ਹੀ ਨਹੀਂ ਸੁਣਿਆ ਜਾਂਦਾ ਜਿਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਪੁਰਾਣੇ ਸਮਿਆਂ ਵਿੱਚ ਜਦ ਕਿਸੇ ਨੇ ਕਿਸੇ ਦੀ ਕੋਈ ਸਲਾਹ ਲੈਣੀ ਹੁੰਦੀ ਸੀ ਤਾਂ ਵੱਡੇ ਪਹਿਲਾਂ ਗੱਲ ਨੂੰ ਧਿਆਨ ਨਾਲ ਸੁਣਦੇ ਸਨ ਤੇ ਫਿਰ ਸੋਚ ਵਿਚਾਰ ਕੇ ਬਿਲਕੁਲ ਸਹੀ ਸਲਾਹ ਦਿੰਦੇ ਸਨ।

ਅੱਜ ਅਸੀਂ ਅਕਸਰ ਬੋਲਣ ਦੀ ਕਲਾ ਦੀ ਗੱਲ ਤਾਂ ਬਹੁਤ ਕਰਦੇ ਹਾਂ। ਬੋਲਣ ਲਈ ਤਾਂ ਕਈ ਟਰੇਨਿੰਗ ਸੈਂਟਰ ਵੀ ਖੋਲ੍ਹੇ ਜਾਂਦੇ ਹਨ। ਵੱਡੇ ਵੱਡੇ ਸੈਮੀਨਾਰ ਕਰਵਾਏ ਜਾਂਦੇ ਹਨ। ਇੱਕ ਗੱਲ ਸਪੱਸ਼ਟ ਹੈ ਕਿ ਜਦੋਂ ਤੱਕ ਸਾਡੇ ਅੰਦਰ ਕਿਸੇ ਨੂੰ ਧਿਆਨ ਨਾਲ ਸੁਣਨ ਦੀ ਪ੍ਰਵਿਰਤੀ ਪੈਦਾ ਨਹੀਂ ਹੁੰਦੀ, ਉਦੋਂ ਤੱਕ ਵਧੀਆ ਬੋਲਣ ਦਾ ਵੀ ਕੋਈ ਫਾਇਦਾ ਨਹੀਂ। ਗੁਰਬਾਣੀ ਵਿੱਚ ਸੁਣਨ ਦੀ ਬਹੁਤ ਵੱਡੀ ਮਹਿਮਾ ਗਾਈ ਗਈ ਹੈ। ਜਪੁਜੀ ਸਾਹਿਬ ਵਿੱਚ ‘ਸੁਣਿਐ’ ਦੀਆਂ ਚਾਰ ਪਉੜੀਆਂ ਇਸੇ ਮਹਿਮਾ ਨੂੰ ਬਿਆਨ ਕਰਦੀਆਂ ਹਨ ਜੋ ਸੁਣਨ ਦੀ ਅਧਿਆਤਮਿਕ ਸ਼ਕਤੀ ਨੂੰ ਦਰਸਾਉਂਦੀਆਂ ਹਨ। ਧਿਆਨ ਨਾਲ ਸੁਣਨ ਵਾਲੇ ਹੀ ਪਰਮਾਤਮਾ ਨਾਲ ਜੁੜ ਸਕਦੇ ਹਨ।

ਧਿਆਨ ਨਾਲ ਸੁਣਨਾ ਆਪਣੇ ਆਪ ਵਿੱਚ ਇੱਕ ਵੱਡੀ ਕਲਾ ਹੈ। ਇਸ ਦੇ ਵੀ ਕੁਝ ਅਸੂਲ ਹੁੰਦੇ ਹਨ ਜੋ ਮਨੁੱਖ ਨੂੰ ਸਮਝਦਾਰ ਅਤੇ ਬੁੱਧੀਮਾਨ ਬਣਾਉਂਦੇ ਹਨ। ਕਹਿਣ ਨੂੰ ਤਾਂ ਹਰ ਵਿਅਕਤੀ ਦੂਜਿਆਂ ਦੀ ਗੱਲ ਸੁਣਦਾ ਹੈ, ਪਰ ਹਰ ਕੋਈ ਧਿਆਨ ਨਾਲ, ਸਮਝ ਕੇ ਅਤੇ ਧੀਰਜ ਨਾਲ ਨਹੀਂ ਸੁਣਦਾ। ਸੁਣਨ ਲਈ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਚੰਗਾ ਸੁਣਨ ਵਾਲਾ ਵਿਅਕਤੀ ਸਿਰਫ਼ ਕੰਨਾਂ ਨਾਲ ਨਹੀਂ, ਦਿਲ ਅਤੇ ਦਿਮਾਗ਼ ਨਾਲ ਵੀ ਸੁਣਦਾ ਹੈ। ਜਦੋਂ ਕੋਈ ਸਾਡੇ ਨਾਲ ਆਪਣੀ ਗੱਲ ਸਾਂਝੀ ਕਰ ਰਿਹਾ ਹੋਵੇ ਤਾਂ ਉਸ ਦੀ ਗੱਲ ਵਿਚਕਾਰੋਂ ਕੱਟਣ ਦੀ ਬਜਾਏ ਪੂਰੀ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਅਧੂਰੀ ਸੁਣੀ ਗੱਲ ਕਈ ਤਰ੍ਹਾਂ ਦੀਆਂ ਗ਼ਲਤ ਫਹਿਮੀਆਂ ਪੈਦਾ ਕਰ ਸਕਦੀ ਹੈ। ਹੋ ਸਕਦਾ ਹੈ ਗੱਲ ਦੇ ਅੰਤ ਤੱਕ ਪੂਰੀ ਗੱਲ ਦਾ ਕੋਈ ਵਧੀਆ ਨਤੀਜਾ ਨਿਕਲਦਾ ਹੋਵੇ। ਕਈ ਵਾਰ ਸਾਹਮਣੇ ਵਾਲੇ ਵਿਅਕਤੀ ਨੂੰ ਸਲਾਹ ਦੀ ਨਹੀਂ, ਸਿਰਫ਼ ਇੱਕ ਅਜਿਹੇ ਵਿਅਕਤੀ ਦੀ ਲੋੜ ਹੁੰਦੀ ਹੈ ਜੋ ਉਸ ਨੂੰ ਧਿਆਨ ਨਾਲ ਸੁਣ ਸਕੇ ਤੇ ਉਸ ਦੀਆਂ ਭਾਵਨਾਵਾਂ ਨੂੰ ਸਮਝ ਸਕੇ। ਹੋ ਸਕਦਾ ਹੈ ਅਜਿਹੇ ਵਿਅਕਤੀ ਦੀ ਗੱਲ ਸੁਣਨ ਨਾਲ ਤੁਸੀਂ ਉਸ ਨੂੰ ਉਸ ਦੀ ਮਾਨਸਿਕ ਪਰੇਸ਼ਾਨੀ ਵਿੱਚੋਂ ਬਾਹਰ ਕੱਢਣ ਵਿੱਚ ਸਹਾਈ ਸਿੱਧ ਹੋ ਜਾਵੋ।

ਸੁਣਨ ਦੀ ਕਲਾ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੀ ਹੈ। ਘਰ ਵਿੱਚ ਮਾਪਿਆਂ, ਬੱਚਿਆਂ ਅਤੇ ਜੀਵਨ ਸਾਥੀ ਦੀ ਗੱਲ ਧਿਆਨ ਨਾਲ ਸੁਣਨ ਨਾਲ ਸਾਰੇ ਪਰਿਵਾਰ ਦੇ ਜੀਆਂ ਦੀ ਆਪਸੀ ਸਮਝ ਵਧਦੀ ਹੈ ਤੇ ਘਰ ਵਿੱਚ ਪਿਆਰ ਅਤੇ ਸਹਿਣਸ਼ੀਲਤਾ ਦਾ ਵਾਤਾਵਰਨ ਉਤਪੰਨ ਹੁੰਦਾ ਹੈ। ਇਸ ਤਰ੍ਹਾਂ ਇੱਕ ਦੂਜੇ ਨੂੰ ਧਿਆਨ ਨਾਲ ਸੁਣਨ ਨਾਲ ਘਰ ਦਾ ਮਾਹੌਲ ਸੁਖਾਵਾਂ ਸਿਰਜਿਆ ਜਾਂਦਾ ਹੈ। ਇਸੇ ਤਰ੍ਹਾਂ ਅਧਿਆਪਕ ਜੇ ਵਿਦਿਆਰਥੀਆਂ ਦੀ ਗੱਲ ਪਿਆਰ ਨਾਲ ਸੁਣਨ ਅਤੇ ਵਿਦਿਆਰਥੀ ਅਧਿਆਪਕ ਦੀ ਗੱਲ ਧਿਆਨ ਨਾਲ ਸੁਣਨ ਤਾਂ ਸਿੱਖਿਆ ਦਾ ਮਕਸਦ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਹੋ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਅਧਿਆਪਕ-ਵਿਦਿਆਰਥੀ ਰਿਸ਼ਤਾ ਬੋਝ ਨਾ ਰਹਿ ਕੇ ਬਹੁਤ ਸਤਿਕਾਰ ਭਰਿਆ ਬਣ ਸਕਦਾ ਹੈ।

ਸਾਡੇ ਅੰਦਰ ਦੀ ਸੁਣਨ ਸ਼ਕਤੀ ਸਾਨੂੰ ਸਬਰ ਸਿਖਾਉਂਦੀ ਹੈ। ਜੇ ਅਸੀਂ ਕਿਸੇ ਨੂੰ ਧਿਆਨ ਨਾਲ ਸੁਣਨ ਦੀ ਆਦਤ ਪਾਵਾਂਗੇ ਤਾਂ ਸਾਨੂੰ ਦੂਜਿਆਂ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਜਦੋਂ ਅਸੀਂ ਕਿਸੇ ਦੀ ਗੱਲ ਨੂੰ ਤਰਜੀਹ ਦੇ ਕੇ ਸੁਣਦੇ ਹਾਂ ਤੇ ਫਿਰ ਉਸ ਨੂੰ ਸਮਝਦੇ ਹਾਂ ਤਾਂ ਕਈ ਗ਼ਲਤ ਫਹਿਮੀਆਂ ਆਪਣੇ ਆਪ ਦੂਰ ਹੋ ਜਾਂਦੀਆਂ ਹਨ। ਅੱਜ ਦੇ ਤੇਜ਼ ਰਫ਼ਤਾਰ ਯੁੱਗ ਅਤੇ ਮੋਬਾਈਲ-ਕੇਂਦਰਿਤ ਜੀਵਨ ਵਿੱਚ ਘਰ ਦੇ ਇੱਕ ਕਮਰੇ ਵਿੱਚ ਬੈਠੇ ਚਾਰ ਜੀਅ ਇੱਕ-ਦੂਜੇ ਦੇ ਸਾਹਮਣੇ ਬੈਠੇ ਹੋਏ ਵੀ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਨਹੀਂ ਸੁਣਦੇ ਜਿਸ ਨਾਲ ਘਰ ਵਿੱਚ ਆਪਸੀ ਸਮਝ, ਪਿਆਰ, ਵਿਸ਼ਵਾਸ ਅਤੇ ਵਿਚਾਰ ਵਟਾਂਦਰੇ ਦੀ ਕਮੀ ਆ ਰਹੀ ਹੈ। ਘਰੇਲੂ ਵਾਤਾਵਰਨ ਅਣਸੁਖਾਵਾਂ ਬਣਦਾ ਹੈ, ਹਰ ਕੋਈ ਇੱਕ ਦੂਜੇ ਨੂੰ ਖਿਝ ਕੇ ਬੁਲਾਉਂਦਾ ਹੈ ਕਿਉਂਕਿ ਉਸ ਨੂੰ ਉਸ ਦੇ ਆਪਣੇ ਹੀ ਸੁਣ ਨਹੀਂ ਰਹੇ ਹੁੰਦੇ। ਇਸ ਲਈ ਸਾਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ‘ਧਿਆਨ ਨਾਲ ਸੁਣਨ’ ਦੀ ਆਦਤ ਪੈਦਾ ਕਰਨ ਦੀ ਲੋੜ ਹੈ। ਜਦੋਂ ਅਸੀਂ ਕਿਸੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਤਾਂ ਸਾਹਮਣੇ ਵਾਲੇ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੀ ਗੱਲ ਅਤੇ ਭਾਵਨਾਵਾਂ ਦੀ ਕਦਰ ਕੀਤੀ ਜਾ ਰਹੀ ਹੈ।

ਧਿਆਨ ਨਾਲ ਸੁਣਨ ਦੀ ਆਦਤ ਸਿੱਖਣ ਅਤੇ ਸਮਝਣ ਦੀ ਸਮਰੱਥਾ ਵਧਾਉਂਦੀ ਹੈ। ਸੁਣਨ ਸਮਰੱਥਾ ਰਾਹੀਂ ਅਸੀਂ ਨਵੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ, ਸਵਾਲ ਪੁੱਛਦੇ ਹਾਂ ਅਤੇ ਆਪਣੇ ਵਿਚਾਰਾਂ ਨੂੰ ਹੋਰ ਵਿਸਥਾਰ ਦਿੰਦੇ ਹਾਂ। ਕਈ ਵਾਰ ਸਮੱਸਿਆ ਦਾ ਹੱਲ ਬੋਲਣ ਨਾਲੋਂ ਕਿਸੇ ਦੀ ਗੱਲ ਧਿਆਨ ਨਾਲ ਸੁਣਨ ਵਿੱਚ ਹੀ ਲੁਕਿਆ ਹੁੰਦਾ ਹੈ। ਸੁਣਨ ਦੀ ਕਲਾ ਬੌਧਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਦੋਂ ਅਸੀਂ ਕਿਸੇ ਦੀ ਗੱਲ ਧਿਆਨ ਨਾਲ ਸੁਣਦੇ ਹਾਂ ਤਾਂ ਸਾਨੂੰ ਨਵੇਂ ਵਿਚਾਰ, ਨਵੀਂ ਜਾਣਕਾਰੀ ਅਤੇ ਨਵੇਂ ਤਜਰਬੇ ਪ੍ਰਾਪਤ ਹੁੰਦੇ ਹਨ। ਇਸ ਨਾਲ ਸਮਝਣ, ਯਾਦ ਰੱਖਣ, ਸਵਾਲ ਪੁੱਛਣ, ਤਰਕ ਕਰਨ ਅਤੇ ਆਪਣੇ ਵਿਚਾਰ ਬਣਾਉਣ ਦੀ ਸਮਰੱਥਾ ਵਿਕਸਤ ਹੁੰਦੀ ਹੈ। ਧਿਆਨ ਨਾਲ ਸੁਣਨ ਵਾਲਾ ਵਿਅਕਤੀ ਵੱਖ-ਵੱਖ ਵਿਚਾਰਾਂ ਨੂੰ ਸਮਝ ਕੇ ਉਨ੍ਹਾਂ ਦੀ ਤੁਲਨਾ ਕਰਨਾ ਅਤੇ ਸਹੀ-ਗ਼ਲਤ ਬਾਰੇ ਸੋਚਣਾ ਸਿੱਖਦਾ ਹੈ। ਇਸ ਤਰ੍ਹਾਂ ਸੁਣਨਾ ਸਿਰਫ਼ ਜਾਣਕਾਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਸੋਚਣ ਅਤੇ ਬੌਧਿਕ ਤੌਰ ’ਤੇ ਅੱਗੇ ਵਧਣ ਦੀ ਬੁਨਿਆਦ ਵੀ ਹੈ। ਪੁਰਾਣੇ ਸਮਿਆਂ ਵਿੱਚ ਬੱਚਿਆਂ ਅੰਦਰ ਸੁਰਤ ਸੰਭਾਲਦੇ ਹੀ ਸੁਣਨ ਦੀ ਆਦਤ ਪਾਈ ਜਾਂਦੀ ਸੀ। ਉਨ੍ਹਾਂ ਨੂੰ ਮਾਂ ਕੋਲੋਂ ਲੋਰੀਆਂ ਸੁਣਨਾ, ਦਾਦੀਆਂ ਨਾਨੀਆਂ ਕੋਲੋਂ ਕਹਾਣੀਆਂ ਸੁਣਾਉਣਾ ਜਾਂ ਬੁਝਾਰਤਾਂ ਪਾਉਣਾ ਪੁਰਾਤਨ ਬਚਪਨ ਦਾ ਇੱਕ ਅਹਿਮ ਹਿੱਸਾ ਸੀ, ਜਿਸ ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਹੁੰਦਾ ਸੀ ਤੇ ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਸੀ। ਅਖੀਰ ਵਿੱਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਚੰਗਾ ਬੋਲਣਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਚੰਗਾ ਸੁਣਨਾ ਹਰ ਕਿਸੇ ਦਾ ਦਿਲ ਜਿੱਤ ਸਕਦਾ ਹੈ। ਸੁਣਨਾ ਸਿਰਫ਼ ਆਵਾਜ਼ ਨੂੰ ਕੰਨਾਂ ਤੱਕ ਪਹੁੰਚਾਉਣਾ ਨਹੀਂ, ਸਗੋਂ ਸੁਣੀਆਂ ਗੱਲਾਂ ਦੇ ਅਰਥ ਸਮਝਣਾ ਅਤੇ ਕਿਸੇ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਵੀ ਹੈ।

Share this content:

Post Comment