ਬੁੱਧ ਬਾਣ/ਕੱਤਕ ਕਿ ਵੈਸਾਖ/ਬੁੱਧ ਸਿੰਘ ਨੀਲੋਂ
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦਾ ਇਤਿਹਾਸ, ਵਿਵਾਦ ਅਤੇ ਵਿਵੇਕ
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਵੇ ਜਾਂ ਵੈਸਾਖ ਮਹੀਨੇ ਵਿੱਚ? ਇਹ ਸਵਾਲ ਅੱਜ ਦਾ ਨਹੀਂ। ਇਸ ਬਾਰੇ ਸਿੱਖ ਇਤਿਹਾਸ ਵਿੱਚ ਲੰਮੇ ਸਮੇਂ ਤੋਂ ਵਿਚਾਰ-ਚਰਚਾ ਚੱਲਦੀ ਆ ਰਹੀ ਹੈ। ਇਸ ਵਿਵਾਦ ਦੇ ਕੇਂਦਰ ਵਿੱਚ ਇੱਕ ਅਹਿਮ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਅਤੇ ਉਨ੍ਹਾਂ ਦੀ ਪੁਸਤਕ ‘ਕੱਤਕ ਕਿ ਵੈਸਾਖ’ ਹੈ।
ਇਹ ਸਿਰਫ਼ ਦੋ ਮਹੀਨਿਆਂ ਦੀ ਲੜਾਈ ਨਹੀਂ, ਸਗੋਂ ਇਤਿਹਾਸ ਨੂੰ ਵੇਖਣ, ਪਰਖਣ ਅਤੇ ਸਵੀਕਾਰ ਕਰਨ ਦੀ ਬੌਧਿਕ ਸਮਰੱਥਾ ਦਾ ਸਵਾਲ ਹੈ। ਜਦੋਂ ਕੋਈ ਇਤਿਹਾਸਕਾਰ ਸਦੀਆਂ ਤੋਂ ਚੱਲੀ ਆ ਰਹੀ ਮਾਨਤਾ ਉੱਤੇ ਸਵਾਲ ਉਠਾਉਂਦਾ ਹੈ ਤਾਂ ਉਸ ਦਾ ਵਿਰੋਧ ਹੋਣਾ ਸੁਭਾਵਿਕ ਹੈ। ਪਰ ਸਵਾਲ ਪੁੱਛਣ ਵਾਲੇ ਨੂੰ ਗ਼ਲਤ ਸਾਬਤ ਕਰਨ ਦੀ ਥਾਂ ਉਸ ਦੇ ਸਵਾਲਾਂ ਦੇ ਜਵਾਬ ਤੱਥਾਂ ਨਾਲ ਦੇਣੇ ਚਾਹੀਦੇ ਹਨ। ਆਖ਼ਰ ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਵਿੱਚ ਹੋਇਆ ਸੀ ਜਾਂ ਵੈਸਾਖ ਵਿੱਚ?
ਕਰਮ ਸਿੰਘ ਹਿਸਟੋਰੀਅਨ ਸਿੱਖ ਇਤਿਹਾਸਕਾਰੀ ਦੇ ਉਨ੍ਹਾਂ ਵਿਦਵਾਨਾਂ ਵਿੱਚੋਂ ਸਨ ਜਿਨ੍ਹਾਂ ਨੇ ਇਤਿਹਾਸ ਨੂੰ ਸ਼ਰਧਾ ਦੀ ਐਨਕ ਨਾਲ ਨਹੀਂ, ਸਗੋਂ ਤਰਕ ਅਤੇ ਦਸਤਾਵੇਜ਼ਾਂ ਦੀ ਕਸਵੱਟੀ ਉੱਤੇ ਪਰਖਣ ਦਾ ਯਤਨ ਕੀਤਾ।
ਉਨ੍ਹਾਂ ਦੀ ਪੁਸਤਕ ‘ਕੱਤਕ ਕਿ ਵੈਸਾਖ’ ਦਾ ਖਰੜਾ 1908 ਦੇ ਆਸ-ਪਾਸ ਤਿਆਰ ਹੋਣ ਅਤੇ ਇਸ ਦੇ ਪ੍ਰਕਾਸ਼ਨ ਬਾਰੇ ਵੱਖ-ਵੱਖ ਹਵਾਲੇ ਮਿਲਦੇ ਹਨ। 1912 ਅਤੇ 1932 ਦੇ ਸੰਸਕਰਣਾਂ ਦਾ ਵੀ ਜ਼ਿਕਰ ਮਿਲਦਾ ਹੈ। ਇਸ ਪੁਸਤਕ ਨੇ ਸਿੱਖ ਇਤਿਹਾਸ ਵਿੱਚ ਇੱਕ ਨਵੀਂ ਬਹਿਸ ਨੂੰ ਜਨਮ ਦਿੱਤਾ।
ਕਰਮ ਸਿੰਘ ਹਿਸਟੋਰੀਅਨ ਦਾ ਮਤ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਸੁਦੀ ਤੀਜ, ਸੰਮਤ 1526 ਬਿਕਰਮੀ ਨੂੰ ਹੋਇਆ ਸੀ। ਉਨ੍ਹਾਂ ਨੇ ਇਸ ਤਾਰੀਖ ਨੂੰ 15 ਅਪ੍ਰੈਲ 1469 ਈਸਵੀ ਨਾਲ ਜੋੜਿਆ।
ਉਨ੍ਹਾਂ ਦੀ ਖੋਜ ਦਾ ਇੱਕ ਵੱਡਾ ਆਧਾਰ ਪੁਰਾਤਨ ਜਨਮ-ਸਾਖੀਆਂ ਸਨ। ਉਨ੍ਹਾਂ ਨੇ ਭਾਈ ਬਾਲੇ ਵਾਲੀ ਜਨਮ-ਸਾਖੀ ਦੀ ਪ੍ਰਮਾਣਿਕਤਾ ਉੱਤੇ ਸਵਾਲ ਉਠਾਏ। ਉਨ੍ਹਾਂ ਦਾ ਤਰਕ ਸੀ ਕਿ ਜਿਹੜੀ ਜਨਮ-ਸਾਖੀ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਭਾਈ ਬਾਲੇ ਨਾਲ ਜੋੜੀ ਜਾਂਦੀ ਹੈ, ਉਸ ਦੀ ਰਚਨਾ ਅਤੇ ਇਤਿਹਾਸਕ ਪਿਛੋਕੜ ਦੀ ਡੂੰਘੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਭਾਈ ਬਾਲੇ ਦਾ ਜ਼ਿਕਰ ਨਾ ਹੋਣ ਅਤੇ ਭਾਈ ਬਾਲੇ ਵਾਲੀ ਜਨਮ-ਸਾਖੀ ਵਿੱਚ ਬਾਅਦ ਦੇ ਸਮੇਂ ਨਾਲ ਸਬੰਧਤ ਬਾਣੀ ਦੇ ਹਵਾਲਿਆਂ ਨੂੰ ਵੀ ਆਪਣੀ ਦਲੀਲ ਦਾ ਆਧਾਰ ਬਣਾਇਆ।
ਇਸ ਬਹਿਸ ਨੂੰ ਸਮਝਣ ਲਈ ਜਨਮ-ਸਾਖੀ ਸਾਹਿਤ ਦੀ ਪੜਚੋਲ ਕਰਨੀ ਜ਼ਰੂਰੀ ਹੈ। ਪੁਰਾਤਨ ਜਨਮ-ਸਾਖੀ, ਵਲਾਇਤ ਵਾਲੀ ਜਨਮ-ਸਾਖੀ, ਮਿਹਰਬਾਨ ਦੀ ਜਨਮ-ਸਾਖੀ ਅਤੇ ਗਿਆਨ ਰਤਨਾਵਲੀ ਵਰਗੇ ਸਰੋਤਾਂ ਵਿੱਚ ਵੈਸਾਖ ਸੁਦੀ ਤੀਜ ਦਾ ਹਵਾਲਾ ਮਿਲਦਾ ਹੈ। ਦੂਜੇ ਪਾਸੇ ਭਾਈ ਬਾਲੇ ਵਾਲੀ ਜਨਮ-ਸਾਖੀ ਵਿੱਚ ਕੱਤਕ ਦੀ ਪੂਰਨਮਾਸ਼ੀ ਦਾ ਜ਼ਿਕਰ ਹੈ।
ਇਤਿਹਾਸਕਾਰਾਂ ਸਾਹਮਣੇ ਸਵਾਲ ਇਹ ਸੀ ਕਿ ਇਨ੍ਹਾਂ ਵਿੱਚੋਂ ਕਿਹੜੇ ਸਰੋਤ ਨੂੰ ਵਧੇਰੇ ਭਰੋਸੇਯੋਗ ਮੰਨਿਆ ਜਾਵੇ? ਕਿਹੜੀ ਲਿਖਤ ਕਦੋਂ ਲਿਖੀ ਗਈ? ਉਸ ਦਾ ਲੇਖਕ ਕੌਣ ਸੀ? ਉਸ ਦੇ ਮੂਲ ਹੱਥ-ਲਿਖਤ ਰੂਪ ਕਿਹੜੇ ਹਨ? ਇਹ ਸਾਰੇ ਸਵਾਲ ਇਤਿਹਾਸਕ ਖੋਜ ਦੇ ਹਨ, ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਨਹੀਂ।
ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਪਰੰਪਰਾ ਨੂੰ ਭਾਈ ਬਾਲੇ ਵਾਲੀ ਜਨਮ-ਸਾਖੀ ਅਤੇ ਬਾਅਦ ਦੇ ਇਤਿਹਾਸਕ-ਧਾਰਮਿਕ ਸਾਹਿਤ ਤੋਂ ਬਲ ਮਿਲਿਆ।
ਭਾਈ ਸੰਤੋਖ ਸਿੰਘ ਦੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਅਤੇ ਹੋਰ ਰਚਨਾਵਾਂ ਵਿੱਚ ਵੀ ਕੱਤਕ ਦੀ ਪੂਰਨਮਾਸ਼ੀ ਦੀ ਪਰੰਪਰਾ ਦਾ ਜ਼ਿਕਰ ਮਿਲਦਾ ਹੈ।
ਸਮੇਂ ਦੇ ਨਾਲ ਇਹ ਤਾਰੀਖ ਸਿੱਖ ਸੰਗਤਾਂ ਵਿੱਚ ਪ੍ਰਚਲਿਤ ਹੋ ਗਈ। ਗੁਰਦੁਆਰਿਆਂ ਵਿੱਚ ਸਮਾਗਮ ਹੋਣ ਲੱਗੇ ਅਤੇ ਇਹ ਸਿੱਖ ਭਾਈਚਾਰੇ ਦੀ ਸਥਾਪਿਤ ਧਾਰਮਿਕ ਪਰੰਪਰਾ ਬਣ ਗਈ।
ਪਰ ਕਿਸੇ ਤਾਰੀਖ ਦਾ ਲੰਮੇ ਸਮੇਂ ਤੋਂ ਪ੍ਰਚਲਿਤ ਹੋਣਾ ਆਪਣੇ ਆਪ ਵਿੱਚ ਉਸ ਦੀ ਇਤਿਹਾਸਕ ਪ੍ਰਮਾਣਿਕਤਾ ਦਾ ਅੰਤਿਮ ਸਬੂਤ ਨਹੀਂ ਹੁੰਦਾ।
ਕੀ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਅੰਤਿਮ ਸੱਚ ਹੈ? ਇੱਥੇ ਸਾਨੂੰ ਆਪਣੀ ਬੌਧਿਕ ਇਮਾਨਦਾਰੀ ਦਾ ਸਬੂਤ ਦੇਣਾ ਪਵੇਗਾ। ਕਰਮ ਸਿੰਘ ਹਿਸਟੋਰੀਅਨ ਦੀ ਖੋਜ ਨੂੰ ਵੀ ਬਾਅਦ ਦੇ ਵਿਦਵਾਨਾਂ ਨੇ ਚੁਣੌਤੀ ਦਿੱਤੀ ਹੈ। ਖ਼ਾਸ ਕਰਕੇ ਚੰਦਰ ਤਿੱਥੀਆਂ, ਸੁਦੀ-ਵਦੀ ਦੇ ਅੰਤਰ ਅਤੇ ਸੂਰਜੀ ਕੈਲੰਡਰ ਅਨੁਸਾਰ ਤਾਰੀਖਾਂ ਦੀ ਗਣਨਾ ਬਾਰੇ ਸਵਾਲ ਉਠਾਏ ਗਏ ਹਨ।
ਕੁਝ ਵਿਦਵਾਨਾਂ ਨੇ ਪਾਲ ਸਿੰਘ ਪੁਰੇਵਾਲ ਦੀ ਕੈਲੰਡਰੀ ਗਣਨਾ ਦੇ ਆਧਾਰ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੀ ਤਾਰੀਖ ਪਹਿਲੀ ਵੈਸਾਖ, ਸੰਮਤ 1526 ਬਿਕਰਮੀ, 27 ਮਾਰਚ 1469 ਜੂਲੀਅਨ ਦੱਸੀ ਹੈ।
ਇਸ ਤਰ੍ਹਾਂ ਵੈਸਾਖ ਦੇ ਹੱਕ ਵਿੱਚ ਦਲੀਲ ਦੇਣ ਵਾਲਿਆਂ ਵਿੱਚ ਵੀ ਜਨਮ ਦੀ ਸਹੀ ਤਾਰੀਖ ਬਾਰੇ ਇਕਸਾਰਤਾ ਨਹੀਂ ਹੈ। ਇਸ ਲਈ ਸਾਨੂੰ ਤਿੰਨ ਗੱਲਾਂ ਵੱਖ-ਵੱਖ ਰੱਖਣੀਆਂ ਚਾਹੀਦੀਆਂ ਹਨ:
ਗੁਰੂ ਸਾਹਿਬ ਦੇ ਜਨਮ ਦਾ ਇਤਿਹਾਸਕ ਸਾਲ।
ਜਨਮ ਦਾ ਮਹੀਨਾ ਅਤੇ ਚੰਦਰ ਤਿੱਥੀ।
ਉਸ ਤਿੱਥੀ ਨੂੰ ਅੱਜ ਦੇ ਕੈਲੰਡਰ ਵਿੱਚ ਤਬਦੀਲ ਕਰਨ ਦੀ ਵਿਧੀ।
ਇਨ੍ਹਾਂ ਤਿੰਨਾਂ ਨੂੰ ਰਲਗੱਡ ਕਰਕੇ ਕੋਈ ਵੀ ਅੰਤਿਮ ਨਤੀਜਾ ਕੱਢਣਾ ਇਤਿਹਾਸਕ ਖੋਜ ਨਾਲ ਇਨਸਾਫ਼ ਨਹੀਂ ਹੋਵੇਗਾ।
ਹੁਣ ਸਵਾਲ ਇਹ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਕਿੰਨੇ ਉਤਸ਼ਾਹਿਤ ਹਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਕਿੰਨੇ ਤਿਆਰ ਹਾਂ? ਗੁਰੂ ਸਾਹਿਬ ਨੇ ਮਨੁੱਖ ਨੂੰ ਜਾਤਾਂ, ਧਰਮਾਂ, ਵਰਣਾਂ ਅਤੇ ਊਚ-ਨੀਚ ਦੀਆਂ ਵੰਡੀਆਂ ਤੋਂ ਉੱਪਰ ਉੱਠਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਧਾਰਮਿਕ ਪਖੰਡ, ਕਰਮਕਾਂਡ ਅਤੇ ਮਨੁੱਖੀ ਵਿਤਕਰੇ ਉੱਤੇ ਸਵਾਲ ਉਠਾਏ।
ਅੱਜ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਉੱਤੇ ਲੱਖਾਂ ਰੁਪਏ ਦੇ ਸਮਾਗਮ ਕਰਦੇ ਹਾਂ। ਨਗਰ ਕੀਰਤਨ ਸਜਾਉਂਦੇ ਹਾਂ। ਲੰਗਰ ਲਾਉਂਦੇ ਹਾਂ। ਦੀਪਮਾਲਾ ਕਰਦੇ ਹਾਂ। ਪ੍ਰਭਾਤ ਫੇਰੀਆਂ ਲਗਾਉਂਦੇ ਹਾਂ ਪਰ ਕੀ ਅਸੀਂ ਉਨ੍ਹਾਂ ਦੇ ਦਿੱਤੇ ਵਿਚਾਰਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ? ਕੀ ਸਾਡੇ ਸਮਾਜ ਵਿੱਚ ਜਾਤ-ਪਾਤ ਖ਼ਤਮ ਹੋ ਗਈ ਹੈ? ਕੀ ਕਿਰਤ ਕਰਨ ਵਾਲੇ ਮਨੁੱਖ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਹੈ?
ਕੀ ਧਾਰਮਿਕ ਅਦਾਰਿਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਹੈ? ਕੀ ਅਸੀਂ ਔਰਤ ਅਤੇ ਮਰਦ ਨੂੰ ਬਰਾਬਰ ਸਮਝਦੇ ਹਾਂ? ਕੀ ਮਨੁੱਖ ਗਿਆਨਵਾਨ ਹੋ ਗਿਆ ਹੈ? ਇਸ ਤੋਂ ਇਲਾਵਾ ਬਹੁਤ ਸਵਾਲ ਕੀਤੇ ਜਾ ਸਕਦੇ ਹਨ। ਪਰ ਗੱਲ ਲੰਮੀ ਹੋਣ ਤੋਂ ਸੰਖੇਪ ਰੂਪ ਵਿੱਚ ਲਿਖਿਆ ਹੈ।
ਇਹ ਸਵਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨਾਲੋਂ ਵੀ ਵੱਡੀ ਸਮਾਜਿਕ ਮਹੱਤਤਾ ਰੱਖਦੇ ਹਨ। ਕਿਸੇ ਇਤਿਹਾਸਕ ਤੱਥ ਉੱਤੇ ਸਵਾਲ ਉਠਾਉਣਾ ਬੇਅਦਬੀ ਨਹੀਂ ਹੁੰਦੀ। ਸਵਾਲ ਦਾ ਜਵਾਬ ਸਬੂਤਾਂ ਨਾਲ ਦੇਣਾ ਹੀ ਬੌਧਿਕ ਇਮਾਨਦਾਰੀ ਹੈ।
ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵੈਸਾਖ’ ਨੂੰ ਪੜ੍ਹਨਾ ਚਾਹੀਦਾ ਹੈ। ਉਸ ਨਾਲ ਅਸਹਿਮਤ ਵਿਦਵਾਨਾਂ ਦੀਆਂ ਦਲੀਲਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ। ਪੁਰਾਤਨ ਜਨਮ-ਸਾਖੀਆਂ ਦੀ ਤੁਲਨਾਤਮਕ ਪੜਚੋਲ ਹੋਣੀ ਚਾਹੀਦੀ ਹੈ। ਇਤਿਹਾਸਕ ਦਸਤਾਵੇਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਤਾਂ ਕਿ ਕੋਈ ਸਹੀ ਗੱਲ ਸਾਹਮਣੇ ਆਵੇ।
ਕਿਸੇ ਵਿਦਵਾਨ ਦੀ ਗੱਲ ਨੂੰ ਸਿਰਫ਼ ਇਸ ਕਰਕੇ ਸੱਚ ਨਾ ਮੰਨਿਆ ਜਾਵੇ ਕਿ ਉਹ ਸਾਡੇ ਵਿਚਾਰਾਂ ਨਾਲ ਮੇਲ ਖਾਂਦੀ ਹੈ। ਅਤੇ ਕਿਸੇ ਦੀ ਖੋਜ ਨੂੰ ਸਿਰਫ਼ ਇਸ ਕਰਕੇ ਰੱਦ ਨਾ ਕੀਤਾ ਜਾਵੇ ਕਿ ਉਹ ਸਾਡੀ ਸਥਾਪਿਤ ਮਾਨਤਾ ਨੂੰ ਚੁਣੌਤੀ ਦਿੰਦੀ ਹੈ। ਗੁਰੂ ਨਾਨਕ ਸਾਹਿਬ ਨੂੰ ਕੱਤਕ ਵਿੱਚ ਯਾਦ ਕਰੀਏ ਜਾਂ ਵੈਸਾਖ ਵਿੱਚ, ਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਾਲ ਦੇ ਬਾਰਾਂ ਮਹੀਨੇ ਆਪਣੇ ਜੀਵਨ ਵਿੱਚ ਜਿਉਣ ਦੀ ਕੋਸ਼ਿਸ਼ ਕਰੀਏ।
ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਿਰਫ਼ ਇੱਕ ਦਿਨ ਦੀ ਘਟਨਾ ਨਹੀਂ, ਮਨੁੱਖੀ ਚੇਤਨਾ ਵਿੱਚ ਜਗਾਈ ਉਹ ਜੋਤ ਹੈ ਜਿਸ ਨੂੰ ਕਿਸੇ ਇੱਕ ਮਹੀਨੇ, ਇੱਕ ਤਿੱਥੀ ਜਾਂ ਇੱਕ ਸਮਾਗਮ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ।
ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਨਾਲੋਂ ਵੱਧ ਜ਼ਰੂਰੀ ਹੈ,ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਨੂੰ ਅਪਣਾਉਣਾ। ਕੀ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਸਮਝ ਕੇ ਜੀਵਨ ਵਿਚ ਲਾਗੂ ਕੀਤਾ ਹੈ? ਕਿਉਂਕਿ ਜਿੱਥੇ ਸਵਾਲ ਮੁੱਕ ਜਾਂਦੇ ਹਨ, ਉੱਥੇ ਸੋਚ ਮਰ ਜਾਂਦੀ ਹੈ।
ਕੀ ਸਾਡੀ ਸੋਚ ਤੇ ਜ਼ਮੀਰ ਮਰ ਗਈ ਹੈ ਕਿ ਮਨੂਵਾਦੀ ਵਿਚਾਰਧਾਰਾ ਨੂੰ ਸਿੱਖ ਧਰਮ ਵਿੱਚ ਜਿਉਂ ਤਿਉਂ ਸਵੀਕਾਰ ਕਰ ਲਿਆ ਹੈ? ਸਿੱਖ ਧਰਮ ਬਾਕੀ ਧਰਮਾਂ ਤੋਂ ਇਸੇ ਕਰਕੇ ਵੱਖਰਾ ਸੀ। ਕਿਉਂਕਿ ਇਹ ਮੂਰਤੀ ਪੂਜਾ, ਪਾਖੰਡ ਤੇ ਆਡੰਬਰ ਤੋਂ ਰਹਿਤ ਸੀ। ਕੀ ਹੁਣ ਅਸੀਂ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦੇ ਹਾਣੀ ਬਣੇ ਹਾਂ? ਦੇ ਨਹੀਂ ਬਣੇ ਫੇਰ ਐਨੇ ਪਾਖੰਡ ਕਰਨ ਦੀ ਲੋੜ ਕੀ ਹੈ?
ਜਦੋਂ ਦੀ ਨਾਨਕਸ਼ਾਹੀ ਕੈਲੰਡਰ ਨਾਲ ਛੇੜਛਾੜ ਕੀਤੀ ਹੈ ਸਾਰੇ ਗੁਰੂ ਪੁਰਬਾਂ ਦੀਆਂ ਤਾਰੀਖਾਂ ਬਦਲ ਗਈਆਂ ਹਨ। ਹੁਣ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਮੱਘਰ ਮਹੀਨੇ ਆ ਗਿਆ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਜਨਮ ਦਾ ਭੰਬਲਭੂਸਾ ਬਣਿਆ ਹੋਇਆ ਹੈ। ਸਾਡੇ ਸਿੱਖ ਇਤਿਹਾਸਕਾਰ ਇਸ ਮਾਮਲੇ ਉਪਰ ਚੁੱਪ ਹਨ। ਜੇਕਰ ਕੋਈ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਇਹ ਕਿਹੋ ਜਿਹਾ ਸਮਾਂ ਆਇਆ ਹੈ ਕਿ ਅਸੀਂ ਉਹ ਮਨਮੱਤਾਂ ਕਰਨ ਲਈ ਪੱਬਾਂ ਭਾਰ ਹੋਏ ਫਿਰਦੇ ਹਾਂ ਜੀਹਨਾਂ ਤੋਂ ਗੁਰੂ ਸਾਹਿਬ ਜੀ ਨੇ ਵਰਜਿਆ। ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦੇ ਉਲਟ ਕਰਮ ਕਾਂਡ ਕਰਨ ਲੱਗੇ ਹੋਏ ਹਾਂ। ਜਿਹੜਾ ਕੰਮ ਸਿੱਖ ਕੌਮ ਦੇ ਦੁਸ਼ਮਣ ਨੇ ਕਰਨਾ ਸੀ ਅਸੀਂ ਆਪ ਕਰ ਰਹੇ ਹਾਂ। ਇਸ ਲਈ ਕਿਸ ਨੂੰ ਆਖੀਏ ਕਿ ਇਹਨਾਂ ਗ਼ਲਤ ਰੀਤਾਂ ਨੂੰ ਰੋਕੋ?

ਬੁੱਧ ਸਿੰਘ ਨੀਲੋਂ
9464370823
Share this content:



Post Comment