Loading Now

ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਦੀਪਕ ਰਾਜਾਵਤ ਨੂੰ ਨਵਾਂ CEO ਕੀਤਾ ਗਿਆ ਨਿਯੁਕਤ

ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਦੀਪਕ ਰਾਜਾਵਤ ਨੂੰ ਨਵਾਂ CEO ਕੀਤਾ ਗਿਆ ਨਿਯੁਕਤ

ਨਵੀਂ ਦਿੱਲੀ, 19 ਨਵੰਬਰ – ਏਅਰ ਇੰਡੀਆ ਐਕਸਪ੍ਰੈਸ ਨੂੰ ਨਵਾਂ ਚੀਫ਼ ਐਗਜ਼ੀਕਿਊਟਿਵ ਅਫ਼ਸਰ (CEO) ਮਿਲ ਗਿਆ ਹੈ। ਟਾਟਾ ਗਰੁੱਪ ਦੀ ਬਜਟ ਏਅਰਲਾਈਨ ਨੇ ਦੀਪਕ ਰਾਜਾਵਤ ਨੂੰ ਕੰਪਨੀ ਦਾ ਨਵਾਂ CEO ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ 1 ਦਸੰਬਰ 2026 ਤੋਂ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਇਸ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ANI ਦੀ ਰਿਪੋਰਟ ਮੁਤਾਬਕ, ਦੀਪਕ ਰਾਜਾਵਤ ਇਸ ਸਮੇਂ ਏਅਰ ਇੰਡੀਆ ਐਕਸਪ੍ਰੈਸ ਵਿੱਚ ਮੁੱਖ ਵਿੱਤੀ ਅਧਿਕਾਰੀ (CFO) ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਏਅਰਲਾਈਨ ਦੇ ਵਿੱਤੀ ਪ੍ਰਬੰਧਨ ਦੇ ਨਾਲ-ਨਾਲ ਕੰਪਨੀ ਦੇ ਵਿਕਾਸ ਅਤੇ ਬਦਲਾਅ ਦੀਆਂ ਯੋਜਨਾਵਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਹੁਣ ਉਨ੍ਹਾਂ ਨੂੰ CEO ਦੀ ਜ਼ਿੰਮੇਵਾਰੀ ਸੌਂਪ ਕੇ ਕੰਪਨੀ ਨੇ ਆਪਣੇ ਅਗਲੇ ਵਿਕਾਸ ਪੜਾਅ ਲਈ ਨਵੀਂ ਰਣਨੀਤੀ ਦੇ ਸੰਕੇਤ ਦਿੱਤੇ ਹਨ।
ਕੌਣ ਹਨ ਦੀਪਕ ਰਾਜਾਵਤ? ਜਾਣੋ ਉਨ੍ਹਾਂ ਦਾ ਤਜਰਬਾ
ਦੀਪਕ ਰਾਜਾਵਤ ਹਵਾਬਾਜ਼ੀ ਅਤੇ ਵਿੱਤੀ ਖੇਤਰ ਦੇ ਤਜਰਬੇਕਾਰ ਪੇਸ਼ੇਵਰ ਹਨ। ਉਨ੍ਹਾਂ ਕੋਲ ਦੋ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਉਹ ਵਿੱਤੀ ਪ੍ਰਬੰਧਨ, ਵਪਾਰਕ ਸੰਚਾਲਨ ਅਤੇ ਰਣਨੀਤਕ ਯੋਜਨਾਬੰਦੀ ਵਿੱਚ ਮੁਹਾਰਤ ਰੱਖਦੇ ਹਨ। ਏਅਰ ਇੰਡੀਆ ਐਕਸਪ੍ਰੈਸ ਦੇ CFO ਵਜੋਂ ਉਨ੍ਹਾਂ ਨੇ ਕੰਪਨੀ ਦੀ ਵਿੱਤੀ ਸਥਿਤੀ ਮਜ਼ਬੂਤ ਕਰਨ ਦੇ ਨਾਲ-ਨਾਲ ਇਸ ਦੇ ਵਿਸਥਾਰ ਅਤੇ ਏਕੀਕਰਨ ਦੀਆਂ ਯੋਜਨਾਵਾਂ ਵਿੱਚ ਵੀ ਯੋਗਦਾਨ ਪਾਇਆ ਹੈ।
ਵਿਸਤਾਰਾ ਏਅਰਲਾਈਨ ਵਿੱਚ ਵੀ ਨਿਭਾ ਚੁੱਕੇ ਹਨ ਅਹਿਮ ਜ਼ਿੰਮੇਵਾਰੀਆਂ
ਏਅਰ ਇੰਡੀਆ ਐਕਸਪ੍ਰੈਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੀਪਕ ਰਾਜਾਵਤ ਵਿਸਤਾਰਾ (Vistara) ਏਅਰਲਾਈਨ ਨਾਲ ਜੁੜੇ ਹੋਏ ਸਨ। ਉਹ ਵਿਸਤਾਰਾ ਦੀ ਸ਼ੁਰੂਆਤ ਤੋਂ ਹੀ ਇਸ ਦਾ ਹਿੱਸਾ ਰਹੇ ਅਤੇ ਉਨ੍ਹਾਂ ਨੇ ਕਾਰਪੋਰੇਟ ਯੋਜਨਾਬੰਦੀ, ਜਹਾਜ਼ਾਂ ਦੀ ਖਰੀਦ ਅਤੇ ਵਿੱਤੀ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਕਈ ਅਹਿਮ ਅਹੁਦਿਆਂ ‘ਤੇ ਕੰਮ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਵਿਸਤਾਰਾ ਦਾ ਚੀਫ਼ ਕਮਰਸ਼ੀਅਲ ਅਫ਼ਸਰ (CCO) ਵੀ ਨਿਯੁਕਤ ਕੀਤਾ ਗਿਆ। ਇਸ ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਨੇ ਮਾਲੀਆ ਪ੍ਰਬੰਧਨ, ਨੈੱਟਵਰਕ ਯੋਜਨਾਬੰਦੀ, ਵਿਕਰੀ, ਮਾਰਕੀਟਿੰਗ, ਬ੍ਰਾਂਡਿੰਗ, ਗੱਠਜੋੜ ਅਤੇ ਗਾਹਕ ਸੇਵਾਵਾਂ ਵਰਗੇ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿਸਤਾਰਾ ਨੇ ਭਾਰਤੀ ਹਵਾਬਾਜ਼ੀ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਪਛਾਣ ਬਣਾਈ। Skytrax ਦੀ ਵਿਸ਼ਵ ਏਅਰਲਾਈਨ ਦਰਜਾਬੰਦੀ ਵਿੱਚ ਵਿਸਤਾਰਾ ਨੇ 2022 ਵਿੱਚ 20ਵਾਂ ਅਤੇ 2023 ਤੇ 2024 ਵਿੱਚ 16ਵਾਂ ਸਥਾਨ ਹਾਸਲ ਕੀਤਾ ਸੀ।

Share this content:

Post Comment