Loading Now

ਅਡਵਾਨੀ ਤੇ ਕੇਜਰੀਵਾਲ ਸਣੇ 33.13 ਲੱਖ ਵੋਟਰਾਂ ਨੂੰ ਨੋਟਿਸ

ਅਡਵਾਨੀ ਤੇ ਕੇਜਰੀਵਾਲ ਸਣੇ 33.13 ਲੱਖ ਵੋਟਰਾਂ ਨੂੰ ਨੋਟਿਸ

ਨਵੀਂ ਦਿੱਲੀ, 21 ਸਤੰਬਰ – ਦਿੱਲੀ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਤਹਿਤ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 33.13 ਲੱਖ ਵੋਟਰਾਂ ਨੂੰ ਕਥਿਤ ‘ਫ਼ਰਕ’ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ। ਅਡਵਾਨੀ (98), ਉਨ੍ਹਾਂ ਦੀ ਧੀ ਪ੍ਰਤਿਭਾ ਅਤੇ ਨੂੰਹ ਗੀਤਿਕਾ ਦੇ ਨਾਂ 2002 ਦੀ ਐੱਸ ਆਈ ਆਰ ਸੂਚੀ ਨਾਲ ਮੈਪ ਨਾ ਹੋਣ ਕਾਰਨ ਨੋਟਿਸ ਜਾਰੀ ਹੋਏ ਹਨ, ਜਦਕਿ ਉਨ੍ਹਾਂ ਦੇ ਪੁੱਤਰ ਜਯੰਤ ਦੀ ਮੈਪਿੰਗ ਹੋ ਗਈ ਹੈ। ਚਾਰੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਵੋਟਰ ਹਨ। ਮਨੀਸ਼ ਸਿਸੋਦੀਆ, ਉਨ੍ਹਾਂ ਦੀ ਪਤਨੀ ਸੀਮਾ ਅਤੇ ਪੁੱਤਰ ਮੀਰ ਨੂੰ ਵੀ ਨੋਟਿਸ ਮਿਲੇ ਹਨ। ਅਧਿਕਾਰੀਆਂ ਮੁਤਾਬਕ ਮੀਰ ਦੇ ਨੋਟਿਸ ਵਿੱਚ ਮਾਤਾ-ਪਿਤਾ ਦੇ ਨਾਂ ਵਿੱਚ ਗੜਬੜ ਅਤੇ ਸੀਮਾ ਦੇ ਨੋਟਿਸ ਵਿੱਚ ਆਪਣੇ ਨਾਂ ’ਚ ਫ਼ਰਕ ਹੋਣ ਦਾ ਜ਼ਿਕਰ ਹੈ।

ਇੱਕ ਸੀਨੀਅਰ ਚੋਣ ਅਧਿਕਾਰੀ ਨੇ ਕਿਹਾ ਕਿ ਇਹ ਨੋਟਿਸ ਵੋਟਰਾਂ ਵੱਲੋਂ ਜਮ੍ਹਾਂ ਕਰਵਾਏ ਐੱਸ ਆਈ ਆਰ ਖਰੜਾ ਫਾਰਮ ਵਿੱਚ ਦਿੱਤੇ ਵੇਰਵਿਆਂ ਵਿੱਚ ‘ਤਰਕਸੰਗਤ ਗੜਬੜਾਂ’ ਕਾਰਨ ਜਾਰੀ ਕੀਤੇ ਗਏ ਹਨ। ਤੱਥਾਂ ਅਤੇ ਦਸਤਾਵੇਜ਼ਾਂ ਦੀ ਤਸਦੀਕ ਬਾਅਦ ਇਨ੍ਹਾਂ ਵੋਟਰਾਂ ਦੇ ਨਾਂ ਅੰਤਿਮ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੂੰ ਵੀ ਨੋਟਿਸ ਮਿਲੇ ਹਨ। ਗੁਪਤਾ ਦਾ ਨਾਂ ਦਸਤਾਵੇਜ਼ਾਂ ਦੀ ਪੜਤਾਲ ਬਾਅਦ ਤਸਦੀਕ ਹੋ ਚੁੱਕਾ ਹੈ। ਖਰੜਾ ਸੂਚੀ ਦੇ ਕਰੀਬ 97 ਲੱਖ ਵੋਟਰਾਂ ਵਿੱਚੋਂ 33.13 ਲੱਖ ਨੂੰ ਨੋਟਿਸ ਜਾਰੀ ਹੋਏ ਹਨ ਅਤੇ 31.63 ਲੱਖ ਤੋਂ ਵੱਧ ਨੋਟਿਸ ਤਾਮੀਲ ਕੀਤੇ ਜਾ ਚੁੱਕੇ ਹਨ। ਦਾਅਵੇ ਅਤੇ ਇਤਰਾਜ਼ 30 ਸਤੰਬਰ ਤੱਕ ਅਤੇ ਨੋਟਿਸ ਦਾ ਜਵਾਬ ਤੇ ਦਸਤਾਵੇਜ਼ 29 ਅਕਤੂਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ। -ਪੀਟੀਆਈ

ਜਾਇਜ਼ ਵੋਟਾਂ ਕੱਟਣ ਤੇ ਨਾਜਾਇਜ਼ ਜੋੜਨ ਦੀ ਕਵਾਇਦ: ਸਿੱਬਲ

ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ’ਤੇ ਸਵਾਲ ਉਠਾਉਂਦਿਆਂ ਦੋਸ਼ ਲਾਇਆ ਕਿ ਇਸ ਤਹਿਤ ਵਾਜਬ ਵੋਟਾਂ ਨੂੰ ਸੂਚੀ ਵਿੱਚੋਂ ਹਟਾਉਣ ਅਤੇ ਨਾਵਾਜਬ ਵੋਟਾਂ ਨੂੰ ਜੋੜਨ ਦੀ ਕਵਾਇਦ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਚੋਣ ਕਮਿਸ਼ਨ ਦਾ ਮਕਸਦ ਭਾਜਪਾ ਨੂੰ ਸੱਤਾ ਵਿੱਚ ਰੱਖਣਾ ਹੈ ਤਾਂ ਫਿਰ ਚੋਣਾਂ ਕਰਵਾਉਣ ਦਾ ਕੀ ਮਤਲਬ ਰਹਿ ਜਾਂਦਾ ਹੈ। ਸਿੱਬਲ ਅਤੇ ਉਨ੍ਹਾਂ ਦੀ ਪਤਨੀ ਨੂੰ ਐੱਸ ਆਈ ਆਰ ਤਹਿਤ ‘ਪਿਛਲੀ ਐੱਸ ਆਈ ਆਰ ਨਾਲ ਮੈਪ ਨਾ ਹੋਣ’ ’ਤੇ ਨੋਟਿਸ ਜਾਰੀ ਕੀਤੇ ਗਏ ਹਨ।

Share this content:

Post Comment