Loading Now

ਅੰਮ੍ਰਿਤਸਰ ਵਿਚ ਜ਼ੋਮੈਟੋ ਕਰਮਚਾਰੀ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

ਅੰਮ੍ਰਿਤਸਰ ਵਿਚ ਜ਼ੋਮੈਟੋ ਕਰਮਚਾਰੀ ‘ਤੇ ਚਲਾਈਆਂ ਤਾਬੜਤੋੜ ਗੋਲੀਆਂ

ਅੰਮ੍ਰਿੰਤਸਰ, 18 ਸਤੰਬਰ – ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੇ ਇੱਕ ਏਐਸਆਈ ਅਤੇ ਇੱਕ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਗੁਰੂ ਨਗਰੀ ‘ਚ ਕੁੱਝ ਹੀ ਸਮੇਂ ਦੇ ਫਰਕ ‘ਚ ਦੋ ਕਤਲਾਂ ਨਾਲ ਲੋਕਾਂ ‘ਚ ਦਹਿਸ਼ਤ ਫੈਲ ਗਈ ਹੈ।

ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ ਨੌਜਵਾਨ

ਜਾਣਕਾਰੀ ਅਨੁਸਾਰ, ਇਸਲਾਮਾਬਾਦ ਥਾਣੇ ਅਧੀਨ ਆਉਂਦੀ ਕੋਟ ਖਾਲਸਾ ਪੁਲਿਸ ਚੌਕੀ ਤੋਂ ਕਰੀਬ 50 ਕਦਮ ਦੀ ਦੂਰੀ ’ਤੇ ਵੀਰਵਾਰ ਰਾਤ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਘਟਨਾ ਰਾਤ ਕਰੀਬ 10:50 ਵਜੇ ਦੀ ਹੈ। ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 25 ਸਾਲਾ ਸਾਹਿਲ ਗਿੱਲ ਵਜੋਂ ਹੋਈ ਹੈ, ਜੋ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ, ਗੋਲੀ ਸਿੱਧੀ ਸਾਹਿਲ ਛਾਤੀ ਦੇ ਨੇੜੇ ਲੱਗੀ ਸੀ। ਗੰਭੀਰ ਹਾਲਤ ਵਿੱਚ ਉਸ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਕਟਿਵਾ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ ਸਨ। ਉਨ੍ਹਾਂ ਨੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਸਾਹਿਲ ਨੂੰ ਲੱਗੀ। ਵਾਰਦਾਤ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਮੋਟਰਸਾਈਕਲ ਸਵਾਰਾਂ ਨੇ ਡਿਊਟੀ ਦੌਰਾਨ ਮਾਰੀਆਂ ਏਐਸਆਈ ਨੂੰ ਗੋਲੀਆਂ

ਉਧਰ, ਗੇਟ ਹਕੀਮਾਂ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਡਿਊਟੀ ‘ਤੇ ਸਵਾਰ ਇੱਕ ਏਐਸਆਈ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਏਐਸਆਈ ਹਰਜੀਤ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਸੀ ਅਤੇ ਗੇਟ ਹਕੀਮਾਂ ਪੁਲਿਸ ਸਟੇਸ਼ਨ ਅਧੀਨ ਭਗਤਾਂਵਾਲਾ ਅਨਾਜ ਮੰਡੀ ਨੇੜੇ ਡਿਊਟੀ ‘ਤੇ ਸੀ। ਜਾਣਕਾਰੀ ਅਨੁਸਾਰ, ਪੁਲਿਸ ਮੁਲਾਜ਼ਮਾਂ ‘ਤੇ ਗੋਲੀਬਾਰੀ ਰਾਤ 2:30 ਵਜੇ ਕਰੀਬ ਹੋਈ, ਜਿਸ ਦੌਰਾਨ ਹਰਜੀਤ ਸਿੰਘ ਦੇ ਤਿੰਨ ਗੋਲੀਆਂ ਵੱਜੀ। ਲੋਕਾਂ ਨੇ ਗੰਭੀਰ ਹਾਲਤ ‘ਚ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਪਹਿਲਾਂ ਏਐਸਆਈ ਜੋਗਾ ਸਿੰਘ ਦਾ ਕੀਤਾ ਗਿਆ ਸੀ ਕਤਲ

ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਇਸ ਖੇਤਰ ਵਿੱਚ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਲੜੀ ਵਿੱਚ ਤਾਜ਼ਾ ਘਟਨਾ ਹੈ। ਇਸ ਤੋਂ ਪਹਿਲਾਂ, ਮਜੀਠਾ ਇਲਾਕੇ ਵਿੱਚ ਏ.ਐੱਸ.ਆਈ. ਜੋਗਾ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਰਾਜਾਸਾਂਸੀ ਇਲਾਕੇ ਵਿੱਚ ਇੱਕ ਵੱਖਰੀ ਗੋਲੀਬਾਰੀ ਦੀ ਘਟਨਾ ਵਿੱਚ ਏ.ਐੱਸ.ਆਈ. ਜਸਵੰਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟ ਲੱਗੀ।

Share this content:

Post Comment