Loading Now

ਭਾਰਤੀ ਪਰਵਾਸੀਆਂ ਖ਼ਿਲਾਫ਼ ਸਖ਼ਤੀ ਦਾ ਨਵਾਂ ਦੌਰ

ਭਾਰਤੀ ਪਰਵਾਸੀਆਂ ਖ਼ਿਲਾਫ਼ ਸਖ਼ਤੀ ਦਾ ਨਵਾਂ ਦੌਰ

ਨਵੀਂ ਦਿੱਲੀ, 8 ਅਗਸਤ – ਪੱਛਮੀ ਮੁਲਕਾਂ, ਖ਼ਾਸ ਕਰ ਕੇ ਕੈਨੇਡਾ ਤੇ ਅਮਰੀਕਾ ਵਲੋਂ ਗ਼ੈਰਕਾਨੂੰਨੀ ਪਰਵਾਸ ਦੇ ਨਾਂਅ ’ਤੇ ਜਿਸ ਤਰ੍ਹਾਂ ਭਾਰਤੀਆਂ ਨੂੰ ਅਪਣੀ ਭੂਮੀ ਤੋਂ ਬੇਦਖ਼ਲ ਕੀਤਾ ਜਾ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਦੀ ਹਾਲੀਆ ਰਿਪੋਰਟ ਅਨੁਸਾਰ ਜਨਵਰੀ ਤੋਂ ਜੂਨ ਦੇ ਅੰਤ ਤਕ 3,323 ਭਾਰਤੀਆਂ ਨੂੰ ਜਬਰੀ ਭਾਰਤ ਪਰਤਾਇਆ ਗਿਆ। ਇਹ ਸੰਖਿਆ ਸਾਲ 2025 ਦੌਰਾਨ ਭਾਰਤ ਪਰਤਾਏ ਗਏ ਪਰਵਾਸੀਆਂ ਦੀ ਕੁਲ ਗਿਣਤੀ (3,779) ਦਾ 88 ਫ਼ੀਸਦੀ ਬਣਦੀ ਹੈ। ਜ਼ਾਹਿਰ ਹੈ ਕਿ ਪੂਰੇ ਸਾਲ 2026 ਦਾ ਅੰਕੜਾ 2025 ਵਾਲੀ ਗਿਣਤੀ ਨੂੰ ਸਹਿਜੇ ਹੀ ਪਾਰ ਕਰ ਜਾਵੇਗਾ। ਹਾਲਾਂਕਿ ਸੀ.ਬੀ.ਐਸ.ਏ. ਦੇ ਅੰਕੜੇ ਇਹ ਨਹੀਂ ਦੱਸਦੇ ਕਿ ਪਰਤਾਏ ਗਏ ਭਾਰਤੀ ਕਿਹੜੇ ਕਿਹੜੇ ਰਾਜਾਂ ਤੋਂ ਸਨ, ਫਿਰ ਵੀ ਕੈਨੇਡੀਅਨ ਮੀਡੀਆ ਸੰਸਥਾ ‘ਗਲੋਬਲ ਨਿਊਜ਼’ ਨੇ ਸੰਕੇਤ ਦਿਤਾ ਹੈ ਕਿ ਭਾਰਤ ਪਰਤਾਏ ਗਏ ਪਰਵਾਸੀਆਂ ਵਿਚੋਂ 2200 ਤੋਂ ਵੱਧ ਪੰਜਾਬੀ ਸਨ। ਇਸ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਪੰਜਾਬੀ ਪਰਵਾਸੀ, ਕੈਨੇਡੀਅਨ ਸਰਹੱਦੀ ਅਤੇ ਅੰਦਰੂਨੀ ਸੁਰੱਖਿਆ ਏਜੰਸੀਆਂ ਦੇ ਖ਼ਾਸ ਤੌਰ ’ਤੇ ਨਿਸ਼ਾਨੇ ਉੱਤੇ ਹਨ।

ਮੀਡੀਆ ਰਿਪੋਰਟਾਂ ਤੋਂ ਇਸ ਹਕੀਕਤ ਦਾ ਵੀ ਇਜ਼ਹਾਰ ਹੁੰਦਾ ਹੈ ਕਿ ਡੋਨਲਡ ਟਰੰਪ ਵਾਲੇ ਅਮਰੀਕਾ ਵਿਚ ਗ਼ੈਰਕਾਨੂੰਨੀ ਪਰਵਾਸ ਰੋਕਣ ਦੇ ਮਕਸਦ ਨਾਲ ਲਾਤੀਨੀ ਅਮਰੀਕੀਆਂ ਤੇ ਅਰਬਾਂ ਤੋਂ ਬਾਅਦ ਭਾਰਤੀਆਂ ਉੱਤੇ ਵੀ ਉਚੇਚੀ ਨਜ਼ਰ ਰੱਖੀ ਜਾ ਰਹੀ ਹੈ। ਅਜਿਹੇ ਰੁਝਾਨ ਦੇ ਬਾਵਜੂਦ ਇਸ ਸਾਲ ਜਨਵਰੀ ਤੋਂ ਜੁਲਾਈ ਤਕ ਅਮਰੀਕਾ ਤੋਂ ਬੇਦਖ਼ਲ ਕੀਤੇ ਭਾਰਤੀਆਂ ਦੀ ਗਿਣਤੀ 1273 ਬਣਦੀ ਹੈ, ਜੋ ਬਹੁਤੀ ਵੱਡੀ ਨਹੀਂ। ਇਸ ਅੰਕੜੇ ਦੇ ਉਲਟ ਕੈਨੇਡਾ ਤੋਂ ਛੇ ਮਹੀਨਿਆਂ ਦੇ ਅੰਦਰ ਜਬਰਨ ਬੇਦਖ਼ਲ ਕੀਤੇ ਗਏ ਭਾਰਤੀਆਂ ਦੀ ਤਾਦਾਦ ਤਿੰਨ ਗੁਣਾਂ ਵੱਧ ਹੈ। ਜ਼ਾਹਿਰ ਹੈ ਕਿ ਉਸ ਮੁਲਕ ਨੂੰ ਵੀ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਦਾ ਬੇਲੋੜਾ ਪਰਵਾਸ ਹੁਣ ਚੁੱਭਣ ਲੱਗਾ ਹੈ। ਧਨਾਢ ਦੇਸ਼ਾਂ ਵਲੋਂ ਭਾਰਤੀ ਪਰਵਾਸੀਆਂ ਲਈ ਅਪਣੇ ਦਰ ਅਚਨਚੇਤੀ ਬੰਦ ਕੀਤੇ ਜਾਣਾ ਉਨ੍ਹਾਂ ਭਾਰਤੀਆਂ ਜਾਂ ਪੰਜਾਬੀਆਂ ਲਈ ਵੱਡੇ ਸਦਮੇ ਵਾਂਗ ਹੈ ਜੋ ਉੱਤਰ ਅਮਰੀਕੀ ਮਹਾਂਦੀਪ ਜਾਂ ਯੂਰੋਪ ਦੇ ਅਮੀਰ ਮੁਲਕਾਂ ਵਿਚ ਬਿਹਤਰ ਤੇ ਖ਼ੁਸ਼ਹਾਲ ਜ਼ਿੰਦਗੀ ਬਿਤਾਉਣ ਦੇ ਸੁਪਨੇ ਲੈਂਦੇ ਆ ਰਹੇ ਸਨ।

ਅਮਰੀਕਾ ਜਾਂ ਇੰਗਲੈਂਡ ਦੇ ਮੁਕਾਬਲੇ ਕੈਨੇਡਾ ਵੱਧ ਉਦਾਰਵਾਦੀ ਮੁਲਕ ਹੈ। ਪਰ ਆਰਥਿਕ ਖ਼ੁਸ਼ਹਾਲੀ ਤੇ ਮਾਇਕ ਸਰੋਤਾਂ ਪੱਖੋਂ ਉਹ ਅਮਰੀਕਾ ਜਾਂ ਆਸਟਰੇਲੀਆ ਜਾਂ ਜਰਮਨੀ ਦੇ ਹਾਣ ਦਾ ਨਹੀਂ। ਭੂਗੋਲਿਕ ਤੌਰ ’ਤੇ ਅਮਰੀਕਾ ਤੋਂ ਵੱਡਾ ਹੋਣ ਦੇ ਬਾਵਜੂਦ ਉਸ ਦਾ ਅਰਥਚਾਰਾ, ਅਮਰੀਕੀ ਆਰਥਿਕਤਾ ਤੋਂ 13 ਗੁਣਾਂ ਛੋਟਾ ਹੈ। ਕੁਲ ਕੌਮੀ ਵਸੋਂ 4.15 ਕਰੋੜ ਦੇ ਆਸ-ਪਾਸ ਹੈ, ਪਰ ਵਸੋਂ ਵਿਚ ਵਾਧੇ ਦੀ ਦਰ ਨਾਂਹਮੁਖੀ ਹੋਣ ਕਾਰਨ ਉਸ ਨੂੰ ਪਰਵਾਸੀਆਂ ਦੀ ਆਮਦ ਦੀ ਅਜੇ ਵੀ ਜ਼ਰੂਰਤ ਹੈ। ਉਸ ਦੀ ਇਹ ਜ਼ਰੂਰਤ ਚੀਨ, ਭਾਰਤ ਤੇ ਮੱਧ-ਪੂਰਬ ਤੋਂ ਆਏ ਪਰਵਾਸੀ ਕਈ ਦਸ਼ਕਾਂ ਤੋਂ ਪੂਰੀ ਕਰਦੇ ਆ ਰਹੇ ਸਨ। ਪਰ ਅਰਥਚਾਰੇ ਦੇ ਵਿਕਾਸ ਦੀ ਦਰ ਸੁਸਤ ਰਹਿਣ ਅਤੇ ਵਿਦੇਸ਼ੀਆਂ ਦੇ ਨੇਮਬੰਦ ਆਵਾਸ ਦੀ ਥਾਂ ਗ਼ੈਰਕਾਨੂੰਨੀ ਆਵਾਸ ਦੀ ਵਿਆਪਕਤਾ ਨੇ ਉਸ ਮੁਲਕ ਲਈ ਨਵੀਆਂ ਨਵੀਆਂ ਸਿਰਦਰਦੀਆਂ ਪੈਦਾ ਕਰ ਦਿਤੀਆਂ। ਅਜਿਹੀ ਸਥਿਤੀ ਨੇ ਪਿਛਲੇ ਦੋ-ਢਾਈ ਵਰਿ੍ਹਆਂ ਤੋਂ ਸਖ਼ਤੀ ਦਾ ਦੌਰ ਉਪਜਾਇਆ ਜਿਸ ਦੀ ਗਾਜ਼ ਹੁਣ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ ਉੱਤੇ ਡਿੱਗ ਰਹੀ ਹੈ।

ਇਸ ਸੂਰਤੇਹਾਲ ਲਈ ਭਾਰਤੀ ਵੀ ਇਕ ਹੱਦ ਤਕ ਜ਼ਿੰਮੇਵਾਰ ਹਨ। ਕੁਝ ਸਾਲ ਪਹਿਲਾਂ ਤਕ ਉਨ੍ਹਾਂ ਦੀਆਂ ਪ੍ਰਾਪਤੀਆਂ ਜਾਂ ਕੀਰਤੀਮਾਨ ਅਮਰੀਕਨ-ਕੈਨੇਡੀਅਨ ਮੀਡੀਆ ਵਿਚ ਸਾਰਥਿਕ ਤੌਰ ’ਤੇ ਚਰਚਿਤ ਹੁੰਦੇ ਸਨ। ਹੁਣ ਉਨ੍ਹਾਂ ਦੀ ਥਾਂ ਅਪਰਾਧ ਤੇ ਕੁਕਰਮ ਲੈਣ ਲੱਗੇ ਹਨ। ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੈ ਜਦੋਂ ਕਿਸੇ ਭਾਰਤੀ ਦੇ ਅਪਰਾਧਾਂ ਨਾਲ ਜੁੜੀ ਖ਼ਬਰ, ਮੀਡੀਆ ਮੰਚਾਂ ਦੀਆਂ ਸੁਰਖ਼ੀਆਂ ਦਾ ਹਿੱਸਾ ਨਾ ਬਣੀ ਹੋਵੇ। ਇਹ ਮੰਦਭਾਗੀ ਸਥਿਤੀ ਹੈ। ਉਪਰੋਂ ਅਮਰੀਕੀ ਖ਼ੁਫ਼ੀਆ ਏਜੰਸੀ ਐਫ਼.ਬੀ.ਆਈ. ਦੀ ਰਿਪੋਰਟ ਕਿ ਲਾਰੈਂਸ ਬਿਸ਼ਨੋਈ ਤੇ ਹੋਰ ਭਾਰਤੀ ਅਪਰਾਧਿਕ ਸਰਗਨੇ ਉੱਤਰ ਅਮਰੀਕੀ ਤੇ ਯੂਰੋਪੀਅਨ ਦੇਸ਼ਾਂ ਤੋਂ ਇਲਾਵਾ ਦੁਨੀਆਂ ਦੇ ਹੋਰਨਾਂ ਵੱਖ ਵੱਖ ਹਿੱਸਿਆਂ ਵਿਚ ਵੀ ਸੁਪਾਰੀਆਂ, ਫ਼ਿਰੌਤੀਆਂ, ਜਬਰੀ ਵਸੂਲੀਆਂ ਤੇ ਨਸ਼ਿਆਂ ਦੀ ਸਪਲਾਈ ਵਰਗੇ ਮੁਜਰਿਮਾਨਾ ਧੰਦੇ ਚਲਾ ਰਹੇ ਹਨ, ਭਾਰਤੀਆਂ ਦੇ ਮਿਹਨਤੀ ਤੇ ਸਿਰੜੀ ਕਰਮੀਆਂ ਵਾਲੇ ਅਕਸ ਉੱਤੇ ਗਹਿਰਾ ਦਾਗ਼ ਲਾ ਗਈ ਹੈ। ਮੀਡੀਆ ਰਿਪੋਰਟਾਂ ਸੀ.ਬੀ.ਐਸ.ਏ. ਦੇ ਹਵਾਲੇ ਨਾਲ ਦੱਸਦੀਆਂ ਹਨ ਕਿ ਭਾਰਤੀ ਅਪਰਾਧੀ ਗਰੋਹ ਅਪਣੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਦੇ ਵਿਸਥਾਰ ਲਈ ਕੌਮਾਂਤਰੀ ਵਿਦਿਆਰਥੀਆਂ, ਖ਼ਾਸ ਕਰ ਕੇ ਨਵੇਂ ਨਵੇਂ ਪਹੁੰਚੇ ਭਾਰਤੀ ਵਿਦਿਆਰਥੀਆਂ ਦੀ ਵਰਤੋਂ ਵਧਾਉਂਦੇ ਜਾ ਰਹੇ ਹਨ। ਇਹ ਰੁਝਾਨ ਹੋਰ ਵੀ ਮੰਦਭਾਗਾ ਹੈ।

Share this content:

Post Comment