Loading Now

ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਮੂਹ ਧਰਮ ਨਿਰਪੱਖ ਤੇ ਇਨਸਾਫ ਪਸੰਦ ਤਾਕਤਾਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ-ਡਾ. ਸੁੱਚਾ ਸਿੰਘ ਗਿੱਲ

ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਮੂਹ ਧਰਮ ਨਿਰਪੱਖ ਤੇ ਇਨਸਾਫ ਪਸੰਦ ਤਾਕਤਾਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ-ਡਾ. ਸੁੱਚਾ ਸਿੰਘ ਗਿੱਲ

SAVE_20260621_192053-1024x371 ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਮੂਹ ਧਰਮ ਨਿਰਪੱਖ ਤੇ ਇਨਸਾਫ ਪਸੰਦ ਤਾਕਤਾਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ-ਡਾ. ਸੁੱਚਾ ਸਿੰਘ ਗਿੱਲ
ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ. ਸੁੱਚਾ ਸਿੰਘ ਗਿੱਲ, ਨਾਲ ਮੰਚ ’ਤੇ ਇੰਜ. ਕਰਮਜੀਤ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ, ਸਤਨਾਮ ਸਿੰਘ ਮਾਣਕ, ਨਰੰਜਣ ਸਿੰਘ, ਬਲਬੀਰ ਕੁਮਾਰ ਤੇ ਹੋਰ।

-ਦੇਸ਼ ਅੰਦਰ ਐਮਰਜੈਂਸੀ ਤੋਂ ਵੀ ਮਾੜੇ ਹਾਲਾਤ ਬਣੇ

-ਪੰਜਾਬ ਚੇਤਨਾ ਮੰਚ ਤੇ ਅਦਾਰਾ ‘ਰਣਜੀਤ’ ਵਲੋਂ ਜਲੰਧਰ ’ਚ ਸੈਮੀਨਾਰ

-ਸਾਬਕਾ ਈ. ਡੀ. ਅਧਿਕਾਰੀ ਨਰੰਜਨ ਸਿੰਘ, ਪੱਤਰਕਾਰ ਸਤਨਾਮ ਸਿੰਘ ਮਾਣਕ ਤੇ ਹੋਰ ਵਿਦਵਾਨਾਂ ਨੇ ਵੀ ਪੇਸ਼ ਕੀਤੇ ਵਿਚਾਰ

ਜਲੰਧਰ, 22 ਜੂਨ ( ਏ.ਡੀ.ਪੀ. ਨਿਊਜ਼) ਦੇਸ਼ ’ਚ ਪਿਛਲੇ ਕੁੱਝ ਸਮੇਂ ਤੋਂ ਜਿਸ ਤਰ੍ਹਾਂ ਧਰੁਵੀਕਰਨ ਦੀ ਰਾਜਨੀਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਫਿਰਕੂ ਵੰਡ ਦੇ ਆਧਾਰ ’ਤੇ ਵੋਟਾਂ ਲੈਣ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਉਸ ਨੇ ਦੇਸ਼ ਨੂੰ ਇਕ ਵੱਡੇ ਸੰਕਟ ਵੱਲ ਧੱਕ ਦਿੱਤਾ ਹੈ। ਅੱਜ ਲੋਕਾਂ ਕੋਲੋਂ ਬੋਲਣ ਦਾ ਹੱਕ ਖੋਹਿਆ ਜਾ ਰਿਹਾ ਹੈ ਤੇ ਵਿਚਾਰਾਂ ਦੇ ਪ੍ਰਗਟਾਵਾ ਦੀ ਆਜ਼ਾਦੀ ’ਤੇ ਸਖਤ ਪਹਿਰਾ ਹੈ। ਲੋਕਾਂ ਦੇ ਬੁਨਿਆਦੀ ਤੇ ਜਮਹੂਰੀ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ ਤੇ ਮੀਡੀਆ ਦਾ ਵੀ ਗਲਾ ਘੁੱਟਿਆ ਜਾ ਰਿਹਾ ਹੈ। ਵੋਟਾਂ ਦੀ ਸੁਧਾਈ (ਐਸ. ਆਈ. ਆਰ) ਦੀ ਆੜ ਹੇਠ ਵੋਟਾਂ ਕੱਟੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਦਾ ਵੋਟ ਪਾਉਣ ਦਾ ਬੁਨਿਆਦੀ ਹੱਕ ਵੀ ਮਾਰਿਆ ਜਾ ਰਿਹਾ ਹੈ। ਸਮੁੱਚੇ ਮੁਲਕ ਅੰਦਰ ਇਕ ਤਰ੍ਹਾਂ ਨਾਲ ਐਮਰਜੈਂਸੀ ਤੋਂ ਵੀ ਮਾੜੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਤੇ ਇਹ ਸੰਕਟ ਏਨਾ ਡੂੰਘਾ ਤੇ ਭਿਆਨਕ ਹੈ ਕਿ ਐਮਰਜੈਂਸੀ ਦੇ ਸਮੇਂ ਵੀ ਲੋਕਾਂ ਦੇ ਬੋਲਣ ਅਤੇ ਮੀਡੀਆ ਦੀ ਆਜ਼ਾਦੀ ’ਤੇ ਏਨੀਆਂ ਪਾਬੰਦੀਆਂ ਨਹੀਂ ਸਨ ਪਰ ਅੱਜ ਜਿਸ ਤਰ੍ਹਾਂ ਦੇਸ਼ ਅੰਦਰ ਡਰ ਤੇ ਸਹਿਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਤੇ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਅੰਦਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਆਰਥਿਕ, ਸਮਾਜਿਕ ਤੇ ਰਾਜਸੀ ਮਾਮਲਿਆਂ ਦੇ ਮਾਹਿਰ ਡਾ. ਸੁੱਚਾ ਸਿੰਘ ਗਿੱਲ ਨੇ ਅੱਜ ਇਥੇ ਪੰਜਾਬ ਚੇਤਨਾ ਮੰਚ ਤੇ ਅਦਾਰਾ ‘ਰਣਜੀਤ’ ਮੈਗਜ਼ੀਨ ਵਲੋਂ ਐਮਰਜੈਂਸੀ ਦੀ 51ਵੀਂ ਵਰ੍ਹੇਗੰਢ ਦੇ ਸੰਦਰਭ ’ਚ ‘ਦੇਸ਼ ਅੰਦਰ ਜਮਹੂਰੀਅਤ ਨੂੰ ਦਰਪੇਸ਼ ਚੁਣੌਤੀਆਂ’ ਦੇ ਵਿਸ਼ੇ ’ਤੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਜਮਹੂਰੀਅਤ ਨੂੰ ਹੀ ਗੰਭੀਰ ਖਤਰਾ ਨਹੀਂ ਹੈ, ਬਲਕਿ ਅੰਤਰ ਰਾਸ਼ਟਰੀ ਪੱਧਰ ’ਤੇ ਵੀ ਜਿਸ ਤਰ੍ਹਾਂ ਦੀਆਂ ਕਮਜ਼ੋਰ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਉਸ ਨਾਲ ਦੇਸ਼ ਦੀ ਪ੍ਰਭੂਸੱਤਾ ਵੀ ਇਕ ਤਰ੍ਹਾਂ ਨਾਲ ਦਾਅ ’ਤੇ ਲੱਗੀ ਹੋਈ ਹੈ। ਇਸ ਮੌਕੇ ਡਾ. ਸੁੱਚਾ ਸਿੰਘ ਗਿੱਲ ਨੇ ਦੇਸ਼ ਅੰਦਰ ਐਮਰਜੈਂਸੀ ਤੋਂ ਪਹਿਲਾਂ ਤੇ ਬਾਅਦ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਿਛਲੇ ਕਰੀਬ ਡੇਢ ਦਹਾਕੇ ਅੰਦਰ ਦੇਸ਼ ਦੇ ਰਾਜਨੀਤਕ, ਆਰਥਿਕ ਤੇ ਸਮਾਜਿਕ ਖੇਤਰ ’ਚ ਖਤਰਨਾਕ ਤੇ ਚਿੰਤਾਜਨਕ ਤਬਦੀਲੀਆਂ ਆਈਆਂ ਹਨ, ਜਿਸ ਨੇ ਦੇਸ਼ ਅੰਦਰ ਜਮਹੂਰੀਅਤ ਲਈ ਹੀ ਗੰਭੀਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਡਾ. ਗਿਲ ਨੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸਮੂਹ ਧਰਮ ਨਿਰਪੱਖ ਤੇ ਇਨਸਾਫ ਪਸੰਦ ਲੋਕਾਂ ਨੂੰ ਇਕਜੁੱਟ ਹੋ ਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਾਂਗ ਹੀ ਲੜਾਈ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਨੌਜਵਾਨਾਂ ਅੰਦਰ ਮੌਜੂਦਾ ਵਰਤਾਰੇ ਪ੍ਰਤੀ ਚੇਤਨਾ ਪੈਦਾ ਕਰਨ ਦੀ ਬੇਹੱਦ ਲੋੜ ਹੈ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਵਲੋਂ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ ਵੀ ਦਲੀਲ ਤੇ ਤਰਕ ਨਾਲ ਦਿੱਤੇ। ਇਸ ਮੌਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਅਧਿਕਾਰੀ ਨਰੰਜਣ ਸਿੰਘ ਨੇ ਮੌਜੂਦਾ ਸੰਕਟ ਲਈ ਇਨਸਾਨ ਦੇ ਕਿਰਦਾਰ ’ਚ ਆਏ ਨਿਘਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਅੱਜ ਅਸੀਂ ਏਨੇ ਬੁਜ਼ਦਿਲ ਹੋ ਚੁੱਕੇ ਹਾਂ ਕਿ ਸੱਚ ਨੂੰ ਸੱਚ ਕਹਿਣ ਤੋਂ ਵੀ ਡਰਨ ਲੱਗੇ ਹਾਂ ਤੇ ਇਹੀ ਵਜ੍ਹਾ ਹੈ ਕਿ ਮੌਜੂਦਾ ਨਿਜ਼ਾਮ ਆਪਣੀ ਮਨ ਮਰਜ਼ੀ ਕਰਨ ’ਚ ਸਫਲ ਹੋ ਰਿਹਾ ਹੈ। ਬਾਅਦ ’ਚ ਸਾਰਿਆਂ ਦਾ ਧੰਨਵਾਦ ਕਰਿਦਆਂ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਵੀ ਦੇਸ਼ ਦੇ ਮੌਜੂਦਾ ਹਾਲਾਤ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਮੂਹ ਧਰਮ ਨਿਰਪੱਖ ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਫਿਰਕਾਪ੍ਰਸਤ ਤਾਕਤਾਂ ਖਿਲਾਫ ਡੱਟਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਸਾਰੇ ਲੋਕਾਂ ਤੇ ਖਾਸ ਕਰਕੇ ਘੱਟ ਗਿਣਤੀਆਂ ਦੀ ਇਸ ਵਿਚ ਬਰਾਬਰ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ ਤੇ ਸਾਰਿਆਂ ਨੂੰ ਵੋਟ ਪਾਉਣ ਅਤੇ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੁੱਖ ਬੁਲਾਰੇ ਤੇ ਹੋਰਨਾਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬ ਚੇਤਨਾ ਮੰਚ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਜਮਹੂਰੀਅਤ ਨੂੰ ਬਚਾਉਣ ਲਈ ਦੇਸ਼ ਵਿਆਪੀ ਲੋਕ ਲਹਿਰ ਚਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਬਲਬੀਰ ਕੁਮਾਰ ਅਤੇ ਪਰਮਜੀਤ ਸਿੰਘ ਨਿੱਕੇ ਘੁੰਮਣਾਂ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਦਾ ਸੰਚਾਲਨ ਗੁਰਮੀਤ ਪਲਾਹੀ ਵਲੋਂ ਕੀਤਾ ਗਿਆ। ਇਸ ਮੌਕੇ ਇੰਜ. ਕਰਮਜੀਤ ਸਿੰਘ, ਡਾ. ਆਸਾ ਸਿੰਘ ਘੁੰਮਣ, ਸੁਰਜੀਤ ਜੱਜ, ਰਮੇਸ਼ ਯਾਦਵ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਕੁਲਵੰਤ ਸਿੰਘ ਦਾਲਮ, ਬਲਜੀਤ ਬੱਲ, ਇੰਦਰਜੀਤ ਸਿੰਘ ਆਰਟਿਸਟ, ਡੀ. ਆਰ. ਬੰਦਨਾ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਮੌਜੂਦ ਸਨ।

 

Share this content:

Post Comment