ਪੰਜਾਬ ਯੂਨੀਵਰਸਿਟੀ ‘ਚ ਜਲਦ ਪੰਜਾਬੀ ‘ਚ ਹੋਣਗੇ ਸਾਈਨ ਬੋਰਡ ਤੇ ਨੇਮ ਪਲੇਟਾਂ
ਚੰਡੀਗੜ੍ਹ, 10 ਜੂਨ – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਛੇਤੀ ਹੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕੀਤੇ ਜਾਣ ਦਾ ਕਦਮ ਚੁੱਕਿਆ ਜਾ ਰਿਹਾ ਹੈ। ਯੂਨੀਵਰਸਿਟੀ ‘ਚ ਛੇਤੀ ਹੀ ਸਾਰੇ ਸਾਈਨ ਬੋਰਡ ਤੇ ਨੇਮ ਪਲੇਟਾਂ ਮਾਂ ਬੋਲੀ ਪੰਜਾਬੀ ਵਿੱਚ ਵਿਖਾਈ ਦੇਣਗੇ। ਇਸ ਸਬੰਧੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰੇਨੂੰ ਵਿੱਗ ਨੇ ਪੱਤਰ ਜਾਰੀ ਕੀਤਾ ਹੈ। ਵਾਈਸ ਚਾਂਸਲਰ ਵੱਲੋਂ ਇਹ ਹੁਕਮ GeM ਪੋਰਟਲ ‘ਤੇ ਜਾਰੀ ਕੀਤੇ ਗਏ ਹਨ, ਜੋ ਕਿ ਉਪ ਰਾਸ਼ਟਰਪਤੀ ਦਫ਼ਤਰ ਤੋਂ ਮਿਲੇ ਪੱਤਰ ਉਪਰੰਤ ਹੋਈ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਇਹ ਫੈਸਲਾ ਉਦੋਂ ਆਇਆ ਹੈ ਜਦੋਂ ਵਿਦਿਆਰਥੀ ਸੰਗਠਨ “ਸਾਥ” ਨੇ ਵੱਖ-ਵੱਖ ਯੂਨੀਵਰਸਿਟੀ ਵਿਭਾਗਾਂ ਵਿੱਚ ਲਗਾਏ ਗਏ ਨਵੇਂ ਸਾਈਨ ਬੋਰਡਾਂ ਅਤੇ ਨੇਮ ਪਲੇਟਾਂ ਦਾ ਵਿਰੋਧ ਕੀਤਾ ਸੀ। ਇਨ੍ਹਾਂ ਸਾਈਨ ਬੋਰਡਾਂ ਵਿੱਚ ਹਿੰਦੀ, ਅੰਗਰੇਜ਼ੀ ਅਤੇ ਬ੍ਰੇਲ ਵਿੱਚ ਜਾਣਕਾਰੀ ਦਿੱਤੀ ਗਈ ਸੀ, ਪਰ ਪੰਜਾਬੀ ਸ਼ਾਮਲ ਨਹੀਂ ਸੀ। ਵਿਰੋਧ ਵਿੱਚ, ਵਿਦਿਆਰਥੀਆਂ ਨੇ ਕੁਝ ਸਾਈਨ ਬੋਰਡਾਂ ਨੂੰ ਨੁਕਸਾਨ ਵੀ ਪਹੁੰਚਾਇਆ।
ਇਸ ਤੋਂ ਬਾਅਦ, ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਨੂੰ ਪੱਤਰ ਲਿਖ ਕੇ ਸਾਈਨ ਬੋਰਡਾਂ ‘ਤੇ ਪੰਜਾਬੀ ਭਾਸ਼ਾ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਨੇ ਸੰਸਦ ਮੈਂਬਰ ਨੂੰ ਇੱਕ ਪੱਤਰ ਵਿੱਚ ਸੂਚਿਤ ਕੀਤਾ ਕਿ ਉਸਾਰੀ ਦਫ਼ਤਰ ਨੇ ਪੰਜਾਬੀ ਸਾਈਨ ਬੋਰਡਾਂ ਲਈ ਖਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੋਰਟਲ ‘ਤੇ ਖਰੀਦ ਆਰਡਰ ਜਾਰੀ ਕਰ ਦਿੱਤਾ ਗਿਆ ਹੈ, ਅਤੇ ਜਲਦੀ ਹੀ ਨਵੇਂ ਬੋਰਡ ਲਗਾਏ ਜਾਣਗੇ।
Share this content:



Post Comment