ਕਰਨਾਟਕਾ CM ਸਿੱਧਾਰਮਈਆ ਨੇ ਦਿੱਤਾ ਅਸਤੀਫਾ
ਬੰਗਲੂਰੁ, 29 ਮਈ – ਕਾਂਗਰਸ ਆਗੂ ਸਿੱਧਾਰਮੱਈਆ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਹਾਈ ਕਮਾਂਡ ਨੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਸੀ। ਉਨ੍ਹਾਂ ਮੁੱਖ ਮੰਤਰੀ ਵਜੋਂ ਦੋ ਵਾਰ ਕਰਨਾਟਕ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਕਾਂਗਰਸੀ ਲੀਡਰਸ਼ਿਪ- ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ। ਰਾਜਪਾਲ ਥਾਵਰਚੰਦ ਗਹਿਲੋਤ ਦੇ ਸੂਬੇ ਤੋਂ ਬਾਹਰ ਹੋਣ ਕਰ ਕੇ ਸਿੱਧਾਰਮੱਈਆ ਨੇ ਇਥੇ ਲੋਕ ਭਵਨ ਵਿੱਚ ਰਾਜਪਾਲ ਦੇ ਵਿਸ਼ੇਸ਼ ਸਕੱਤਰ ਪ੍ਰਭੂ ਸ਼ੰਕਰ ਨੂੰ ਆਪਣਾ ਅਸਤੀਫ਼ਾ ਸੌਂਪਿਆ। ਸਿੱਧਾਰਮੱਈਆ ਨੇ ਮਗਰੋਂ ਆਪਣੇ ਡਿਪਟੀ ਤੇ ਜਾਨਸ਼ੀਨ ਡੀ ਕੇ ਸ਼ਿਵਕੁਮਾਰ ਦੀ ਹਾਜ਼ਰੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਂ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।’’ ਉਨ੍ਹਾਂ ਭਰੋਸਾ ਜਤਾਇਆ ਕਿ ਰਾਜਪਾਲ ਸੰਵਿਧਾਨਕ ਵਿਵਸਥਾਵਾਂ ਤਹਿਤ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲੈਣਗੇ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਸਪਸ਼ਟ ਕਰਦੇ ਰਹੇ ਹਨ ਕਿ ਜਦੋਂ ਹਾਈ ਕਮਾਂਡ ਦਾ ਹੁਕਮ ਹੋਵੇਗਾ ਉਹ ਅਸਤੀਫ਼ਾ ਦੇ ਦੇਣਗੇ। ਲੋਕ ਭਵਨ ਜਾਣ ਮੌਕੇ ਸਿੱਧਾਰਮੱਈਆ ਨਾਲ ਸ਼ਿਵਕੁਮਾਰ ਤੇ ਉਨ੍ਹਾਂ ਦੇ ਹੋਰ ਕੈਬਨਿਟ ਸਾਥੀ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਅੱਜ ਦਿਨੇ ਸਿੱਧਾਰਮੱਈਆ ਨੇ ਆਪਣੀ ਰਿਹਾਇਸ਼ ’ਤੇ ਕੈਬਨਿਟ ਸਾਥੀਆਂ ਲਈ ਨਾਸ਼ਤੇ ਦੀ ਮੇਜ਼ਬਾਨੀ ਕੀਤੀ। ਉਨ੍ਹਾਂ ਸਾਥੀਆਂ ਨੂੰ ਅਹੁਦਾ ਛੱਡਣ ਬਾਰੇ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਪਾਰਟੀ ਹਾਈ ਕਮਾਂਡ ਦੀਆਂ ਹਦਾਇਤਾਂ ਮੁਤਾਬਕ ਉਪ ਮੁੱਖ ਮੰਤਰੀ ਸ਼ਿਵਕੁਮਾਰ ਉਨ੍ਹਾਂ ਦੇ ਜਾਨਸ਼ੀਨ ਹੋਣਗੇ। ਮੁੱਖ ਮੰਤਰੀ ਦਫ਼ਤਰ ਨੇ ਮਗਰੋਂ ਇਸ ਬੈਠਕ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ ਦੌਰਾਨ ਸਿੱਧਾਰਮੱਈਆ ਦੇ ਸਮਰਥਕਾਂ ਨੇ ਅਸਤੀਫ਼ੇ ਦੇ ਵਿਰੋਧ ਵਿੱਚ ਰਾਜ ਦੇ ਕਈ ਹਿੱਸਿਆਂ ਵਿੱਚ ਰੋਸ ਮੁਜ਼ਾਹਰੇ ਕੀਤੇ। ਦੂਜੇ ਪਾਸੇ ਡੀ ਕੇ ਸ਼ਿਵਕੁਮਾਰ ਦੀ ਰਿਹਾਇਸ਼ ਨੇੇੜੇ ਜਸ਼ਨ ਦਾ ਮਾਹੌਲ ਸੀ। ਇਸ ਦੌਰਾਨ ਕਾਂਗਰਸ ਆਗੂ ਸਿੱਧਾਰਮੱਈਆ, ਉਨ੍ਹਾਂ ਦੇ ਪੁੱਤਰ ਯਾਤਿੰਦਰਾ ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੂੰ ਦਿੱਲੀ ਲੈ ਕੇ ਆ ਰਹੀ ਵਿਸ਼ੇਸ਼ ਉਡਾਣ ਨੂੰ ਖ਼ਰਾਬ ਮੌਸਮ ਦੇ ਚਲਦਿਆਂ ਨਵੀਂ ਦਿੱਲੀ ਦੀ ਥਾਂ ਜੈਪੁਰ ਵਿੱਚ ਉੱਤਰਨਾ ਪਿਆ ਹੈ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਮਗਰੋਂ ਸਿੱਧਾਰਮੱਈਆ ਕੌਮੀ ਰਾਜਧਾਨੀ ਲਈ ਰਵਾਨਾ ਹੋਏ ਸਨ। ਸੀ ਐੱਮ ਓ ਨੇ ਬਿਆਨ ਵਿੱਚ ਕਿਹਾ ਕਿ ਇਸ ਵਿਸ਼ੇਸ਼ ਉਡਾਣ ਵਿੱਚ ਸਿੱਧਾਰਮੱਈਆ ਤੇ ਸੁਰਜੇਵਾਲਾ ਤੋਂ ਇਲਾਵਾ ਮੰਤਰੀ ਕੇੇ ਜੇ ਜੌਰਜ, ਬੈਰਾਥੀ ਸੁਰੇਸ਼, ਕਾਨੂੰਨੀ ਸਲਾਹਕਾਰ ਪੋਨੰਨਾ, ਸਿੱਧਾਰਮੱਈਆ ਦਾ ਐੱਮ ਐੱਲ ਸੀ ਪੁੱਤਰ ਯਾਤਿੰਦਰਾ, ਕਾਂਗਰਸ ਦੇ ਸਕੱਤਰ ਅਭਿਸ਼ੇਕ ਦੱਤ ਵੀ ਮੌਜੁਦ ਸਨ।
Share this content:



Post Comment