ਬੇਰੁਜ਼ਗਾਰੀ ਦੂਰ ਕਰਨਾ ਬਣੇ ਤਰਜੀਹ
1991 ਵਿਚ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਤੇਜ਼ ਕਰਨ ਦਾ ਟੀਚਾ ਰੁਜ਼ਗਾਰ ਵਿਚ ਵਾਧਾ ਕਰਨਾ ਅਤੇ ਦੇਸ਼ ਵਿਚ ਸੰਤੁਲਿਤ ਵਿਕਾਸ ਵੱਲ ਵਧਣਾ ਸੀ। ਸੁਧਾਰਾਂ ਤੋਂ ਬਾਅਦ ਇਨ੍ਹਾਂ ਵਿਚ ਵਾਧਾ ਹੋਇਆ ਹੈ ਅਤੇ ਇਹੋ ਕਾਰਨ ਹੈ ਕਿ ਭਾਰਤ ਦੀ ਆਰਥਿਕਤਾ ਜਿਹੜੀ ਦੁਨੀਆ ਭਰ ਵਿਚ ਛੇਵੇਂ ਸਥਾਨ ’ਤੇ ਸੀ, ਉਹ ਚੌਥੇ ਸਥਾਨ ’ਤੇ ਆ ਗਈ ਹੈ ਅਤੇ ਛੇਤੀ ਹੀ ਜਾਪਾਨ ਦੀ ਅਰਥ ਵਿਵਸਥਾ ਤੋਂ ਵਧ ਕੇ ਇਹ ਦੁਨੀਆ ਦੀ ਤੀਸਰੀ ਵੱਡੀ ਅਰਥਵਿਵਸਥਾ ਬਣ ਜਾਵੇਗੀ। ਪਰ ਜੇ ਦੇਸ਼ ਵਿਚ ਰੁਜ਼ਗਾਰ ਦੀ ਸਥਿਤੀ, ਹਰ ਸਾਲ ਵਧਦੀ ਮਹਿੰਗਾਈ, ਭਾਰਤੀ ਰੁਪਏ ਦੀ ਵਿਦੇਸ਼ੀ ਕਰੰਸੀਆਂ ਦੇ ਹਿਸਾਬ ਨਾਲ ਡਿੱਗਦੀ ਕੀਮਤ ਅਤੇ ਸਭ ਤੋਂ ਵੱਧ ਦਿਨ-ਬ-ਦਿਨ ਵਧਦੀ ਆਮਦਨ ਦੀ ਨਾਬਰਾਬਰੀ ਵੱਲ ਧਿਆਨ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਦੇ ਵਿਕਾਸ ਬਾਰੇ ਅਨੇਕਾਂ ਖ਼ਦਸ਼ੇ ਪੈਦਾ ਹੁੰਦੇ ਹਨ।
ਹਰ ਕੋਈ ਇਸ ਤੋਂ ਹੋਰ ਪਰੇਸ਼ਾਨ ਹੋ ਜਾਂਦਾ ਹੈ ਕਿ ਇਸ ਵਿਕਾਸ ਨਾਲ ਕੀ ਲਾਭ ਹੋਇਆ ਹੈ। ਨਿੱਜੀ ਕਾਰੋਬਾਰਾਂ ਲਈ ਵੱਧ ਤੋਂ ਵੱਧ ਉਦਾਰੀਕਰਨ ਦੀਆਂ ਨੀਤੀਆਂ ਅਪਣਾਈਆਂ ਗਈਆਂ ਸਨ ਤਾਂ ਕਿ ਮੁੱਖ ਤੌਰ ’ਤੇ ਉਤਪਾਦਨ ਅਤੇ ਰੁਜ਼ਗਾਰ ਦੋਵਾਂ ਵਿਚ ਵਾਧਾ ਹੋਵੇ, ਉਤਪਾਦਨ ਵਿਚ ਤਾਂ ਬਹੁਤ ਵਾਧਾ ਹੋ ਗਿਆ ਪਰ ਇਹ ਰੁਜ਼ਗਾਰ ਦੀ ਲਾਗਤ ’ਤੇ ਹੋਇਆ। ਇਸ ਵਕਤ ਭਾਰਤ ਵਿਚ ਪਿਛਲੇ 50 ਸਾਲਾਂ ਵਿਚ ਸਭ ਤੋਂ ਵੱਧ ਬੇਰੁਜ਼ਗਾਰੀ ਦੇ ਨਾਲ ਹੀ ਅਰਧ-ਬੇਰੁਜ਼ਗਾਰੀ ਹੈ। ਇਨ੍ਹਾਂ ਆਰਥਿਕ ਸੁਧਾਰਾਂ ਨੇ ਵੱਡੀਆਂ ਬਹੁਦੇਸ਼ੀ ਕੰਪਨੀਆਂ ਨੂੰ ਬਹੁਤ ਚੰਗੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਆਟੋਮੈਟਿਕ ਅਤੇ ਕੀਮਤੀ ਮਸ਼ੀਨਾਂ ਤੇ ਰਿਮੋਟ ਪ੍ਰਣਾਲੀ ਨੂੰ ਕਿਰਤੀਆਂ ਦੀ ਜਗ੍ਹਾ ਵਰਤ ਕੇ, ਪਹਿਲਾਂ ਤੋਂ ਹੀ ਬੇਰੁਜ਼ਗਾਰ ਵਸੋਂ ਵਿਚ ਹੋਰ ਬੇਰੁਜ਼ਗਾਰੀ ਪੈਦਾ ਕਰ ਦਿੱਤੀ ਹੈ।
ਪਿਛਲੇ 2-3 ਸਾਲਾਂ ਵਿਚ ਕਿਰਤ ਮੰਡੀ ਵਿਚ ਜਿੱਥੇ ਇਕ ਕਰੋੜ ਨਵੇਂ ਲੋਕ ਹਰ ਸਾਲ ਸ਼ਾਮਿਲ ਹੋ ਰਹੇ ਹਨ, ਉੱਥੇ ਸਿਰਫ਼ 27 ਲੱਖ ਨੌਕਰੀਆਂ ਸਾਲਾਨਾ ਹੀ ਪੈਦਾ ਹੋ ਰਹੀਆਂ ਹਨ।ਦੁਨੀਆ ਵਿਚ ਭਾਰਤ ਭਾਵੇਂ ਵਸੋਂ ਦੇ ਹਿਸਾਬ ਨਾਲ ਪਹਿਲੇ ਨੰਬਰ ਦਾ ਦੇਸ਼ ਹੈ, ਪਰ ਦੁਨੀਆ ਵਿਚ ਸਭ ਤੋਂ ਬੇਰੁਜ਼ਗਾਰ ਵੀ ਇੱਥੇ ਹੀ ਹਨ, ਸਭ ਤੋਂ ਵੱਧ 4 ਕਰੋੜ ਦੇ ਕਰੀਬ ਬੱਚੇ ਕਿਰਤ ਕਰਨ ਲਈ ਮਜਬੂਰ ਹਨ। ਗ਼ਰੀਬੀ ਦੀ ਦਿੱਤੀ ਗਈ ਵਿਵਾਦਿਤ ਪਰਿਭਾਸ਼ਾ ਦੇ ਬਾਵਜੂਦ, ਇਸ ਦੇਸ਼ ’ਚ ਬਹੁਤ ਜ਼ਿਆਦਾ ਗ਼ਰੀਬੀ ਹੈ। ਗ਼ਰੀਬੀ ਦੀ ਮੁੱਖ ਵਜ੍ਹਾ ਹੀ ਬੇਰੁਜ਼ਗਾਰੀ ਹੈ ਅਤੇ ਇਸ ਗ਼ਰੀਬੀ ਨਾਲ ਹੋਰ ਸਮਾਜਿਕ ਬੁਰਾਈਆਂ ਪੈਦਾ ਹੁੰਦੀਆਂ ਹਨ। ਗ਼ਰੀਬੀ ਦਾ ਇਕ ਕਾਰਨ ਆਮਦਨ ਨਾਬਰਾਬਰੀ ਹੈ, ਜਿਹੜੀ ਹਰ ਸਾਲ ਘਟਣ ਦੀ ਬਜਾਏ ਵਧ ਰਹੀ ਹੈ।
Share this content:



Post Comment