Loading Now

ਕਹਾਣੀ/ਦਿਲਚਸਪੀ/ਡਾ. ਅਜੀਤ ਸਿੰਘ ਕੋਟਕਪੂਰਾ

ਕਹਾਣੀ/ਦਿਲਚਸਪੀ/ਡਾ. ਅਜੀਤ ਸਿੰਘ ਕੋਟਕਪੂਰਾ

ਹਰਲਾਭ ਸਿੰਘ ਹੁਣ ਇਕ ਆਜ਼ਾਦ ਪੰਛੀ ਸੀ | ਪਹਿਲਾਂ ਉਸ ਤੇ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਸਨ | ਸਮੇਂ ਸਿਰ ਸਕੂਲ ਜਾਣਾ ਉਥੇ ਬੱਚਿਆਂ ਨਾਲ ਦੋਸਤੀ ਬਣਾਉਣੀ ਉਨ੍ਹਾਂ ਨੂੰ ਪੰਜਾਬੀ ਪੜਾਉਣੀ,ਸਵਾਲ ਕਢਵਾਉਣੇ ,ਬੱਚਿਆਂ ਦੀਆਂ ਮੁਸ਼ਕਲਾਂ ਹਲ ਕਰਨੀਆਂ ਪੈਂਦੀਆਂ ਸਨ ਅਤੇ ਸਕੂਲ ਵਿਚੋਂ ਛੁਟੀ ਹੋਣ ਦਾ ਸਮਾਂ ਵੀ ਨਿਸਚਿਤ ਸੀ ਅਤੇ ਆਪਣੀ ਮਰਜ਼ੀ ਨਾਲ ਨਾ ਸਕੂਲ ਪਹੁੰਚਣ ਦਾ ਸਮਾਂ ਤੇ ਨਾ ਹੀ ਛੁਟੀ ਹੋਣ ਦਾ ਸਮਾਂ ਬਦਲ ਸਕਦਾ ਸੀ | ਭਾਵੇਂ ਉਸ ਨੂੰ ਆਪਣੇ ਵਿਦਿਆਰਥੀਆਂ ਨਾਲ ਸਮਾਂ ਬਿਤਾ ਕੇ ਅਤੇ ਉਨ੍ਹਾਂ ਦੀਆਂ ਪੜ੍ਹਾਈ ਸਬੰਧੀ ਨਿੱਕੀਆਂ ਵਡੀਆਂ ਮੁਸ਼ਕਲਾਂ ਹਲ ਕਰ ਕੇ ਖੁਸ਼ੀ ਮਿਲਦੀ ਸੀ | ਪ੍ਰੰਤੂ ਉਹ ਸਮੇਂ ਦੇ ਬੰਧਨ ਵਿਚ ਬੱਝਾ ਹੋਇਆ ਸੀ | ਹੁਣ ਉਸ ਦੀ ਸੇਵਾ ਨਵਿਰਤੀ ਹੋ ਜਾਣ ਕਾਰਨ ਸਮੇਂ ਦੇ ਬੰਧਨ ਵਿਚੋਂ ਛੁਟਕਾਰਾ ਪਾ ਚੁਕਾ ਸੀ | ਹੁਣ ਉਸ ਨੇ ਆਪਣਾ ਨਿਤਨੇਮ ਬਦਲ ਲਿਆ ਸੀ | ਪਹਿਲਾਂ ਦੀ ਤਰਾਂ ਹੀ ਸਵੇਰੇ ਉੱਠ ਕੇ ਸੈਰ ਨੂੰ ਚਲੇ ਜਾਂਦੇ ਸਨ | ਖੇਤਾਂ ਦੀ ਹਰਿਆਲੀ ਨੂੰ ਮਾਣਦੇ ਹੋਏ ਆਲਾ ਦੁਆਲਾ ਦੇਖਦੇ ਹੋਏ ਅੱਗੇ ਵਧਦੇ ਜਾਂਦੇ ਸਨ | ਖੇਤਾਂ ਵਿਚ ਕੰਮ ਕਰਦੇ ਕਾਮਿਆਂ ਨਾਲ ਗੱਲਾਂ ਕਰਦੇ ਹੋਏ ਆਪਣੀ ਸੈਰ ਪੂਰੀ ਕਰ ਘਰ ਵਾਪਸ ਆ ਜਾਇਆ ਕਰਦੇ ਸਨ | ਫਿਰ  ਇਸ਼ਨਾਨ ਪਾਣੀ ਕਰਨ ਤੋਂ ਬਾਅਦ ਹੁਣ ਥੋੜਾ ਸਮਾਂ ਆਪਣੇ ਪਰਮਾਤਮਾ ਨੂੰ ਯਾਦ ਕਰਨ ਵਿਚ ਬਿਤਾਇਆ ਕਰਦੇ ਸਨ |

ਉਸ ਤੋਂ ਬਾਅਦ ਨਾਸ਼ਤਾ ਕਰ ਦੇ ਸਨ | ਇਸ ਤਰਾਂ ਨਾਲ ਉਨ੍ਹਾਂ ਨੇ ਆਪਣਾ ਦਿਨ ਸ਼ੁਰੂ ਕਰਨਾ ਚਾਲੂ ਕਰ ਦਿਤਾ ਸੀ | ਇਸ ਤੋਂ ਬਾਅਦ ਉਹ ਥੋੜੀ ਦੇਰ ਅਰਾਮ ਕਰਦੇ ਸਨ ਅਤੇ ਆਪਣੇ ਛੋਟੇ ਛੋਟੇ ਪੋਤੇ ਅਤੇ ਪੋਤੀਆਂ ਨਾਲ ਸਮਾਂ ਬਿਤਾ ਲਿਆ ਕਰਦੇ ਸਨ | ਇਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਪਰਿਵਾਰ ਦੇ ਸਕੂਲ ਗਏ ਬੱਚੇ ਵਾਪਸ ਆ ਜਾਂਦੇ ਸਨ | ਬੱਚਿਆਂ ਨੇ ਥੋੜੀ ਦੇਰ ਅਰਾਮ ਕਰਨਾ ਹੁੰਦਾ ਸੀ ਅਤੇ ਅਰਾਮ ਕਰਨ ਤੋਂ ਬਾਅਦ ਉਹ ਆਪਣਾ ਸਕੂਲ ਦਾ ਕੰਮ ਖਤਮ ਕਰਨ ਲਈ ਆਪਣਾ ਦਾਦਾ ਜੀ ਕੋਲ ਆ ਜਾਇਆ ਕਰਦੇ ਸਨ ਸਕੂਲ ਦਾ ਕੰਮ ਖਤਮ ਕਰਨ ਤੋਂ ਬਾਅਦ ਬਚੇ ਆਪਣੀ ਮਾਵਾਂ ਤੋਂ ਮੋਬਾਈਲ ਲੈ ਕੇ ਖੇਡਣ ਵਿਚ ਮਸਤ ਹੋ ਜਾਂਦੇ ਸਨ |ਮਾਵਾਂ ਮੋਬਾਈਲ ਇਸ ਲਈ ਦੇ ਦਿਆ ਕਰਦੀਆਂ ਸਨ ਕਿ ਉਹ ਉਨ੍ਹਾਂ ਨੂੰ ਤੰਗ ਨਾ ਕਰਨ ਅਤੇ ਉਹ ਆਪਣੇ ਘਰੇਲੂ ਕੰਮ ਕਰ ਸਕਣ ਕਿਓਂ ਜੋ ਉਹ ਆਪਣੇ ਆਪਣੇ ਦਫਤਰਾਂ ਵਿਚੋਂ ਆਈਆਂ ਸਨ ਅਤੇ ਘਰ ਦੇ ਕੰਮ ਕਰਨ ਲਈ ਉਹ ਆਪਣਾ ਹੱਥ ਵੇਹਲਾ ਚਾਹੁੰਦੀਆਂ ਸਨ | ਹਰਲਾਭ ਸਿੰਘ ਇਹ ਸਭ ਦੇਖਦਾ ਸੀ ਅਤੇ ਬੱਚਿਆਂ ਨੂੰ ਮੋਬਾਈਲ ਤੇ ਨਾ ਖੇਡਣ ਲਈ ਆਖਦਾ ਸੀ | ਪ੍ਰੰਤੂ ਉਸ ਦੇ ਆਖਣ ਦਾ ਨਾ ਬੱਚਿਆਂ ਤੇ ਨਾ ਹੀ ਉਨ੍ਹਾਂ ਦੀਆਂ ਮਾਵਾਂ ਤੇ ਕੋਈ ਅਸਰ ਹੋ ਰਿਹਾ ਸੀ | ਉਸ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਬਚੇ ਆਪਣਾ ਵੇਹਲਾ ਸਮਾਂ ਮੋਬਾਈਲ ਤੇ ਹੀ ਬਿਤਾਉਣ | ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਨੇ ਬੱਚਿਆਂ ਤੋਂ ਮੋਬਾਈਲ ਛਡਾਉਣ ਲਈ ਸ਼ਾਮ ਨੂੰ ਬੱਚਿਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਲਿਆ ਤੇ ਨਾਲ ਦੀ ਖੁਲੀ ਥਾਂ ਵਿਚ ਖਿਡਾਉਣਾ ਸ਼ੁਰੂ ਕਰ ਲਿਆ | ਨਵੀਆਂ ਨਵੀਆਂ ਖੇਡਾਂ ਜਿਵੇਂ ਖੋ -ਖੋ, ਕੋਟਲਾ ਛੁਪਾਕੀ ਆਦਿ ਖਿਡਾਉਣੀਆਂ ਚਾਲੂ ਕਰ ਦਿਤੀਆਂ | ਵਡਾ ਪਰਿਵਾਰ ਹੋਣ ਕਾਰਨ ਟੀਮ ਤਾਂ ਘਰ ਵਿਚ ਹੀ ਪੂਰੀ ਹੋ ਜਾਂਦੀ ਸੀ |

ਉਸ ਦੇ ਪਰਿਵਾਰ ਵਿਚ ਉਸ ਦੇ ਚਾਰ ਲੜਕੇ ਸਨ | ਚਾਰੇ ਪੜ੍ਹੇ ਲਿਖੇ ਸਨ ਅਤੇ ਵੱਖ ਵੱਖ ਖੇਤਰਾਂ ਵਿਚ ਨੌਕਰੀਆਂ ਕਰਦੇ ਸਨ | ਉਸ ਦੀਆਂ ਨੂੰਹਾਂ ਵੀ ਪੜ੍ਹੀਆਂ ਹੋਈਆਂ ਸਨ ਅਤੇ ਉਹ ਵੀ ਬਖ ਵੱਖ ਖੇਤਰਾਂ ਵਿਚ ਨੌਕਰੀਆਂ ਕਰਦੀਆਂ ਸਨ | ਸਾਰਾ ਪਰਿਵਾਰ ਇਕੱਠਾ ਹੀ ਸੀ ਅਤੇ ਇਸ ਤਰਾਂ ਬੱਚਿਆਂ ਨੂੰ ਸਿਧੇ ਰਾਹ ਪਾਉਣ ਲਈ ਹਰਲਾਭ ਸਿੰਘ ਅਤੇ ਉਸ ਦੀ ਪਤਨੀ ਪੂਰੀ ਮਦਦ ਕਰ ਰਹੇ ਸਨ | ਜਿਸ ਦਿਨ ਮੌਸਮ ਖੇਡਾਂ ਦੇ ਅਨੁਕੂਲ ਨਾ ਹੁੰਦਾ ਹਰਲਾਭ ਸਿੰਘ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਬਿਠਾ ਲਿਆ ਕਰਦਾ ਸੀ ਅਤੇ ਕੋਈ ਨਾ ਕੋਈ ਸਿਖਿਆਦਾਇਕ ਕਹਾਣੀ ਸੁਣਾਉਣ ਲਗ ਜਾਂਦਾ ਸੀ | ਹਰ ਕਹਾਣੀ ਵਿਚ ਬੱਚਿਆਂ ਨੂੰ ਅਨੰਦ ਪ੍ਰਾਪਤ ਹੁੰਦਾ ਸੀ | ਕਹਾਣੀ ਅਜੇਹੀ ਹੁੰਦੀ ਜਿਸ ਵਿਚ ਛੋਟੇ ਵਡੇ ਸਾਰੇ ਹੀ ਖੁਸ਼ੀ ਪ੍ਰਾਪਤ ਕਰਦੇ ਸੀ | ਸਕੂਲ ਅਧਿਆਪਕ ਰਿਹਾ ਹੋਣ ਕਾਰਨ ਉਸ ਨੂੰ ਕਹਾਣੀ ਅੰਦਰ ਉਤਸੁਕਤਾ ਅਤੇ ਦਿਲਚਸਪੀ ਬਣਾਈ ਰੱਖਣ ਦਾ ਢੰਗ ਵੀ ਸੀ | ਹਰਲਾਭ ਸਿੰਘ ਦਾ ਵਿਚਾਰ ਸੀ ਕਿ ਇਸ ਢੰਗ ਨਾਲ ਉਹ ਬੱਚਿਆਂ ਨੂੰ ਮੋਬਾਈਲ ਤੋਂ ਹਟਾ ਸਕਦਾ ਸੀ | ਇਕ ਦਿਨ ਸਾਰੇ ਬਚੇ ਆਪੋ ਆਪਣਾ ਸਕੂਲ ਦਾ ਕੰਮ ਨਿਬੇੜ ਕੇ ਖੇਡਣ ਲਈ ਤਿਆਰ ਹੋ ਰਹੇ ਸਨ ਅਤੇ ਸਾਰੇ ਬਚੇ ਹਾਲੇ ਵੇਹਲੇ ਨਹੀਂ ਹੋਏ ਸਨ ਤਾਂ ਹਰਲਾਭ ਸਿੰਘ ਨੇ ਬੱਚਿਆਂ ਨੂੰ ਘਰ ਦੇ ਅੰਦਰ ਵੇਹੜੇ ਅੰਦਰ ਬਣਾਈ ਹੋਈ ਕਿਆਰੀ ਵਿਚ ਸਬਜ਼ੀਆਂ ਬੀਜਣ ਦਾ ਮਨ ਬਣਾ ਲਿਆ |

ਉਸ ਨੇ ਵਡੇ ਬੱਚਿਆਂ ਨੂੰ ਕਿਆਰੀ ਅੰਦਰੋਂ ਵਾਧੂ ਘਾਹ ਕੱਢਣ ਲਈ ਆਖਿਆ ਤਾਂ ਸਾਰੇ ਤਿਆਰ ਹੋ ਗਏ | ਬਚੇ ਰੰਬੇ ਦੀ ਮਦਦ ਨਾਲ ਇਸ ਕੰਮ ਵਿਚ ਲਗ ਪਏ | ਛੋਟੇ ਬੱਚਿਆਂ ਨੂੰ ਸਾਰੇ ਕੱਢੇ ਹੋਏ ਘਾਹ ਨੂੰ ਇਕੱਠਾ ਕਰ ਕੇ ਇਕ ਪਾਸੇ ਢੇਰ ਲਗਾ ਦਿਤਾ | ਜਦੋਂ ਬੱਚਿਆਂ ਨੇ ਪੁੱਛਿਆਂ ਕਿ ਇਸ ਘਾਹ ਨੂੰ ਕੀ ਕਰਾਂਗੇ ਤਾਂ ਉਨ੍ਹਾਂ ਨੂੰ ਦੱਸਿਆਂ ਇਨ੍ਹਾਂ ਨੂੰ ਟੋਇਆ ਪੱਟ ਕੇ ਦੱਬ ਦੇਵਾਂਗੇ ਅਤੇ ਕੁਝ ਸਮੇਂ ਬਾਅਦ ਇਸ ਦੀ ਖਾਦ ਬਣ ਜਾਵੇਗੀ ਜਿਹੜੀ ਕੁਦਰਤੀ ਖਾਦ ਹੋਵੇਗੀ ਅਤੇ ਸਾਨੂੰ ਰਸਾਇਣਕ ਖਾਦ ਦੀ ਲੋੜ ਨਹੀਂ ਪਵੇਗੀ | ਇਸ ਤਰਾਂ ਬੱਚਿਆਂ ਤੋਂ ਕੋਈ ਨਾ ਕੋਈ ਕੰਮ ਵੀ ਲੈ ਲਿਆ ਜਾਂਦਾ ਸੀ | ਬਚੇ ਰੁਝੇ ਰਹਿੰਦੇ ਸਨ ਅਤੇ ਮੋਬਾਈਲ ਤੋਂ ਪਾਸੇ ਰਹਿੰਦੇ ਸਨ | ਕਈ ਵਾਰ ਬਚੇ ਇਕੱਠੇ ਹੋ ਕਹਾਣੀ ਸੁਣਾਉਣ ਲਈ ਵੀ ਆਖਦੇ ਸਨ ਤਾਂ ਹਾਰਲਾਭ ਸਿੰਘ ਉਨ੍ਹਾਂ ਨੂੰ ਕਹਾਣੀ ਸੁਣਾਉਣ ਲਗ ਜਾਂਦੇ ਸੀ | ਇਕ ਵਾਰ ਸਾਰੇ ਬਚੇ ਵੇਹਲੇ ਹੋ ਕਿ ਆਪਣੇ ਦਾਦਾ ਜੀ ਨੂੰ ਕਹਿਣ ਲਗੇ ਕਿ ਅੱਜ ਤਾਂ ਸਾਨੂੰ ਕੋਈ ਕਹਾਣੀ ਸੁਣਾਓ | ਤਾਂ ਹਰਲਾਭ ਸਿੰਘ ਨੇ ਸਾਰਿਆਂ ਨੂੰ ਕੋਲ ਬਿਠਾ ਲਿਆ ਤੇ ਕਹਾਣੀ ਸੁਣਾਉਣ ਲਗੇ | ਛੋਟੇ ਬਚੇ ਅਗੇ ਬੈਠੇ ਸਨ ਜਦੋਂ ਕਿ ਵਡੇ ਬਚੇ ਪਿਛੇ ਹੋ ਨੇੜੇ ਹੋ ਕੇ ਬੈਠ ਗਏ |

ਉਨਾਂ ਨੇ ਸ਼ੁਰੂ ਕੀਤਾ ਕਿ ਇਕ ਵਾਰ ਇਕ ਰਾਜਾ ਸੀ ਜਿਸ ਨੇ ਆਪਣੀ ਪਰਜਾ ਨੂੰ ਹੋਕਾ ਦਿਵਾ ਦਿਤਾ ਕਿ ਹਰ ਰੋਜ਼ ਮੈਨੂੰ ਕੋਈ ਨਵੀਂ ਕਹਾਣੀ ਜਾਂ ਕੋਈ ਕਿੱਸਾ ਸੁਣਾਇਆ ਜਾਵੇ | ਜੋ ਕੋਈ ਵਧੀਆ ਕਹਾਣੀ ਜਾਂ ਕਿੱਸਾ ਸੁਣਾਵੇਗਾ ਉਸ ਨੂੰ ਇਨਾਮ ਦਿੱਤੋ ਜਾਵੇਗਾ | ਇਸ ਤਰਾਂ ਰਾਜੇ ਕੋਲ ਕਹਾਣੀਆਂ ਸੁਣਾਉਣ ਵਾਲੇ ਆਉਣ ਲਗ ਪਏ ਅਤੇ ਰਾਜੇ ਤੋਂ ਇਨਾਮ ਪ੍ਰਾਪਤ ਕਰਨ ਲਗੇ | ਫਿਰ ਰਾਜੇ ਦੇ ਮਨ ਵਿਚ ਲੰਬੀ ਕਹਾਣੀ ਸੁਣਨ ਦਾ ਵਿਚਾਰ ਆਇਆ ਅਤੇ ਫਿਰ ਤੋਂ ਹੋਕਾ ਦਿਵਾਇਆ ਗਿਆ ਕੇ ਜੇ ਕਰ ਰਾਜੇ ਨੂੰ ਕੋਈ ਲੰਬੀ ਕਹਾਣੀ ਸੁਣਾਵੇਗਾ ਤਾਂ ਉਸ ਨੂੰ ਮੂੰਹ ਮੰਗਿਆ ਇਨਾਮ ਮਿਲੇਗਾ ਅਤੇ ਜੇ ਕਹਾਣੀ ਰਾਜੇ ਨੂੰ ਪਸੰਦ ਨਹੀਂ ਆਵੇਗੀ ਤਾਂ ਉਸ ਨੂੰ ਦੋ ਮਹੀਨੇ ਜੇਲ ਦੇ ਅੰਦਰ ਬਿਤਾਉਣੇ ਪੈਣਗੇ | ਪਤਾ ਲੱਗਣ ਤੇ ਦੂਰੋਂ ਨੇੜਿਓਂ ਬਹੁਤ ਵੱਡੇ ਵੱਡੇ ਅਤੇ ਪ੍ਰਸਿੱਧੀ ਪ੍ਰਾਪਤ ਕਹਾਣੀਕਾਰ ਆਪਣੀਆਂ ਲੰਬੀਆਂ ਲੰਬੀਆਂ ਕਹਾਣੀਆਂ ਲੈ ਕੇ ਆਏ ਅਤੇ ਰਾਜੇ ਨੂੰ ਆਪਣੀਆਂ ਕਹਾਣੀਆਂ ਸੁਣਾਈਆਂ | ਕਹਾਣੀ ਸੁਣ ਲੈਣ ਤੋਂ ਬਾਅਦ ਰਾਜਾ ਕਿਹਾ ਕਰਦਾ ਸੀ ਕਿ ਕੇ ਤੇਰੀ ਕਹਾਣੀ ਛੋਟੀ ਹੈ ਅਤੇਮਜ਼ੇਦਾਰ ਨਾ ਹੋਣ ਕਰਕੇ ਚੰਗੀ ਨਹੀਂ ਲੱਗੀ ਹੈ | ਅਸਲ ਵਿਚ ਕਹਾਣੀਆਂ ਤਾਂ ਚੰਗੀਆਂ ਸਨ ਅਤੇ ਕਾਫੀ ਕਾਫੀ ਲੰਬੀਆਂ ਵੀ ਸਨ ਪਰ ਰਾਜਾ ਇਨਾਮ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਆਖਿਆ ਕਰਦਾ ਸੀ ਕਿ ਕਹਾਣੀ ਛੋਟੀ ਹੈ ਤੇ ਮਜ਼ੇਦਾਰ ਵੀ ਨਹੀਂ ਹੈ ਅਤੇ ਕਹਾਣੀਕਾਰ ਨੂੰ ਜੇਲ ਵਿਚ ਪਾ ਦਿੰਦਾ ਸੀ |
ਮੋਹਨ ਸਿੰਘ ਵੀ ਉਸੇ ਰਾਜ ਵਿਚ ਰਹਿੰਦਾ ਸੀ | ਉਸ ਦਾ ਲੜਕਾ ਸਰਲ ਸਿੰਘ ਬੜਾ ਸਮਝਦਾਰ ਸੀ | ਲੋਕਾਂ ਦੀਆਂ ਗੱਲਾਂ ਸੁਣ ਸਰਲ ਸਿੰਘ ਨੂੰ ਸਮਝ ਆ ਗਈ ਕਿ ਰਾਜਾ ਤਾਂ ਇਨਾਮ ਦੇਣਾ ਹੀ ਨਹੀਂ ਚਾਹੁੰਦਾ ਹੈ | ਤਾਂ ਹੀ ਲੰਮੀ ਕਹਾਣੀ ਨੂੰ ਵੀ ਛੋਟੀ ਅੱਖ ਦਿੰਦਾ ਹੈ ਅਤੇ ਕਹਾਣੀਕਾਰ ਨੂੰ ਸਜ਼ਾ ਦੇ ਦਿੰਦਾ ਹੈ | ਸਰਲ ਸਿੰਘ ਨੇ ਆਪਣੇ ਬਾਪ ਨਾਲ ਸਲਾਹ ਕੀਤੀ ਕਿ ਮੈਂ ਕਹਾਣੀ ਸੁਣਾਉਣ ਲਈ ਜਾਵਾਂਗਾ ਅਤੇ ਇਨਾਮ ਵੀ ਜਿੱਤ ਕੇ ਲਿਆਵਾਂਗਾ | ਉਸ ਦੀ ਮਾਂ ਡਰਦੀ ਸੀ ਕਿ ਉਸ ਦਾ ਹੋਣਹਾਰ ਪੁੱਤਰ ਰਾਜੇ ਵਲੋਂ ਜੇਲ ਅੰਦਰ ਸੁੱਟ ਦਿੱਤੋ ਜਾਵੇਗਾ | ਇਸ ਲਈ ਉਹ ਚਾਹੁੰਦੀ ਸੀ ਉਸ ਦਾ ਪੁੱਤਰ ਕਹਾਣੀ ਸੁਣਾਉਣ ਨਾ ਜਾਵੇ | ਪ੍ਰੰਤੂ ਸਰਲ ਸਿੰਘ ਨੇ ਮਾਂ ਨੂੰ ਸਮਝਾਇਆ ਕਿ ਬੇਬੇ ਤੂੰ ਚਿੰਤਾ ਨਾ ਕਰ ਮੈਂ ਉਸ ਰਾਜੇ ਦੇ ਜਾਲ ਵਿਚ ਫਸਣ ਵਾਲਾ ਨਹੀਂ ਹਾਂ | ਮੈਂ ਅਜੇਹੀ ਕਹਾਣੀ ਸੁਣਾਵਾਂਗਾ ਕਿ ਜਿਹੜੀ ਖਤਮ ਨਾ ਹੋਵੇ | ਉਹ ਰਾਜੇ ਦੇ ਮਹਿਲ ਵਿਚ ਗਿਆ ਅਤੇ ਕਹਾਣੀ ਸੁਣਾਉਣ ਲਈ ਆਪਣਾ ਨਾਮ ਦਰਜ ਕਰਵਾ ਆਇਆ | ਉਸ ਨੂੰ ਅਹਿਲਕਾਰਾਂ ਨੇ ਰਾਜੇ ਦੀ ਸ਼ਰਤ ਦੱਸ ਦਿਤੀ ਕਿ ਜੇ ਕਰ ਕਹਾਣੀ ਛੋਟੀ ਹੋਈ ਤਾ ਤੈਨੂੰ ਰਾਜੇ ਦੀ ਜੇਲ ਅੰਦਰ ਦੋ ਮਹੀਨੇ ਬਿਤਾਉਣੇ ਪੈਣਗੇ | ਸਰਲ ਸਿੰਘ ਨੇ ਪੁੱਛਿਆ ਕਿ ਜੇ ਕਹਾਣੀ ਲੰਮੀ ਹੋਈ ਤਾਂ ਰਾਜਾ ਸਾਹਿਬ ਮੈਨੂੰ ਇਨਾਮ ਤਾਂ ਦੇ ਦੇਣਗੇ | 
ਰਾਜੇ ਦਾ ਅਹਿਲਕਾਰ ਮੁਸਕਰਾਇਆ ਤੇ ਉਸ ਨੇ ਹਾਂ ਵਿਚ ਜਵਾਬ ਦਿਤਾ ਅਤੇ ਅਗਲੇ ਬੁੱਧਵਾਰ ਆਉਣ ਲਈ ਆਖ ਦਿਤਾ | 
ਮਿੱਥੇ ਹੋਏ ਦਿਨ ਤੇ ਦਰਬਾਰ ਅੰਦਰ ਦਰਬਾਰੀ ਅਤੇ ਹੋਰ ਜਨਤਾ ਮਹਾਰਾਜ ਦੇ ਮਹਿਲ ਅੰਦਰ ਕਹਾਣੀ ਸੁਣਨ ਲਈ ਇਕਠੀ ਹੋ ਗਈ | ਸਰਲ ਸਿੰਘ ਵੀ ਹਾਜ਼ਰ ਸੀ | ਇਕ ਦਰਬਾਰੀ ਵਲੋਂ ਕਹਾਣੀ ਸ਼ੁਰੂ ਕਰਨ ਤੋਂ ਮਹਾਰਾਜਾ ਸਾਹਿਬ ਵਲੋਂ ਲਗਾਈ ਹੋਈ ਸ਼ਰਤ ਦੋਹਰਾਈ ਗਈ ਅਤੇ ਸਰਲ ਸਿੰਘ ਨੇ ਆਪਣੀ ਸਹਿਮਤੀ ਦੇ ਦਿਤੀ | ਸਰਲ ਸਿੰਘ ਨੂੰ ਕਹਾਣੀ ਸੁਣਾਉਣ ਦਾ ਹੁਕਮ ਹੋਇਆ | ਦਰਬਾਰੀ ਸੋਚ ਰਹੇ ਸਨ ਕਿ ਪਹਿਲੇ ਕਹਾਣੀਕਾਰਾਂ ਵਾਂਗ ਇਸ ਨੇ ਵੀ ਕਾਮਯਾਬ ਨਹੀਂ ਹੋਣਾ ਅਤੇ ਇਸ ਨੂੰ ਜੇਲ ਦੀ ਹਵਾ ਖਾਣੀ ਪਵੇਗੀ | ਸਰਲ ਸਿੰਘ ਇਕ ਸਮਝਦਾਰ ਕਹਾਣੀਕਾਰ ਸੀ | ਉਹ ਰਾਜੇ ਲਈ ਅਜੇਹੀ ਕਹਾਣੀ ਲਿਆਇਆ ਸੀ ਜਿਸ ਨੂੰ ਸੁਣਦਿਆਂ ਸੁਣਦਿਆਂ ਰਾਜੇ ਤੇ ਦਰਬਾਰੀਆਂ ਨੇ ਅੱਕ ਜਾਣਾ ਸੀ | ਜਦੋਂ ਰਾਜੇ ਵਲੋਂ ਪੁੱਛਿਆ ਗਿਆ ਕਿ ਸਰਲ ਸਿੰਘ ਕੀ ਤੂੰ ਕਹਾਣੀ ਸੁਣਾਉਣ ਲਈ ਤਿਆਰ ਹੈਂ | ਉਸ ਨੇ ਉਤਰ ਦਿਤਾ ,”ਜੀ ਮਹਾਰਾਜਾ ਸਾਹਿਬ | ਮਹਾਰਾਜੇ ਨੇ ਕਿਹਾ,”ਸ਼ੁਰੂ ਕਰ | ਹੁਕਮ ਮਿਲਦਿਆਂ ਹੀ ਉਸ ਨੇ ਸ਼ੁਰੂ ਕਰ ਦਿਤੀ –” ਮਹਾਰਾਜ ਇਕ ਪਿੰਡ ਵਿਚ ਇਕ ਕਿਰਸਾਨ ਸੀ | ਉਸ ਦਾ ਖੇਤ ਬਹੁਤ ਹੀ ਵੱਡਾ ਸੀ | ਉਸ ਨੇ ਜਵਾਰ ਬੀਜੀ ਹੋਈ ਸੀ | ਉਸ ਦੇ ਖੇਤ ਦੇ ਨਜ਼ਦੀਕ ਹੀ ਇਕ ਪਿੱਪਲ ਦੇ ਰੁੱਖ ਤੇ ਹਜ਼ਾਰਾਂ ਹੀ ਚਿੜੀਆਂ ਰਹਿੰਦੀਆਂ ਸਨ | ਜਿਹੜੀਆਂ ਕਿਸਾਨ ਦੇ ਖੇਤ ਵਿਚੋਂ ਬੀਜ ਖਾ ਜਾਂਦੀਆਂ ਸਨ | ਕਿਸਾਨ ਬੜਾ ਹੀ ਪ੍ਰੇਸ਼ਾਨ ਸੀ |  ਉਸ ਨੇ ਵਿਚਾਰ ਬਣਾਇਆ ਕਿ ਖੇਤ ਦੀ ਨਿਗਰਾਨੀ ਉਹ ਆਪ ਕਰੇਗਾ | ਉਸ ਨੇ ਸੋਚਿਆ ਕਿ ਕਿ ਉਹ ਇਕ ਜਾਲ ਲਿਆਵੇਗਾ ਅਤੇ ਜਦੋਂ ਸਾਰੀਆਂ ਚਿੜੀਆਂ ਇਕੱਠੀਆਂ ਹੋ ਕੇ ਬੀਜ ਖਾਣ ਲਈ ਆਉਣਗੀਆਂ ਤਾਂ ਉਹ ਜਾਲ ਸੁੱਟ ਕੇ ਉਨ੍ਹਾਂ ਨੂੰ ਫੜ ਲਵੇਗਾ | ਪਰੰਤੂ ਚਿੜੀਆਂ ਤਾਂ ਬਹੁਤ ਹੀ ਚਲਾਕ ਸਨ | ਉਨ੍ਹਾਂ ਨੂੰ ਉਸ ਕਿਸਾਨ ਦੀ ਚਾਲ ਸਮਝ ਵਿਚ ਆ ਗਈ ਸੀ | ਉਨ੍ਹਾਂ ਨੇ ਇਕ ਵਿਓਂਤ ਬਣਾਈ ਅਤੇ ਉਸ ਅਨੁਸਾਰ ਇਕ ਚਿੜੀ ਖੇਤ ਵਿਚ ਆਈ ਉਸ ਨੇ ਇਕ ਬੀਜ ਚੁੱਕਿਆ ਅਤੇ ਫੁਰਰ ਕਰ ਕੇ ਉਡ ਗਈ | ਫਿਰ ਇਕ ਹੋਰ ਚਿੜੀ ਆਈ ਉਸ ਨੇ ਬੀਜ ਚੁੱਕਿਆ ਅਤੇ ਫੁਰਰ ਕਰ ਉੱਡ ਗਈ | ਰਾਜੇ ਨੇ ਪੁੱਛਿਆ ,”ਫੇਰ “
ਫਿਰ ਤੀਸਰੀ ਚਿੜੀ ਆਈ ਉਸ ਨੇ ਵੀ ਦਾਣਾ ਚੁੱਕਿਆ ਅਤੇ ਫੁਰਰ ਕਰ ਕੇ ਉੱਡ ਗਈ | ਫਿਰ ਚੌਥੀ ਚਿੜੀ ਆਈ ਉਹ ਵੀ ਦਾਣਾ ਚੁਗ ਕਰ ਫੁਰਰ ਕਰ ਉੱਡ ਗਈ | ਰਾਜਾ ਹੁਣ ਤਕ ਅੱਕ ਚੁੱਕਿਆ ਸੀ ਉਸ ਨੂੰ ਉਬਾਸੀਆਂ ਆਉਣ ਲੱਗ ਪਈਆਂ | ਰਾਜੇ ਨੇ ਕਿਹਾ ,”ਫੇਰ”| ਫਿਰ ਪੰਜਵੀਂ ਚਿੜੀ ਆਈ ਉਹ ਵੀ ਦਾਣਾ ਚੁਗ ਕੇ ਉੱਡ ਗਈ | 
ਰਾਜਾ ਬੋਲਿਆ ,”ਠੀਕ ਹੈ –ਠੀਕ ਹੈ —ਅਗਾਂਹ ਕੀ ਹੋਇਆ |”
ਸਰਲ ਸਿੰਘ ਬੋਲਿਆ ,”ਮਹਾਰਾਜ! ਪਹਿਲਾਂ ਸਾਰੀਆਂ ਚਿੜੀਆਂ ਆ ਜਾਣ | ਕਹਾਣੀ ਤਾਂ ਫੇਰ ਹੀ ਅਗੇ ਤੁਰ ਸਕੇਗੀ | ਫਿਰ ਛੇਵੀਂ ਚਿੜੀ ਆਈ ਤੇ ਉਹ ਵੀ ਆਪਣੇ ਹਿਸੇ ਦਾ ਦਾਣਾ ਚੁਗ ਕਿ ਫੁਰੱਰ ਹੋ ਗਈ |”
“ਠੀਕ ਹੈ! ਠੀਕ ਹੈ ! ” ਹੁਣ ਰਾਜਾ ਫੁਰਰ ਫੁਰਰ ਸੁਣ ਕੇ ਉਕਤਾ ਚੁਕਾ ਸੀ | “ਚਲ ਮੰਨ ਲਿਆ ਕਿ ਸਾਰੀਆਂ ਚਿੜੀਆਂ ਆਈਆਂ ਅਤੇ ਦਾਣੇ ਚੁਗ ਕੇ ਫੁਰੱਰ ਹੋ ਗਈਆਂ |”
“ਨਹੀਂ ਮਹਾਰਾਜ ! ਸਾਰੀਆਂ ਚਿੜੀਆਂ ਹਾਲੇ ਨਹੀਂ ਆ ਸਕਦੀਆਂ | ਹਜ਼ਾਰਾਂ ਚਿੜੀਆਂ ਹਨ ਉਨ੍ਹਾਂ ਦੀ ਵਿਓਂਤਬੰਦੀ ਕੀਤੀ ਹੋਈ ਹੈ | ਫੇਰ ਸਤਵੀਂ ਚਿੜੀ ਆਈ ਉਹ ਵੀ ਦਾਣਾ ਲੈ ਕੇ ਫੁਰਰ ਹੋ ਗਈ |”
ਹੁਣ ਤੱਕ ਰਾਜਾ ਵੀ ਸਰਲ ਸਿੰਘ ਦੀ ਚਲਾਕੀ ਸਮਝ ਚੁਕਾ ਸੀ |ਇਸ ਤਰਾਂ ਬਹੁਤ ਸਾਰਾ ਸਮਾਂ ਚਿੜੀਆਂ ਆਉਂਦੀਆਂ ਰਹਿਣਗੀਆਂ ਤੇ ਇਹ ਕਹਾਣੀ ਖਤਮ ਨਹੀਂ ਹੋਵੇਗੀ | ਮੈਂ ਸਰਲ ਸਿੰਘ ਨੂੰ ਸਜ਼ਾ ਵੀ ਨਹੀਂ ਦੇ ਸਕਦਾ | ਇਹ ਮੁੰਡਾ ਬਹੁਤ ਹੀ ਸਮਝਦਾਰ ਹੈ | ਮੈਨੂੰ ਕਹਾਣੀ ਨੂੰ ਲੰਮਾ ਕਹਿਣਾ ਹੀ ਪਵੇਗਾ ਅਤੇ ਇਸ ਨੂੰ ਇਨਾਮ ਦੇਣਾ ਹੀ ਪਵੇਗਾ | ਇਹ ਸੋਚ ਰਾਜੇ ਨੇ ਅਖਿਆ, “ਹੁਣ ਤੂੰ ਆਪਣੀ ਫੁਰਰ –ਫੁਰਰ ਬੰਦ ਕਰ |  ਤੇਰੀ ਕਹਾਣੀ ਲੰਮੀ ਹੈ ਅਤੇ ਦੱਸ ਤੈਨੂੰ ਕਿ ਇਨਾਮ ਦਿਤਾ ਜਾਵੇ |”
ਸਰਲ ਸਿੰਘ ਨਿਮਰਤਾ ਸਾਹਿਤ ਬੋਲਿਆ,” ਮਹਾਰਾਜਾ ਸਾਹਿਬ ਜੀ ! ਮੇਰਾ ਇਨਾਮ ਇਹ ਹੈ ਕਿ ਜੇਲ ਵਿਚ ਕੈਦ ਕੀਤੇ ਸਾਰੇ ਕਹਾਣੀਕਾਰਾਂ ਨੂੰ ਛੱਡ ਦਿਤਾ ਜਾਵੇ ਅਤੇ ਇਨਾਮ ਦੇ ਕਿ ਵਿਦਾ ਕਰ ਦੇਵੋ | ਜੇ ਕਰ ਕਿਸੇ ਕਲਾਕਾਰ ਨੂੰ ਬਿਨਾ ਕਿਸੇ ਕਾਰਨ ਸਜ਼ਾ ਦੇ ਦਿਤੀ ਜਾਵੇ ਤਾਂ ਲੱਛਮੀ ਵੀ ਰੁਸ ਜਾਇਆ ਕਰਦੀ ਹੈ | ਉਥੋਂ ਦੇ ਰਾਜੇ ਅਤੇ ਪਰਜਾ ਦੋਹਾਂ ਦਾ ਨੁਕਸਾਨ ਹੋ ਜਾਂਦਾ ਹੈ | ਮੇਰੀ ਇੱਛਾ ਇਹ ਹੈ ਕਿ ਸਦਾ ਰਾਜਾ ਹੋਰ ਪ੍ਰਫੁਲੱਤ ਹੋਵੇ ਅਤੇ ਇਸ ਰਾਜ ਉਪਰ ਕੋਈ ਵੀ ਮੁਸੀਬਤ ਨਾ ਆਵੇ |”
ਸਰਲ ਸਿੰਘ ਦੀ ਵਿਸਥਾਰਿਤ ਸਲਾਹ ਸੁਣ ਕੇ ਰਾਜਾ ਬਹੁਤ ਹੀ ਪ੍ਰਭਾਵਿਤ ਹੋਇਆ |ਉਸ ਦੇ ਕਿਸੇ ਵੀ ਮੰਤਰੀ ਨੇ ਅਜੇਹੀ ਨੇਕ ਸਲਾਹ ਨਹੀਂ ਦਿਤੀ ਸੀ | ਉਸ ਨੂੰ ਇਹ ਸਮਝਣ ਵਿਚ ਦੇਰ ਨਾ ਲੱਗੀ ਕਿ ਸਾਰੇ ਦੇ ਸਾਰੇ ਮੰਤਰੀ ਚਾਪਲੂਸੀ ਕਰਦੇ ਹਨ ਅਤੇ ਉਸ ਦੀ ਹਾਂ ਵਿਚ ਹਾਂ ਮਿਲਾਉਂਦੇ ਹਨ | ਮੰਤਰੀ ਦਾ ਕੰਮ ਹੁੰਦਾ ਹੈ ਕਿ ਨੇਕ ਸਲਾਹ ਦੇਵੇ ਅਤੇ ਉਹ ਕੰਮ ਸਰਲ ਸਿੰਘ ਨੇ ਕੀਤਾ ਹੈ | ਰਾਜੇ ਨੇ ਕਿਹਾ ,” ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ ਕਿ ਸਾਰੇ ਕਹਾਣੀਕਾਰ ਨੂੰ ਇਨਾਮ ਦੇਣ ਉਪਰੰਤ ਛੱਡ ਦਿਤਾ ਜਾਵੇਗਾ | ਤੂੰ ਆਪਣੇ ਲਈ ਤਾਂ ਕੋਈ ਇਨਾਮ ਨਹੀਂ ਮੰਗਿਆ ਹੈ |
“ਮਹਾਰਾਜ ! ਸਾਡੇ ਰਾਜ ਖੁਸ਼ਹਾਲ ਹੋਵੇ ,ਤੁਹਾਡੀ ਪ੍ਰਸਿੱਧੀ ਦੂਰ ਦੂਰ ਤਕ ਹੋਵੇ ,ਤੁਹਾਡੇ ਰਾਜ ਦਾ ਝੰਡਾ ਬੁਲੰਦ ਹੋਵੇ |ਮੇਰੇ ਲਈ ਇਹੋ ਇਨਾਮ ਹੀ ਕਾਫੀ ਹੋਵੇਗਾ |”
” ਵਾਹ ਬਈ ਸਰਲ ਸਿੰਘ ਵਾਹ! ਅਸੀਂ ਬਹੁਤ ਹੀ ਖੁਸ਼ ਹੋਏ ਹਾਂ | ਤੇਰਾ ਵਰਗੇ ਸਮਝਦਾਰ ਵਿਅਕਤੀ ਨੂੰ ਤਾਂ ਸਾਡਾ ਸਲਾਹਕਾਰ ਹੋਣਾ ਚਾਹੀਦਾ ਹੈ | ਭਾਵੇਂ ਤੂੰ ਉਮਰ ਵਿਚ ਛੋਟਾ ਹੈ ਪਰ ਸੱਚਾ ਅਤੇ ਦਿਆਨਤਦਾਰ ਦੇਸ਼ ਭਗਤ ਹੈਂ | ਅਸੀਂ ਤੈਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰਦੇ ਹਾਂ |
ਇਸ ਤਰਾਂ ਨਾਲ ਗਰੀਬ ਕਿਸਾਨ ਦਾ ਲੜਕਾ ਆਪਣੀ ਸੂਝ ਬੂਝ, ਹੋਂਸਲੇ ਅਤੇ ਸੱਚ ਦੇ ਜ਼ੋਰ ਤੇ ਪ੍ਰਧਾਨ ਮੰਤਰੀ ਬਣ ਗਿਆ ਸੀ | ਘਰ ਜਾ ਕੇ ਉਸ ਨੇ ਆਪਣੇ ਮਾਪਿਆਂ ਨੂੰ ਖੁਸ਼ ਖਬਰੀ  ਦੱਸੀ ਉਹ ਬਹੁਤ ਹੀ ਖੁਸ਼ ਹੋਏ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਰਾਜੇ ਦੇ ਦਰਬਾਰ ਅੰਦਰ ਪ੍ਰਧਾਨ ਮੰਤਰੀ ਬਣ ਗਿਆ | 
ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਚਾਪਲੂਸ ਨਹੀਂ ਬਣਨਾ ਚਾਹੀਦਾ ਅਤੇ ਹਰ ਕਿਸਮ ਦੇ ਹਾਲਾਤ ਵਿਚ ਆਪਣੀ ਸੂਝ ਬੂਝ ਤੋਂ ਕੰਮ ਲੈਣਾ ਚਾਹੀਦਾ ਹੈ |
ਇਹ ਕਹਾਣੀ ਸੁਣ ਕੇ ਸਾਰੇ ਬੱਚੇ ਬਹੁਤ ਖੁਸ਼ ਹੋਏ | ਹਰਲਾਭ ਸਿੰਘ ਜੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨ ਵਿਚ ਕਾਮਯਾਬ ਹੋ ਰਹੇ ਸਨ | ਹੁਣ ਕੋਈ ਵੀ ਬਚਾ ਆਪਣੀ ਮਾਂ ਤੋਂ ਮੋਬਾਈਲ ਨਹੀਂ ਮੰਗਦਾ ਸੀ ਸਗੋਂ ਹਰਲਾਭ ਸਿੰਘ ਦੇ ਦੁਆਲੇ ਹੀ ਰਹਿੰਦੇ ਸਨ |
ajit-singh-kotakpura-1-227x300 ਕਹਾਣੀ/ਦਿਲਚਸਪੀ/ਡਾ. ਅਜੀਤ ਸਿੰਘ ਕੋਟਕਪੂਰਾ
ਡਾ. ਅਜੀਤ ਸਿੰਘ ਕੋਟਕਪੂਰਾ

Share this content:

Post Comment