ਜਲ੍ਹਿਆਂਵਾਲਾ ਬਾਗ਼ ਅਤੇ ਰਾਬਿੰਦਰਨਾਥ ਟੈਗੋਰ
ਕੁਝ ਬਾਗ਼, ਜੇਲ੍ਹਾਂ, ਇਮਾਰਤਾਂ ਜਾਂ ਚੌਕ ਉੱਥੇ ਕੀਤੇ ਗਏ ਮਨੁੱਖਤਾ ਦੇ ਘਾਣ ਕਾਰਨ ਸਦਾ ਲਈ ਲੋਕਾਈ ਦੇ ਮਨਾਂ ਵਿੱਚ ਉੱਕਰੇ ਜਾਂਦੇ ਹਨ। 13 ਅਪਰੈਲ 1919 ਜਲ੍ਹਿਆਂਵਾਲਾ ਬਾਗ਼, 1940-1945 ਦੌਰਾਨ ਨਾਜ਼ੀ ਜਰਮਨੀ ਦੀ ਔਸ਼ਿਵਚਜ਼ ਜੇਲ੍ਹ, 1960 ਵਿੱਚ ਦੱਖਣੀ ਅਫ਼ਰੀਕਾ ਵਿੱਚ ਸ਼ਾਰਪਵਿਲ ਅਤੇ 1989 ਵਿੱਚ ਪੇਈਚਿੰਗ ਵਿੱਚ ਤਿਆਨਮਿਨ ਚੌਕ ਨੂੰ ਇਸ ਕੜੀ ਵਿੱਚ ਯਾਦ ਕੀਤਾ ਜਾ ਸਕਦਾ ਹੈ। ਇਨ੍ਹਾਂ ਘਟਨਾਵਾਂ ਨੇ ਇਤਿਹਾਸ ਬਦਲ ਦਿੱਤਾ।
ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਨੂੰ ਅੱਜ 107 ਵਰ੍ਹੇ ਬੀਤ ਚੁੱਕੇ ਹਨ। ਕਿਸੇ ਵੀ ਦੇਸ਼ ਦੇ ਰਾਜਨੀਤਕ ਇਤਿਹਾਸ ਵਿੱਚ ਇੱਕ ਸਦੀ ਤੋਂ ਵੱਧ ਦਾ ਸਮਾਂ ਇੱਕ ਲੰਮਾ ਕਾਲ ਹੁੰਦਾ ਹੈ, ਜਿਸ ਵਿੱਚ ਅਨੇਕਾਂ ਹੋਰ ਮਹੱਤਵਪੂਰਨ ਘਟਨਾਵਾਂ ਵਾਪਰ ਚੁੱਕੀਆਂ ਹੁੰਦੀਆਂ ਹਨ। ਦੇਸ਼ ਆਜ਼ਾਦ ਹੋ ਗਿਆ। ਜਮਹੂਰੀਅਤ ਸਥਾਪਤ ਹੋ ਗਈ। ਦੇਸ਼ ਦੀ ਵੰਡ ਤੋਂ ਲਹੂ-ਲੁਹਾਣ ਅਤੇ ਉੱਜੜੀ ਲੋਕਾਈ ਮੁੜ ਪੈਰਾਂ ’ਤੇ ਖੜ੍ਹੀ ਹੋਣ ਲੱਗੀ। ਫਿਰ ਵੀ ਜਲ੍ਹਿਆਂਵਾਲਾ ਬਾਗ਼ ਦਾ ਦਰਦਨਾਕ ਸਾਕਾ ਦੇਸ਼ਵਾਸੀਆਂ ਦੀ ਮਾਨਸਿਕਤਾ ਦੇ ਧੁਰ ਅੰਦਰ ਜਾ ਬੈਠਾ ਹੈ, ਜਿਸ ਦੀ ਕਸਕ ਜਿਉਂ ਜਿਉਂ ਸਮਾਂ ਬੀਤ ਰਿਹਾ ਹੈ, ਤਿਉਂ ਤਿਉਂ ਹੋਰ ਵਧਦੀ ਜਾ ਰਹੀ ਹੈ। ਡਾਇਰ ਅਤੇ ਓ’ਡਵਾਇਰ ਦੇ ਘਿਨਾਉਣੇ ਚਿਹਰੇ ਅੱਜ ਵੀ ਲੋਕਮਨ ਦੇ ਚੇਤੇ ਵਿੱਚ ਉਵੇਂ ਹੀ ਬਿਰਾਜਮਾਨ ਹਨ।
1918 ਦੀ ‘ਸੈਡੀਸ਼ਨ ਕਮੇਟੀ ਰਿਪੋਰਟ’ ਜਿਸ ਦਾ ਮੁਖੀ ਜਸਟਿਸ ਸਿਡਨੀ ਰੌਲੈੱਟ ਸੀ, ਅਪਰੈਲ 1918 ਵਿੱਚ ਆਈ ਸੀ। ਇਸ ਵੱਲੋਂ ਦੇਸ਼ ਅੰਦਰ ਵਧ ਰਹੀਆਂ ਇਨਕਲਾਬੀ ਕਾਰਵਾਈਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਇਸ ਦੇ ਸਿੱਟੇ ਵਜੋਂ ਅਨਾਰਕੀਕਲ ਰੈਵੋਲਿਊਸ਼ਨਰੀ ਕ੍ਰਾਈਮਜ਼ ਐਕਟ, 1919 ਅਸੈਂਬਲੀ ਵੱਲੋਂ ਪਾਸ ਕੀਤਾ ਗਿਆ, ਜਿਸ ਅਨੁਸਾਰ ਬਿਨਾਂ ਕਿਸੇ ਅਦਾਲਤੀ ਕਾਰਵਾਈ ਅਤੇ ਮੁਕੱਦਮੇ ਦੇ ਸਰਕਾਰ ਨੂੰ ਸ਼ੱਕੀ ਬੰਦਿਆਂ ਨੂੰ ਜੇਲ੍ਹ ਅੰਦਰ ਬੰਦ ਰੱਖਣ ਦੇ ਉਪਬੰਧ ਸਨ। ਇਹ ਕਾਨੂੰਨ ਬਣਦਿਆਂ ਹੀ ਦੇਸ਼ ਵਿੱਚ ਇਸ ਦਾ ਭਾਰੀ ਵਿਰੋਧ ਸ਼ੁਰੂ ਹੋ ਗਿਆ। ਮਹਾਤਮਾ ਗਾਂਧੀ ਨੇ ਇਸ ਵਿਰੁੱਧ ਦੇਸ਼ ਵਿਆਪੀ ਸੱਤਿਆਗ੍ਰਹਿ ਦਾ ਐਲਾਨ ਕਰ ਦਿੱਤਾ ਅਤੇ 6 ਅਪਰੈਲ 1919 ਨੂੰ ਦੇਸ਼ ਭਰ ਵਿੱਚ ਆਮ ਹੜਤਾਲ ਦਾ ਸੱਦਾ ਦੇ ਦਿੱਤਾ।
ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਅਤੇ ਹੜਤਾਲ ਦੇ ਸੱਦੇ ਨੂੰ ਸਭ ਤੋਂ ਵੱਧ ਹੁੰਗਾਰਾ ਪੰਜਾਬ ਵਿੱਚ ਮਿਲਿਆ। ਪਹਿਲੀ ਆਲਮੀ ਜੰਗ ਦੌਰਾਨ ਹੋਈ ਜਬਰੀ ਭਰਤੀ, ਇਸ ਉਪਰੰਤ ਆਈ ਆਰਥਿਕ ਮੰਦੀ ਅਤੇ ਪੰਜਾਬ ਵਿੱਚ ਮਾਈਕਲ ਓ’ਡਵਾਇਰ ਦੇ ਜ਼ੋਰ-ਜ਼ਬਰਦਸਤੀ ਵਾਲੇ ਰਾਜ ਨੇ ਲੋਕਾਂ ਦੇ ਮਨਾਂ ਵਿੱਚ ਸਰਕਾਰ ਵਿਰੁੱਧ ਬਹੁਤ ਬੇਚੈਨੀ ਪੈਦਾ ਕੀਤੀ ਹੋਈ ਸੀ। ਪੰਜਾਬ ਵਿੱਚ ਸੱਤਿਆਗ੍ਰਹਿ ਨੂੰ ਜ਼ੋਰ ਫੜਦਿਆਂ ਵੇਖ ਮਾਈਕਲ ਓ’ਡਵਾਇਰ ਨੇ 9 ਅਪਰੈਲ 1919 ਨੂੰ ਮਹਾਤਮਾ ਗਾਂਧੀ ਦੇ ਪੰਜਾਬ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ। ਇਸ ਉਪਰੰਤ ਘਟਨਾਚੱਕਰ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਡਾਇਰ ਨੂੰ ਆਪਣੀ ਮਨਮਾਨੀ ਕਰਨ ਦਾ ਮੌਕਾ ਮਿਲ ਗਿਆ। ਮਹਾਤਮਾ ਗਾਂਧੀ, ਜੋ ਇਸ ਹਾਲਾਤ ’ਤੇ ਕਾਬੂ ਪਾ ਸਕਦੇ ਸਨ, ਨੂੰ 10 ਅਪਰੈਲ ਨੂੰ ਪਲਵਲ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਕੇ 11 ਅਪਰੈਲ ਨੂੰ ਮੁੰਬਈ ਲਿਜਾ ਕੇ ਛੱਡ ਦਿੱਤਾ ਗਿਆ। ਮਹਾਤਮਾ ਗਾਂਧੀ ਦੀ ਗ੍ਰਿਫ਼ਤਾਰੀ ਨਾਲ ਲੋਕ ਹੋਰ ਭੜਕ ਗਏ। ਸਥਾਨਕ ਨੇਤਾਵਾਂ ਡਾ. ਸਤਿਆਪਾਲ ਅਤੇ ਡਾ. ਸੈਫੂਦੀਨ ਕਿਚਲੂ ਦੀ 10 ਅਪਰੈਲ ਦੀ ਗ੍ਰਿਫ਼ਤਾਰੀ ਮਗਰੋਂ ਸੱਤਿਆਗ੍ਰਹਿ ਤੇ ਹੜਤਾਲ ਨੂੰ ਸੁਚਾਰੂ ਰੱਖਣ ਵਾਲਾ ਕੋਈ ਵੀ ਨੇਤਾ ਨਾ ਰਿਹਾ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦੀ ਭੀੜ
ਬੇਕਾਬੂ ਹੋ ਗਈ। ਇਹ ਹੀ ਡਾਇਰ ਦੇ ਆਉਣ
ਦਾ ਬਹਾਨਾ ਬਣਿਆ ਅਤੇ ਇਸ ਦਾ ਸਿੱਟਾ 13 ਅਪਰੈਲ ਨੂੰ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਵਿੱਚ ਨਿਕਲਿਆ।
ਰੌਲੈੱਟ ਐਕਟ ਵਿਰੁੱਧ ਸੱਤਿਆਗ੍ਰਹਿ ਕਰਨ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ ਚਾਹਿਆ ਸੀ ਕਿ ਉਹ ਰਾਬਿੰਦਰਨਾਥ ਟੈਗੋਰ ਦੀ ਸਹਿਮਤੀ ਲੈ ਲੈਣ ਕਿਉਂਕਿ ਇਹ ਸਿਰਫ਼ ਇੱਕ ਕਾਨੂੰਨ ਖ਼ਿਲਾਫ਼ ਕੌਮੀ ਪੱਧਰ ਦਾ ਅੰਦੋਲਨ ਸੀ। ਚਾਰਲੀ ਐਂਡਰਿਊਜ਼ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਰਾਬਿੰਦਰਨਾਥ ਟੈਗੋਰ ਬਿਮਾਰ ਸਨ, ਇਸ ਲਈ ਮਹਾਤਮਾ ਗਾਂਧੀ ਉਨ੍ਹਾਂ ਨੂੰ ਪੱਤਰ ਲਿਖਣ ਤੋਂ ਹਿਚਕਿਚਾ ਰਹੇ ਸਨ, ਪਰ ਉਨ੍ਹਾਂ ਦੇ ਬਨਾਰਸ ਪੁੱਜਣ ਦਾ ਸੁਣ ਕੇ ਗਾਂਧੀ ਨੇ 5 ਅਪਰੈਲ 1919 ਨੂੰ ਉਨ੍ਹਾਂ ਨੂੰ ਮੁੰਬਈ ਤੋਂ ਪੱਤਰ ਲਿਖਿਆ: ‘ਮੇਰੇ ਮਨ ਨੂੰ ਉਸ ਸਮੇਂ ਤੱਕ ਸੰਤੁਸ਼ਟੀ ਨਹੀਂ ਹੋਣੀ ਜਦੋਂ ਤੱਕ ਮੈਂ ਦੇਸ਼ ਦੀ ਰਾਜਨੀਤਕ ਜ਼ਿੰਦਗੀ ਨੂੰ ਸ਼ੁੱਧ ਕਰਨ ਵਾਸਤੇ ਆਪਣੇ ਉੱਦਮਾਂ ਬਾਰੇ ਤੁਹਾਡੀ ਰਾਇ ਨਹੀਂ ਜਾਣ ਲੈਂਦਾ। ਤੁਹਾਡਾ ਇਸ ਬਾਰੇ ਕੋਈ ਵਿਰੋਧੀ ਮਤ ਵੀ ਮੇਰੇ ਲਈ ਚਾਨਣ-ਮੁਨਾਰਾ ਸਾਬਿਤ ਹੋਵੇਗਾ ਕਿਉਂਕਿ ਉਸ ਨਾਲ ਮੈਨੂੰ ਆਉਣ ਵਾਲੇ ਖ਼ਤਰਿਆਂ ਤੋਂ ਚਿਤਾਵਨੀ ਮਿਲ ਜਾਵੇਗੀ।’ ਗੁਰੂਦੇਵ ਟੈਗੋਰ ਨੂੰ ਸਾਹਿਤ ਲਈ ਨੋਬੇਲ ਪੁਰਸਕਾਰ 1913 ਵਿੱਚ ਅਤੇ ਇੰਗਲੈਂਡ ਦੇ ਮਹਾਰਾਜਾ ਜੌਰਜ ਪੰਚਮ ਵੱਲੋਂ ਨਾਈਟਹੁੱਡ ਦੀ ਪਦਵੀ 1915 ਵਿੱਚ ਦਿੱਤੀ ਗਈ ਸੀ।
ਉਨ੍ਹਾਂ 12 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਦੇ ਕਤਲੇਆਮ ਤੋਂ ਇੱਕ ਦਿਨ ਪਹਿਲਾਂ ਸ਼ਾਂਤੀ ਨਿਕੇਤਨ ਤੋਂ ਮਹਾਤਮਾ ਗਾਂਧੀ ਨੂੰ ਇਸ ਖ਼ਤ ਦਾ ਜਵਾਬ ਦਿੱਤਾ, ਜੋ 3 ਜੂਨ 1919 ਦੇ ‘ਸਟੇਟਸਮੈਨ’ ਅਤੇ ਜੁਲਾਈ 1919 ਦੇ ‘ਮਾਡਰਨ ਰੀਵਿਊ’ ਵਿੱਚ ਛਪਿਆ। ਗੁਰੂਦੇਵ ਨੇ ਲਿਖਿਆ ਕਿ ਤਾਕਤ ਆਪਣੇ ਹਰ ਰੂਪ ਵਿੱਚ ਹੀ ਵਿਵੇਕਹੀਣ ਹੁੰਦੀ ਹੈ। ਇਹ ਉਸ ਘੋੜੇ ਵਾਂਗ ਹੈ, ਜਿਸ ਦੀਆਂ ਅੱਖਾਂ ਬੰਨ੍ਹੀਆਂ ਹੋਣ ਅਤੇ ਉਹ ਬੱਘੀ ਖਿੱਚ ਰਿਹਾ ਹੋਵੇ। ਘੋੜੇ ਨੂੰ ਚਲਾਉਣ ਵਾਲਾ ਸਾਈਸ ਹੀ ਇਸ ਦਾ ਨੈਤਿਕ ਤੱਤ ਹੁੰਦਾ ਹੈ। ਅਹਿੰਸਕ ਵਿਰੋਧ ਆਪਣੇ ਆਪ ਵਿੱਚ ਨੈਤਿਕ ਨਹੀਂ ਹੁੰਦਾ। ਇਹ ਸੱਚ ਦੇ ਹੱਕ ਅਤੇ ਵਿਰੋਧ ਦੋਵੇਂ ਪਾਸੇ ਵਰਤਿਆ ਜਾ ਸਕਦਾ ਹੈ। ਹਰ ਤਰ੍ਹਾਂ ਦੀ ਤਾਕਤ ਵਿੱਚ ਇੱਕ ਖ਼ਤਰਾ ਸਮਾਇਆ ਰਹਿੰਦਾ ਹੈ, ਜੋ ਸਫਲਤਾ ਦੇ ਨੇੜੇ ਪੁੱਜਦਿਆਂ ਲੋਭ ਵਿੱਚ ਬਦਲ ਜਾਂਦਾ ਹੈ। ਟੈਗੋਰ ਲਿਖਦੇ ਹਨ, ‘ਮੈਂ ਜਾਣਦਾ ਹਾਂ ਕਿ ਤੁਸੀਂ ਚੰਗਿਆਈ ਨਾਲ ਬੁਰਾਈ ਦਾ ਟਾਕਰਾ ਕਰਨਾ ਚਾਹੁੰਦੇ ਹੋ। ਪਰ ਅਜਿਹਾ ਯੁੱਧ ਨਾਇਕਾਂ ਲਈ ਹੈ, ਮਨੁੱਖਾਂ ਲਈ ਨਹੀਂ, ਜਿਹੜੇ ਮੌਕੇ ਦੀਆਂ ਜ਼ਰੂਰਤਾਂ ਵਿੱਚ ਬੰਨ੍ਹੇ ਹੁੰਦੇ ਹਨ। ਬੁਰਾਈ ਤੋਂ ਕੁਦਰਤੀ ਹੀ ਬੁਰਾਈ ਪੈਦਾ ਹੁੰਦੀ ਹੈ, ਬੇਇਨਸਾਫ਼ੀ ਤੋਂ ਹਿੰਸਾ ਅਤੇ ਬੇਇੱਜ਼ਤੀ ਤੋਂ ਬਦਲਾਖੋਰੀ; ਬਦਕਿਸਮਤੀ ਨਾਲ ਇਹ ਵਿਹੁ-ਚੱਕਰ ਸ਼ੁਰੂ ਹੋ ਚੁੱਕਾ ਹੈ। ਭਾਵੇਂ ਡਰ ਅਤੇ ਘਬਰਾਹਟ ਵਿੱਚੋਂ ਜਾਂ ਸਰਕਾਰੀ ਤਸ਼ੱਦਦ ਕਾਰਨ। ਸਾਡੀ ਸਰਕਾਰ ਨੇ ਆਪਣੇ ਖ਼ੂਨੀ ਪੰਜੇ ਦਿਖਾ ਦਿੱਤੇ ਹਨ, ਜਿਸ ਨਾਲ ਕੁਝ ਲੋਕ ਕ੍ਰੋਧ ਕਰਕੇ ਗੁਪਤ ਕਾਰਜਾਂ ਵੱਲ ਤੁਰ ਪੈਣਗੇ ਜਾਂ ਦਿਸ਼ਾਹੀਣ ਹੋ ਕੇ ਭਟਕ ਜਾਣਗੇ।
ਤੁਸੀਂ ਲੋਕਾਂ ਦੇ ਲੀਡਰ ਹੋ ਅਤੇ ਉਨ੍ਹਾਂ ਦੀ ਮਾਨਸਿਕਤਾ ਸਮਝਦੇ ਹੋ। ਇਸ ਸੰਕਟ ਦੇ ਸਮੇਂ ਦੌਰਾਨ ਆਪਣੇ ਆਦਰਸ਼ ਦੇ ਪ੍ਰਚਾਰ ਨਾਲ ਤੁਸੀਂ ਲੋਕਾਂ ਵਿੱਚ ਬਦਲੇ ਦੀ ਭਾਵਨਾ ਅਤੇ ਭੈਅ ਮਾਰੀ ਜਨਤਾ ਨੂੰ ਕਾਬੂ ਕਰ ਸਕਦੇ ਹੋ। ਤੁਹਾਡਾ ਆਦਰਸ਼ ਹੀ ਇਸ ਦੇਸ਼ ਦਾ ਆਦਰਸ਼ ਹੈ। ਤੁਸੀਂ ਵੀ ਉਹ ਹੀ ਕਹਿ ਰਹੇ ਹੋ, ਜੋ ਗੌਤਮ ਬੁੱਧ ਨੇ ਆਪਣੇ ਸਮੇਂ ਵਿੱਚ ਕਿਹਾ ਸੀ। ਗੁੱਸੇ ਉੱਤੇ ਦਿਆਲਤਾ ਨਾਲ ਕਾਬੂ ਪਾਉ ਅਤੇ ਬੁਰਾਈ ਉੱਤੇ ਚੰਗਿਆਈ ਦੀ ਤਾਕਤ ਨਾਲ। ਉਨ੍ਹਾਂ ਅਗਾਂਹ ਲਿਖਿਆ, ‘ਮੈਂ ਹਮੇਸ਼ਾ ਮਹਿਸੂਸ ਕੀਤਾ ਅਤੇ ਕਿਹਾ ਹੈ ਕਿ ਆਜ਼ਾਦੀ ਦਾ ਮਹਾਨ ਤੋਹਫ਼ਾ ਲੋਕਾਂ ਨੂੰ ਦਾਨ ਵਿੱਚ ਨਹੀਂ ਮਿਲ ਸਕਦਾ। ਇਸ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਨੂੰ ਜਿੱਤਣਾ ਪਵੇਗਾ ਅਤੇ ਹਿੰਦੋਸਤਾਨ ਕੋਲ ਇਸ ਨੂੰ ਜਿੱਤਣ ਦੀ ਤਾਕਤ ਉਸ ਸਮੇਂ ਹੀ ਆਵੇਗੀ ਜਦੋਂ ਸਾਡੀ ਨੈਤਿਕ ਸ਼ਕਤੀ, ਤਾਕਤ ਨਾਲ ਰਾਜ ਜਿੱਤਣ ਵਾਲਿਆਂ ਤੋਂ ਵੱਡੀ ਹੋਵੇਗੀ। ਦੇਸ਼ ਨੂੰ ਖਿੜੇ ਮੱਥੇ ਇਸ ਤਪੱਸਿਆ ਦਾ ਦੁੱਖ ਝੱਲਣਾ ਚਾਹੀਦਾ ਹੈ, ਇਸ ਨਾਲ ਹੀ ਮੁਕਟ ਮਿਲਦੇ ਹਨ।’
ਇਸ ਲੰਮੇ ਪੱਤਰ ਵਿੱਚ ਉਨ੍ਹਾਂ ਦੀ ਮਹਾਤਮਾ ਗਾਂਧੀ ਦੇ ਕਾਰਜ ਲਈ ਸ਼ੁਭ ਇੱਛਾਵਾਂ ਵੀ ਹਨ ਅਤੇ ਦੁਆਵਾਂ ਵੀ। ਉਨ੍ਹਾਂ ਨੇ ਪੱਤਰ ਦਾ ਅੰਤ ਇਸ ਕਵਿਤਾ ਨਾਲ ਕੀਤਾ, ਜਿਸ ਦੇ ਅਖੀਰਲੇ ਪੈਰ੍ਹੇ ਵਿੱਚ ਦੁਆ ਮੰਗੀ ਗਈ, ‘ਮੈਨੂੰ ਪਿਆਰ ਦਾ ਹੌਸਲਾ ਬਖ਼ਸ਼, ਬੋਲਣ ਦਾ ਹੌਸਲਾ ਦੇ ਅਤੇ ਦੁੱਖ ਝੱਲਣ ਦਾ ਬਲ ਦੇ।’ ਇਹ ਪੱਤਰ ਰਾਬਿੰਦਰਨਾਥ ਟੈਗੋਰ ਨੇ 12 ਅਪਰੈਲ ਨੂੰ ਡਾਕ ਵਿੱਚ ਪਾਇਆ ਸੀ ਤੇ 13 ਅਪਰੈਲ ਦੀ ਵਿਸਾਖੀ ਨੂੰ ਜਲਿਆਂਵਾਲਾ ਬਾਗ਼ ਦਾ ਸਾਕਾ ਹੋ ਗਿਆ। ਰਾਬਿੰਦਰਨਾਥ ਟੈਗੋਰ ਨੂੰ ਇਸ ਦੀ ਜਾਣਕਾਰੀ 22 ਮਈ 1919 ਨੂੰ ਮਿਲੀ। 31 ਮਈ ਨੂੰ ਉਨ੍ਹਾਂ ਨੇ ਭਾਰਤ ਦੇ ਵਾਇਸਰਾਏ ਨੂੰ ਆਪਣਾ ਖਿਤਾਬ ਮੋੜ ਦਿੱਤਾ ਅਤੇ ਨਾਲ ਹੀ ਆਪਣਾ ਦਰਦ ਬਿਆਨ ਕਰਦਾ ਇੱਕ ਪੱਤਰ ਲਿਖਿਆ, ਜਿਸ ਵਿੱਚ ਉਨ੍ਹਾਂ ਦੱਸਿਆ, ‘ਜਲਿਆਂਵਾਲਾ ਬਾਗ਼ ਨੇ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਦੀ ਅੰਗਰੇਜ਼ਾਂ ਦੇ ਗ਼ੁਲਾਮ ਹੋਣ ਦੀ ਬੇਚਾਰਗੀ ਬਾਰੇ ਚੰਗੀ ਤਰ੍ਹਾਂ ਦੱਸ ਦਿੱਤਾ ਹੈ। ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸੱਭਿਅਕ ਸਰਕਾਰਾਂ ਵੇਲੇ ਇਤਿਹਾਸ ਵਿੱਚ ਅਜਿਹਾ ਕਾਰਨਾਮਾ ਕਦੇ ਨਹੀਂ ਵਾਪਰਿਆ। ਬਦਕਿਸਮਤ ਲੋਕਾਂ ਨੂੰ ਬੇਇੰਤਹਾ ਸਜ਼ਾ ਦਿੱਤੀ ਗਈ ਹੈ, ਜਿਸ ਢੰਗ ਨਾਲ ਇਹ ਸਜ਼ਾ ਦਿੱਤੀ ਗਈ ਹੈ, ਇਸ ਦੀ ਵੀ ਕੋਈ ਮਿਸਾਲ ਨਹੀਂ ਹੈ। ਇਹ ਸਜ਼ਾ ਨਿਹੱਥੇ ਅਤੇ ਸਾਧਨਹੀਣ ਲੋਕਾਂ ਨੂੰ ਅਜਿਹੀ ਸਰਕਾਰ ਰਾਹੀਂ ਦਿੱਤੀ ਗਈ ਹੈ, ਜਿਸ ਕੋਲ ਮਨੁੱਖੀ ਜ਼ਿੰਦਗੀ ਨੂੰ ਤਬਾਹ ਕਰਨ ਲਈ ਬਹੁਤ ਹੀ ਦਹਿਸ਼ਤ ਭਰੀਆਂ ਅਤੇ ਸੁਚਾਰੂ ਸੰਸਥਾਵਾਂ ਹਨ। ਇਸ ਕਤਲੇਆਮ ਦੀ ਕੋਈ ਵੀ ਰਾਜਨੀਤਕ ਜਾਂ ਨੈਤਿਕ ਉਚਿਤਤਾ ਨਾ ਤਾਂ ਹੈ ਤੇ ਨਾ ਹੀ ਦੱਸੀ ਜਾ ਸਕਦੀ ਹੈ।
ਪੰਜਾਬ ਵਿੱਚ ਸਾਡੇ ਵੀਰਾਂ ਤੇ ਭੈਣਾਂ ਦੀ ਬੇਇੱਜ਼ਤੀ ਅਤੇ ਉਨ੍ਹਾਂ ਉੱਤੇ ਹੋ ਰਹੇ ਜ਼ੁਲਮ ਦੀਆਂ ਜੋ ਖ਼ਬਰਾਂ ਹਰ ਤਰ੍ਹਾਂ ਦੇ ਸੈਂਸਰ ਦੇ ਬਾਵਜੂਦ ਸਾਰੇ ਭਾਰਤ ਵਿੱਚ ਪੁੱਜ ਰਹੀਆਂ ਹਨ ਅਤੇ ਇਸ ਨਾਲ ਦੇਸ਼ ਦੀ ਜਨਤਾ ਦੇ ਮਨ ਵਲੂੰਧਰੇ ਗਏ ਹਨ ਅਤੇ ਜੋ ਰੋਸ ਪੈਦਾ ਹੋ ਰਿਹਾ ਹੈ ਇਸ ਵੱਲ ਸਾਡੇ ਸ਼ਾਸਕ ਕੋਈ ਤਵੱਜੋ ਨਹੀਂ ਦੇ ਰਹੇ। ਸ਼ਾਇਦ ਉਹ ਆਪਣੀ ਜਿੱਤ ਉੱਤੇ ਜਸ਼ਨ ਮਨਾ ਰਹੇ ਹਨ ਅਤੇ ਇੱਕ-ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਉਨ੍ਹਾਂ ਅਨੁਸਾਰ ਦੇਸ਼ ਦੀ ਜਨਤਾ ਨੂੰ ਸਬਕ ਸਿਖਾਇਆ ਗਿਆ ਹੈ। ਐਂਗਲੋ-ਇੰਡੀਅਨ ਅਖ਼ਬਾਰਾਂ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਬਹੁਤ ਸਰਿਆਂ ਨੇ ਤਾਂ ਸਾਡੇ ਦੁੱਖ ਦਾ ਮਜ਼ਾਕ ਉਡਾਇਆ ਹੈ ਅਤੇ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਵਰਜਿਆ। ਮੁਸੀਬਤ ਝੱਲਣ ਵਾਲਿਆਂ ਦੀ ਹਰ ਆਵਾਜ਼ ਅਤੇ ਸੰਸਥਾ ਨੂੰ ਸਿਲਸਿਲੇਬੱਧ ਢੰਗ ਨਾਲ ਮੁਕਾਇਆ ਜਾ ਰਿਹਾ ਹੈ। ਅੱਲ੍ਹੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ।
ਇਹ ਜਾਣ ਕੇ ਕਿ ਸਾਡੀਆਂ ਅਪੀਲਾਂ ਦੀ ਕੋਈ ਵੁੱਕਤ ਨਹੀਂ ਹੈ ਅਤੇ ਸਟੇਟਸਮੈਨਸ਼ਿਪ ਦੀ ਸਾਰੀਆਂ ਉੱਚੀਆਂ ਕਦਰਾਂ-ਕੀਮਤਾਂ, ਜੋ ਤੁਹਾਡੀ ਸ਼ਕਤੀ, ਨੈਤਿਕ ਮੁੱਲਾਂ ਅਤੇ ਉਦਾਰਤਾ ਦੀ ਦੱਸ ਪਾਉਂਦੀਆਂ ਹਨ, ਤੁਹਾਡੀ ਬਦਲੇ ਦੀ ਅੱਗ ਵਿੱਚ ਮੁੱਕ ਗਈਆਂ ਹਨ। ਇਨ੍ਹਾਂ ਹਾਲਾਤ ਵਿੱਚ ਆਪਣੇ ਲੋਕਾਂ ਨੂੰ ਆਪਣੀ ਆਵਾਜ਼ ਦੇਣ ਲਈ ਮੈਂ ਕਿਸੇ ਵੀ ਕਿਸਮ ਦਾ ਨਤੀਜਾ ਭੁਗਤਣ ਲਈ ਤਿਆਰ ਹਾਂ। ਮੈਂ ਡਰ ਅਤੇ ਪੀੜ ਵਿੱਚ ਸੁੰਨ ਹੋਏ ਆਪਣੇ ਲੱਖਾਂ ਦੇਸ਼ਵਾਸੀਆਂ ਦੇ ਨਾਲ ਖੜ੍ਹਾ ਹਾਂ। ਇਹ ਸਨਮਾਨ ਅਤੇ ਮੈਡਲ ਨਮੋਸ਼ੀ ਅਤੇ ਅਪਮਾਨ ਦਾ ਚਿੰਨ੍ਹ ਬਣ ਗਏ ਹਨ। ਮੈਂ ਉਨ੍ਹਾਂ ਸਾਰੇ ਸਨਮਾਨਾਂ ਅਤੇ ਮੈਡਲਾਂ ਤੋਂ ਆਪਣੇ ਆਪ ਨੂੰ ਮੁਕਤ ਹੋਇਆ ਚਾਹੁੰਦਾ ਹਾਂ ਅਤੇ ਉਨ੍ਹਾਂ ਬੇਪਛਾਣ ਤੇ ਤੁੱਛ ਦੇਸ਼ਵਾਸੀਆਂ ਦੇ ਨਾਲ ਹਾਂ, ਜਿਹੜੇ ਅਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ, ਜੋ ਇਨਸਾਨਾਂ ਦੇ ਯੋਗ ਨਹੀਂ ਹੈ। ਇਨ੍ਹਾਂ ਕਾਰਨਾਂ ਨੇ ਮੈਨੂੰ ਮਜਬੂਰ ਕੀਤਾ ਹੈ ਕਿ ਮੈਂ ਪੂਰੇ ਅਦਬ ਨਾਲ ਆਪ ਜੀ ਨੂੰ ਮੈਨੂੰ ਮੇਰੇ ਸਾਰੇ ਸਨਮਾਨਾਂ ਤੋਂ ਮੁਕਤ ਕਰਨ ਦੀ ਬੇਨਤੀ ਕਰਾਂ।’ ਗੁਰੂਦੇਵ ਦੇ ਇਸ ਪੱਤਰ ਦੀਆਂ ਕਾਪੀਆਂ ਇੱਕ ਪੋਸਟਰ ਦੇ ਰੂਪ ਵਿੱਚ ਛਾਪ ਕੇ ਲੰਡਨ ਵਿੱਚ ਵੀ ਵੰਡੀਆਂ ਗਈਆਂ।
ਰਾਬਿੰਦਰਨਾਥ ਟੈਗੋਰ ਦਾ ਇੱਕ ਹੋਰ ਪੱਤਰ ਇੰਡੀਆ ਹੋਮ ਰੂਲ ਲੀਗ ਔਫ ਅਮੈਰਿਕਾ, ਨਿਊਯਾਰਕ ਦੇ ਮਾਸਿਕ ਮੈਗਜ਼ੀਨ ‘ਯੰਗ ਇੰਡੀਆ’ ਵਿੱਚ ਅਗਸਤ 1920 ਦੇ ਅੰਕ ਵਿੱਚ ਛਪਿਆ। ਗੁਰੂਦੇਵ ਨੇ ਲਿਖਿਆ ਕਿ ਅਮਨ ਕਾਨੂੰਨ ਦੇ ਨਾਂ ’ਤੇ ਪੰਜਾਬ ਵਿੱਚ ਘੋਰ ਗੁਨਾਹ ਕੀਤਾ ਗਿਆ ਹੈ। ਬੁਰਾਈ ਦੇ ਅਜਿਹੇ ਭਿਆਨਕ ਵਿਸਫੋਟ ਆਪਣੇ ਪਿੱਛੇ ਆਦਰਸ਼ਾਂ ਦੀ ਬਰਬਾਦੀ ਦੀ ਮੰਦੀ ਵਿਰਾਸਤ ਛੱਡ ਜਾਂਦੇ ਹਨ। ਜਲ੍ਹਿਆਂਵਾਲਾ ਬਾਗ਼ ਵਿੱਚ ਜੋ ਕੁਝ ਵਾਪਰਿਆ, ਉਹ ਉਸ ਜਾਬਰ ਲਹਿਰ ਦੀ ਭਿਆਨਕ ਪੈਦਾਵਾਰ ਸੀ, ਜਿਹੜੀ ਚਾਰ ਵਰ੍ਹਿਆਂ ਤੋਂ ਇਸ ਦੁਨੀਆ ਨੂੰ ਨਫ਼ਰਤ ਦੀ ਅੱਗ ਅਤੇ ਜ਼ਹਿਰ ਨਾਲ ਅਪਵਿੱਤਰ ਕਰ ਰਹੀ ਸੀ। ਪਾਪ ਦੀ ਵਿਸ਼ਾਲਤਾ ਅਤੇ ਮਨੁੱਖਾਂ ਦੀ ਪੀੜ ਨੇ ਉਨ੍ਹਾਂ ਲੋਕਾਂ ਦੇ ਮਨ ਵਿੱਚ ਬੇਰਹਿਮੀ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਦੇ ਹੱਥਾਂ ਵਿੱਚ ਸ਼ਕਤੀ ਹੈ। ਉਨ੍ਹਾਂ ਦੇ ਮਨਾਂ ਦੇ ਅੰਦਰ ਨਾ ਤਾਂ ਹਮਦਰਦੀ ਹੈ ਅਤੇ ਨਾ ਹੀ ਕਿਸੇ ਬਾਹਰੀ ਵਿਰੋਧ ਦਾ ਡਰ। ਇਹ ਤਾਕਤਵਰਾਂ ਦੀ ਕਾਇਰਤਾ ਹੀ ਹੈ ਕਿ ਉਨ੍ਹਾਂ ਨੂੰ ਨਿਹੱਥੇ ਅਤੇ ਅਣਭੋਲ ਪੇਂਡੂ ਲੋਕਾਂ ਉੱਤੇ ਮਸ਼ੀਨੀ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਕੋਈ ਸੰਕੋਚ ਨਾ ਹੋਇਆ। ਅਜਿਹਾ ਪਿਛਲੀ ਵੱਡੀ ਜੰਗ ਤੋਂ ਮਨੁੱਖ ਨੂੰ ਸੱਭਿਅਤਾ ਦੀਆਂ ਉੱਚ ਕਦਰਾਂ ਕੀਮਤਾਂ ਦਾ ਲਗਾਤਾਰ ਅਪਮਾਨ ਕਰਨ ਅਤੇ ਸੱਚ ਤੇ ਮਨੁੱਖੀ ਰੁਤਬੇ ਨੂੰ ਪੈਰਾਂ ਥੱਲੇ ਲਿਤਾੜਣ ਦੇ ਮਿਲੇ ਲਗਾਤਾਰ ਮੌਕੇ ਕਾਰਨ ਸੰਭਵ ਹੋਇਆ ਹੈ।
ਸੱਭਿਅਤਾ ਦੇ ਆਧਾਰ ਦਾ ਅਜਿਹਾ ਵਿਨਾਸ਼ ਨੈਤਿਕ ਭੂਚਾਲਾਂ ਦੀ ਭਾਵਨਾ ਪੈਦਾ ਕਰਨਾ ਜਾਰੀ ਰੱਖੇਗਾ। ਮਨੁੱਖ ਨੂੰ ਹੋਰ ਅਜਿਹੇ ਦੁੱਖਾਂ ਨੂੰ ਸਹਿਣ ਲਈ ਤਿਆਰ ਰਹਿਣਾ ਪਵੇਗਾ। ਸੰਤੁਲਨ ਨੂੰ ਮੁੜ ਬਹਾਲ ਕਰਨ ਵਿੱਚ ਲੰਮਾ ਸਮਾਂ ਲੱਗੇਗਾ। ਸਾਡੇ ਕੋਲ ਉਨ੍ਹਾਂ ਜੇਤੂ ਸ਼ਕਤੀਆਂ ਦੇ ਜਸ਼ਨ ਲਈ ਕੋਈ ਥਾਂ ਨਹੀਂ ਹੈ। ਇਹ ਲੋਕ ਦੁਨੀਆ ਨੂੰ ਆਪਣੇ ਮਕਸਦਾਂ ਅਨੁਸਾਰ ਟੁਕੜਿਆਂ ਵਿੱਚ ਵੰਡ ਰਹੇ ਹਨ। ਕਮਜ਼ੋਰ ਮਨਾਂ ਵਿੱਚ ਜਿਹੜਾ ਡਰ ਅਤੇ ਰੋਸ ਉਹ ਪੈਦਾ ਕਰ ਰਹੇ ਹਨ, ਉਹ ਵੀ ਘੱਟ ਅਪਮਾਨਜਨਕ ਨਹੀਂ ਹੈ। ਭਰਾਵੋ, ਜਦੋਂ ਸਰੀਰਕ ਸ਼ਕਤੀ ਆਪਣੇ ਹੰਕਾਰੀ ਵਿਸ਼ਵਾਸ ਵਿੱਚ ਆ ਕੇ ਮਨੁੱਖੀ ਆਤਮਾ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਸਮਾਂ ਮਨੁੱਖ ਦੇ ਦਾਅਵਾ ਕਰਨ ਦਾ ਆਉਂਦਾ ਹੈ ਕਿ ਉਸ ਦੀ ਆਤਮਾ ਅਜਿੱਤ ਹੈ। ਅਸੀਂ ਡਰਨ ਤੋਂ ਇਨਕਾਰ ਕਰਦੇ ਹਾਂ। ਆਪਣੇ ਮਨਾਂ ਵਿੱਚ ਬਦਲੇ ਦੇ ਮਾੜੇ ਸੁਪਨਿਆਂ ਨੂੰ ਪਾਲ ਕੇ ਨੈਤਿਕ ਹਾਰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰਦੇ ਹਾਂ। ਪੀੜਤਾਂ ਲਈ ਧਰਮ ਦੇ ਮੈਦਾਨ ਵਿੱਚ ਜੇਤੂ ਹੋਣ ਦਾ ਵਕਤ ਆ ਗਿਆ ਹੈ।
ਜਦੋਂ ਭਰਾ, ਭਰਾ ਦਾ ਖ਼ੂਨ ਵਹਾਉਂਦਾ, ਉਸ ’ਤੇ ਬਾਘੀਆਂ ਪਾਉਂਦਾ ਹੈ ਅਤੇ ਉਸ ਨੂੰ ਕੋਈ ਬਹੁਤ ਫੱਬਦਾ ਜਿਹਾ ਨਾਉਂ ਦਿੰਦਾ ਹੈ; ਜਦੋਂ ਉਹ ਯਾਦਗਾਰ ਵਜੋਂ ਮਿੱਟੀ ’ਤੇ ਖ਼ੂਨ ਦੇ ਨਿਸ਼ਾਨਾਂ ਨੂੰ ਤਾਜ਼ਾ ਰੱਖਣ ਦੀ ਕੋਸ਼ਿਸ ਕਰਦਾ ਹੈ ਤਾਂ ਸ਼ਰਮਸਾਰ ਹੋਇਆ ਰੱਬ ਉਸ ਨੂੰ ਹਰੇ ਘਾਹ ਹੇਠਾਂ ਅਤੇ ਫੁੱਲਾਂ ਦੀ ਪਵਿੱਤਰਤਾ ਨਾਲ ਕੱਜ ਲੈਂਦਾ ਹੈ। ਅਸੀਂ ਆਪਣੇ ਗੁਆਂਢ ਵਿੱਚ ਬੇਦੋਸ਼ਿਆਂ ਦਾ ਕਤਲੇਆਮ ਹੁੰਦੇ ਵੇਖਿਆ ਹੈ। ਆਓ, ਆਪਾਂ ਪਰਮਾਤਮਾ ਦੇ ਕਰਮ ਨੂੰ ਸਵੀਕਾਰ ਕਰੀਏ ਅਤੇ ਬੇਇਨਸਾਫ਼ੀ ਦੇ ਖ਼ੂਨ ਦੇ ਧੱਬਿਆਂ ਨੂੰ ਆਪਣੀ ਅਰਦਾਸ ਨਾਲ ਢਕ ਲਈਏ। ਕੁੱਲ ਨੀਚਤਾ, ਬੇਰਹਿਮ ਅਤੇ ਅਸਤਿ ਅੰਧਕਾਰ ਭਰੀ ਗੁੰਮਨਾਮੀ ਵਿੱਚ ਦਫ਼ਨ ਹੋ ਜਾਣਗੇ ਅਤੇ ਸਿਰਫ਼ ਸੱਚ ਹੀ ਸਦੀਵੀ ਰਹੇਗਾ। ਇਹ ਹੀ ਸਬਕ ਹੈ। ਜਿਹੜੇ ਭਵਿੱਖ ਦੇ ਮਨਾਂ ’ਤੇ ਗ਼ਲਤੀਆਂ ਅਤੇ ਗੁੱਸੇ ਦੀਆਂ ਕਾਲੀਆਂ ਯਾਦਾਂ ਦੇ ਪਰਛਾਵੇਂ ਦਾ ਬੋਝ ਪਾਉਣਾ ਚਾਹੁੰਦੇ ਹੋਣ, ਉਨ੍ਹਾਂ ਦੀ ਮਰਜ਼ੀ। ਪਰੰਤੂ ਆਓ, ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੇਵਲ ਉਹੋ ਯਾਦਗਾਰਾਂ ਛੱਡ ਕੇ ਜਾਈਏ, ਜਿਨ੍ਹਾਂ ਦਾ ਅਸੀਂ ਸਤਿਕਾਰ ਕਰ ਸਕਦੇ ਹਾਂ।
Share this content:



Post Comment