Google ਨੇ ਲਾਂਚ ਕੀਤਾ ‘AI Cricket Coach’, ਖਿਡਾਰੀਆਂ ਨੂੰ ਮਿਲਣਗੇ ਕਈ ਲਾਭ
ਨਵੀਂ ਦਿੱਲੀ, 19 ਫਰਵਰੀ – ਭਾਰਤ ਵਿੱਚ ਅੱਜ ਕੱਲ੍ਹ ਕ੍ਰਿਕਟ ਅਤੇ ਏਆਈ ਨੂੰ ਲੈ ਕੇ ਕਾਫ਼ੀ ਚਰਚਾਂ ਹੋ ਰਹੀ ਹੈ। ਭਾਰਤ ਵਿੱਚ ਇਸ ਸਮੇਂ ਇੱਕ ਹੋਰ ਕ੍ਰਿਕਟ ਦਾ ਟੀ20 ਵਰਲਡ ਕੱਪ ਚੱਲ ਰਿਹਾ ਹੈ ਅਤੇ ਦੂਜੇ ਪਾਸੇ India AI Impact Summit 2026 ਵੀ ਚੱਲ ਰਿਹਾ ਹੈ। ਇਸ ਮੌਕੇ ਗੂਗਲ ਨੇ ਸ਼ਾਨਦਾਰ ਬਾਜ਼ੀ ਮਾਰੀ। ਗੂਗਲ ਨੇ ਨਵੀਂ ਦਿੱਲੀ ਵਿੱਚ ਚੱਲ ਰਹੇ ਏਆਈ ਸਮਿਟ ਦੌਰਾਨ ਇੱਕ ਕ੍ਰਿਕਟ ਕੋਚ ਲਾਂਚ ਕਰ ਦਿੱਤਾ ਹੈ। ਨਵੀਂ ਦਿੱਲੀ ਵਿੱਚ ਚੱਲ ਰਹੇ ਇਸ ਏਆਈ ਸਮਿਟ ਵਿੱਚ ਗੂਗਲ ਦੇ ਏਆਈ ਕ੍ਰਿਕਟ ਕੋਚਿੰਗ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਗੂਗਲ ਨੇ ਆਪਣਾ ਏਆਈ ਆਧਾਰਿਤ ਕੋਚ ਪੇਸ਼ ਕੀਤਾ। ਗੂਗਲ ਦਾ ਇਹ ਏਆਈ ਕੋਚ ਨਾ ਸਿਰਫ਼ ਬੱਲੇਬਾਜ਼ੀ ਦੀਆਂ ਕਮੀਆਂ ਦੀ ਪਹਿਚਾਣ ਕਰਦਾ ਹੈ ਸਗੋਂ ਉਸੇ ਸਮੇਂ ਉਨ੍ਹਾਂ ਗਲਤੀਆਂ ਨੂੰ ਸੁਧਾਰਨ ਲਈ ਸੁਝਾਅ ਵੀ ਦਿੰਦਾ ਹੈ। ਗੂਗਲ ਦਾ ਏਆਈ ਕ੍ਰਿਕਟ ਕੋਚ ਕਿਸੇ ਪ੍ਰੋਫੈਸ਼ਨਲ ਕੋਚ ਦੀ ਤਰ੍ਹਾਂ ਹੀ ਕੰਮ ਕਰਦਾ ਹੈ।
ਗੂਗਲ ਨੇ ਇਸ ਏਆਈ ਸਿਸਟਮ ਲਈ ਭਾਰਤ ਮੰਡਪਮ ਦੇ Expo ਸੈਂਟਰ ਵਿੱਚ ਇੱਕ ਖਾਸ ਕ੍ਰਿਕਟ ਪਿਚ ਤਿਆਰ ਕੀਤੀ ਹੈ, ਜਿੱਥੇ ਨੌਜਵਾਨ ਖਿਡਾਰੀ ਬੱਲੇਬਾਜ਼ੀ ਕਰ ਸਕਦੇ ਹਨ। ਜਿਵੇਂ ਹੀ ਖਿਡਾਰੀ ਸ਼ਾਟ ਖੇਡਦਾ ਹੈ, ਪਿਚ ਦੇ ਸਾਹਮਣੇ ਲੱਗੇ ਹੋਏ ਕੈਮਰੇ ਅਤੇ ਸੈਂਸਰ ਖਿਡਾਰੀ ਦੇ ਫੁੱਟਵਰਕ, ਸਿਰ ਦੀ ਸਥਿਤੀ, ਸੰਤੁਲਨ ਅਤੇ ਬੱਲੇ ਦੇ ਸਵਿੰਗ ਨੂੰ ਰਿਕਾਰਡ ਕਰ ਲੈਂਦੇ ਹਨ। ਉਸ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਪਿਚ ‘ਤੇ ਲੱਗੀ ਸਕ੍ਰੀਨ ‘ਤੇ ਇੱਕ ਡਿਟੇਲ ਰਿਪੋਰਟ ਸਾਹਮਣੇ ਆਉਦੀ ਹੈ। ਇਸ ਰਿਪੋਰਟ ਵਿੱਚ ਦੱਸਿਆ ਜਾਂਦਾ ਹੈ ਕਿ ਖਿਡਾਰੀ ਨੇ ਸਹੀ ਸ਼ਾਟ ਚੁਣਿਆ ਹੈ ਜਾਂ ਨਹੀਂ ਅਤੇ ਗੇਂਦ ਦੀ ਰੇਖਾ-ਲੰਬਾਈ ਦੇ ਹਿਸਾਬ ਨਾਲ ਕਿਹੜਾ ਬਿਹਤਰ ਆਪਸ਼ਨ ਹੋ ਸਕਦਾ ਹੈ। ਈਟੀਵੀ ਨਾਲ ਗੱਲ ਕਰਦੇ ਹੋਏ ਗੂਗਲ ਦੀ ਤਕਨੀਕੀ ਟੀਮ ਨੇ ਕਿਹਾ ਕਿ ਇਹ ਸਿਸਟਮ ਫ੍ਰੇਮ-ਬਾਏ-ਫ੍ਰੇਮ ਵਿਸ਼ਲੇਸ਼ਣ ਕਰਦਾ ਹੈ, ਤਾਂਕਿ ਛੋਟੀ ਤੋਂ ਛੋਟੀ ਗਲਤੀ ਨੂੰ ਵੀ ਫੜਿਆ ਜਾ ਸਕੇ।
ਇਸ ਏਆਈ ਕੋਚ ਦੀ ਤਾਕਤ ਗੂਗਲ ਦਾ ਐਡਵਾਂਸ ਏਆਈ ਮਾਡਲ ਜੇਮਿਨੀ ਹੈ। ਹਾਲ ਹੀ ਵਿੱਚ ਗੂਗਲ ਦੇ ਸੀਈਓ ਸੁੰਦਰ ਪਿੰਚਾਈ ਨੇ ਇਸ ਤਕਨਾਲੋਜੀ ਬਾਰੇ ਕਿਹਾ ਸੀ ਕਿ ਗੂਗਲ ਹੁਣ ਆਪਣੀ ਗੂਗਲੀ ਵੀ ਸਮਝਣ ਵਿੱਚ ਮਦਦ ਕਰਦਾ ਹੈ। ਗੂਗਲ ਦੇ ਅਧਿਕਾਰੀਆਂ ਨੇ ਈਟੀਵੀ ਨੂੰ ਦੱਸਿਆ ਕਿ ਜੇਮਿਨੀ ਮਾਡਲ ਖਿਡਾਰੀਆਂ ਦੇ ਮੌਜ਼ੂਦਾ ਪ੍ਰਦਰਸ਼ਨ ਦੀ ਤੁਲਨਾ ਆਈਸੀਸੀ ਦੇ ਇਤਿਹਾਸਕ ਡਾਟਾ ਨਾਲ ਕਰਦਾ ਹੈ। ਇਹ ਸਿਸਟਮ ਦਿਖਾਉਦਾ ਹੈ ਕਿ ਜੇਕਰ ਉਸੇ ਗੇਂਦ ‘ਤੇ ਵਿਰਾਟ ਕੋਹਲੀ ਵਰਗੇ ਦਿੱਗਜ਼ ਖਿਡਾਰੀ ਬੱਲੇਬਾਜ਼ੀ ਕਰ ਰਹੇ ਹੁੰਦੇ, ਤਾਂ ਉਹ ਉਸ ਗੇਂਦ ਨੂੰ ਕਿਵੇਂ ਖੇਡਦੇ। ਇਸ ਨਾਲ ਨੌਜਵਾਨ ਖਿਡਾਰੀਆਂ ਨੂੰ ਤਕਨੀਕ ਅਤੇ ਸੋਚ ਦੋਨਾਂ ਪੱਧਰਾਂ ‘ਤੇ ਸਿੱਖਣ ਦਾ ਮੌਕਾ ਮਿਲਦਾ ਹੈ।
ਦੂਰ ਵਾਲੇ ਇਲਾਕਿਆਂ ਲਈ ਵੱਡਾ ਮੌਕਾ
ਇਹ ਤਕਨਾਲੋਜੀ ਉਨ੍ਹਾਂ ਇਲਾਕਿਆਂ ਲਈ ਫਾਇਦੇਮੰਦ ਹੋ ਸਕਦੀ ਹੈ, ਜਿੱਥੇ ਪ੍ਰੋਫੈਸ਼ਨਲ ਕੋਚਿੰਗ ਦੀ ਸੁਵਿਧਾ ਨਹੀਂ ਹੈ। ਏਆਈ ਹੁਣ ਸਿਰਫ਼ ਦਫ਼ਤਰਾਂ ਤੱਕ ਸੀਮਿਤ ਨਹੀਂ ਹੈ। ਇਹ ਮੈਦਾਨ ‘ਤੇ ਵੀ ਆ ਚੁੱਕਾ ਹੈ ਅਤੇ ਪਿੰਡਾਂ ਦੇ ਖਿਡਾਰੀਆਂ ਨੂੰ ਵੀ ਵੱਡਾ ਸਟੇਜ ਦੇਣ ਵਿੱਚ ਮਦਦ ਕਰਦਾ ਹੈ। ਮੋਬਾਈਲ ਕੈਮਰੇ ਰਾਹੀਂ ਮਿਲਣ ਵਾਲੀ ਇਹ ਕੋਚਿੰਗ ਨੌਜਵਾਨ ਖਿਡਾਰੀਆਂ ਦੇ ਖਰਚ ਨੂੰ ਵੀ ਘੱਟ ਕਰੇਗੀ ਅਤੇ ਪ੍ਰਤਿਭਾ ਨੂੰ ਸੁਧਾਰਨ ਦਾ ਨਵਾਂ ਰਾਸਤਾ ਖੋਲ੍ਹੇਗੀ।
ਏਆਈ ਕੋਚ ਦੀ ਖਾਸੀਅਤ
ਇਹ ਏਆਈ ਕੋਚ ਰਿਅਲ-ਟਾਈਮ ਵਿਸ਼ਲੇਸ਼ਣ, ਤਕਨੀਕੀ ਗਲਤੀਆਂ ਦੀ ਪਹਿਚਾਣ, ਨਿੱਜੀ ਟ੍ਰੇਨਿੰਗ ਪਲਾਨ ਅਤੇ ਮੋਬਾਈਲ ਆਧਾਰਿਤ ਕੋਚਿੰਗ ਵਰਗੀਆਂ ਸੁਵਿਧਾਵਾਂ ਦਿੰਦਾ ਹੈ। ਇਸ ਨਾਲ ਖਿਡਾਰੀ ਆਪਣੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਕਰ ਸਕਦੇ ਹਨ। ਤਕਨਾਲੋਜੀ ਅਤੇ ਖੇਡ ਦਾ ਇਹ ਮੇਲ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ਟ੍ਰੇਨਿੰਗ ਦੀ ਤਸਵੀਰ ਬਦਲ ਸਕਦਾ ਹੈ। ਏਆਈ ਆਧਾਰਿਤ ਕੋਚਿੰਗ ਨਾ ਸਿਰਫ਼ ਪ੍ਰਤੀਭਾ ਦੀ ਪਹਿਚਾਣ ਕਰਨ ਵਿੱਚ ਮਦਦ ਕਰੇਗੀ ਸਗੋ ਭਾਰਤੀ ਕ੍ਰਿਕਟ ਦੇ ਭਵਿੱਖ ਨੂੰ ਵੀ ਮਜ਼ਬੂਤ ਆਧਾਰ ਦੇ ਸਕਦੀ ਹੈ।
Share this content:



Post Comment