Loading Now

ਸਵੈ-ਵਿਸ਼ਵਾਸ ਵੱਲ ਕਦਮ ਪੁੱਟਣ ਦਾ ਵੇਲਾ

ਸਵੈ-ਵਿਸ਼ਵਾਸ ਵੱਲ ਕਦਮ ਪੁੱਟਣ ਦਾ ਵੇਲਾ

ਉੱਘੇ ਲੇਖਕ ਅਮਿਤਵ ਘੋਸ਼ ਇਸ ਸਮੇਂ ਆਪਣੀ ਕਿਤਾਬ ‘ਘੋਸਟ ਆਈ’ ਲਈ ਆਪਣੀ ਮਾਤਭੂਮੀ ਦੀ ਯਾਤਰਾ ’ਤੇ ਹਨ। ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਜਾਂ ਇਨ੍ਹਾਂ ਦੇ ਨੇੜੇ-ਤੇੜੇ ਵੀ ਕਿਧਰੇ ਨਹੀਂ ਆ ਰਹੇ ਕਿਉਂਕਿ ਅਜਿਹਾ ਜਾਪਦਾ ਹੈ ਕਿ ਇਸ ਖੇਤਰ ਵਿੱਚ ਜ਼ਿਆਦਾਤਰ ਸਾਹਿਤਕ ਮੇਲਿਆਂ, ਜਿਸ ਵਿੱਚ ਚੰਡੀਗੜ੍ਹ ’ਚ ਹੁੰਦੇ ਦੋ ਸਾਹਿਤਕ ਮੇਲੇ ਵੀ ਸ਼ਾਮਿਲ ਹਨ, ਵਿੱਚ ਬਹੁਤੇ ਗੰਭੀਰ ਪਾਠਕ ਨਹੀਂ ਹਨ। ਕਿਤਾਬ ਪ੍ਰੇਮੀ ਵੀ ਇਹ ਜਾਣਦੇ ਹਨ ਕਿ ਇਸ ਖੇਤਰ ਵਾਲੇ ਸਾਹਿਤਕ ਮੇਲੇ ਇਸ ਗੱਲ ’ਤੇ ਕੇਂਦਰਿਤ ਹੁੰਦੇ ਹਨ ਕਿ ਤੁਸੀਂ ਉੱਥੇ ਕਿਸ ਨੂੰ ਮਿਲੇ, ਨਾ ਕਿ ਇਸ ਗੱਲ ’ਤੇ ਕਿ ਤੁਸੀਂ ਫਲਾਣੀ ਕਿਤਾਬ ਪੜ੍ਹੀ ਹੈ ਜਾਂ ਨਹੀਂ।

ਅਮਿਤਵ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਹ ਸ਼ਾਇਦ ਮਿਲਣ-ਗਿਲਣ ਵਿੱਚ ਬਹੁਤ ਘੱਟ ਰੁਚੀ ਰੱਖਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਹੈ। ਉਹ ਰੁੱਖੇ ਸੁਭਾਅ ਵਾਲਾ ਜਾਂ ਕਹਿ ਲਉ ਚਿੜਚਿੜਾ ਵੀ ਹੈ। ਆਪਣੀ ਪਿਛਲੀ ਕਿਤਾਬ ਲਈ ਇੱਕ ਇੰਟਰਵਿਊ ਦੌਰਾਨ ਉਸ ਨੇ ਕਿਤਾਬ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਈ ਦਹਾਕੇ ਪਹਿਲਾਂ ਉਸ ਦੇ ਪੁਰਾਣੇ ਪ੍ਰਕਾਸ਼ਕ ਰਵੀ ਦਿਆਲ ਨੇ ਨਵੀਂ ਦਿੱਲੀ ਤੋਂ ਨਿਊਯਾਰਕ ਇੱਕ ਕਿਤਾਬ ਦੀਆਂ ਕੁਝ ਕਾਪੀਆਂ ਭੇਜਣੀਆਂ ਸਨ। ਮੈਂ ਉਹ ਕਿਤਾਬਾਂ ਇੱਕ ਡੱਬੇ ’ਚ ਪੁਆ ਲਈਆਂ ਅਤੇ ਨਿਊਯਾਰਕ ਲੈ ਗਈ। ਬਹੁਤ ਸਾਰੀਆਂ ਈ-ਮੇਲਾਂ ਤੋਂ ਬਾਅਦ ਅਸੀਂ ਇੱਕ ਕੌਫੀ ਸ਼ਾਪ ’ਤੇ ਮਿਲੇ। ਮੈਂ ਸੋਚਿਆ, ‘ਵਾਹ, ਮੇਰੇ ਲਈ ਇਹ ਇਸ ਪ੍ਰਤਿਭਾਸ਼ੀਲ ਸ਼ਖ਼ਸ ਨੂੰ ਜਾਣਨ ਦਾ ਮੌਕਾ ਹੈ।’ ਉਹ ਆਦਮੀ ਅੰਦਰ ਆਇਆ। ਉਸ ਨੇ ਮੇਰੇ ਤੋਂ ਕਿਤਾਬਾਂ ਲਈਆਂ ਤੇ ਅਣਮੰਨੀ ਜਿਹੀ ਮੁਸਕਰਾਹਟ ਨਾਲ ਮੇਰਾ ਧੰਨਵਾਦ ਕਰਕੇ ਮੂੰਹ ਘੁਮਾਇਆ ਅਤੇ ਚਲਾ ਗਿਆ। ਮੈਨੂੰ ਲੱਗਿਆ ਜਿਵੇਂ ਮੈਂ ਉਸ ਕੋਸੀ ਜਿਹੀ ਬੇਸੁਆਦ ਕੌਫ਼ੀ ਦੇ ਇੱਕ ਕੱਪ ਲਈ ਇੰਨੇ ਡਾਲਰ ਐਵੇਂ ਹੀ ਦਿੱਤੇ।

ਫਿਰ ਤੁਸੀਂ ਕਿਤਾਬ ਪੜ੍ਹਨ ਲੱਗਦੇ ਹੋ। ਤੁਹਾਨੂੰ ‘ਦਿ ਗਲਾਸ ਪੈਲੇਸ’ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ। ਭਾਰਤ ਅਤੇ ਬਰਮਾ ਬਾਰੇ ਲਿਖਿਆ ਇਹ ਨਾਵਲ ਤੁਹਾਡੇ ਅੱਖਾਂ ਮੀਟਣ ਤੱਕ ਤੁਹਾਡੇ ਨਾਲ ਰਹੇਗਾ। ਇਹ ਬਲਦੇ ਖਿੱਤੇ ਅਤੇ ਮਹਾਨ ਸ਼ਾਸਕ ਥੀਬਾ ਨੂੰ ਦਿੱਤੇ ਗਏ ਤਸੀਹਿਆਂ ਬਾਰੇ ਦੱਸਦੀ ਹੈ। ਥੀਬਾ ਨੂੰ ਅੰਗਰੇਜ਼ ਮਾਂਡਲੇ ਤੋਂ ਮਹਾਰਾਸ਼ਟਰ ਦੇ ਤੱਟ ’ਤੇ ਰਤਨਾਗਿਰੀ ਲੈ ਗਏ ਸਨ, ਜਿੱਥੇ ਉਸ ਦੀ 1916 ਵਿੱਚ ਇਕਲਾਪੇ ਵਿੱਚ ਮੌਤ ਹੋ ਗਈ ਸੀ। ਚੇਤੇ ਰਹੇ, ਅੰਗਰੇਜ਼ਾਂ ਨੇ 1857 ਦੀ ਬਗ਼ਾਵਤ ਨਾਕਾਮ ਹੋਣ ਮਗਰੋਂ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਵੀ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ ਸੀ, ਜਿੱਥੇ ਉਹ 1862 ਵਿੱਚ ਆਪਣੀ ਮੌਤ ਤੱਕ ਰਿਹਾ। ਅਸੀਂ ਅੱਜ ਭਾਰਤ ਅਤੇ ਇਸ ਦੇ ਪੂਰਬੀ ਗੁਆਂਢੀ ਮਿਆਂਮਾਰ ਦਰਮਿਆਨ ਰਹੇ ਡੂੰਘੇ ਰਿਸ਼ਤੇ ਨੂੰ ਭੁੱਲ ਗਏ ਜਾਪਦੇ ਹਾਂ। ਅਮਿਤਵ ਘੋਸ਼ ਨੇ 2000 ਵਿੱਚ ‘ਦਿ ਗਲਾਸ ਪੈਲੇਸ’ ਲਿਖ ਕੇ ਇਤਿਹਾਸ ਦੀਆਂ ਪੁਸਤਕਾਂ ਵਿੱਚੋਂ ਇੱਕ ਇਤਿਹਾਸਕ ਕਹਾਣੀ ਸਾਡੇ ਸਾਹਮਣੇ ਲਿਆਂਦੀ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਵੇਂ ਅੰਗਰੇਜ਼ਾਂ ਨੇ ਦੋ ਰਾਜਵੰਸ਼ਾਂ ਨੂੰ ਬੇਰਹਿਮੀ ਨਾਲ ਮਿਟਾ ਦਿੱਤਾ।

ਭਾਰਤ ਅਤੇ ਬਰਮਾ ਦੋਵੇਂ ਬਰਤਾਨਵੀ ਰਾਜ ਦਾ ਹਿੱਸਾ ਰਹੇ। ਬਰਮਾ 1935 ’ਚ ਇੱਕ ਸੁਤੰਤਰ ਦੇਸ਼ ਵਜੋਂ ਹੋਂਦ ’ਚ ਆਇਆ ਸੀ। ਭਾਰਤੀ ਰੇਲਵੇ ਨੇ ਕਲਕੱਤਾ (ਕੋਲਕਾਤਾ) ਨੂੰ ਰੰਗੂਨ (ਯੈਂਗੌਨ) ਨਾਲ ਜੋੜਿਆ ਅਤੇ ਲੋਕ ਬਿਨਾਂ ਕਿਸੇ ਡਰ ਜਾਂ ਭੇਦ-ਭਾਵ ਤੋਂ ਸਰਹੱਦਾਂ, ਪਾਸਪੋਰਟਾਂ ਜਾਂ ਵੀਜ਼ਿਆਂ ਦੀ ਪਰਵਾਹ ਕੀਤੇ ਬਿਨਾਂ ਯਾਤਰਾ, ਕੰਮ ਤੇ ਵਿਆਹ ਕਰਦੇ ਅਤੇ ਪਰਿਵਾਰ ਅੱਗੇ ਵਧਾ ਲੈਂਦੇ ਸਨ। ਦਰਅਸਲ, ਵਿਸ਼ਾਲ ਭਾਰਤੀ ਉਪ-ਮਹਾਂਦੀਪ ਜੋ ਹਿਮਾਲਿਆ ਤੋਂ ਹਿੰਦ ਮਹਾਂਸਾਗਰ ਤੱਕ ਫੈਲਿਆ ਹੋਇਆ ਸੀ, ਵਿੱਚ ਲੋਕ ਬਿਨਾਂ ਵੀਜ਼ਾ, ਪਾਸਪੋਰਟ ਤੋਂ ਕਿਧਰੇ ਵੀ ਆ ਜਾ ਸਕਦੇ ਸਨ। ਦੂਜੀ ਆਲਮੀ ਜੰਗ ਦਾ ਇੱਕ ਵੱਡਾ ਹਿੱਸਾ ਯੂਰੋਪ ਅਤੇ ਅਫਰੀਕਾ ਦੇ ਯੁੱਧ ਦੇ ਮੈਦਾਨਾਂ ਵਿੱਚ ਨਹੀਂ ਸਗੋਂ ਬਰਮਾ ਅਤੇ ਮਲਾਇਆ ਵਿੱਚ ਲੜਿਆ ਗਿਆ ਸੀ, ਜਿਸ ਨੂੰ ਹੁਣ ਦੱਖਣ-ਪੂਰਬੀ ਏਸ਼ੀਆ ਕਿਹਾ ਜਾਂਦਾ ਹੈ। ਭਾਰਤੀ ਫ਼ੌਜੀ ਪੂਰਬ ਅਤੇ ਪੱਛਮ ਵਿੱਚ ਹਰ ਮੁਹਾਜ਼ ’ਤੇ ਲੜੇ। ਮਿੱਤਰ ਦੇਸ਼ਾਂ ਲਈ ਲੜ ਰਹੇ ਲਗਭਗ 2.5 ਮਿਲੀਅਨ ਫ਼ੌਜੀਆਂ ਵਿੱਚੋਂ ਸਰਕਾਰੀ ਅੰਕੜਿਆਂ ਮੁਤਾਬਿਕ 87,000 ਫ਼ੌਜੀ ਮਾਰੇ ਗਏ ਸਨ। ਜ਼ਿਆਦਾਤਰ ਗ਼ੁਲਾਮ ਦੇਸ਼ਾਂ ਦੇ ਬਾਸ਼ਿੰਦੇ ਇਹ ਫ਼ੌਜੀ ਇੱਕ ਅਜਿਹੇ ਦੇਸ਼ ਜਾਂ ਦੇਸ਼ਾਂ ਦੇ ਗੱਠਜੋੜ ਲਈ ਲੜ ਰਹੇ ਹਨ, ਜੋ ਉਨ੍ਹਾਂ ਦਾ ਆਪਣਾ ਵੀ ਨਹੀਂ ਸੀ।

ਅਮਿਤਵ ਘੋਸ਼ ਦੀ ਇਹੋ ਖ਼ਾਸੀਅਤ ਹੈ ਕਿ ਉਸ ਦੀ ਰਚਨਾ ਤੱਥਾਂ ਅਤੇ ਕਲਪਨਾ ਦਾ ਸੁਮੇਲ ਹੁੰਦੀ ਹੈ। ਇਸ ਲਈ ਜਦੋਂ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਇਸ ਹਫ਼ਤੇ ਦੇ ਸ਼ੁਰੂ ਵਿੱਚ ਚੀਨ ਗਏ ਸਨ ਅਤੇ ਤੁਸੀਂ ਉਨ੍ਹਾਂ ਦੀਆਂ ਸ਼ੀ ਜਿਨਪਿੰਗ ਨਾਲ ਹੱਥ ਮਿਲਾਉਂਦਿਆਂ ਦੀਆਂ ਫੋਟੋਆਂ ਦੇਖੀਆਂ ਹੋਣਗੀਆਂ ਤਾਂ ਤੁਹਾਡਾ ਧਿਆਨ ਅਮਿਤਵ ਘੋਸ਼ ਦੀ ਤ੍ਰੈ-ਲੜੀ ‘ਆਈਬਿਸ’ ਵੱਲ ਜ਼ਰੂਰ ਗਿਆ ਹੋਵੇਗਾ। ਬੇਸ਼ੱਕ, ਅਜਿਹੀਆਂ ਥਾਵਾਂ ’ਤੇ ਵੀ ਪਿਆਰ ਹੁੰਦਾ ਹੈ, ਜਿੱਥੇ ਇਸ ਦੀ ਉੱਕਾ ਉਮੀਦ ਨਹੀਂ ਹੁੰਦੀ। ਲੋਕਾਂ ਦੀਆਂ ਜ਼ਿੰਦਗੀਆਂ ਦੀ ਇਹ ਸ਼ਾਨਦਾਰ ਕਹਾਣੀ ਕਈ ਮਹਾਂਦੀਪਾਂ ਵਿੱਚ ਫੈਲੀ ਹੈ, ਜਿਸ ਵਿੱਚ ਯੁੱਧ, ਵਪਾਰ ਅਤੇ ਸਭ ਸਿਆਸੀ ਖ਼ਾਹਿਸ਼ਾਂ ਦੇ ਆਖ਼ਰੀ ਹੱਲ ਅਫ਼ੀਮ ਦਾ ਵੀ ਜ਼ਿਕਰ ਹੈ। ਨਾਵਲ ‘ਰਿਵਰ ਔਫ ਸਮੋਕ’ ਦੱਸਦਾ ਹੈ ਕਿ ਬਹੁਤ ਸਾਰੇ ਚੀਨੀ ਇਤਿਹਾਸਕਾਰ ਕਿਉਂ ਇਹ ਮੰਨਦੇ ਹਨ ਕਿ 1839 ‘ਅਪਮਾਨ ਦੀ ਸਦੀ’ ਦੀ ਸ਼ੁਰੂਆਤ ਸੀ, ਜੋ ਕਿ ਅਫ਼ੀਮ ਯੁੱਧਾਂ ਨਾਲ ਸ਼ੁਰੂ ਹੋ ਕੇ 1949 ਵਿੱਚ ਉਦੋਂ ਖ਼ਤਮ ਹੋਈ, ਜਦੋਂ ਮਾਓ ਜ਼ੇ ਤੁੰਗ ਆਪਣੀ ਲਾਲ ਫ਼ੌਜ ਨੂੰ ਪੇਈਚਿੰਗ ਦੇ ਐਨ ਵਿਚਕਾਰ ਲੈ ਗਿਆ। ਇਸ ਲਈ ‘ਸੀਅ ਔਫ ਪੌਪੀਜ਼’ ਪੜ੍ਹ ਕੇ ਪੂਰਵਾਂਚਲ ਵਿੱਚ ਗੰਗਾ ਕੰਢੇ ਗਾਜ਼ੀਪੁਰ ਵਿਚਲੀਆਂ ਅਫੀਮ ਫੈਕਟਰੀਆਂ ਅਤੇ ਦੁਨੀਆ ਭਰ ਵਿੱਚ ਬੰਧੂਆ ਮਜ਼ਦੂਰਾਂ ਵਜੋਂ ਲਿਜਾਏ ਗਏ ਭਾਰਤੀਆਂ ਦੇ ਜਬਰੀ ਪਰਵਾਸ ਵਿਚਲੇ ਸਬੰਧਾਂ ਦੀ ਸਮਝ ਆਉਂਦੀ ਹੈ। ਅਫ਼ੀਮ, ਇਸ ਦਾ ਮੁਨਾਫ਼ੇ ਵਾਲਾ ਵਪਾਰ ਅਤੇ ਸਾਮਰਾਜ ਬਣਾਉਣ ਤੇ ਰਾਸ਼ਟਰਵਾਦ ਨੂੰ ਦਬਾਉਣ ਵਿੱਚ ਇਸ ਦੀ ਭੂਮਿਕਾ ‘ਰਿਵਰ ਔਫ ਸਮੋਕ’ ਅਤੇ ‘ਫਲੱਡ ਔਫ ਫਾਇਰ’ ਦੋਵਾਂ ਦਾ ਵਿਸ਼ਾ ਹੈ।

‘ਦਿ ਸ਼ੈਡੋ ਲਾਈਨਜ਼’ ਦੀ ਕਾਪੀ ਸ਼ਾਇਦ ਇਨ੍ਹੀਂ ਦਿਨੀਂ ਮਿਲਦੀ ਨਹੀਂ। ਹਾਲਾਂਕਿ, ਬੰਗਲਾਦੇਸ਼ ਦੀ ਸਿਆਸਤ ਜਿਸ ਤੇਜ਼ੀ ਨਾਲ ਬਦਲ ਰਹੀ ਹੈ, ਉਸ ਦੇ ਮੱਦੇਨਜ਼ਰ ਤੁਸੀਂ ਆਪਣੀ ਸਥਾਨਕ ਲਾਇਬ੍ਰੇਰੀ ਵਿੱਚ ਜਾ ਕੇ ਇਹ ਨਾਵਲ ਪੜ੍ਹਨਾ ਚਾਹੋਗੇ। ਆਓ ਹੁਣ ‘ਗੰਨ ਆਈਲੈਂਡ’ ਵੱਲ ਮੁੜੀਏ, ਜੋ ਵੈਨਿਸ, ਕੋਲਕਾਤਾ ਅਤੇ ਸੁੰਦਰਬਨ ਦਰਮਿਆਨ ਵਾਪਰਦੀ ਮੱਕੜੀਆਂ, ਪਰਵਾਸ ਅਤੇ ਕੁਦਰਤੀ ਆਫ਼ਤਾਂ ਬਾਰੇ ਇੱਕ ਕਾਲਪਨਿਕ ਕਹਾਣੀ ਹੈ। ਨਾਗਾਂ ਦੀ ਦੇਵੀ ਵਜੋਂ ਜਾਣੀ ਜਾਂਦੀ ਮਨਸਾ ਦੇਵੀ ਦੀ ਕਹਾਣੀ ਪਹਿਲਾਂ ਇੱਥੋਂ ਸ਼ੁਰੂ ਹੁੰਦੀ ਹੈ। ਨਾਵਲ ‘ਦਿ ਹੰਗਰੀ ਟਾਈਡ’ ਦੀ ਕਹਾਣੀ ਇੱਕ ਭਾਸ਼ਣ ਵਾਂਗ ਮਹਿਸੂਸ ਹੁੰਦੀ ਹੈ, ਜੋ ਸਾਨੂੰ ਜਲਵਾਯੂ ਪਰਿਵਰਤਨ ਦੇ ਸੰਕਟ ਬਾਰੇ ਕੁਝ ਨਾ ਕਰਨ ਲਈ ਲਾਹਨਤਾਂ ਪਾਉਂਦੀ ਹੈ। ‘ਘੋਸਟ ਆਈ’ ਦੀ ਕਹਾਣੀ ਉੱਥੋਂ ਹੀ ਸ਼ੁਰੂ ਹੁੰਦੀ ਹੈ ਜਿੱਥੇ ‘ਗੰਨ ਆਈਲੈਂਡ’ ’ਚ ਛੱਡੀ ਗਈ ਸੀ। ਬਹੁਤ ਸਾਰੇ ਪਾਤਰਾਂ ਦੇ ਨਾਂ ਵੀ ਇੱਕੋ ਜਿਹੇ ਹਨ। ਮਨਸਾ ਦੇਵੀ ਕਹਾਣੀ ਦਾ ਧੁਰਾ ਹੈ। ਜਦੋਂ ਹਕੀਕਤ ਕਲਪਨਾ ਨਾਲ ਟਕਰਾਉਂਦੀ ਜਾਪਦੀ ਹੈ ਤਾਂ ਅਮਿਤਵ ਬ੍ਰਹਿਮੰਡ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਦਿਆਂ ਪਿਛਲੇ ਜਨਮ, ਮਨੁੱਖੀ ਤੇ ਪਰਾ-ਮਨੁੱਖੀ ਅਤੇ ਹਰ ਚੀਜ਼ ਨੂੰ ਵਿਗਿਆਨ ਤੇ ਮਿਥਿਹਾਸ ਦੇ ਇੱਕੋ ਕੜਾਹੇ ਵਿੱਚ ਇਕੱਠਾ ਕਰਕੇ ਮਿਲਗੋਭਾ ਬਣਾਉਂਦਾ ਹੈ। ਕਹਾਣੀਆਂ ਦੇ ਸਮੁੰਦਰ ਭਾਵ ਕਥਾਸਰਿਤਸਾਗਰ ਦੇ ਮੰਥਨ ਤੋਂ ‘ਘੋਸਟ ਆਈ’ ਉਪਜਦੀ ਹੈ।

ਚੰਡੀਗੜ੍ਹ ਦੇ ਬਾਹਰਵਾਰ ਪੰਚਕੂਲਾ ਵਿੱਚ ਮਨਸਾ ਦੇਵੀ ਦਾ ਮੰਦਰ ਹੈ, ਜਿਸ ਨੂੰ ਸ਼ਕਤੀ ਦੇਵੀ ਦਾ ਇੱਕ ਰੂਪ ਮੰਨਿਆ ਜਾਂਦਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕੀ ਇਹ ਮਨਸਾ ਦੇਵੀ ‘ਘੋਸਟ ਆਈ’ ਦਾ ਧੁਰਾ ਬਣਾਈ ਗਈ ਨਾਗਾਂ ਦੀ ਦੇਵੀ ਹੀ ਹੈ। ਪਰ ਜੇ ਇਹ ਉਹੀ ਦੇਵੀ ਹੈ ਤਾਂ ਸ਼ਾਇਦ ਇਹ ਘੋਸ਼ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ’ਤੇ ਮੁੜ ਵਿਚਾਰ ਕਰਨ ਦਾ ਸਮਾਂ ਹੈ, ਜਿੱਥੇ ਉਹ ਕਾਰਲ ਜੰਗ ਦੇ ਹਵਾਲੇ ਨਾਲ ਕਹਿੰਦਾ ਹੈ, ‘‘ਸੰਯੋਗ ਕੋਈ ਨਹੀਂ ਹੁੰਦੇ, ਬਸ ਇੱਕੋ ਕਾਲ ਦੀਆਂ ਗੱਲਾਂ ਤੇ ਵਰਤਾਰੇ ਹੁੰਦੇ ਹਨ।

Share this content:

Post Comment