ਸਿਹਤ ਵਿਭਾਗ ਦੀ ਘਰ ‘ਤੇ ਰੇਡ, 40 ਕਿੱਲੋਂ ਨਕਲੀ ਘਿਓ ਜ਼ਬਤ
ਲੁਧਿਆਣਾ, 7 ਅਕਤੂਬਰ – ਲੁਧਿਆਣਾ ਦੇ ਸ਼ਾਮ ਨਗਰ ਵਿੱਚ ਇੱਕ ਘਰ ਵਿੱਚ ਨਕਲੀ ਘਿਓ ਡੰਪ ਕੀਤਾ ਹੋਇਆ ਮਿਲਿਆ ਹੈ। ਸੂਚਨਾ ਮਿਲਣ ‘ਤੇ, ਸਿਹਤ ਵਿਭਾਗ ਦੀ ਟੀਮ ਨੇ ਘਰ ‘ਤੇ ਛਾਪਾ ਮਾਰਿਆ ਜਿਥੇ ਉਨ੍ਹਾਂ ਨੂੰ ਦੁਕਾਨਾਂ ਨੂੰ ਸਪਲਾਈ ਕਰਨ ਲਈ ਤਿਆਰ ਕੀਤਾ ਗਿਆ ਵੱਡੀ ਮਾਤਰਾ ਵਿੱਚ ਨਕਲੀ ਘਿਓ ਮਿਲਿਆ। ਟੀਮ ਨੇ ਪੁਲਿਸ ਦੀ ਮਦਦ ਨਾਲ ਘਰ ‘ਤੇ ਛਾਪਾ ਮਾਰਿਆ ਅਤੇ 40 ਕਿਲੋ ਨਕਲੀ ਘਿਓ, ਸੁੱਕਾ ਪਾਊਡਰ ਮਿਲਕ ਅਤੇ ਕ੍ਰੀਮ ਬਰਾਮਦ ਕੀਤੀ। ਇਹ ਘਿਓ ਅਤੇ ਹੋਰ ਚੀਜ਼ਾਂ ਤਿਉਹਾਰਾਂ ਦੇ ਮੱਦੇਨਜਰ ਸ਼ਹਿਰ ਵਿਚ ਸਪਲਾਈ ਕੀਤਾ ਜਾਣਾ ਸੀ। ਸਿਹਤ ਵਿਭਾਗ ਵੱਲੋਂ ਅੱਜ ਜਿਥੇ ਛਾਪਾ ਮਾਰਿਆ ਗਿਆ ਉਸੇ ਘਰ ‘ਤੇ 2017 ਵਿੱਚ ਵੀ ਛਾਪੇਮਾਰੀ ਕੀਤੀ ਗਈ ਸੀ।
ਇੰਨਾ ਹੀ ਨਹੀਂ ਅਧਿਕਾਰੀਆਂ ਨੇ 2020 ਵਿੱਚ ਛਾਪੇਮਾਰੀ ਤੋਂ ਬਾਅਦ ਨਕਲੀ ਸਾਮਾਨ ਵੀ ਜ਼ਬਤ ਕੀਤਾ ਸੀ। ਹੁਣ, ਪੰਜ ਸਾਲ ਬਾਅਦ 2025 ਵਿੱਚ, ਇੱਕ ਛਾਪਾ ਮਾਰਿਆ ਗਿਆ ਅਤੇ ਵਿਭਾਗ ਨੂੰ ਦੁਬਾਰਾ ਨਕਲੀ ਘਿਓ ਮਿਲਿਆ ਹੈ। ਦੋਸ਼ੀ ਨੂੰ 2023 ਵਿੱਚ ਪੁਲਿਸ ਨੇ ਭਗੌੜਾ ਐਲਾਨਿਆ ਸੀ, ਜਿਸ ਕਾਰਨ ਅੱਜ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਲੋਕ ਹੁਣ ਆਪਣੇ ਘਰਾਂ ਵਿੱਚ ਨਕਲੀ ਸਮਾਨ ਲੁਕਾ ਰਹੇ ਹਨ, ਪਰ ਹੁਣ ਲੋਕਾਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਜਾਵੇਗੀ। ਇਹ ਨਕਲੀ ਦੇਸੀ ਘਿਓ ਸੁੱਕਾ ਦੁੱਧ ਅਤੇ ਰਿਫਾਇੰਡ ਤੇਲ ਦੀ ਵਰਤੋਂ ਕਰਕੇ ਬਣਾਇਆ ਜਾ ਰਿਹਾ ਸੀ।
Share this content:



Post Comment