Loading Now

9 ਤਾਰੀਖ਼ ਤੋਂ ਹੋਣਗੀਆਂ CBSE 10ਵੀਂ-12ਵੀਂ ਬੋਰਡ ਦੀ ਪ੍ਰੈਕਟੀਕਲ ਪ੍ਰੀਖਿਆਵਾਂ

9 ਤਾਰੀਖ਼ ਤੋਂ ਹੋਣਗੀਆਂ CBSE 10ਵੀਂ-12ਵੀਂ ਬੋਰਡ ਦੀ ਪ੍ਰੈਕਟੀਕਲ ਪ੍ਰੀਖਿਆਵਾਂ

ਨਵੀਂ ਦਿੱਲੀ, 6 ਨਵੰਬਰ – ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਨੇ ਅਕਾਦਮਿਕ ਸਾਲ 2026-27 ਲਈ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਸਰਦੀਆਂ ਦੀਆਂ ਛੁੱਟੀਆਂ ਵਾਲੇ ਸਕੂਲਾਂ ਵਿੱਚ ਪ੍ਰੈਕਟੀਕਲ ਪ੍ਰੀਖਿਆਵਾਂ, ਪ੍ਰੋਜੈਕਟ ਵਰਕ ਅਤੇ ਇੰਟਰਨਲ ਅਸੈਸਮੈਂਟ 9 ਨਵੰਬਰ ਤੋਂ ਸ਼ੁਰੂ ਹੋਣਗੇ। ਬੋਰਡ ਨੇ ਇਨ੍ਹਾਂ ਦੇ ਆਯੋਜਨ ਸਬੰਧੀ ਸਕੂਲਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਤਹਿਤ ਸਕੂਲਾਂ ਨੂੰ ਬਾਹਰੀ ਪ੍ਰੀਖਿਅਕਾਂ ਦੀ ਨਿਯੁਕਤੀ, ਵਿਦਿਆਰਥੀਆਂ ਦੇ ਅੰਕ ਅਪਲੋਡ ਕਰਨ ਅਤੇ ਪ੍ਰੀਖਿਆ ਦੀਆਂ ਤਸਵੀਰਾਂ ਜਮ੍ਹਾਂ ਕਰਵਾਉਣ ਵਰਗੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਹੋਣਗੀਆਂ। CBSE ਦੇ ਨਿਰਦੇਸ਼ਾਂ ਅਨੁਸਾਰ, ਸਰਦੀਆਂ ਦੀਆਂ ਛੁੱਟੀਆਂ ਵਾਲੇ ਸਕੂਲਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ, ਪ੍ਰੋਜੈਕਟ ਮੁਲਾਂਕਣ ਅਤੇ ਇੰਟਰਨਲ ਅਸੈਸਮੈਂਟ 9 ਨਵੰਬਰ ਤੋਂ 19 ਦਸੰਬਰ 2026 ਤੱਕ ਕਰਵਾਏ ਜਾਣਗੇ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਸ਼ਡਿਊਲ ਸਿਰਫ਼ ਸਰਦੀਆਂ ਦੀਆਂ ਛੁੱਟੀਆਂ ਵਾਲੇ ਸਕੂਲਾਂ ਲਈ ਹੈ। ਆਮ ਅਕਾਦਮਿਕ ਸੈਸ਼ਨ ਵਾਲੇ ਸਕੂਲਾਂ ਲਈ ਬੋਰਡ ਵੱਖਰੇ ਤੌਰ ‘ਤੇ ਨੋਟਿਸ ਜਾਰੀ ਕਰੇਗਾ।

ਸਿਰਫ਼ LOC ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਮਿਲੇਗਾ ਮੌਕਾ

ਬੋਰਡ ਨੇ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਦੀ ਅੰਤਿਮ ਸੂਚੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਪ੍ਰੀਖਿਆ, ਪ੍ਰੋਜੈਕਟ ਅਸੈਸਮੈਂਟ ਅਤੇ ਇੰਟਰਨਲ ਅਸੈਸਮੈਂਟ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦੇ ਨਾਮ ਆਨਲਾਈਨ ਉਮੀਦਵਾਰਾਂ ਦੀ ਸੂਚੀ (LOC) ਵਿੱਚ ਦਰਜ ਹੋਣਗੇ। ਸਕੂਲਾਂ ਨੂੰ ਨਿਰਧਾਰਤ ਸਮੇਂ ਅੰਦਰ ਸਾਰੇ ਮੁਲਾਂਕਣ ਪੂਰੇ ਕਰਨ ਅਤੇ ਵਿਦਿਆਰਥੀਆਂ ਦੇ ਅੰਕ ਆਨਲਾਈਨ ਅਪਲੋਡ ਕਰਨੇ ਹੋਣਗੇ।

30 ਤੋਂ ਵੱਧ ਵਿਦਿਆਰਥੀ ਹੋਣ ‘ਤੇ ਬਣਾਉਣੇ ਪੈਣਗੇ ਵੱਖ-ਵੱਖ ਸੈਸ਼ਨ

CBSE ਨੇ ਪ੍ਰੀਖਿਆਵਾਂ ਦੇ ਆਯੋਜਨ ਵਿੱਚ ਪਾਰਦਰਸ਼ਤਾ ਅਤੇ ਇਕਸਾਰਤਾ ਬਣਾਈ ਰੱਖਣ ਲਈ ਖਾਸ ਪ੍ਰਬੰਧ ਕੀਤੇ ਹਨ। ਜਿਨ੍ਹਾਂ ਸਕੂਲਾਂ ਵਿੱਚ ਪ੍ਰੈਕਟੀਕਲ ਪ੍ਰੀਖਿਆ ਅਤੇ ਪ੍ਰੋਜੈਕਟ ਅਸੈਸਮੈਂਟ ਲਈ 30 ਤੋਂ ਵੱਧ ਵਿਦਿਆਰਥੀ ਹੋਣਗੇ, ਉੱਥੇ ਇੱਕ ਦਿਨ ਵਿੱਚ ਦੋ ਜਾਂ ਤਿੰਨ ਸੈਸ਼ਨ ਕਰਵਾਉਣੇ ਲਾਜ਼ਮੀ ਹੋਣਗੇ। ਸੈਸ਼ਨਾਂ ਦੀ ਗਿਣਤੀ ਸਕੂਲ ਦੀ ਲੈਬ ਵਿੱਚ ਉਪਲਬਧ ਸਹੂਲਤਾਂ ਅਤੇ ਸਮਰੱਥਾ ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ।

ਹਰੇਕ ਬੈਚ ਦੀ ਗਰੁੱਪ ਫੋਟੋ ਅਪਲੋਡ ਕਰਨੀ ਲਾਜ਼ਮੀ

ਬੋਰਡ ਨੇ ਮੁਲਾਂਕਣ ਪ੍ਰਕਿਰਿਆ ਦੀ ਨਿਗਰਾਨੀ ਲਈ ਸਕੂਲਾਂ ਨੂੰ ਤਸਵੀਰਾਂ ਅਪਲੋਡ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਲਈ CBSE ਵੱਲੋਂ ਇੱਕ ਐਪ ਲਿੰਕ ਉਪਲਬਧ ਕਰਵਾਇਆ ਜਾਵੇਗਾ। ਸਕੂਲਾਂ ਨੂੰ ਹਰੇਕ ਬੈਚ ਦੀ ਪ੍ਰੈਕਟੀਕਲ ਪ੍ਰੀਖਿਆ ਦੌਰਾਨ ਇੱਕ ਗਰੁੱਪ ਫੋਟੋ ਖਿੱਚ ਕੇ ਇਸ ਲਿੰਕ ਰਾਹੀਂ ਅਪਲੋਡ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਬਾਹਰੀ ਪ੍ਰੀਖਿਅਕਾਂ ਅਤੇ ਨਿਗਰਾਨਾਂ ਦੀ ਨਿਯੁਕਤੀ ਲਈ ਸਕੂਲਾਂ ਨੂੰ ਲੋੜ ਅਨੁਸਾਰ ਸਬੰਧਤ ਖੇਤਰੀ ਦਫ਼ਤਰਾਂ ਨਾਲ ਸੰਪਰਕ ਕਰਨਾ ਹੋਵੇਗਾ।

Share this content:

Post Comment