Loading Now

ਏਕਤਾ, ਸਮਝਦਾਰੀ ਤੇ ਇਨਸਾਫ਼ ਦੀ ਜਿੱਤ

ਏਕਤਾ, ਸਮਝਦਾਰੀ ਤੇ ਇਨਸਾਫ਼ ਦੀ ਜਿੱਤ

ਸ਼ਹੀਦ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਤੋਂ ਬਾਅਦ ਬਣੀ ਐਕਸ਼ਨ ਕਮੇਟੀ ਤੇ ਪਰਿਵਾਰ ਵੱਲੋਂ ਦਿਖਾਏ ਗਏ ਵੱਡੇ ਦਿਲ ਤੇ ਸੰਜਮ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਆਪਣੀਆਂ ਕੁਝ ਅਹਿਮ ਮੰਗਾਂ, ਖ਼ਾਸਕਰ ਮੁੱਖ ਮੰਤਰੀ ਦੇ ਅਸਤੀਫ਼ੇ ਤੇ ਡੀਜੀਪੀ ਨੂੰ ਹਟਾਉਣ ਦੀ ਮੰਗ ਤੋਂ ਪਿੱਛੇ ਹਟ ਕੇ ਸਮਾਜਿਕ ਸਾਂਝ ਨੂੰ ਬਣਾਈ ਰੱਖਣ ਦਾ ਫ਼ੈਸਲਾ ਵੱਡੀ ਕੁਰਬਾਨੀ ਤੇ ਸਮਝਦਾਰੀ ਦਾ ਪ੍ਰਤੀਕ ਹੈ। ਇਸ ਫ਼ੈਸਲੇ ਲਈ ਐਕਸ਼ਨ ਕਮੇਟੀ ਤੇ ਪਰਿਵਾਰ ਦੋਵੇਂ ਵਧਾਈ ਦੇ ਹੱਕਦਾਰ ਹਨ। ਹੁਣ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਦਿੱਤੇ ਗਏ ਭਰੋਸਿਆਂ ਅਨੁਸਾਰ ਸਾਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਅਮਲੀ ਰੂਪ ਦਿੱਤਾ ਜਾਵੇ। ਪਿਛਲੇ ਕੁਝ ਸਮੇਂ ਤੋਂ ਮਾਨਸਾ ਦਾ ਮਾਹੌਲ ਕੁਝ ਅਜਿਹਾ ਬਣ ਗਿਆ ਸੀ, ਜਿਵੇਂ ਸ਼ਹਿਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਮਾਨਸਾ ਬਾਰੇ ਮੇਰੀ ਰਾਏ ਦੂਜਿਆਂ ਨਾਲੋਂ ਵੱਖਰੀ ਹੋ ਸਕਦੀ ਹੈ ਪਰ ਮੈਂ ਹਮੇਸ਼ਾ ਇੱਥੋਂ ਦੇ ਲੋਕਾਂ ਨੂੰ ਭਲੇਮਾਣਸ, ਸਹਿਣਸ਼ੀਲ ਅਤੇ ਸਮਝਦਾਰ ਮੰਨਿਆ ਹੈ। ਉਨ੍ਹਾਂ ਦੇ ਰਹਿਣ-ਸਹਿਣ, ਵਿਹਾਰ ਤੇ ਹਰ ਮਸਲੇ ਨੂੰ ਸਮਝਦਾਰੀ ਨਾਲ ਨਜਿੱਠਣ ਦੇ ਢੰਗ ਨੇ ਇਸ ਸ਼ਹਿਰ ਨੂੰ ਵੱਖਰੀ ਪਛਾਣ ਦਿੱਤੀ ਹੈ। ਜਦੋਂ ਇਹ ਲੋਕ ਕਿਸੇ ਮਸਲੇ ਲਈ ਇਕੱਠੇ ਹੋ ਕੇ ਸੰਘਰਸ਼ ਕਰਦੇ ਹਨ ਤਾਂ ਵੱਡੀ ਲੋਕ ਲਹਿਰ ਵੀ ਪੈਦਾ ਕਰ ਸਕਦੇ ਹਨ। ਪਰਵਿੰਦਰ ਸਿੰਘ ਝੋਟਾ ਦੀ ਨਸ਼ਿਆਂ ਵਿਰੁੱਧ ਲੜਦਿਆਂ ਹੋਈ ਸ਼ਹਾਦਤ ਨੇ ਇਸ ਗੱਲ ਨੂੰ ਸਾਬਤ ਕੀਤਾ ਹੈ ਕਿ ਮਾਨਸਾ ਦੇ ਲੋਕ ਆਪਣੇ ਸਮਾਜ ਤੇ ਆਪਣੀ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਕਿੰਨੇ ਸੰਵੇਦਨਸ਼ੀਲ ਹਨ। ਉਨ੍ਹਾਂ ਨੂੰ ਝੋਟਾ ਦੀ ਥਾਂ ਹੁਣ ਸ਼ੇਰ ਕਹਿਣਾ ਵਧੇਰੇ ਢੁੱਕਵਾਂ ਲੱਗਦਾ ਹੈ। ਕੁਝ ਘਟਨਾਵਾਂ ਨੇ ਸਥਿਤੀ ਨੂੰ ਹੋਰ ਗੰਭੀਰ ਕੀਤਾ ਪਰ ਇਨ੍ਹਾਂ ਨੂੰ ਛੱਡ ਕੇ ਦੇਖੀਏ ਤਾਂ ਵੱਡੇ ਪੱਧਰ ’ਤੇ ਲੋਕਾਂ ਨੇ ਸੰਜਮ ਬਣਾਈ ਰੱਖਿਆ। ਪੰਜਾਬ ਪੁਲਿਸ ਨੂੰ ਵੀ ਪੇਸ਼ੇਵਰ ਸਿਖਲਾਈ, ਸੰਵੇਦਨਸ਼ੀਲਤਾ ਅਤੇ ਜਨਤਾ ਨਾਲ ਸੰਵਾਦ ਦੀ ਲੋੜ ਹੈ, ਤਾਂ ਜੋ ਅਜਿਹੇ ਮਾਮਲੇ ਵਿਗੜਨ ਦੀ ਬਜਾਏ ਸਮੇਂ ਸਿਰ ਸੁਲਝ ਸਕਣ। ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਉਦੋਂ ਹੀ ਨਿਕਲਦਾ ਹੈ ਜਦੋਂ ਦੋਵੇਂ ਧਿਰਾਂ ਇੱਕ-ਦੂਜੇ ’ਤੇ ਭਰੋਸਾ ਕਰਨ। ਚਲੋ, ਦੇਰ ਨਾਲ ਹੀ ਸਹੀ, ਹੁਣ ਹੱਲ ਵੱਲ ਕਦਮ ਵਧਿਆ ਹੈ।

ਵਾਹਿਗੁਰੂ ਦਾ ਭਾਣਾ ਮੰਨਦਿਆਂ ਅਸੀਂ ਇਹ ਵੀ ਸਮਝਦੇ ਹਾਂ ਕਿ ਜ਼ਿੰਦਗੀ ਤੇ ਮੌਤ ਕੁਦਰਤ ਦੇ ਹੱਥ ’ਚ ਹਨ। ਗੁਰਬਾਣੀ ਦਾ ਫ਼ਲਸਫ਼ਾ ਵੀ ਸਾਨੂੰ ਇਹੀ ਸਿਖਾਉਂਦਾ ਹੈ ਕਿ ਜਿਸ ਪਰਮਾਤਮਾ ਨੇ ਸਾਨੂੰ ਇਸ ਦੁਨੀਆ ’ਚ ਭੇਜਿਆ ਹੈ, ਉਸ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਸੌਂਪੀ ਹੈ। ਮਾਪਿਆਂ ਦੀਆਂ ਜ਼ਿੰਮੇਵਾਰੀਆਂ, ਬੱਚਿਆਂ ਦਾ ਪਾਲਣ-ਪੋਸ਼ਣ, ਪਰਿਵਾਰ ਦੀ ਦੇਖਭਾਲ ਤੇ ਸਮਾਜ ਪ੍ਰਤੀ ਫ਼ਰਜ਼ ਅਸੀਂ ਆਪਣੇ ਜੀਵਨ ’ਚ ਨਿਭਾਉਣੇ ਹੁੰਦੇ ਹਨ ਪਰ ਜਿਸ ਸ਼ਕਤੀ ਨੇ ਕਿਸੇ ਇਨਸਾਨ ਨੂੰ ਇਸ ਦੁਨੀਆ ’ਚ ਭੇਜਿਆ ਹੈ, ਉਸ ਦੀਆਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੇ ਵੱਸ ਦੀ ਗੱਲ ਨਹੀਂ। ਇਹ 23-24 ਦਿਨਾਂ ਦਾ ਸਮਾਂ ਸਿਰਫ਼ ਇਕ ਸੰਘਰਸ਼ ਦਾ ਸਮਾਂ ਨਹੀਂ ਸੀ, ਸਗੋਂ ਪਰਿਵਾਰ ਦੇ ਦਰਦ, ਸ਼ਹਿਰ ਦੀ ਬੇਚੈਨੀ ਤੇ ਸਮਾਜ ਦੀਆਂ ਉਮੀਦਾਂ ਦਾ ਸਮਾਂ ਵੀ ਸੀ। ਅਸੀਂ ਸਿਰਫ਼ ਇਹੀ ਅਰਦਾਸ ਕਰ ਸਕਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਪਰਵਿੰਦਰ ਦੇ ਪਿਤਾ ਦੀ ਸ਼ੁਰੂ ਤੋਂ ਹੀ ਇਹ ਇੱਛਾ ਰਹੀ ਕਿ ਜੇਕਰ ਇਸ ਮਸਲੇ ਦਾ ਹੱਲ ਕੋਈ ਕਰਵਾ ਸਕਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਆਗੂ ਕੁਲਤਾਰ ਸਿੰਘ ਸੰਧਵਾਂ, ਜੋ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ, ਇਸ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਇੱਛਾ ਵੀ ਪ੍ਰਗਟਾਈ ਗਈ। ਇਹ ਪਰਿਵਾਰ ਦੀ ਆਪਣੀ ਰਾਜਨੀਤਿਕ ਸੋਚ ਤੇ ਉਮੀਦ ਹੈ। ਰਾਜਨੀਤੀ ’ਚ ਕੌਣ ਮੁੱਖ ਮੰਤਰੀ ਬਣਦਾ ਹੈ, ਇਹ ਪਾਰਟੀ ਤੇ ਲੋਕਤੰਤਰਿਕ ਪ੍ਰਕਿਰਿਆ ਦਾ ਵੱਖਰਾ ਵਿਸ਼ਾ ਹੈ।

ਜਦੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਇਸ ਮਾਮਲੇ ’ਚ ਐਂਟਰੀ ਹੋਈ ਤਾਂ ਉਸੇ ਸਮੇਂ ਲੱਗਣ ਲੱਗ ਪਿਆ ਸੀ ਕਿ ਗੱਲਬਾਤ ਅੱਗੇ ਵਧ ਸਕਦੀ ਹੈ। ਇਸ ਮੌਕੇ ਐਕਸ਼ਨ ਕਮੇਟੀ ਤੇ ਪਰਵਿੰਦਰ ਦੇ ਪਰਿਵਾਰ ਨੇ ਵੀ ਵੱਡਾ ਦਿਲ ਦਿਖਾਇਆ। ਜੇਕਰ ਚੋਣਾਂ ਤੋਂ ਪਹਿਲਾਂ ਖਿਆਲਾ ਕਲਾਂ ਟਰੌਮਾ ਸੈਂਟਰ ਸ਼ੁਰੂ ਹੋ ਜਾਂਦਾ ਹੈ ਤਾਂ ਅਸੀਂ ਕਹਿ ਸਕਾਂਗੇ ਕਿ ਇਸ ਸੰਘਰਸ਼ ’ਚੋਂ ਸਮਾਜ ਨੂੰ ਕੁਝ ਪ੍ਰਾਪਤੀ ਵੀ ਹੋਈ ਹੈ। ਇਹ ਯਾਦਗਾਰ ਕਿਸੇ ਨਫ਼ਰਤ ਜਾਂ ਬਦਲੇ ਦੀ ਪ੍ਰਤੀਕ ਨਾ ਹੋਵੇ, ਸਗੋਂ ਨਸ਼ਾ ਮੁਕਤ ਸਮਾਜ, ਨੌਜਵਾਨਾਂ ਦੀ ਸੁਰੱਖਿਆ ਤੇ ਮਨੁੱਖਤਾ ਦੀ ਪ੍ਰੇਰਣਾ ਬਣੇ। ਪਰਵਿੰਦਰ ਦੇ ਪਿਤਾ ਭੀਮ ਸਿੰਘ ਨੇ ਦੇਸ਼ ਦੀ ਫ਼ੌਜ ’ਚ ਸੇਵਾਵਾਂ ਨਿਭਾਈਆਂ ਤੇ ਹੁਣ ਉਨ੍ਹਾਂ ਦੇ ਪੁੱਤਰ ਨੇ ਨਸ਼ਿਆਂ ਵਿਰੁੱਧ ਲੜਾਈ ’ਚ ਆਪਣੀ ਜਾਨ ਦੇ ਦਿੱਤੀ। ਇੱਕ ਪਿਤਾ ਲਈ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ? ਪਰਵਿੰਦਰ ਦੀ ਪਤਨੀ ਮਨਪ੍ਰੀਤ ਕੌਰ ਨੇ ਵੀ ਸ਼ੇਰਨੀ ਵਾਂਗ ਹਿੰਮਤ ਦਿਖਾਈ। ਸੰਘਰਸ਼ ਦਾ ਮਕਸਦ ਸਮਾਜ ਨੂੰ ਜੋੜਨਾ ਹੋਣਾ ਚਾਹੀਦਾ ਹੈ, ਤੋੜਨਾ ਨਹੀਂ। ਅਸਹਿਮਤੀ ਹੋ ਸਕਦੀ ਹੈ, ਵਿਚਾਰ ਵੱਖਰੇ ਹੋ ਸਕਦੇ ਹਨ, ਪਰ ਮਨੁੱਖਤਾ ਅਤੇ ਭਾਈਚਾਰਾ ਸਭ ਤੋਂ ਉੱਪਰ ਰਹਿਣਾ ਚਾਹੀਦਾ ਹੈ।

Share this content:

Post Comment