51 ਲੱਖ ਮੁਲਾਜ਼ਮਾਂ ਲਈ ਖੁਸ਼ਖਬਰੀ ! EPF ਕਵਰੇਜ ਲਿਮਟ ਵੱਧ ਕੇ ਹੋਈ ₹25,000
ਨਵੀਂ ਦਿੱਲੀ, 16 ਸਤੰਬਰ – ਕੇਂਦਰੀ ਮੰਤਰੀ ਮੰਡਲ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਤਹਿਤ ਲਾਜ਼ਮੀ ਕਵਰੇਜ ਲਈ ਤਨਖ਼ਾਹ ਹੱਦ ਨੂੰ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਨਾਲ 51 ਲੱਖ ਤੋਂ ਵੱਧ ਹੋਰ ਮੁਲਾਜ਼ਮ ਲਾਜ਼ਮੀ EPFO ਕਵਰੇਜ ਦੇ ਦਾਇਰੇ ‘ਚ ਆ ਸਕਦੇ ਹਨ। ਇਸ ਨਾਲ ਲਾਗੂ ਸਕੀਮ ਦੇ ਪ੍ਰਬੰਧਾਂ ਤਹਿਤ ਉਨ੍ਹਾਂ ਤਕ ਪ੍ਰੋਵੀਡੈਂਟ ਫੰਡ, ਪੈਨਸ਼ਨ ਤੇ ਇੰਸ਼ੋਰੈਂਸ ਦੇ ਲਾਭ ਪਹੁੰਚ ਸਕਣਗੇ। EPFO ਦੀ ਤਨਖ਼ਾਹ ਹੱਦ ਆਖਰੀ ਵਾਰ ਸਤੰਬਰ 2014 ‘ਚ ਵਧਾ ਕੇ 15,000 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਸੀ। ਸਰਕਾਰ ਨੇ ਕਿਹਾ ਹੈ ਕਿ ਇਸ ਨਵੀਂ ਵਾਧੇ ‘ਚ ਪਿਛਲੀ ਵਾਰ ਹੱਦ ਤੈਅ ਕੀਤੇ ਜਾਣ ਤੋਂ ਬਾਅਦ ਤਨਖ਼ਾਹਾਂ ‘ਚ ਲਗਾਤਾਰ ਹੋਏ ਵਾਧੇ, ਵਧਦੀ ਆਮਦਨ ਤੇ ਰਸਮੀ ਰੁਜ਼ਗਾਰ ਦੇ ਵਿਸਥਾਰ ਨੂੰ ਧਿਆਨ ‘ਚ ਰੱਖਿਆ ਗਿਆ ਹੈ।
ਅਕੁਸ਼ਲ ਮਜ਼ਦੂਰਾਂ ਲਈ ਕੀ ਹੋਵੇਗੀ ਘੱਟੋ-ਘੱਟ ਤਨਖ਼ਾਹ?
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, ‘ਇਸ ਨਾਲ ਲਗਪਗ 51 ਲੱਖ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਸਰਕਾਰ ‘ਤੇ 11,339 ਕਰੋੜ ਰੁਪਏ ਦਾ ਖਰਚ ਆਵੇਗਾ।’ ਉਨ੍ਹਾਂ ਕਿਹਾ ਕਿ ਇਹ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਸੀ ਅਤੇ ਹੁਣ ਪ੍ਰਧਾਨ ਮੰਤਰੀ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਰੱਖਿਆ ਦਾ ਇਹ ਦਾਇਰਾ ਕਰਮਚਾਰੀਆਂ ਅਤੇ ਰੁਜ਼ਗਾਰਦਾਤਾਵਾਂ, ਦੋਵਾਂ ਲਈ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਸੂਬਿਆਂ ‘ਚ ਅਕੁਸ਼ਲ ਮਜ਼ਦੂਰਾਂ ਲਈ ਘੱਟੋ-ਘੱਟ ਤਨਖ਼ਾਹ 15,000 ਰੁਪਏ ਤੋਂ ਵੱਧ ਹੋ ਚੁੱਕੀ ਹੈ। ਇਸ ਲਈ 2014 ‘ਚ ਤੈਅ ਕੀਤੀ ਗਈ 15,000 ਰੁਪਏ ਦੀ ਹੱਦ ਦਾ ਹੁਣ ਕੋਈ ਆਧਾਰ ਨਹੀਂ ਰਹਿ ਗਿਆ ਸੀ। ਇਸ ਕਾਰਨ ਵਿਚਾਰ-ਵਟਾਂਦਰੇ ਤੋਂ ਬਾਅਦ ਤਨਖ਼ਾਹ ਸੀਮਾ ਨੂੰ ਵਧਾ ਕੇ 25,000 ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ‘ਇਸ ਨਾਲ ਸਮਾਜਿਕ ਸੁਰੱਖਿਆ ਕਵਰੇਜ ਵਧੇਗਾ ਤੇ ਵੱਧ ਮੁਲਾਜ਼ਮਾਂ ਨੂੰ ਹੋਰ ਲਾਭ ਮਿਲਣਗੇ।’ ਇਹ ਫ਼ੈਸਲਾ 17 ਸਤੰਬਰ ਤੋਂ ਲਾਗੂ ਹੋਵੇਗਾ। 2004 ਤੋਂ 2014 ਦੇ ਦਹਾਕੇ ਦੌਰਾਨ EPFO ਦੀ ਤਨਖ਼ਾਹ ਹੱਦ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਸਤੰਬਰ 2014 ‘ਚ ਇਸ ਨੂੰ ਕਾਫ਼ੀ ਵਧਾ ਕੇ 15,000 ਰੁਪਏ ਕਰ ਦਿੱਤਾ ਗਿਆ ਸੀ। ਮੌਜੂਦਾ ਫ਼ੈਸਲਾ ਇਸੇ ਸੋਚ ਨੂੰ ਅੱਗੇ ਵਧਾਉਂਦਾ ਹੈ। ਇਸ ਦੌਰਾਨ ਤਨਖ਼ਾਹਾਂ ‘ਚ ਲਗਾਤਾਰ ਵਾਧੇ, ਵਧਦੀ ਆਮਦਨ ਤੇ ਰਸਮੀ ਰੁਜ਼ਗਾਰ ਦੇ ਲਗਾਤਾਰ ਵਿਸਥਾਰ ਨੂੰ ਧਿਆਨ ‘ਚ ਰੱਖਦੇ ਹੋਏ EPFO ਦੀ ਤਨਖ਼ਾਹ ਸੀਮਾ ਹੁਣ 25,000 ਰੁਪਏ ਕੀਤੀ ਜਾ ਰਹੀ ਹੈ।
Share this content:



Post Comment