Loading Now

20 ਜੂਨ ਨੂੰ ਮਾਤਾਰਿਕੀ ਦੀ ਜਨਤਕ ਛੁੱਟੀ-ਮਾਓਰੀ ਨਵੇਂ ਸਾਲ ਨੂੰ ਸਮਰਪਿਤ ਹੈ ਇਹ ਦਿਨ

20 ਜੂਨ ਨੂੰ ਮਾਤਾਰਿਕੀ ਦੀ ਜਨਤਕ ਛੁੱਟੀ-ਮਾਓਰੀ ਨਵੇਂ ਸਾਲ ਨੂੰ ਸਮਰਪਿਤ ਹੈ ਇਹ ਦਿਨ

*ਮਾਤਾਰਿਕੀ ਛੁੱਟੀ: ਕ੍ਰਿਤਕਾ ਨਕਸ਼ੱਤਰ*ਵਾਹ ਰੇ ਕੁਦਰਤ!
*ਚਮਕਦੇ ਤਾਰਾ ਮੰਡਲ ਤੱਕ ਪਹੁੰਚਣ ਲਈ ਕਾਰ ’ਚ ਲੱਗਣਗੇ 480 ਕਰੋੜ ਸਾਲ
ਔਕਲੈਂਡ, 19 ਜੂਨ 2025 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਸਰਕਾਰ ਵੱਲੋਂ 4 ਫਰਵਰੀ 2021 ਨੂੰ ਐਲਾਨ ਕੀਤਾ ਗਿਆ ਸੀ ਕਿ ਸਾਲ 2022  ਤੋਂ ‘ਮਾਤਾਰਿਕੀ’ ਦੀ ਜਨਤਕ ਛੁੱਟੀ ਹੋਇਆ ਕਰੇਗੀ ਅਤੇ ਇਹ 24 ਜੂਨ 2022 ਦਿਨ ਸ਼ੁੱਕਰਵਾਰ ਤੋਂ ਪਹਿਲੀ ਛੁੱਟੀ ਦੇ ਰੂਪ ਵਿਚ ਮਨਾਉਣੀ ਸ਼ੁਰੂ ਹੋ ਗਈ ਸੀ। ਇਸ ਵਾਰ ਇਹ ਛੁੱਟੀ 20 ਜੂਨ ਦਿਨ ਸ਼ੁੱਕਰਵਾਰ ਨੂੰ ਆ ਰਹੀ ਹੈ। ਇਹ ਛੁੱਟੀ ਹਮੇਸ਼ਾਂ ‘ਲੌਂਗ ਵੀਕਐਂਡ’ ਦੇ ਰੂਪ ਵਿਚ ਰੱਖਣਾ ਤੈਅ ਹੋਇਆ ਹੈ, ਚਾਹੇ ਸ਼ੁੱਕਰਵਾਰ ਹੋਵੇ ਚਾਹੇ ਸੋਮਵਾਰ। ਨਿਊਜ਼ੀਲੈਂਡ ਦੇ ਵਿਚ ਪਿਛਲੇ 50 ਸਾਲਾਂ ਦੇ ਵਿਚ ਇਹ ਇਕ ਨਵੀਂ ਜਨਤਕ ਛੁੱਟੀ ਸ਼ਾਮਿਲ ਕੀਤੀ ਗਈ ਸੀ। ਨਿਊਜ਼ੀਲੈਂਡ ਵਿਚ ਇਸ ਵੇਲੇ 11 ਜਨਤਕ ਰਾਸ਼ਟਰੀ ਛੁੱਟੀਆਂ ਹਨ ਤੇ ਕੁਝ ਖੇਤਰੀ ਛੁੱਟੀਆਂ ਹਨ। ਇਸ ਵਾਰ ਮਾਤਾਰਿਕੀ ਸਮਾਗਮ 9 ਜੂਨ ਤੋਂ 27 ਜੁੂਨ ਤੱਕ ਚੱਲ ਰਹੇ ਹਨ। ਬਹੁਤ ਸਾਰੀਆਂ ਥਾਵਾਂ ਉਤੇ ਸਮਾਗਮ ਹਨ ਅਤੇ ਸੁੰਦਰ ਲਾਈਟਾਂ ਦਾ ਜਲਵਾ ਵੇਖਣ ਨੂੰ ਮਿਲੇਗਾ।
ਕੀ ਹੈ ਮਾਤਾਰਿਕੀ:?  ‘ਮਾਤਾਰਿਕੀ’ ਜਾਂ ਭਾਰਤੀ ਭਾਸ਼ਾ ਵਿਚ ਕ੍ਰਿਤਕਾ ਨਕਸ਼ੱਤਰ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਜਦੋਂ ਅਕਾਸ਼ ਦੇ ਵਿਚ ਕੁਝ ਤਾਰਿਆਂ (9) ਦੇ ਸਮੂਹ ਬਹੁਤ ਚਮਕਦਾਰ ਹੋ ਜਾਂਦੇ ਹਨ ਅਤੇ ਧਰਤੀ ਦੇ ਨੇੜੇ ਹੁੰਦੇ ਹਨ। ਇਨ੍ਹਾਂ ਦਿਨਾਂ ਨੂੰ ਬਹੁਤ ਸਮੇਂ ਤੋਂ ਮਾਓਰੀ ਲੋਕ ਆਪਣੀ ਫਸਲ ਦੀ ਕਟਾਈ ਦੇ ਰੂਪ ਵਿਚ ਵੇਖਦੇ ਰਹੇ ਹਨ ਅਤੇ ਨਵੇਂ ਸਾਲ ਦੀ ਆਮਦ ਦੇ ਰੂਪ ਵਿਚ ਮੰਨਦੇ ਆ ਰਹੇ ਹਨ। ਜਿਸ ਸਮੇਂ ਇਹ ਚਮਕਦੇ ਤਾਰੇ ਅਲੱਗ ਤਰ੍ਹਾਂ ਦਾ ਨਜ਼ਾਰਾ ਪੇਸ਼ ਕਰਦੇ ਹਨ ਉਸਨੂੰ ਮਾਓਰੀ ਨਵੇਂ ਸਾਲ ਦਾ ਨਾਂਅ ਦਿੱਤਾ ਜਾਂਦਾ ਹੈ। 9 ਤਾਰਿਆਂ ਦੇ ਵਿਚ ਦੋ ਨੂੰ ਮਾਤਾ-ਪਿਤਾ ਅਤੇ ਪੰਜ ਉਨ੍ਹਾਂ ਦੀਆਂ ਸਟਾਰ ਬੇਟੀਆਂ ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਨਿਊਜ਼ੀਲੈਂਡ ਦੇ ਵਿਚ ਇਹ ਦਿਨ ਭਾਵੇਂ ਕਾਫੀ ਸਮੇਂ ਤੋਂ ਮਨਾਇਆ ਜਾਂਦਾ ਹੈ ਪਰ ਜਨਤਕ ਛੁੱਟੀ 2022 ਤੋਂ ਸ਼ੁਰੂ ਹੋਈ ਸੀ।
ਮਾਤਾਰਿਕੀ ਨੂੰ ਲੈ ਕੇ ਪੂਰੇ ਨਿਊਜ਼ੀਲੈਂਡ ਦੇ ਵਿਚ ਜਸ਼ਨ ਜ਼ੋਰਾਂ ’ਤੇ ਹਨ। ਸਟਾਰਡੋਮ ਦੇ ਵਿਚ ਵਿਸ਼ੇਸ਼ ਤਾਰਿਆਂ ਦੇ ਗ੍ਰਹਿ ਵਿਖਾਏ ਜਾ ਰਹੇ ਹਨ। ਮਾਤਾਰਿਕੀ ਨੂੰ ਜੂਨ ਦੇ ਮਹੀਨੇ ਤੜਕਸਾਰ ਨੰਗੀਆਂ ਅੱਖਾਂ ਦੇ ਨਾਲ ਵੀ ਵੇਖਿਆ ਜਾ ਸਕਦਾ ਹੈ। ਇਹ ਸਾਰੇ ਊਰਜਾ ਸਮੂਹ ਤਾਰਿਆਂ ਦਾ ਝੁੰਡ ਧਰਤੀ ਦੇ ਨੇੜੇ ਰਹੇਗਾ ਪਰ ਫਿਰ ਵੀ ਇਸਦੀ ਦੂਰੀ 440 ਪ੍ਰਕਾਸ਼ ਸਾਲ ਬਣੀ ਰਹੇਗੀ। ਜੇਕਰ ਕਿਸੀ ਨੇ 100 ਦੀ ਸਪੀਡ ਦੇ ਵਿਚ ਕਾਰ ਰਾਹੀਂ ਉਥੇ ਤੱਕ ਪਹੁੰਚਣਾ ਹੋਵੇਗਾ ਤਾਂ ਉਸਨੂੰ 4.8 ਬਿਲੀਅਨ ਸਾਲ (480 ਕਰੋੜ ਸਾਲ) ਦਾ ਸਮਾਂ ਲੱਗੇਗਾ। ਜਾਪਾਨ ਦੇ ਵਿਚ ਉਸਨੂੰ ਸੁਬਰੂ (ਸੁਬਾਰੂ) ਕਹਿੰਦੇ ਹਨ ਅਤੇ ਇਸਦੇ ਲੋਗੋ ਵਿਚ ਊਰਜਾ ਮੰਡਲ ਦੇ ਤਾਰੇ ਵਿਖਾਏ ਗਏ ਹਨ। ਉਸ ਵੇਲੇ ਦੀ ਪ੍ਰਧਾਨ ਮੰਤਰੀ ਨੇ ਇਸ ਜਨਤਕ ਛੁੱਟੀ ਦਾ ਐਲਾਨ ਕਰਕੇ ਮਾਓਰੀ ਭਾਈਚਾਰੇ ਦਾ ਇਕ ਵਾਰ ਫਿਰ ਦਿਲ ਜਿੱਤ ਲਿਆ ਸੀ। ਹਾਰਬਰ ਬਿ੍ਰਜ ਉਤੇ 19 ਜੂਨ ਤੋਂ 27 ਜੂਨ ਤੱਕ ਸ਼ਾਮ 6 ਤੋਂ ਰਾਤ 12 ਵਜੇ ਤੱਕ ਵਿਸ਼ੇਸ਼ ਲਾਈਟਾਂ ਦਾ ਜਲੌਅ 15-15 ਮਿੰਟ ਦਾ ਹੋਇਆ ਕਰੇਗਾ। ਭਾਰਤ ਦੇ ਵਿਚ ਮਾਤਾਰਿਕੀ ਨੂੰ ਕ੍ਰਿਤਕਾ ਨਕਸ਼ੱਤਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਤੇ ਇਸਨੂੰ ਊਰਜਾ ਦਾ ਸਮੂਹ ਵੀ ਕਿਹਾ ਜਾਂਦਾ ਹੈ। ਭਾਰਤੀ ਸਮਾਜ ਚੈਰੀਟੇਬਲ ਟ੍ਰਸਟ ਵਾਲੇ ਵੀ ਇਥੇ ਕਈ ਸਾਲਾਂ ਤੋਂ ਮਾਤਾਰਿਕੀ ਨੂੰ ਸਮਰਪਿਤ ਮਾਓਰੀ ਭਾਈਚਾਰੇ ਨਾਲ ਸਮਾਗਮ ਕਰਕੇ ਮਨਾ ਰਹੇ ਹਨ। ਹਿੰਦੂ ਏਲਡਰਜ਼ ਫਾਊਂਡੇਸ਼ਨ ਵਾਲੇ ਤਾਂ 2010 ਦੇ ਵਿਚ ਵੀ ਇਹ ਦਿਵਸ ਮਨਾ ਚੁੱਕੇ ਹਨ।

Share this content:

Post Comment