ਸਮੁੱਚਾ ਪ੍ਰਬੰਧ ਦਰੁਸਤ ਕਰਨ ਦੀ ਲੋੜ
ਸੰਸਦ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਸਿੱਖਿਆ ਦੇ ਮੁੱਦੇ ’ਤੇ ਬਹੁਤ ਗੰਭੀਰਤਾ ਨਾਲ ਬਹਿਸ ਹੋਈ। ਇਸ ਦਾ ਕਾਰਨ ਇਮਤਿਹਾਨਾਂ ਦੀ ਵਾਜਬਤਾ ਤੇ ਅਖੰਡਤਾ ਨੂੰ ਲੈ ਕੇ ਨੌਜਵਾਨ ਪੀੜ੍ਹੀ ’ਚ ਉੱਠਿਆ ਰੋਹ ਸੀ ਅਤੇ ਇਹ ਰੋਹ ਵਾਜਬ ਵੀ ਸੀ। ਕੋਈ ਇਮਤਿਹਾਨ ਦੇਸ਼ ਦਾ ਉਹ ਵਾਅਦਾ ਹੁੰਦਾ ਹੈ, ਜਿਸ ਤਹਿਤ ਕਾਬਲੀਅਤ ਨੂੰ ਪਰਖਿਆ ਜਾਂਦਾ ਹੈ, ਇਹ ਨਹੀਂ ਦੇਖਿਆ ਜਾਂਦਾ ਕਿ ਬੱਚੇ ਨੇ ਕਿਹੜੇ ਘਰ ਜਨਮ ਲਿਆ ਹੈ। ਜਦੋਂ ਕੋਈ ਪੇਪਰ ਲੀਕ ਹੁੰਦਾ ਹੈ ਜਾਂ ਕੋਈ ਸੀਟ ਵਿਕਦੀ ਹੈ ਤਾਂ ਉਹ ਵਾਅਦਾ ਟੁੱਟ ਜਾਂਦਾ ਹੈ ਅਤੇ ਨਾਲ ਹੀ ਲੋਕਾਂ ਦਾ ਦੇਸ਼ ਦੀ ਵਿਵਸਥਾ ਤੋਂ ਭਰੋਸਾ ਵੀ ਉੱਠ ਜਾਂਦਾ ਹੈ।
ਇਹ ਰੋਹ ਪਨਪਣਾ ਬਣਦਾ ਵੀ ਸੀ, ਪਰ ਇਸ ਤੋਂ ਸਿਰਫ਼ ਸਮੱਸਿਆ ਦੀ ਨਿਸ਼ਾਨਦੇਹੀ ਹੁੰਦੀ ਹੈ, ਇਸ ਦਾ ਕੋਈ ਹੱਲ ਨਹੀਂ ਨਿਕਲਦਾ। ਸੰਸਦ ’ਚ ਰੋਹ ਜ਼ਾਹਿਰ ਕਰ ਦਿੱਤਾ ਗਿਆ ਹੈ, ਪਰ ਹੁਣ ਦੇਸ਼ ਨੂੰ ਮਸਲੇ ਦੇ ਹੱਲ ਲਈ ਅਸਲ ਰੂਪ-ਰੇਖਾ ਤਿਆਰ ਕਰਨ ਦੀ ਲੋੜ ਹੈ। ਗੱਲ ਸਾਫ਼ ਹੈ, ਇਮਤਿਹਾਨ ਵਿਵਸਥਾ ’ਚ ਇਮਾਨਦਾਰੀ ਹੋਣੀ ਲਾਜ਼ਮੀ ਤਾਂ ਹੈ, ਪਰ ਇਹ ਕਾਫ਼ੀ ਨਹੀਂ। ਇਹ ਤਾਂ ਮਹਿਜ਼ ਇੱਕ ਦਰਵਾਜ਼ੇ ਦੀ ਪਹਿਰੇਦਾਰੀ ਕਰਨ ਵਾਲੀ ਗੱਲ ਹੈ ਜਦੋਂਕਿ ਦੇਸ਼ ਨੂੰ ਪੂਰੇ ਘਰ ਦੀ ਰਖਵਾਲੀ ਕਰਨ ਦੀ ਲੋੜ ਹੈ। ਦੇਸ਼ ਅੱਗੇ ਅਸਲ ਚੁਣੌਤੀ ਸਿਰਫ਼ ਇੱਕ ਰਾਹ ’ਤੇ ਇਮਾਨਦਾਰੀ ਨਾਲ ਪਹਿਰੇਦਾਰੀ ਦੀ ਨਹੀਂ ਸਗੋਂ ਅੰਦਰ ਦਾਖ਼ਲ ਹੋਣ ਲਈ ਵਰਤੀਆਂ ਜਾਂਦੀਆਂ ਚੋਰ-ਮੋਰੀਆਂ ਬੰਦ ਕਰਨ ਦੀ ਵੀ ਹੈ।
ਇਹ ਸਵਾਲ ਥੋੜ੍ਹਾ ਔਖਾ ਹੈ, ਪਰ ਗੱਲ ਇੱਥੋਂ ਹੀ ਸ਼ੁਰੂ ਕਰਦੇ ਹਾਂ। ਮੰਨ ਲਓ ਭਲਕੇ ਹੀ ਹਰ ਇਮਤਿਹਾਨ ਵਿੱਚ ਪੂਰੀ ਇਮਾਨਦਾਰੀ ਪਰਤ ਆਵੇ, ਕੋਈ ਪੇਪਰ ਲੀਕ ਨਾ ਹੋਵੇ, ਕੋਈ ਘੁਸਪੈਠੀਆ ਜਾਂ ਭ੍ਰਿਸ਼ਟ ਬੰਦਾ ਬਾਕੀ ਨਾ ਰਹੇ ਅਤੇ ਹਰ ਨਤੀਜਾ ਨਿਰੋਲ ਮੈਰਿਟ (ਯੋਗਤਾ) ਦੇ ਬਲਬੂਤੇ ਆਉਣ ਲੱਗੇ ਤਾਂ ਕੀ ਇਸ ਨਾਲ ਸਾਰਿਆਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲ ਜਾਣਗੇ? ਇਸ ਦਾ ਜਵਾਬ ਹੈ, ਨਹੀਂ ਕਿਉਂਕਿ ਇੱਕ ਇਮਤਿਹਾਨ ਵਿੱਚ ਮੁਕੰਮਲ ਇਮਾਨਦਾਰੀ ਵਰਤਣਾ ਵੀ ਸਿਰਫ਼ ਇੱਕ ਭੀੜੇ ਜਿਹੇ ਦਰਵਾਜ਼ੇ ਦੀ ਪਹਿਰੇਦਾਰੀ ਵਾਲੀ ਗੱਲ ਹੋਵੇਗੀ। ਉਸ ਇਮਤਿਹਾਨ ਨੂੰ ਹੀ ਦੇਖ ਲਓ, ਜਿਸ ਕਾਰਨ ਇਹ ਸਾਰਾ ਬਖੇੜਾ ਖੜ੍ਹਾ ਹੋਇਆ। ਸਾਲ 2024 ਵਿੱਚ 23 ਲੱਖ ਤੋਂ ਵੱਧ ਨੌਜਵਾਨਾਂ ਨੇ ਡਾਕਟਰੀ ਦੀ ਦਾਖ਼ਲਾ ਪ੍ਰੀਖਿਆ ਦਿੱਤੀ। ਇਨ੍ਹਾਂ ਵਿੱਚੋਂ 13 ਲੱਖ ਤੋਂ ਵੱਧ ਵਿਦਿਆਰਥੀ ਯੋਗਤਾ ਦਾ ਮਾਪਦੰਡ ਪਾਰ ਕਰ ਗਏ, ਪਰ ਇਸ ਗਿਣਤੀ ਦੇ ਮੁਕਾਬਲੇ ਐੱਮ ਬੀ ਬੀ ਐੱਸ ਦੀਆਂ ਕੁੱਲ ਮਿਲਾ ਕੇ ਮਹਿਜ਼ 1,15,000 ਦੇ ਕਰੀਬ ਸੀਟਾਂ ਸਨ।
ਜੇ ਇਮਤਿਹਾਨ ’ਚ ਪੂਰੀ ਤਰ੍ਹਾਂ ਇਮਾਨਦਾਰੀ ਵੀ ਵਰਤੀ ਜਾਂਦੀ ਤਾਂ ਵੀ ਇਸ ਵਿੱਚੋਂ ਪਾਸ ਹੋਏ ਵਿਦਿਆਰਥੀਆਂ ਵਿੱਚੋਂ ਹਰ ਦਸਾਂ ’ਚੋਂ ਨੌਂ ਤੋਂ ਵੱਧ ਬੱਚਿਆਂ ਨੂੰ ਐੱਮ ਬੀ ਬੀ ਐੱਸ ਦੀ ਸੀਟ ਤੋਂ ਵਾਂਝੇ ਰਹਿਣਾ ਪੈਂਦਾ। ਡਾਕਟਰੀ ਖੇਤਰ ਇਸ ਗੱਲੋਂ ਇਕਲੌਤਾ ਜਾਂ ਵੱਖਰਾ ਨਹੀਂ ਹੈ। ਰੇਲਵੇ ਦੀ ਭਰਤੀ ਲਈ ਹੋਏ ਸਿਰਫ਼ ਦੋ ਤਾਜ਼ਾ ਇਮਤਿਹਾਨਾਂ ਵਿੱਚ ਹੀ ਲਗਪਗ 2 ਕਰੋੜ 37 ਲੱਖ ਉਮੀਦਵਾਰਾਂ ਨੇ ਮਹਿਜ਼ 1 ਲੱਖ 31 ਹਜ਼ਾਰ ਆਸਾਮੀਆਂ ਲਈ ਆਪਣੀ ਪੂਰੀ ਵਾਹ ਲਾਈ। ਇਹ ਵੱਖਰੀ ਗੱਲ ਹੈ ਕਿ ਇੱਕੋ ਨੌਜਵਾਨ ਕਈ ਵੱਖ-ਵੱਖ ਇਮਤਿਹਾਨ ਦਿੰਦਾ ਹੈ, ਪਰ ਕਈ-ਕਈ ਪੇਪਰ ਦੇਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਉਹ ਉਸੇ ਤੰਗ ਦਰਵਾਜ਼ੇ ਵਿੱਚੋਂ ਲੰਘਣ ਲਈ ਯਤਨ ਕਰ ਰਿਹਾ ਹੈ। ਸੰਸਦ ਵਿੱਚ ਉਨ੍ਹਾਂ ਨੌਜਵਾਨਾਂ ਬਾਰੇ ਬਹਿਸ ਹੋਈ, ਜਿਨ੍ਹਾਂ ਨਾਲ ਧੋਖਾ ਹੋਇਆ ਸੀ ਅਤੇ ਇਹ ਬਹਿਸ ਕਰਨਾ ਵਾਜਬ ਵੀ ਸੀ। ਫਿਰ ਵੀ ਉਨ੍ਹਾਂ ਕਰੋੜਾਂ ਬੱਚਿਆਂ ਵੱਲ ਨਹੀਂ ਦੇਖਿਆ ਗਿਆ, ਜਿਨ੍ਹਾਂ ਨਾਲ ਕੋਈ ਧੋਖਾ ਨਹੀਂ ਸੀ ਹੋਇਆ, ਜਿਨ੍ਹਾਂ ਨੇ ਇਮਾਨਦਾਰੀ ਨਾਲ ਇਮਤਿਹਾਨ ਦਿੱਤਾ ਅਤੇ ਅੰਤ ਮਹਿਸੂਸ ਕੀਤਾ ਕਿ ਇਮਾਨਦਾਰੀ ਵਰਤ ਕੇ ਉਹ ਸੀਟ (ਦਾਖ਼ਲਾ) ਹੀ ਨਹੀਂ ਲੈ ਸਕੇ। ਇਹ ਹਿਸਾਬ-ਕਿਤਾਬ ਬੇਈਮਾਨੀ ਵਾਲਾ ਨਹੀਂ ਸਗੋਂ ਬੇਹੱਦ ਜ਼ਾਲਮ ਹੈ। ਅਸੀਂ ਇਕਸਾਰਤਾ ਨੂੰ ਹੀ ਇਨਸਾਫ਼ ਸਮਝ ਲਿਆ ਹੈ ਅਤੇ ਸੀਟਾਂ ਦੀ ਘਾਟ ਨੂੰ ਹੀ ਕਾਬਲੀਅਤ ਦਾ ਮਾਪਦੰਡ ਮੰਨ ਲਿਆ ਹੈ।
Share this content:



Post Comment