ਵਿਕਾਸ ਤੇ ਵਾਤਾਵਰਨ ਦਾ ਸੰਤੁਲਨ ਲਾਜ਼ਮੀ
ਨੇਪਾਲ ਵਿੱਚ ਹਾਲ ਹੀ ’ਚ ਅਚਾਨਕ ਆਏ ਹੜ੍ਹਾਂ ਨੇ ਹੁਣ ਤੱਕ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲਗਪਗ ਚਾਰ ਹਜ਼ਾਰ ਤੋਂ ਵੱਧ ਲੋਕ ਹਾਲੇ ਵੀ ਲਾਪਤਾ ਹਨ। ਵੱਡ-ਆਕਾਰੀ ਬਰਫ਼ ਦੇ ਤੋਦੇ ਦੇ ਭੋਟੇਕੋਸ਼ੀ ਦਰਿਆ ਵਿੱਚ ਡਿੱਗਣ ਕਰਕੇ ਰਾਸੂਵਾ ਜ਼ਿਲ੍ਹੇ ਵਿੱਚ ਹੜ੍ਹਾਂ ਵਾਲੇ ਹਾਲਾਤ ਬਣੇ ਸਨ। ਅਮਰੀਕੀ ਭੂਗੋਲਿਕ ਸਰਵੇ ਮੁਤਾਬਿਕ ਬਰਫ਼ ਦੇ ਤੋਦੇ ਅਤੇ ਪਹਾੜੀ ਦੇ ਕਚਰੇ ਦੇ ਭੋਟੇਕੋਸ਼ੀ ਦਰਿਆ ਦੀ ਸਹਾਇਕ ਨਦੀ ਲੇਂਡੇ ਖ਼ੋਲਾ (Lende Khola) ਵਿੱਚ ਡਿੱਗਣ ਕਾਰਨ ਇਲਾਕੇ ਵਿੱਚ 5.2 ਦੇ ਭੂਚਾਲ ਦੇ ਬਰਾਬਰ ਦਾ ਪ੍ਰਭਾਵ ਪੈਦਾ ਹੋਇਆ। ਹਾਲੇ ਇਹ ਪਤਾ ਲਗਾਇਆ ਜਾਣਾ ਬਾਕੀ ਹੈ ਕਿ ਕੀ ਬਰਫ਼ ਦਾ ਪਹਾੜ ਡਿੱਗਣ ਨਾਲ ਭੂਚਾਲੀ ਝਟਕਾ ਲੱਗਾ ਸੀ ਜਾਂ ਭੂਚਾਲੀ ਝਟਕੇ ਲੱਗਣ ਕਾਰਨ ਬਰਫ਼ ਦਾ ਪਹਾੜ ਡਿੱਗਾ ਸੀ।
ਹਿਮਾਲਿਆ ਪਰਬਤ ਅਨੇਕਾਂ ਦੇਸ਼ਾਂ ਵਿੱਚ ਫੈਲਿਆ ਇੱਕ ਵੱਡ ਆਕਾਰੀ ਪਰਬਤ ਹੈ ਜਿਸ ਦੇ ਵੱਖ-ਵੱਖ ਹਿੱਸਿਆਂ ਵਿੱਚ ਅਨੇਕਾਂ ਕੁਦਰਤੀ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ ਭਾਵ ਕਿ ਜੇਕਰ ਅੱਜ ਨੇਪਾਲ ਵਿੱਚ ਘਟਨਾ ਵਾਪਰੀ ਹੈ ਤਾਂ ਦੂਜਿਆਂ ਦੇਸ਼ਾਂ ਨੂੰ ਵੀ ਇਸ ਪ੍ਰਤੀ ਧਿਆਨ ਦੇਣ ਦੀ ਲੋੜ ਹੈ। ਭੂਚਾਲ ਵਿਗਿਆਨੀਆਂ ਵੱਲੋਂ ਅਨੇਕਾਂ ਵਾਰ ਭਾਰਤ ਨੂੰ ਕੁਦਰਤੀ ਆਫ਼ਤਾਂ ਪ੍ਰਤੀ ਚੇਤੰਨ ਕੀਤਾ ਗਿਆ ਹੈ। ਇਸ ਵਿੱਚ ਉੱਤਰੀ ਭਾਰਤ, ਜੋ ਇਸ ਵਿਸ਼ਾਲ ਪਰਬਤ ਦੀ ਛਾਂ ਹੇਠ ਵੱਸਿਆ ਹੋਇਆ ਹੈ, ਨੂੰ ਖ਼ਾਸ ਕਰਕੇ ਚੇਤੰਨ ਹੋ ਕੇ ਆਪਣੀਆਂ ਨੀਤੀਆਂ ਬਣਾਉਣ ਦੀ ਲੋੜ ਹੈ। ਨੇਪਾਲ ਵਿੱਚ ਗਲੇਸ਼ੀਅਰ ਦੇ ਡਿੱਗਣ ਦੀ ਘਟਨਾ ਤਾਂ ਦੇਸ਼ ਦੇ ਉੱਪਰਲੇ ਹਿੱਸੇ ਵਿੱਚ ਹੋਈ ਸੀ ਪਰ ਇਸ ਦਾ ਪ੍ਰਭਾਵ ਹੇਠਲੇ ਹਿੱਸੇ ਵਿੱਚ ਪਿਆ। ਇਸ ਗੱਲ ’ਤੇ ਧਿਆਨ ਦੇਣਾ ਪਏਗਾ ਕਿ ਹਿਮਾਲਿਆ ਪਰਬਤ ਉੱਤੇ ਬਿਜਲੀ ਤਿਆਰ ਕਰਨ ਅਤੇ ਸਿੰਜਾਈ ਦੀਆਂ ਜਿੰਨੀਆਂ ਵੀ ਯੋਜਨਾਵਾਂ ਚੱਲ ਰਹੀਆਂ ਹਨ, ਸਮੇਂ-ਸਮੇਂ ਸਿਰ ਉਨ੍ਹਾਂ ਦੀ ਤਕਨੀਕੀ ਪੜਚੋਲ ਕੀਤੀ ਜਾਣੀ ਚਾਹੀਦੀ ਹੈ। ਇੱਥੇ ਖ਼ਾਸ ਕਰਕੇ ਜ਼ਿਕਰ ਕਰਨਾ ਬਣਦਾ ਹੈ ਟੇਹਰੀ ਡੈਮ, ਭਾਖੜਾ ਡੈਮ, ਚਮੇਰਾ ਡੈਮ ਅਤੇ ਪੌਂਗ ਡੈਮ ਦਾ, ਜਿਨ੍ਹਾਂ ਨੂੰ ਬਣਾਉਣ ਸਮੇਂ ਵਾਤਾਵਰਣੀ ਚਿੰਤਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਜੇਕਰ ਪਿਛਲੇ ਸਾਲਾਂ ਵਿੱਚ ਆਈਆਂ ਕੁਦਰਤੀ ਆਫ਼ਤਾਂ ਦੀ ਗੱਲ ਕਰੀਏ ਤਾਂ ‘ਕੌਮੀ ਆਫ਼ਤਾਂ ਪ੍ਰਬੰਧਨ ਅਥਾਰਿਟੀ’ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਬਰਸਾਤੀ ਦਿਨਾਂ ਵਿੱਚ ਬੱਦਲਾਂ ਦੇ ਫਟਣ ਅਤੇ ਅਚਨਚੇਤੀ ਹੜ੍ਹਾਂ ਦੇ ਆਉਣ ਵਿੱਚ ਬਹੁਤ ਤੇਜ਼ੀ ਆਈ ਹੈ। ਇਨ੍ਹਾਂ ਨਾਲ ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ਤੋਂ ਲੈ ਕੇ ਉੱਤਰਾਖੰਡ ਤੱਕ ਅਤੇ ਆਸਾਮ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਨਾਲ ਵੱਡੇ ਪੱਧਰ ’ਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਅਕਸਰ ਇਨ੍ਹਾਂ ਦਿਨਾਂ ਵਿੱਚ ਆਉਂਦੀਆਂ ਰਹਿੰਦੀਆਂ ਹਨ। ਹਰ ਸਾਲ ਵੱਡੀ ਗਿਣਤੀ ਵਿੱਚ ਜਾਨੀ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ। ਵਿਗਿਆਨੀ ਇਨ੍ਹਾਂ ਕੁਦਰਤੀ ਆਫ਼ਤਾਂ ਲਈ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਗਈ ਛੇੜਛਾੜ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਵਾਤਾਵਰਨ ਵਿੱਚ ਆਈਆਂ ਤਬਦੀਲੀਆਂ ਕਾਰਨ ਮੌਨਸੂਨ ਪੌਣਾਂ ਦਾ ਵਿਵਹਾਰ ਅਨਿਸ਼ਚਿਤ ਅਤੇ ਵਿਨਾਸ਼ਕਾਰੀ ਹੋ ਗਿਆ ਹੈ। ਭਾਵ ਕਿ ਕਈ ਵਾਰ ਮੌਨਸੂਨ ਸੀਜ਼ਨ ਦੇ ਦਿਨਾਂ ਵਿੱਚ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਜਾਂਦੇ ਹਨ ਅਤੇ ਉਸ ਤੋਂ ਬਾਅਦ ਮੀਂਹ ਨਾ ਪੈਣ ਕਰਕੇ ਲੰਮੇ ਸਮੇਂ ਲਈ ਸੋਕੇ ਵਰਗੇ ਹਾਲਾਤ ਬਣ ਜਾਂਦੇ ਹਨ।
ਇਸ ਭਿਆਨਕ ਤਬਾਹੀ ਦੀ ਸਭ ਤੋਂ ਵੱਡੀ ਅਤੇ ਪ੍ਰਤੱਖ ਉਦਾਹਰਨ 16 ਜੂਨ 2013 ਨੂੰ ਉੱਤਰਾਖੰਡ ਵਿੱਚ ਵਾਪਰੀ ਬੱਦਲ ਫਟਣ ਦੀ ਘਟਨਾ ਹੈ। ਇਸ ਮਹਾਵਿਨਾਸ਼ ਨੇ ਹਿਮਾਲਿਆਈ ਖੇਤਰ ਦੀ ਭੂਗੋਲਿਕ ਬਣਤਰ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਰਕਾਰੀ ਅੰਕੜਿਆਂ ਮੁਤਾਬਿਕ ਇਸ ਕਹਿਰ ਵਿੱਚ 6054 ਲੋਕਾਂ ਦੀ ਮੌਤ ਹੋ ਗਈ ਸੀ ਅਤੇ 4550 ਪਿੰਡਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਸੀ। ਕਈ ਪਿੰਡਾਂ ਦਾ ਤਾਂ ਨਾਮੋ-ਨਿਸ਼ਾਨ ਹੀ ਧਰਤੀ ਤੋਂ ਮਿਟ ਗਿਆ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਬੇਜ਼ੁਬਾਨ ਪਸ਼ੂ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ। ਇਸ ਤੋਂ ਇਲਾਵਾ ਸੈਂਕੜੇ ਪੁਲ ਅਤੇ ਸੜਕਾਂ ਜ਼ਮੀਨੀ ਨਕਸ਼ੇ ਤੋਂ ਗ਼ਾਇਬ ਹੋ ਗਈਆਂ ਸਨ, ਜਿਸ ਕਾਰਨ ਤਿੰਨ ਲੱਖ ਦੇ ਕਰੀਬ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪਹਾੜਾਂ ਵਿੱਚ ਕਈ ਦਿਨਾਂ ਲਈ ਭੁੱਖੇ-ਪਿਆਸੇ ਖੱਜਲ ਖ਼ੁਆਰ ਹੋਣਾ ਪਿਆ ਸੀ।
ਇਹ ਦੁਖਾਂਤ ਸਿਰਫ਼ ਪਹਾੜਾਂ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਮੈਦਾਨੀ ਇਲਾਕੇ ਵੀ ਇਸ ਦੀ ਲਪੇਟ ਵਿੱਚ ਆਏ। ਮਿਸਾਲ ਵਜੋਂ, ਸਾਲ 2025 ਦੌਰਾਨ 25 ਅਗਸਤ ਨੂੰ ਪੰਜਾਬ ਦੇ ਲਗਪਗ ਸਾਰੇ ਹੀ ਜ਼ਿਲ੍ਹਿਆਂ ਵਿੱਚ ਅਚਾਨਕ ਆਏ ਹੜ੍ਹਾਂ ਨੇ 1400 ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ। ਇਸ ਕੁਦਰਤੀ ਕਰੋਪੀ ਵਿੱਚ ਪੰਜਾਹ ਦੇ ਕਰੀਬ ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਕਿਸਾਨਾਂ ਦੀ ਮਿਹਨਤ ਉੱਤੇ ਪਾਣੀ ਫਿਰਦਿਆਂ ਕਰੀਬ ਦੋ ਲੱਖ ਏਕੜ ਜ਼ਮੀਨ ਉੱਤੇ ਖੜ੍ਹੀ ਪੱਕੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ ਅਤੇ ਹਜ਼ਾਰਾਂ ਦੀ ਗਿਣਤੀ ’ਚ ਮਾਲ ਡੰਗਰ ਮਾਰੇ ਗਏ ਸਨ। ਸਮਾਂ ਬੀਤਣ ਨਾਲ ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਸਾਲ 2026 ਦੇ ਹੜ੍ਹ ਹਨ।
ਇਸ ਸਾਲ ਮੌਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਦਰਤ ਦਾ ਤਾਂਡਵ ਦੇਖਣ ਨੂੰ ਮਿਲਿਆ। 7 ਜੁਲਾਈ ਨੂੰ ਕੇਰਲਮ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 8 ਲੋਕਾਂ ਦੀ ਜਾਨ ਚਲੀ ਗਈ। ਇਸੇ ਤਰ੍ਹਾਂ 13 ਜੁਲਾਈ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਲੈਂਡਸਲਾਈਡ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 19 ਜੁਲਾਈ ਨੂੰ ਜੰਮੂ ਦੇ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਵਿੱਚ ਅਚਾਨਕ ਆਏ ਹੜ੍ਹਾਂ ਨੇ 12 ਬੇਕਸੂਰ ਲੋਕਾਂ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ। ਇਹ ਲੜੀਵਾਰ ਹਾਦਸੇ ਸਾਨੂੰ ਚੇਤਾਵਨੀ ਦਿੰਦੇ ਹਨ ਕਿ ਜੇਕਰ ਅਸੀਂ ਸਮਾਂ ਰਹਿੰਦਿਆਂ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਵਾਤਾਵਰਣ ਦੀ ਸ਼ੁੱਧਤਾ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਵੀ ਵੱਡੇ ਨੁਕਸਾਨ ਝੱਲਣ ਲਈ ਤਿਆਰ ਰਹਿਣਾ ਪਵੇਗਾ।
ਮੌਸਮ ਵਿਭਾਗ ਦੇ ਵਿਗਿਆਨੀਆਂ ਵੱਲੋਂ ਮਨੁੱਖ ਦੁਆਰਾ ਵਾਤਾਵਰਨ ਨਾਲ ਕੀਤੀ ਗਈ ਛੇੜਛਾੜ ਨੂੰ ਅਜਿਹੇ ਸੰਕਟਕਾਲੀ ਹਾਲਾਤ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਉਨ੍ਹਾਂ ਅਨੁਸਾਰ ਮਨੁੱਖੀ ਕਿਰਿਆਵਾਂ ਨਾਲ ਹਵਾ ਦਾ ਵਧਿਆ ਹੋਇਆ ਤਾਪਮਾਨ ਸਾਡੇ ਚੌਗਿਰਦੇ ਵਿੱਚ ਗੜਬੜੀਆਂ ਪੈਦਾ ਕਰ ਰਿਹਾ ਹੈ। ਗਰਮ ਹਵਾਵਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਦੇ ਜਲਵਾਸ਼ਪਾਂ (ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ) ਨੂੰ ਆਪਣੇ ਵਿੱਚ ਸਮੋਅ ਕੇ ਰੱਖਦੀਆਂ ਹਨ ਜਿਸ ਨਾਲ ਬੱਦਲ ਸੰਘਣੇ ਬਣ ਜਾਂਦੇ ਹਨ। ਇਨ੍ਹਾਂ ਦੇ ਫਟਣ ਨਾਲ ਹੀ ਅਚਾਨਕ ਹੜ੍ਹ ਆਉਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਸਮੁੱਚੇ ਸੰਸਾਰ ਦੀ ਵਧ ਰਹੀ ਮਨੁੱਖੀ ਆਬਾਦੀ ਅਤੇ ਕੋਲਾ, ਪੈਟਰੋਲ ਅਤੇ ਡੀਜ਼ਲ ਦੀ ਲਗਾਤਾਰ ਹੋ ਰਹੀ ਵਰਤੋਂ, ਤੇਜ਼ੀ ਨਾਲ ਵਧ ਰਿਹਾ ਸ਼ਹਿਰੀਕਰਨ ਅਤੇ ਜੰਗਲਾਂ ਦੀ ਕਟਾਈ ਕਰਕੇ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਤੇਜ਼ੀ ਨਾਲ ਬਦਲ ਰਿਹਾ ਹੈ। ਧਰਤੀ ਦੇ ਔਸਤ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਤਬਦੀਲੀਆਂ ਕਰਕੇ ਏਸ਼ੀਆ ਹੀ ਨਹੀਂ ਸਗੋਂ ਵਿਸ਼ਵ ਦੇ ਅਨੇਕਾਂ ਹਿੱਸਿਆਂ ਵਿੱਚ ਪਾਣੀ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਦੁਨੀਆ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸੋਕੇ ਵਾਲੇ ਹਾਲਾਤ ਬਣ ਸਕਦੇ ਹਨ।
ਇਸ ਦੀ ਇੱਕ ਤਾਜ਼ਾ ਉਦਾਹਰਨ ਦੱਖਣੀ ਬਰਾਜ਼ੀਲ ਦੀ ਹੈ। ਇਹ ਇਲਾਕਾ ਕਿਸੇ ਸਮੇਂ ਹਰਿਆ-ਭਰਿਆ ਹੋਇਆ ਕਰਦਾ ਸੀ। ਐਮਾਜ਼ੋਨ ਜੰਗਲਾਂ ਦੀ ਕਟਾਈ ਕਰਨ ਨਾਲ ਇਸ ਇਲਾਕੇ ਨੂੰ ਬੱਦਲਾਂ ਦੇ ਮੀਂਹ ਦਾ ਪਾਣੀ ਮਿਲਣਾ ਬੰਦ ਹੋ ਗਿਆ ਹੈ, ਜਿਸ ਕਰਕੇ ਦੱਖਣੀ ਬਰਾਜ਼ੀਲ ਇਲਾਕੇ ਵਿੱਚ ਸੋਕੇ ਵਰਗੇ ਹਾਲਾਤ ਬਣ ਗਏ ਹਨ। ਕੁਦਰਤ ਨਾਲ ਖਿਲਵਾੜ ਮਨੁੱਖੀ ਹੋਂਦ ਲਈ ਖ਼ਤਰਾ ਬਣ ਰਿਹਾ ਹੈ, ਇਸ ਲਈ ਸਮਾਂ ਆ ਗਿਆ ਹੈ ਕਿ ਅਸੀਂ ਵਾਤਾਵਰਣ ਦੀ ਸੰਭਾਲ ਨੂੰ ਆਪਣੀ ਪਹਿਲ ਬਣਾਈਏ ਤਾਂ ਜੋ ਧਰਤੀ ਨੂੰ ਤਬਾਹੀ ਤੋਂ ਬਚਾਇਆ ਜਾ ਸਕੇ।
Share this content:



Post Comment