ਬੈਂਕ ਆਫ ਬੜੋਦਾ ਨੇ ਬਣਾਇਆ ਨਵਾਂ ਨਿਯਮ ਸਥਾਨਕ ਭਾਸ਼ਾਵਾਂ ਦੇ ਮਾਹਿਰ 2,482 ਅਧਿਕਾਰੀਆਂ ਦੀ ਕੀਤੀ ਜਾਵੇਗੀ ਭਰਤੀ
ਮੁੰਬਈ, 2 ਸਤੰਬਰ – ਬੈਂਕ ਆਫ ਬੜੋਦਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ 20 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਥਾਨਕ ਭਾਸ਼ਾਵਾਂ ਜਾਣਨ ਵਾਲੇ 2,482 ਅਧਿਕਾਰੀਆਂ ਦੀ ਭਰਤੀ ਕਰਨ ਜਾ ਰਿਹਾ ਹੈ। ਜੂਨੀਅਰ ਮੈਨੇਜਮੈਂਟ ਗ੍ਰੇਡ ਵਿਚ ਸਥਾਨਕ ਬੈਂਕ ਅਧਿਕਾਰੀਆਂ ਦੀ ਇਹ ਭਰਤੀ ਉਸ ਸਮੇਂ ਹੋ ਰਹੀ ਹੈ, ਜਦੋਂ ਬੈਂਕ ਕਰਮਚਾਰੀਆਂ ਦੀ ਗਾਹਕਾਂ ਨਾਲ ਸਥਾਨਕ ਭਾਸ਼ਾਵਾਂ ਵਿਚ ਗੱਲਬਾਤ ਕਰਨ ਦੀ ਸਮਰੱਥਾ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਬੈਂਕ ਨੇ ਕਿਹਾ ਕਿ ਇਕ ਨਿਯਮ ਬਣਾਇਆ ਗਿਆ ਹੈ, ਜਿਸ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਸ਼ੁਰੂਆਤੀ 12 ਸਾਲ ਉਸੇ ਸੂਬੇ ਵਿਚ ਕੰਮ ਕਰਨਾ ਹੋਵੇਗਾ, ਜਿੱਥੇ ਉਹ ਭਰਤੀ ਹੋਏ ਹਨ ਜਾਂ ਫਿਰ ਉਨ੍ਹਾਂ ਨੂੰ ਉਥੇ ਹੀ ਰਹਿਣਾ ਹੋਵੇਗਾ, ਜਦ ਤੱਕ ਉਨ੍ਹਾਂ ਨੂੰ ਤਰੱਕੀ ਨਹੀਂ ਮਿਲ ਜਾਂਦੀ।
ਇਹ ਐਲਾਨ ਮੁੰਬਈ ਦੇ ਨੇੜੇ ਸਥਾਨਕ ਭਾਸ਼ਾ ਵਿਚ ਗੱਲਬਾਤ ਨਾ ਕਰ ਸਕਣ ਵਾਲੇ ਬੈਂਕ ਕਰਮਚਾਰੀਆਂ ਨਾਲ ਹੋਈ ਕੁਝ ਹਿੰਸਕ ਘਟਨਾਵਾਂ ਦੇ ਦਰਮਿਆਨ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਨਵੰਬਰ 2025 ਵਿਚ ਬੈਂਕਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਮੁੱਦੇ ਬਾਰੇ ਸੰਵੇਦਨਸ਼ੀਲ ਰਹਿਣ ਅਤੇ ਜ਼ਰੂਰਤ ਪੈਣ ’ਤੇ ਆਪਣੀਆਂ ਮਨੁੱਖੀ ਸਰੋਤ ਨੀਤੀਆਂ ਵਿਚ ਬਦਲਾਅ ਕਰਨ। ਬੈਂਕ ਨੇ ਕਿਹਾ ਕਿ ਰਾਜ-ਆਧਾਰਤ ਤਾਇਨਾਤੀ ਨਾਲ ਉਸਨੂੰ ਅਜਿਹੇ ਮੁਲਾਜ਼ਮ ਤਿਆਰ ਕਰਨ ਵਿਚ ਮਦਦ ਮਿਲੇਗੀ ਜੋ ਸਥਾਨਕ ਭਾਸ਼ਾ ਵਿਚ ਮਾਹਿਰ ਹੋਣ, ਜਿਨ੍ਹਾਂ ਦੀ ਸੰਸਕ੍ਰਿਤਿਕ ਸਮਝ ਬਿਹਤਰ ਹੋਵੇ ਅਤੇ ਜਿਨ੍ਹਾਂ ਨੂੰ ਸਥਾਨਕ ਬਾਜ਼ਾਰਾਂ ਦੀ ਜਾਣਕਾਰੀ ਹੋਵੇ, ਜਿਸ ਨਾਲ ਗਾਹਕਾਂ ਨਾਲ ਸੰਬੰਧ ਮਜ਼ਬੂਤ ਹੋਣਗੇ।
Share this content:



Post Comment