Loading Now

ਰਾਮ ਮੰਦਰ ਚੜ੍ਹਾਵਾ ਚੋਰੀ: ਤਿੰਨ ਹੋਰ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

ਰਾਮ ਮੰਦਰ ਚੜ੍ਹਾਵਾ ਚੋਰੀ: ਤਿੰਨ ਹੋਰ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

 

ਅਯੁੱਧਿਆ ਦੀ ਵਿਸ਼ੇਸ਼ ਅਦਾਲਤ ਨੇ ਰਾਮ ਮੰਦਰ ਚੜ੍ਹਾਵਾ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਤਿੰਨ ਹੋਰ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਅਦਾਲਤ ਨੇ ਸੋਮਵਾਰ ਨੂੰ ਅਵਿਨਾਸ਼ ਸ਼ੁਕਲਾ, ਮਨੀਸ਼ ਕੁਮਾਰ ਯਾਦਵ ਅਤੇ ਰਾਮ ਸ਼ੰਕਰ ਮਿਸ਼ਰਾ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕੀਤੀਆਂ ਸਨ। ਮੁਲਜ਼ਮਾਂ ਦੇ ਵਕੀਲ ਕੁਲ ਸ਼ੇਖ਼ਰ ਸਿੰਘ ਨੇ ਦੱਸਿਆ ਕਿ ਅਨੁਕਲਪ ਮਿਸ਼ਰਾ, ਲਵ ਕੁਸ਼ ਮਿਸ਼ਰਾ ਅਤੇ ਕਰੁਨੇਸ਼ ਪਾਂਡੇ ਦੀਆਂ ਜ਼ਮਾਨਤ ਅਰਜ਼ੀਆਂ ਵਿਸ਼ੇਸ਼ ਜੱਜ ਰਜਤ ਵਰਮਾ ਨੇ ਰੱਦ ਕੀਤੀਆਂ ਹਨ। ਬਾਕੀ ਦੇ ਦੋ ਮੁਲਜ਼ਮਾਂ ਸੁਭਾਸ਼ ਸ੍ਰੀਵਾਸਤਵ ਅਤੇ ਰਾਮਸ਼ੰਕਰ ਉਰਫ਼ ਟੀਨੂ ਯਾਦਵ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਇਸੇ ਦੌਰਾਨ ਕਾਂਗਰਸ ਨੇ ਰਾਮ ਮੰਦਰ ਚੜ੍ਹਾਵਾ ਚੋਰੀ ਦੇ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕਰਨ ’ਚ ਹੋ ਰਹੀ ਦੇਰੀ ’ਤੇ ਸਵਾਲ ਖੜ੍ਹੇ ਕਰਦਿਆਂ ਬੌਲੀਵੁੱਡ ਦੇ ਗੀਤ ‘ਰਾਮ ਕਾ ਨਾਮ ਬਦਨਾਮ ਨਾ ਕਰੋ’ ਰਾਹੀਂ ਭਾਜਪਾ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਨਵੀਂ ਦਿੱਲੀ ’ਚ ਦੋਸ਼ ਲਾਇਆ ਕਿ ‘ਵੱਡੀ ਮੱਛੀਆਂ’ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੂਰੇ ਪ੍ਰਬੰਧ ਦੀ ਫੋਰੈਂਸਿਕ ਆਡਿਟ ਕਰਾਉਣ ਦੀ ਮੰਗ ਦੁਹਰਾਈ।

ਜੈਰਾਮ ਰਮੇਸ਼ ਨੇ ‘ਐਕਸ’ ’ਤੇ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ ਹੈ ਜਿਸ ’ਚ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਚੜ੍ਹਾਵਾ ਚੋਰੀ ਦੀਆਂ 105 ਘਟਨਾਵਾਂ ਦੇ ਸੁਪਰੀਮ ਕੋਰਟ ’ਚ ਖ਼ੁਲਾਸੇ ਦਾ ਹਵਾਲਾ ਦਿੱਤਾ ਗਿਆ ਹੈ। ਉਨ੍ਹਾਂ 1971 ’ਚ ਆਈ ਦੇਵ ਆਨੰਦ ਦੀ ਫਿਲਮ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਦੇ ਗੀਤ ‘ਰਾਮ ਕਾ ਨਾਮ ਬਦਨਾਮ ਨਾ ਕਰੋ’ ਦੇ ਹਵਾਲੇ ਨਾਲ ਕਿਹਾ, ‘‘ਚੰਦਾ ਚੋਰੀ, ਆਸਥਾ ਧੋਖਾ। ਦੇਖੋ ਓ ਬੀ ਜੇ ਪੀ ਵਾਲੋਂ, ਤੁਮ ਯੇ ਕਾਮ ਨਾ ਕਰੋ, ਰਾਮ ਕਾ ਨਾਮ ਬਦਨਾਮ ਨਾ ਕਰੋ, ਬਦਨਾਮ ਨਾ ਕਰੋ।’’ ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰੀ ਚਾਰਜਸ਼ੀਟ ਜਾਂ ਸਿਟ ’ਚ ਲੋਕਾਂ ਨੂੰ ਕੋਈ ਭਰੋਸਾ ਨਹੀਂ ਹੈ ਅਤੇ ਇਹ ਸਮਝਣਾ ਮੁਸ਼ਕਲ ਹੈ ਕਿ ਚਾਰਜਸ਼ੀਟ ਦਾਖ਼ਲ ਕਰਨ ’ਚ ਦੇਰੀ ਕਿਉਂ ਕੀਤੀ ਜਾ ਰਹੀ ਹੈ।

Share this content:

Post Comment