ਮੇਰੀਆਂ ਲਿਖਤਾਂ ਮੇਰੇ ਬੋਲ ਤਹਿਤ ਪੇਸ਼ ਹੈ : “ ਸੱਤ ਸਮੁੰਦਰੋਂ ਪਾਰ – ਚਾਚੇ ਦੀਆਂ ਊਲਜਲੂਲ ਗੱਲਾਂ/ ਗਾਥਾ ਜਾਂ ਕੁੱਝ ਹੋਰ/ਦਲਜੀਤ ਸਿੰਘ ਕਾਹਲੋਂ
ਅੱਜ ਦਾ ਪੰਜਾਬ . ਕਾਮ ਦੇ ਚਹੇਤੇ ਤੇ ਪ੍ਰਸ਼ੰਸਕ ( ਦਲਜੀਤ ਸਿੰਘ ਕਾਹਲੋਂ-ਸੁਪਰਡੈਂਟ , ਉਰਫ “ ਚਾਚਾ”) , ਜੋ ਕਿ ਆਪਣੀ ਕਰਮ-ਭੂਮੀ ਯੂ. ਐਸ.ਏ ਤੋਂ ਅਕਸਰ ਆਪਣੀਆਂ ਕਵਿਤਾਵਾਂ, ਹਾਸਰਸ ਕਵਿਤਾਵਾਂ , ਕਹਾਣੀਆਂ, ਕਿਸੇ ਦੀ ਵੀ ਜੀਵਨ-ਗਾਥਾ, ਤਪਸਰੇ ਤੇ ਹੋਰ ਲਿਖਤਾਂ ਦੇ ਰੂਪ ਵਿੱਚ ਵੱਖੋ ਵੱਖਰੇ ਟਾਈਟਲ ਥੱਲੇ ਛਪਵਾ ਕੇ ਆਪਣੀ ਜਨਮ-ਭੂਮੀ ਨਾਲ ਜੁੜੇ ਰਹਿਣ ਦਾ ਦਾਅਵਾ ਅਕਸਰ ਜਤਾਉਂਦੇ ਰਹਿੰਦੇ ਹਨ । ਅੱਜ ਦਾ ਪੰਜਾਬ. ਕਾਮ ਦੇ ਪਰਿਵਾਰ ਦਾ ਹਿੱਸਾ ਬਣਦੇ ਹੋਏ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ, ਪੰਜਾਬੀਅਤ ਤੇ ਮਾਂ-ਬੋਲੀ ਪੰਜਾਬੀ ਨੂੰ ਬਦੇਸ਼ਾਂ ਵਿੱਚ ਪ੍ਰਮੋਟ ਤੇ ਜੀਵਿਤ ਰੱਖਣ ਦਾ ਹਰ ਸੰਭਵ ਉਪਰਾਲਾ ਵੀ ਜਾਰੀ ਰੱਖ ਰਹੇ ਹਨ। ਉਨ੍ਹਾ ਦੇ ਆਪਣੇ ਵੱਖਰੇ ਹੀ ਲਿਖਣ ਦੇ ਅੰਦਾਜ਼ ਵਿੱਚੋਂ ਅਮਰੀਕਾ ਵਿੱਚ ਵਸਦੇ ਪੰਜਾਬੀਆਂ (ਪੰਜਾਬੀਆਂ ਵਲੋਂ ਕੀਤੀ ਮਿਹਨਤ- ਮੁਸ਼ੱਕਤ ਤੇ ਮਾਰੀਆਂ ਮੱਲਾਂ ਅਤੇ ਕੰਮ ਕਰ ਕਰ ਗੱਡੇ ਝੰਡੇ , ਵਿਖਾਈ ਹੋਂਦ ਤੇ ਪਹਿਚਾਣ, ਰਹਿਣ ਸਹਿਣ, ਵਿਖਾਵਾਪਨ , ਤੌਰ ਤਰੀਕੇ , ਕਰਮ-ਧਰਮ ਤੇ ਉਹੀ ਪੁਰਾਣੀਆਂ ਆਦਤਾਂ ਕੁੱਛੜ ਚੁੱਕੀ ਫਿਰਨਾ, ਹਊਮੈ , ਖਹਿਬਾਜ਼ੀ, ਲੱਤ-ਖਿਚਾਈ ਤੇ ਮਾਰ-ਮਰਾਈ ,ਬਦਲਾਖੋਰੀ ਤੇ ਚੁਗਲੀ-ਚੋਰੀ ; ਤੇ ਹੋਰ ਬਹੁਤ ਕੁੱਝ ) ਤੇ ਪੰਜਾਬੀ ਕਲਚਰ ਨਾਲ ਜੁੜੀਆਂ ਮਿੱਠੀਆਂ ਤੇ ਕੌੜੀਆਂ – ਕਸੈਲੀਆਂ ਯਾਦਾਂ ਦੀ ਖੁਸ਼ਬੂ ਸਹਿਜੇ ਹੀ ਭਾਂਪਣ ਤੇ ਵੇਖਣ ਨੂੰ ਮਿਲ ਜਾਂਦੀ ਆ ।
ਅਕਸਰ ਆਪਣੇ ਪੰਜਾਬੀ ਭਾਈਚਾਰੇ ਵਿੱਚ ਰਹਿੰਦਿਆਂ ਕੁੱਝ ਵੀ ਸੱਚ ਤੇ ਅਸਲੀਅਤ ਲਿਖਣ ਤੋਂ ਗੁਰੇਜ਼ ਨਹੀਂ ਕਰਦੇ। ਅਕਸਰ ਕਹਿੰਦੇ ਸੁਣਿਆ : “ਮਿੱਤਰ ਪਿਆਰਿਆ ਮੇਰੀਆਂ ਲਿਖਤਾਂ ਦਾ ਬੈਕਲਾਗ ਭਾਵੇਂ ਅਧੂਰਾ ਪਿਆ ਰਹੇ, ਪਰ ਕਿਸੇ ਪੰਜਾਬੀ ਸਹਿਕਰਮੀ ਵਲੋਂ ਕੌਮ ਪ੍ਰਤੀ ਕੀਤੀ ਕੁਤਾਹੀ , ਜਿਸ ਨਾਲ ਛਵੀ ਨੂੰ ਢਾਹ ਲੱਗੇ , ਨੂੰ ਲੋਕਲ ਲੈਵਲ ਵਿੱਚ ਲਿਖ ਦੱਸਕੇ ਉਜਾਗਰ ਕਰਨਾ ਮੇਰਾ ਧਰਮ-ਕਰਮ ਹੈ ; ਤਾਂ ਕਿ ਅਜਿਹੇ ਅਨਸਰਾਂ ਨੂੰ ਠੱਲ ਪਾਈ ਜਾ ਸਕੇ ਤੇ ਭਾਈਚਾਰੇ ਦੀ ਹੋਏ ਹੋਏ ਨਾ ਹੋਏ ! ਇਸ ਕਰਕੇ ਬਚੋ ,ਜਿੰਨਾ ਬਚ ਹੁੰਦਾ!” ਇਹ ਵੀ ਮੰਨਣਾ ਕਿ ਜਦੋਂ ਕੋਈ ਪੰਜਾਬੀ ਵਿੱਚ ਬਾਤ ਪਾਏ , ਮਤਲਬ ਕੁੱਝ ਵਧੀਆ ਲਿਖੇ ਤਾਂ ਦੋ ਅੱਖਰਾਂ ਚਿ ਹੁੰਗਾਰਾ ਜਰੂਰ ਦਿਓ । ਬਦੇਸ਼ਾਂ ਵਿੱਚ ਪੰਜਾਬੀ ਵੀ ਬਚੀ ਰਹੂ ਤੇ ਹਰ ਨਵੀਂ ਲਾਹੇਵੰਦ ਲਿਖਤ ਅਗਾਂਹ ਨੂੰ ਹੋਰ ਵੀ ਨਿੱਖਰ ਕੇ ਸਾਹਮਣੇ ਆਊ। ਚਾਚੇ ਨੇ ਕੰਮ ਵਾਲੀ ਜਗ੍ਹਾ ਦੇ ਪੋਤੜੇ ਫਰੋਲਦਿਆਂ ਹਿਰਖ ਜਿਹਾ ਵੀ ਜਾਹਿਰ ਕੀਤਾ ਕਿ ਹਰਵਕਤ ਕੇਵਲ ਦੋ ਕੁ ਜਣੇ ਹੀ ਲੋਕਲ ਸਾਂਝੀ ਸਟੇਜ ਉੱਪਰ ਲਿਖਦਿਆਂ ਬਾਤ ਪਾ ਕੇ ਆਪਸ ਵਿੱਚ ਹੀ ਹੁੰਗਾਰਾ ਦਿੰਦੇ ਵੇਖੇ ਜਾਂਦੇ ਆ, ਹੋਰ ਕੋਈ ਕੁਸਕਦਾ ਹੀ ਨਹੀਂ । ਕਾਰਨ ? ਲਿਖਣਾ ਤੋਂ ਹਿੱਚਕਚਾਹਟ ਜਾਂ ਕੁੱਝ ਹੋਰ ? ? “ਗੌਡ ਇਨ ਹੈਵਨ ਨੋਜ਼ “। ਚਾਚਾ ਕਹਿੰਦਾ ਦੋ ਤਿੰਨ ਜਣਿਆਂ ਦੇ ਹੁੰਗਾਰੇ ਤੋਂ ਬਿਨਾ ਬਾਕੀ ਤਾਂ ਸਨਾਟਾ ਈ ਛਾਇਆ ਰਹਿੰਦਾ ।
ਲਿਖਤ ਜਿਤਨੀ ਮਰਜ਼ੀ ਸੋਹਣੀ ਹੋਵੇ , ਸਾਂਝੀ ਸਟੇਜ ਉੱਪਰ ਆ ਕੇ ਸ਼ਾਬਾਸ਼ ਦੇਣ ਤੋਂ ਝਿਜਕਦੇ ਆ । ਚਾਚਾ ਸਿਫਤ ਵੀ ਕਰਦਾ ਕਿ ਪੜ੍ਹ ਜਰੂਰ ਲੈਂਦੇ ਆ, ਜਿਸ ਲਈ ਮਸ਼ਕੂਰ ਆ ਉਨ੍ਹਾ ਦਾ । ਹਾਂ ਚਾਚੇ ਦੇ ਵਟਸਐਪ ਉੱਪਰ ਜਰੂਰ ਦੂਰੋਂ ਨੇੜਿਓਂ ਅਕਸਰ ਬੜੀ ਹੌਸਲਾ ਅਫਜ਼ਾਈ ਤੇ ਵਧਾਈ ਵਾਲੇ ਸੁੱਖ-ਸੁਨੇਹੇ ਆਉਂਦੇ ਰਹਿੰਦੇ ਆ , ਜਿਸ ਕਰਕੇ ਲਿਖਣ ਦਾ ਰੁਝਾਨ ਬਣਿਆ ਰਹਿੰਦਾ । ਸੁਣਿਆਂ ਚਾਚਾ ਹਿਰਖ ਝਾੜਦਿਆਂ ਝਾੜਦਿਆਂ ਕਈ ਵੇਰ ਹੱਦਾਂ-ਬੰਨੇ ਤੇ ਕੰਧਾਂ-ਕੋਠੇ ਵੀ ਟੱਪ ਜਾਂਦਾ । ਫੇਰ ਕੀ ਹੁੰਦਾ ? ਹੁਣਾ ਕੀ ਆ ! ਕਦੇ ਗੁਆਂਢੀਆਂ ਦੇ ਖੇਤਾਂ ਦੀ ਵਾੜ ਚਿ ਫਸਿਆ ਹੁੰਦਾ ਤੇ ਕਦੇ ਗੁਆਂਢੀਆਂ ਦੇ ਵਿਹੜੇ ਚਿ ਡਿੱਗਕੇ ਠੁੱਡ ਖਾ ਰਿਹਾ ਹੁੰਦਾ ; ਹਾਲਤ ਤਾ ਚਾਚੇ ਦੀ ਉਦੋਂ ਦੇਖਣ ਵਾਲੀ ਹੁੰਦੀ ਆ । ਪਰ ਕਹਿੰਦੇ ਪਰਵਾਹ ਚਾਚਾ ਟੁੰਡੇ-ਲਾਟ ਦੀ ਵੀ ਨਹੀਂ ਕਰਦਾ , ਸਮਝਦਾ ਆਪਨੂੰ ਫੱਨੇਖਾਂਹ ਈ ਆ । ਆਪਣੇ ਆਪਨੂੰ ਬਾੜ ਚੋਂ ਕੱਢਕੇ ਤੇ ਕੱਪੜੇ-ਕੁੱਪੜੇ ਝਾੜ ਕੇ ਇੱਕ ਮੋਹਰੀ ਟੰਗੀ ; ਫਿਰ ਉਹੀ ਪੁਰਾਣਾ ਪਾਰਕਰ ਦਾ ਪੈਂਨ ਤੇ ਚਾਰ- ਲਕੀਰੀ ਕਾਪੀ ਹੱਥ ਚਿ ਲਈ , ਘਰ ਦੀ ਦਹਿਲੀਜ਼ ਅੰਦਰ ਪੈਰ ਪਾਉਂਦਿਆਂ ਹੀ ਸਿੱਧਾ ਚੌਂਕੇ ਚਿ ਚੁਲ੍ਹੇ ਮੋਹਰੇ ਮੂੜ੍ਹੇ ਉੱਪਰ ਸੱਭ ਕੁੱਝ ਰੱਖਕੇ , ਫੱਟੇ ਤੇ ਬਹਿੰਦਿਆਂ ਸਾਰ ਚਾਚੀ ਨੂੰ ਉੱਚੀ ਦੇਣੀ ਅਵਾਜ ਮਾਰਦਾ। “ ਆਹ ਚਾਹ ਚਿ ਦੇਸੀ ਘਿਓ ਦੇ ਚਾਰ ਚਮਚੇ ਸਿੱਟ ਲਿਆਈਂ। ਨਾਲੇ ਆਉਂਦੀ ਆਉਂਦੀ ਅੰਦਰੋਂ ਪਿਤਾ ਜੀ ਦੀ ਰਫਲ ਵਾਲਾ ਤੇਲ ਲੈਂਦੀ ਆਈਂ ! ਮਾਲਿਸ਼ ਕਰਾਉਣੀ ਆਂ।“ ਚਾਚੀ ਪੁੱਛੇ – ਅਖੇ ਹੁਣ ਕਿੱਥੋਂ ਸੇਵਾ ਕਰਵਾ ਆਇਆਂ? ਜ਼ਬਾਨ ( ਪੈਂਨ)ਤੇਰੀ ਵੀ ਨਹੀਂ ਰਹਿੰਦੀ, ਕੁੱਛ ਨਾ ਕੁੱਛ ਤਾਂ ਆਖੀ ਜਾਣਾ । ਆਹ ਪੰਗਾ ਲੈਣ ਲੱਗਿਆਂ ਆਪਣਾ ਬਿੱਤ ਦੇਖ ਲਿਆ ਕਰ !
ਆਹ ਦੱਖਣ ਦੀ ਮਾੜੀ ਜਿਹੀ ਹਨੇਰੀ ਆ ਗਈ ਤਾਂ ਸਣੇ ਸਾਈਕਲ ੳਡਦਿਆਂ ਕਤਾਨਾਂ ਚਿ ਡਿੱਗੂੰ ਜਾ ਕੇ। ਆਪਣੇ ਤਾਂ ਹੱਡ ਭਨਾਉਣੇ ਤੇ ਨਾਲ ਲੱਗਦਾ ਬੇਜ਼ੁਬਾਨ ਸਾਈਕਲ ਵੀ ਤੁੜਵਾ ਕੇ ਜਲੇਬੀ ਬਣਵਾ ਕੇ ਆਊਂ। ਨਾ ਪੰਗੇ ਲਿਆ ਕਰ! “ਕਿਤੇ ਐਵੇਂ ਨਾ ਵੱਢਿਆ ਜਾਂਈਂ ਵੇ ! ਪਿੰਡ ਭੈੜਾ ਈ ਲੱਗਦਾ॥” ਚਾਚੀ ਦਾ ਡਾਇਆਲਾਗ ਸੁਣਦਿਆਂ ਹੀ ਮੁੱਛਾਂ ਚਿ ਮੁਸਕਰਾਉਂਦਾ ਹੋਇਆ ਬੋਲਿਆ ;”ਬਈ ਚਾਚੇ ਨਾਲ ਰਹਿ ਕੇ ਤਾਂ ਚਾਚੀ ਵੀ ਡਾਇਅਲੌਗਾਂ ਤੇ ਗਾਣਿਆਂ ਚਿ ਗੱਲ ਕਰਨ ਲੱਗ ਪਈ!” ਮਾਲਿਸ਼ ਕਰਵਾਉਂਦਿਆਂ ਆਪਣੀ ਗੱਲ ਅਗਾਂਹ ਤੋਰਦਿਆਂ ਕਹਿਣ ਲੱਗਾ; ਪੰਜਾਬੀਆਂ ਦਾ ਸੁਭਾਅ ਈ ਆ ,ਕਿ ਲੱਚਰ ਗਾਣੇ ਗਾਉਣ ਵਾਲੇ ਨੂੰ ਦੁਆਨੀ ਦੇਣੀ ਹੋਵੇ ਤਾਂ ਸਟੇਜ ਉੱਪਰ ਵੀ ਚੜ੍ਹਨ ਨੂੰ ਤਿਆਰ ਰਹਿੰਦੇ ਆ । ਜਿੱਥੇ ਕੋਈ ਪੰਜਾਬ, ਪੰਜਾਬੀਅਤ ਤੇ ਪੰਜਾਬੀ ਨੂੰ ਲਿਖਕੇ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੇ ,ਉੱਥੇ ਫੋਕੇ ਪਟਾਕੇ ਵਾਂਗ ਠੁੱਸ ! ਜਿਵੇਂ ਕਿਤੇ ਹਸਤਾਖ਼ਸ਼ਰ ਮੁਹਿੰਮ ਦੀ ਫੂਕ ਨਿਕਲ ਗਈ ਹੋਵੇ॥ ਚਲੋ ਛੱਡੋ ॥ ਆਹ ਕਿਧਰੋਂ ਟੈਲੀਗ੍ਰਾਮ ਗਰੁੱਪ ਵਿੱਚ ਲਿਖਤਾਂ ਜਿਹੀਆ ਆ ਗਈਆਂ? ਗਹੁ ਨਾਲ ਪੜ੍ਹਨ ਲੱਗ ਪਿਆ।: – 1) “ਜਦੋਂ ਸਿਮਰਨਜੀਤ ਮਾਨ ਨੇ ਆਪਣੇ ਬਗੀਚੇ ਚਿ ਕੀਤੀ ਅਫ਼ੀ+ਮ ਦੀ ਖੇ.ਤੀ “ ਗਰੇਵਾਲ. 2)ਅੱਜ ਦਾ ਵਿਚਾਰ
*ਦੂਜਿਆਂ ਨੂੰ ਨੀਵਾਂ ਉਹੀ ਦਿਖਾਉਂਦਾ ਹੈ ਜਿਸ ਵਿੱਚ ਹੰਕਾਰ ਹੁੰਦਾ ਹੈ,ਕਿਉਂਕਿ ਜਿਸ ਵਿੱਚ ਸੰਸਕਾਰ ਹੁੰਦੇ ਹਨ ਉਹ ਹਮੇਸ਼ਾ ਦੂਜਿਆਂ ਦੀ ਇੱਜ਼ਤ ਕਰਦਾ ਹੈ।* 3) “ਕੀ ਖੱਟਿਆ ਮੈਂ ਤੇਰੀ ਹੀਰ ਬਣਕੇ ਤੂੰ ਵੀ ਰਹਿ ਗਿਆ ਅਧੂਰਾ , ਮੈਂ ਵੀ ਰਹਿ ਗਈ ਅਧੂਰੀ ॥ ਪੰਜਾਬੀ ਲ਼ੋਕ ਸ਼ਰੀਕੇਬਾਜ਼ੀ ਨੂੰ ਬੜੇ ਉਤਸ਼ਾਹ ਨਾਲ ਨਿਭਾਉਂਦੇ ਹਨ । ਆਪਣੇ ਨੱਕ ਨੂੰ ਏਡਾ ਉੱਚਾ ਕਰ ਲੈਂਦੇ ਹਨ ਕਿ ਸਾਰੀ ਉਮਰ ਖਰਾਸ ਦੇ ਬਲਦ ਵਾਂਗ ਆਪਣੇ ਪੈਰਾਂ ਦੇ ਵੈਰੀ ਬਣੇ ਰਹਿੰਦੇ ਹਨ । ਬਾਜ਼ਾਰਵਾਦ ਨੇ ਇਨ੍ਹਾਂ ਨੂੰ ਆਪਣੇ ਜਾਲ ਵਿੱਚ ਇੰਜ ਫਸਾਇਆ ਕਿ ਹੁਣ ਇਹ ਪਿੱਛੇ ਮੁੜ ਨਹੀਂ ਸਕਦੇ । ਕੁਦਰਤ ਨੇ ਪੰਜਾਬ ਦੀ ਧਰਤੀ ਨੂੰ ਹਰ ਸ਼ੈਅ ਨਾਲ ਨਿਵਾਜਿਆ ਪਰ ਇਨ੍ਹਾਂ ਦੀ ਰੂਹ ਏਨੀ ਪਿਆਸੀ ਹੋ ਗਈ ਕਿ ਇਹ ਮ੍ਰਿਗ ਤ੍ਰਿਸ਼ਨਾ ਦੇ ਭੰਵਰ ਜਾਲ ਵਿੱਚ ਫਸ ਕੇ ਪਤਾ ਨਹੀਂ ਕਿਹੜੀਆਂ ਧਰਤੀਆਂ ਤੇ ਪਹੁੰਚ ਗਏ । ਜਦੋਂ ਵੀ ਅਸੀਂ ਆਪਣੇ ਸਹਿਜ ਨਾਲੋਂ ਟੁੱਟਦੇ ਹਾਂ ਤਾਂ ਰਫ਼ਤਾਰ ਸਾਡੇ ਕੋਲੋਂ ਸਾਡੀ ਰਵਾਇਤ, ਸਾਡਾ ਖਾਲਸ ਜੀਵਨ ਖੋਹ ਲੈਂਦੀ ਹੈ।(ਜੱਸਾ ਸੰਧੂ”)
ਚਾਚੇ ਨੇ ਚਾਚੀ ਨਾਲ ਆਪਣੀ ਵਾਰਤਾਲਾਪ ਬੰਦ ਕਰਦਿਆਂ ਹੀ ਆਪਣਾ ਪੈਂਨ ਚੁੱਕਿਆ ਤੇ ਕਰਤਾ ਸ਼ੁਰੂ ਆਪਣਾ ਤਪਸਰਾ ,ਨੰਬਰਵਾਰੀ: 1) ਚਾਚਾ ਨੇ , ਗਰੇਵਾਲ ਦਾ ਮੈਸੇਜ ਪੜ੍ਹਨ ਉਪਰੰਤ ਬਿਨਾ ਸੋਚਿਓਂ ਹੀ ਕਹਿ ਕੇ ਗੱਲ ਨਿਬੇੜ ਦਿੱਤੀ ਕਿ “ ਸੌ ਹੱਥ ਰੱਸਾ ਸਿਰੇ ਤੇ ਗੰਢ , ਗਰੇਵਾਲ ਦੀ ਗਰਾਰੀ ਤਾਂ ਹਮੇਸ਼ਾ ਮਾਨ ਤੇ ਆ ਕੇ ਈ ਫਸ ਜਾਂਦੀ ਆ ,॥” 2) ਦੂਜਾ ਮੈਸੇਜ ਪੜ੍ਹਕੇ ਹਾਂ ਵਿੱਚ ਸਿਰ ਹਲਾਉਂਦਿਆਂ ਇਹੀ ਕਹਿ ਗਿਆ ਕਿ “ਪੜ੍ਹਨ ਨੂੰ ਤਾਂ ਬੜੀ ਪਾਏਦਾਰ ਗੱਲ ਆ , ਮੰਨ ਨੂੰ ਵੀ ਚੰਗੀ ਲਗਦੀ ਆ ; ਪਰ ਜੇਕਰ ਕੋਈ ਅਮਲ ਕਰੇ ਤਾਂ ! ਕਿੰਨਾ ਚੰਗਾ ਹੋਵੇ ਜੇ ਕਿਤੇ ਭੁੱਲ-ਭੁਲੇਖੇ ਪਰਚਾਰਕ ਖੁੱਦ ਅਮਲ ਕਰਦਿਆਂ ਦੂਜਿਆਂ ਲਈ ਇੱਕ ਰੋਲ ਮਾਡਲ ਬਣਕੇ ਉੱਭਰਕੇ ਸਾਹਮਣੇ ਆਏ ਤਾਂ ਸੋਨੇ ਤੇ ਸੁਹਾਗਾ ਹੋਏਗਾ । ਸਰੋਤਿਆਂ ਜਾਂ ਪੜ੍ਵਨ ਵਾਲਿਆਂ ਵਿੱਚੋਂ ਕੁੱਝ ਨਾ ਕੁੱਝ ਤਾਂ ਵਲੰਟੀਅਰ ਤੌਰ ਤੇ ਇਸ ਰਸਤੇ ਉੱਪਰ ਤੁਰਨ ਦੀ ਕੋਸ਼ਿਸ਼ ਕਰ ਸਕਣਗੇ । ਜੇ ਖੁੱਦ ਅਮਲ ਨਹੀਂ ਕਰਨਾ ਤੇ ਸਿਰਫ ਪ੍ਰਭਾਵ ਜਿਹਾ ਪਾਉਣ ਲਈ ਹੀ ਪ੍ਰਚਾਰ ਕਰਨਾ ; ਤਾਂ ਫਿਰ ਗੁਰਬਾਣੀ ਦੇ ਦੱਸੇ ਰਾਹ ਮੁਤਾਬਿਕ :”ਸ਼ੁੱਭ ਅਮਲਾ ਬਾਝਹੁ ਦੋਨੋ ਰੋਈ।” ਜਾਂ ਫਿਰ :” ਗੱਲੀਂ ਅਸੀ ਚੰਗੀਆਂ ਆਚਾਰੀ ਬੁਰੀਆਹ। ਮਨਹੁ ਕੁਸੁਧਾ ਕਾਲੀਆਂ- – – ॥”
3) ਹੁਣ ਆਈਏ ਆਪਣੇ ਲੇਖਕ ਵੀਰ ਜੱਸਾ ਸੰਧੂ ਵੱਲ । ਕੋਈ ਸ਼ੱਕ ਨਹੀਂ ਲਗਦੀ ਵਾਹ ਇਕ ਚੰਗੇ ਲੇਖਕ ਵਜੋਂ ਮਨੁੱਖਤਾ ਪ੍ਰਤੀ ਆਪਣਾ ਫਰਜ਼ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਦਾ ਆ । ਪਰ ਮੈਨੂੰ ਕਈ ਵੇਰ ਇਵੇਂ ਜਾਪਦਾ ਜਿਵੇਂ ਕੋਈ ਕਿਸਾਨ ਬੰਜਰ ਤੇ ਮਾਰੂ ਜਮੀਨ ਉੱਪਰ ਹੱਲ ਵਹੁਣ ਉਪਰੰਤ ਖੇਤੀਬਾੜੀ ਯੁਨਵਰਸਟੀ ਵਿੱਚੋਂ ਲਿਆਂਦੇ ਕਿਸੇ ਚੰਗੇ ਤੇ ਵਧੀਆ ਕਿਸਮ ਦੇ ਬੀਜ ਦਾ ਛੱਟਾ ਦੇ ਕੇ ਇਸ ਆਸ ਨਾਲ ਰੱਬ ਆਸਰੇ ਛੱਡ ਘਰ ਚਲਾ ਜਾਏ ; ਕਿ ਸੱਭ ਕੁੱਝ ਵਧੀਆ ਉੱਗਣ ਉਪਰੰਤ ਉਸਦਾ ਖੇਤ ਹਰਿਆ ਭਰਿਆ ਹੋ ਜਾਏਗਾ। ਰੱਬ ਖ਼ੈਰ ਕਰੇ ਤੇ ਸੱਭ ਨੂੰ ਸੁਮੱਤ ਬਖਸ਼ੇ। ਪਰ ਕਦੇ ਕਦੇ ਅਸੀਂ ਵੀ ਉਹੀ ਮ੍ਰਿਗ-ਤ੍ਰਿਸ਼ਨਾ ਦਾ ਸ਼ਿਕਾਰ ਹੋਏ ਹੁੰਦੇ ਆਂ। ਹਰ ਕਿਸੇ ਦਾ ਸੱਭ ਕੁੱਝ ਛੱਡ ਬਦੇਸ਼ਾਂ ਵੱਲ ਮੂੰਹ ਕਰਨਾ “ਕੁਛ ਨਾ ਕੁੱਛ ਤੋ ਮਜਬੂਰੀਆਂ ਰਹੀ ਹੋਂਗੀ।” ਕੋਈ ਵਿੱਤੀ ਹਾਲਾਤਾਂ ਦਾ ਮਾਰਿਆ ਤੇ ਕੋਈ ਆਪਣੇ ਭਵਿੱਖ ਲਈ ਅਤੇ ਕੋਈ ਆਪਣੇ ਬੱਚਿਆਂ ਦੇ ਉੱਜਲ ਭਵਿੱਖ ਲਈ ॥ ਪਰ ਚਾਚੇ ਦਾ ਮੰਨਣਾ ਹੈ ਕਿ ਆਪਣੇ ਸਾਰੇ ਫਰਜ਼ ਨਿਭਾਉਂਦਿਆਂ ਹੋਇਆਂ ਵੀ ਅਗਰ ਤੁਸੀ ; ਆਪਣੇ ਮੁੱਢ, ਵਜੂਦ,ਕਲਚਰ ,ਮਾਂ-ਬੋਲੀ ,ਪੰਜਾਬੀਅਤ ਤੇ ਪੰਜਾਬ ਨਾਲ ਜੁੜੇ ਰਹਿੰਦੇ ਹੋ , ਤਾਂ ਬਦੇਸ਼ਾਂ ਵਿੱਚ ਰਹਿ ਕੇ ਵੀ ਤੁਸੀ ਆਪਣੀ ਹੋਂਦ ਤੇ ਸੱਭ ਕੁੱਝ ਬਰਕਰਾਰ ਰੱਖਦੇ ਹੋਏ , ਪਰਾਈ ਧਰਤੀ ਉੱਪਰ ਵੀ ਇੱਕ ਚੰਗੇ ਨਾਗਰਿਕ ਤੇ ਚੰਗੇ ਇਨਸਾਨ ਹੋਣ ਦੀ ਮਿਸਾਲ ਕਾਇਮ ਕਰ ਸਕਦੇ ਹੋ ॥ ਅੱਜਕੱਲ੍ਹ ਚਾਚੇ ਦੇ ਸਿਰ ਲਿਖਣ ਦਾ ਭੂਤ ਇਤਨਾ ਸਵਾਰ ਹੋ ਚੁੱਕਿਆ ਹੈ ਕਿ ਹਰ ਤੀਸਰੇ ਦਿਨ ਪੱਕਾ ਈ ਘਰ ਬਹਿੰਦਾ ਤੇ 6-7 ਘੰਟੇ ਲਗਾਤਾਰ ਲਿਖਦਾ ਰਹਿੰਦਾ।
ਚਾਚੀ ਨੂੰ ਵੀ ਸਾਫ਼ ਸਾਫ਼ ਕਹਿ ਦਿੱਤਾ ਕਿ ਮੇਰੀ ਜ਼ਿੰਦਗੀ ਛੋਟੀ ਰਹਿ ਗਈ ਤੇ ਲਿਖਣ ਨੂੰ ਬੇਹਿਸਾਬ ਭੰਡਾਰ ਦਿਮਾਗ ਚਿ ਪਏ ਆ । ਹੁਣ ਮੈਂਨੂੰ ਹੋਰ ਕੋਈ ਕੰਮ ਨਹੀਂ ਕਹਿਣਾ ਤੇ ਬੱਸ ਲਿਖੀ ਜਾਣ ਦਿਓ , ਇਸੇ ਵਿੱਚ ਹੀ ਮੇਰੀ ਖੁਸ਼ੀ ਹੈ। ਸਾਂਭੋ ਆਪਣੇ ਘਰ ਦੀ ਜ਼ੁੰਮੇਵਾਰੀ। ਸੇਵਾ ਦੀ ਪੁੰਜ ਸੁੱਖਾਂ ਲੱਦੀ ਚਾਚੀ ਵੀ , ਚਾਚੇ ਦੀ ਜ਼ਿੰਦਗੀ ਚਿ ਇੱਕ ਫ਼ਰਿਸ਼ਤਾ ਬਣਕੇ ਆਈ । ਜਿਸਨੇ ਹਮੇਸ਼ਾ ਚਾਚੇ ਦੀ ਹਰ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਵੇਖੀ। ਹਮੇਸ਼ਾ ਨਿਸ਼ਕਾਮ ਤੇ ਨਿਰਸਵਾਰਥ ਸੇਵਾ ਕਰਦਿਆਂ ਪਿਓ-ਧੀ ਲਈ ਹੀ ਜੀਵਨ ਸਮਰਪਿਤ ਕਰ ਦਿੱਤਾ। ਧੰਨ ਹਨ ਇਹੋ ਜਿਹੀਆਂ ਬੀਬੀਆਂ , ਗੁਰੂ ਦੀਆਂ ਜਾਈਆਂ॥ ਸਿਰ ਖਪਾਈ ਕਰਨ ਉਪਰੰਤ ; ਚਾਚਾ ਲਿਖਦਿਆਂ ਲਿਖਦਿਆਂ ਦਿਮਾਗੀ ਤੌਰ ਤੇ ਥੱਕਿਆ ਹੋਇਆ , ਚਾਚੀ ਦੇ ਹੱਥੋਂ ਦੁੱਧ ਦਾ ਗਲਾਸ ਪੀਂਦਿਆਂ ਸਾਰ ਹੀ ਬਾਣ ਦੇ ਮੰਜੇ ਉੱਪਰ ਖੇਸੀ ਲੈ ਕੇ ਲਮਾ ਪੈਂਦਿਆਂ ਘਰਾੜੇ ਮਾਰਨ ਲੱਗਿਆ। ਗੂੜ੍ਹੀ ਨੀਂਦ ਸੁੱਤਿਓ ਦਾ ਵੀ ਦਿਮਾਗ ਨਾ ਸੌਂ ਸਕਿਆ ਤੇ ਸੁਪਨੇ ਵਿੱਚ ਹੀ “ਦੀਪ ਪਾਇਲੀਆ “ ਦੀਆਂ ਲਾਇਨਾਂ ਉੱਚੀ ਉੱਚੀ ਪੜ੍ਹਦਾ ਰਿਹਾ ॥ ( ਮ੍ਰਿਗ ਤ੍ਰਿਸ਼ਨਾ ਵਿੱਚ ਐਸੇ ਉਲਝੇ, ਸਾਨੂੰ ਜਾਗ ਨੀ ਆਉਣੀ। ਜੀਵਨ ਦੇ ਮਾਰੂਥਲ ਵਿੱਚ ਅਸੀਂ, ਆਖ਼ਿਰ ਜਾਨ ਗਵਾਉਣੀ ॥ ਪੰਜ ਵਿਕਾਰਾਂ ਨੇ ਸਾਨੂੰ ਲੁੱਟ ਵਾਂਗ ਬਲੋਚਾਂ ਲੈਣਾ। ਸਾਡੀ ਰੂਹ ਦੀ ਸੱਸੀ ਨਈਓ ਕਿਸੇ ਨੇ ਆਣ ਜਗਾਉਣੀ ॥ ਝੂਠ ਦੇ ਫੰਦੇ ਟੰਗੀ ਜਾਣੀ ਆਖ਼ਿਰ ਜਿੰਦ ਆਸਾਡੀ ।
ਬਹੁਤ ਪਊਗੀ ਮਹਿੰਗੀ ਸਾਨੂੰ ਸੱਚ ਤੋਂ ਨਜ਼ਰ ਚੁਰਾਉਣੀ ॥ ਮਿੱਟੀ ਵਿੱਚੋਂ ਉੱਠਕੇ ਉਹ ਵੀ ਮਿੱਟੀ ਵਿੱਚ ਸਮਾ ਗਏ । ਜ਼ੇਰੇ ਸਨ ਫੌਲਾਦ ਜਿੰਨਾ ਦੇ ਸੋਚ ਤਖ਼ਤ ਪਲਟਾਉਣੀ ॥ ਜਾਗਦਿਆਂ ਦਾ ਕੰਮ ਹੁੰਦਾ ਏ ਹੋਕੇ ਦਿੰਦੇ ਰਹਿਣਾ । ਸੁੱਤਿਆਂ ਦੀ ਮਰਜੀ ਹੁੰਦੀ ਏ ਕਿੰਨੀ ਨੀਂਦ ਵਧਾਉਣੀ ॥ ) ਸੂਰਜ ਛਿਪਦੇ ਸਾਰ ਚਾਚੀ ਆਣ ਜਗਾਇਆ ਤੇ ਚੁੱਲ੍ਹੇ ਮੂਹਰੇ ਬੈਠ ਰੋਟੀ ਖਾਣ ਨੂੰ ਕਿਹਾ। ਹੱਥ- ਮੂੰਹ ਧੋ ਰੋਟੀ ਖਾਂਦਿਆਂ ਵੀ ਰੱਬ ਦਾ ਸ਼ੁਕਰਾਨਾ ਕਰਦਿਆਂ ਇਹੀ ਸਵਾਲ ਕਰੇ ਕਿ ਰੱਬਾ ਮੇਰੀ ਜ਼ਿੰਦਗੀ ਚਿ ਇੱਕਦੱਮ ਇਹ ਬਦਲਾਵ ਕਿਵੇਂ ਆ ਗਿਆ? ਰੋਟੀ ਖਾਣ ਉਪਰੰਤ ਨਿੱਕੀ ਬੱਚੀ ਸਮੇਤ ਤਿੰਨੇ ਜੀਅ ਸੌਣ ਵਾਲੇ ਕਮਰੇ ਵਿੱਚ ਬਿਸਤਰਿਆਂ ਵਿੱਚ ਬੈਠ ਦੁੱਧ ਦੀਆਂ ਚੁਸਕੀਆਂ ਲੈਂਦੇ , ਕਹਾਣੀਆਂ ਤੇ ਬਾਤਾਂ ਸੁਣਦੇ ਸਣਾਉਂਦੇ ਖਿੜਖਿੜ ਹੱਸਦੇ ਨੀਂਦ ਦੀ ਗੋਦ ਵਿੱਚ ਜਾ ਪਏ। ਸੌਦਿਆਂ ਸਾਰ ਚਾਚੇ ਨੂੰ ਤਾਰਿਆਂ ਤੇ ਚੰਦ ਦੀ ਰੌਸ਼ਨੀ ਵਿੱਚ ਅੰਬਰ ਚੋਂ ਕੋਇਲ ਦੀ ਕੂਕ ਵਰਗੀ ਇੱਕ ਮਿੱਠੀ ਤੇ ਮੱਧਮ ਅਵਾਜ਼ ਸੁਣਾਈ ਦਿੱਤੀ ਜੋ ਕਿ ਇੱਕੋ ਮਹਿਕ ਛੱਡ ਗਈ ;” ਚਾਚੇ ਦੇ ਬੋਲ ਕਹਿੰਦੇ , ਦਿਲਾਂ ਦੇ ਵਿੱਚ ਰਹਿੰਦੇ । ਚੜ੍ਹਤ ਸਰਦਾਰ ਦੀ , ਮਿੱਟੀ ਪਈ ਅਵਾਜ਼ਾਂ ਮਾਰਦੀ॥”

Share this content:



Post Comment