Loading Now

ਬੁੱਧ ਬਾਣ/ਟੁੱਟ ਗਈ ਯਾਰੀ ਤੋਂ ਗਾਲ਼ ਬਿਨਾਂ ਬੋਲੇ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਟੁੱਟ ਗਈ ਯਾਰੀ ਤੋਂ ਗਾਲ਼ ਬਿਨਾਂ ਬੋਲੇ/ਬੁੱਧ ਸਿੰਘ ਨੀਲੋਂ

ਸਤੌਜ ਵਾਲੇ ਮਹਾਰਾਜ ਉਦੋਂ ਹੋਸ਼ ਆਈ, ਜਦੋਂ ਜ਼ੈਲਦਾਰ ਟਰਾਲੀ ਦੀਆਂ ਗੱਲਾਂ ਦੇਸ਼ ਤੇ ਵਿਦੇਸ਼ ਹੋਣ ਲੱਗੀਆਂ। ਹਿਆਤਪੁਰ ਵਾਲੇ ਤੇ ਅਜਨਾਲਾ ਵਾਲੇ ਵਜ਼ੀਰਾਂ ਨੇ ਜਿਹੜੀ ਕੜੀ ਘੋਲੀ ਹੈ, ਉਸ ਦੀ ਮਹਿਕ ਹੁਣ ਤੱਕ ਆਉਂਦੀ ਹੈ। ਹਿਆਤਪੁਰੀਆ ਨੇ ਤਾਂ ਆਪਣੀ ਸਰਕਾਰ ਵਲੋਂ ਬਣਾਇਆ ਬੇਅਦਬੀ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਿਹਾ ਸੀ ਕਿ, ਜੇ ਟਰਾਲੀ ਉਹਨੇ ਲਈ ਹੈ ਤਾਂ ਉਹ ਗੁਰਦੁਆਰਾ ਸਾਹਿਬ ਵਿੱਚ ਰੁਪਈਏ ਰੱਖ ਦੇਂਦਾ ਹੈ, ਉਹ ਚੁੱਕ ਲੈਣ। ਉਧਰ ਤਮਾਤਰ ਵਾਲੇ ਸਾਬਕਾ ਵਜ਼ੀਰ ਉਦੋਂ ਇਸ ਝੂਠ ਨੂੰ ਸੱਚ ਕਰ ਦਿਖਾਇਆ ਜਦੋਂ ਉਹਨੇ ਜ਼ੈਲਦਾਰ ਦੇ ਖਾਤੇ ਵਿੱਚ ਸਾਢੇ ਛੇ ਲੱਖ ਰੁਪਏ ਜਮ੍ਹਾਂ ਕਰਵਾ ਦਿੱਤਾ। ਜਦੋਂ ਇਹ ਗੱਲ ਸਤੌਜ ਵਾਲੇ ਮਿੰਦਰ ਮਾਸਟਰ ਦੇ ਮੁੰਡੇ ਨੂੰ ਮਿਲੀ ਤਾਂ ਉਹਨਾਂ ਸਾਰਿਆਂ ਨੂੰ ਥਾਣੇ ਵਿੱਚ ਸੱਦ ਕੇ ਚੰਗੀ ਤਰ੍ਹਾਂ ਝਾੜ ਝੰਬ ਕੀਤੀ। ਹੁਣ ਕੋਈ ਵੀ ਆਮ ਆਦਮੀ ਪਾਰਟੀ ਦਾ ਆਗੂ ਅੱਖ ਵਿੱਚ ਪਾਇਆ ਨਹੀਂ ਰੜਕਦਾ। ਸਭ ਸੁਸਰੀ ਵਾਂਗ ਸੌਂ ਗਏ ਹਨ। ਸੁਣਿਆ ਹੈ ਕਿ ਪੰਦਰਾਂ ਆਦਮੀਆਂ ਦੀ ਤਾਂ ਚੰਗੀ ਕੀਤੇ ਖਾਣੀ ਕੀਤੀ ਹੈ। ਉਹ ਕਿਹੜੇ ਕਿਹੜੇ ਹਨ? ਇਹਨਾਂ ਦੇ ਗੈਂਗਸਟਰ ਨਾਲ਼ ਕੀ ਸਬੰਧ ਹਨ, ਬਾਗ਼ੀ ਗਾਇਕ ਤੇ ਮੁਕੇਰੀਆ ਦਾ ਡੀਐਸਪੀ ਨਾਲ ਕੀ ਹੋਇਆ। ਉਹ ਤਾਂ ਪਤਾ ਨਹੀਂ, ਪਰ ਆਮ ਆਦਮੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ। ਈਡੀ ਨੇ ਪੰਜਾਬ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਕੀ ਬਣੂੰ ਦੁਨੀਆ ਦਾ ਤੁਸੀਂ ਆਪ ਸਿਆਣੇ ਹੋ?

ਸੁਣਿਆ ਕਰਦੇ ਸੀ, ਸੁਰਿੰਦਰ ਛਿੰਦਾ ਦੀ ਆਵਾਜ਼ ਵਿੱਚ, “ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾ ਵਿਚਾਲਿਓਂ ਟੁੱਟ ਦਾ।” ਗੀਤਾਂ ਤੇ ਜ਼ਿੰਦਗੀ ਦੇ ਜਿਹੜੇ ਅੰਤਰ ਜਾਣਦੇ ਹਨ। ਉਹ ਫਿਲਮਾਂ ਉਪਰ ਯਕੀਨ ਨਹੀਂ ਕਰਦੇ। ਉਹਨਾਂ ਨੂੰ ਪਤਾ ਹੁੰਦਾ ਹੈ, ਯਥਾਰਥ ਤੇ ਪਦਾਰਥ ਵਿੱਚ ਕੀ ਫ਼ਰਕ ਹੁੰਦਾ ਹੈ। ਯਥਾਰਥ ਖਰੀਦਿਆ ਤੇ ਵੇਚਿਆ ਨਹੀਂ ਜਾ ਸਕਦਾ। ਪਦਾਰਥ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ। ਅੱਜਕੱਲ੍ਹ ਵਿਕਣ ਤੇ ਖਰੀਦਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੌਣ ਕਦੋਂ ਵਿਕ ਜਾਵੇ, ਇਸ ਦਾ ਹੁਣ ਕਿਸੇ ਉਪਰ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਸਿਆਸਤ ਵਿੱਚ ਇਹ ਬੀਮਾਰੀ ਪਲੇਗ ਵਾਂਗੂੰ ਫ਼ੈਲ ਗਈ ਹੈ। ਸਿਆਸਤ ਕਰਨ ਵਾਲੇ ਲੋਕ ਵੀ ਇਸ ਸਮਾਜ ਦਾ ਹੀ ਹਿੱਸਾ ਹਨ। ਇਸ ਕਰਕੇ ਉਹਨਾਂ ਦੀ ਇਹ ਬੀਮਾਰੀ ਆਮ ਲੋਕਾਂ ਤੱਕ ਵੀ ਪੁੱਜ ਗਈ ਹੈ। ਕਹਿੰਦੇ ਹਨ ਕਿ ਇੱਕ ਲਿੱਬੜੀ ਮੱਝ ਦੂਸਰੀਆਂ ਮੱਝਾਂ ਨੂੰ ਵੀ ਲਬੇੜ ਦੇਂਦੀ ਹੈ। ਉਂਝ ਖਰਬੂਜ਼ੇ ਨੂੰ ਦੇਖ਼ ਕੇ ਦੂਜਾ ਖਰਬੂਜ਼ਾ ਰੰਗ ਫੜਦਾ ਹੈ। ਇਹੋ ਹਾਲ ਹੁਣ ਆਲੇ ਦੁਆਲੇ ਦਾ ਹੋ ਗਿਆ ਹੈ। ਬੰਦੇ ਨੂੰ ਦੇਖ਼ ਕੇ ਬੰਦਾ ਗਿਰਗਿਟ ਵਾਂਗੂ ਰੰਗ ਬਦਲਦਾ ਹੈ। ਲੋਕਾਂ ਦੇ ਚਿਹਰਿਆਂ ਉਪਰ ਕਈ ਤਰ੍ਹਾਂ ਦੇ ਚਿਹਰੇ ਲਗਾਏ ਹੁੰਦੇ ਹਨ। ਉਹਨਾਂ ਦੇ ਚਿਹਰਿਆਂ ਨੂੰ ਮਨੋਵਿਗਿਆਨੀ ਹੀ ਪੜ੍ਹ ਸਕਦਾ ਹੈ। ਚਿਹਰਿਆਂ ਦੀ ਇਬਾਰਤ ਪੜ੍ਹਨ ਲਈ ਮਨੋਵਿਗਿਆਨ ਪੜ੍ਹਨਾ ਪੈਂਦਾ ਹੈ। ਪਰ ਇਹ ਗਿਆਨ ਤੇ ਵਿਗਿਆਨ ਧੁਰ ਤੋਂ ਹੀ ਪੜ੍ਹ ਕੇ ਆਏ ਹੁੰਦੇ ਹਨ। ਉਹਨਾਂ ਦੀ ਇਹ ਵਿਦਿਆ ਕਿਸੇ ਹੋਰ ਦੇ ਨਾਲ ਉਹਨਾਂ ਦੇ ਕੰਮ ਆਉਂਦੀ ਹੈ।

ਕਲਾ ਜੀਵਨ ਲਈ ਹੁੰਦੀ ਹੈ। ਬਹੁਗਿਣਤੀ ਲੋਕ ਇਸ ਕਲਾ ਨੂੰ ਆਪਣੇ ਆਪ ਲਈ ਹੀ ਵਰਤਦੇ ਹਨ। ਵਰਤਣਾ ਤੇ ਸੁੱਟ ਦੇਣਾ ਹੁਣ ਰਿਵਾਜ਼ ਬਣਦਾ ਜਾ ਰਿਹਾ ਹੈ। ਜਿਹੜੀ ਚੀਜ਼ ਰਿਵਾਜ਼ ਬਣ ਜਾਵੇ, ਉਹ ਜਿਉਂਦੀ ਰਹਿੰਦੀ ਹੈ। ਇਸੇ ਕਰਕੇ ਅਸੀਂ ਆਪਣੀ ਵਿਰਾਸਤ ਨੂੰ ਭੁੱਲ ਦੇ ਜਾ ਰਹੇ ਹਾਂ। ਸਾਨੂੰ ਪੁਰਾਤਨ ਇਤਿਹਾਸ ਭੁਲਾਇਆ ਜਾ ਰਿਹਾ ਹੈ ਤਾਂ ਸਾਡੇ ਅੰਦਰ ਉਹਨਾਂ ਸਮਿਆਂ ਦਾ ਵਾਤਾਵਰਨ ਨਾ ਬਣ ਜਾਵੇ। ਇਸੇ ਕਰਕੇ ਹਰ ਦਿਨ ਨਹੀਂ, ਸਗੋਂ ਪਲ਼ ਪਲ਼ ਦ੍ਰਿਸ਼ ਬਦਲਦੇ ਰਹਿੰਦੇ ਹਨ। ਹਰ ਨਵੀਂ ਘਟਨਾ ਪਿਛਲੀਆਂ ਘਟਨਾਵਾਂ ਨੂੰ ਆਪਣੇ ਭਾਰ ਹੇਠਾਂ ਦੱਬ ਲੈਂਦੀ ਹੈ। ਉਹਨਾਂ ਪੁਰਾਤਨ ਘਟਨਾਵਾਂ ਨੂੰ ਜਿਹੜੀਆਂ ਸਾਡੇ ਇਤਿਹਾਸ ਹਨ। ਉਹਨਾਂ ਤੋਂ ਦੂਰ ਕਰਨ ਲਈ ਨਵੀਆਂ ਘਟਨਾਵਾਂ ਕਰਵਾਈਆਂ ਜਾਂਦੀਆਂ ਹਨ। ਸਾਨੂੰ ਮਨੁੱਖ ਬਣਨ ਤੋਂ ਰੋਕਣ ਲਈ ਸਾਨੂੰ ਇਹ ਆਖਿਆ ਜਾਂਦਾ ਹੈ ਕਿ “ਗਰਬ ਸੇ ਕਹੋ ਕਿ ਹਮ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਤੇ ਈਸਾਈ ਹੈ।” ਹੁਣ ਤਾਂ ਇਸ ਤੋਂ ਅੱਗੇ ਗੱਲ ਨਿਕਲਦੀ ਜਾ ਰਹੀ ਹੈ। ਹੁਣ ਗਰਬ ਨਾਲ ਜਾਤ ਦਾ ਰੋਲਾ ਪਾਇਆ ਜਾ ਰਿਹਾ ਹੈ। ਪੜ੍ਹੇ ਲਿਖੇ ਲੋਕ ਆਪਣੇ ਆਪ ਨੂੰ ਸੁਪਰੀਮ ਸਮਝਣ ਦਾ ਭ੍ਰਮ ਪਾਲੀ ਰਹੇ ਹਨ। ਕੋਈ ਨਹੀਂ ਕਹਿੰਦਾ, ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ। ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ। ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕਉਨ ਮੰਦੇ।।

ਪਦਾਰਥਵਾਦੀ ਯੁੱਗ ਵਿੱਚ ਹੁਣ ਨਾ ਕੋਈ ਜਾਤ ਹੈ, ਨਾ ਕੋਈ ਕਿਸੇ ਦਾ ਜੱਦੀ ਪੁਸ਼ਤੀ ਦੇਸ਼ ਹੈ। ਸਰਮਾਏਦਾਰੀ ਨੇ ਸਭ ਨੂੰ ਆਪਣੇ ਕਲਾਵੇ ਵਿੱਚ ਲੈਣ ਲਿਆ ਹੈ। ਹੁਣ ਕੋਈ ਇਸ ਦੀ ਜ਼ਦ ਵਿਚੋਂ ਬਾਹਰ ਨਹੀਂ ਜਾ ਸਕਦਾ। ਜਿਹੜਾ ਵੀ ਇਹਨਾਂ ਦੇ ਘੇਰੇ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰਦਾ ਹੈ। ਉਸਨੂੰ ਖੁਦ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ। ਹੁਣ ਯਾਰੀ ਤੂਤ ਦਾ ਮੋਛਾ ਨਹੀਂ, ਸਗੋਂ ਇੱਕ ਮਹੀਨ ਪਰਤ ਹੈ। ਜਿਹੜੀ ਕੜੱਕ ਕਰਕੇ ਟੁੱਟ ਜਾਂਦੀ ਹੈ। ਹੁਣ ਸਮਾਂ ਲੰਘ ਗਿਆ ਹੈ, ਜਦੋਂ ਮਹਿਬੂਬ ਕਹਿੰਦੀ ਸੀ, “ਲੱਡੂ ਲਿਆਵੇਂ ਤਾਂ ਭੋਰ ਕੇ ਖਾਵਾਂ, ਮਿਸ਼ਰੀ ਕੜੱਕ ਬੋਲਦੀ।” ਹੁਣ ਨਾ ਲੱਡੂ ਰਹੇ ਤੇ ਨਾ ਹੀ ਮਿਸ਼ਰੀ ਲਿਆ ਕੇ ਖਵਾਉਣ ਵਾਲੇ। ਹੁਣ ਤਾਂ ਹਰ ਪਾਸੇ ਚੱਕਵਾਂ ਚੁੱਲ੍ਹਾ ਬਣਿਆ ਹੋਇਆ। “ਅਖੇ ਜਿੱਥੇ ਪੈ ਗਈ ਰਾਤ ਉਥੇ ਹੀ ਤਵਾ ਪਰਾਤ।” ਤਵਿਆਂ ਉਪਰ ਫ਼ੁਲਕੇ ਲਾਉਣ ਵਾਲੀਆਂ ਹੁਣ ਨਹੀਂ ਰਹੀਆਂ। ਨਾ ਹੀ ਤੰਦੂਰ ਤੇ ਰੋਟੀਆਂ ਪਕਾਉਣ ਵਾਲਾ ਸਮਾਂ ਰਿਹਾ ਹੈ। ਹੁਣ ਤਾਂ ਫਾਸਟ ਫੂਡ ਸਪਲਾਈ ਦਾ ਜ਼ਮਾਨਾ ਆ ਗਿਆ ਹੈ ਤੇ ਸਭ ਰਿਸ਼ਤਿਆਂ ਤੇ ਸਾਂਝਾ ਨੂੰ ਖੂੰਜੇ ਲਾ ਗਿਆ ਹੈ।

ਹੁਣ ਪ੍ਰੋਫੈਸਰ ਜਸਵਿੰਦਰ ਧਨਾਨਸੂ ਗਾਈ ਜਾਂਦਾ ਹੈ, ਕਿ “ਚਰਖਾ ਰੋਂਦਾ ਹੈ, ਰੋਂਦਾ ਜ਼ਾਰੋ ਜ਼ਾਰ।” ਉਧਰ ਸ਼ਿਵ ਕੁਮਾਰ ਬਟਾਲਵੀ ਆਖੀ ਜਾਵੇ, “ਭੱਠੀ ਵਾਲੀਏ ਚੰਬੇ ਦੀਏ ਡਾਲੀਏ ਪੀੜਾਂ ਦਾ ਪਰਾਗਾ ਭੁੰਨ ਦੇ।” ਹੁਣ ਤਾਂ ਹਸਪਤਾਲ ਵਾਲੇ ਜੰਮਣ ਪੀੜਾਂ ਵੀ ਹੋਣ ਦੇਂਦੇ। ਪਹਿਲਾਂ ਹੀ ਮੂਲੀ ਵਾਂਗੂੰ ਪੁੱਟ ਕੇ ਤੁਹਾਡੇ ਹੱਥ ਵਿੱਚ ਫ਼ੜਾ ਕੇ ਵਧਾਈ ਦੇਂਦੇ ਹਨ। ਇਸੇ ਕਰਕੇ ਕਹਿੰਦੇ ਹਨ ਕਿ ਉਲਟੇ ਹੋਰ ਜ਼ਮਾਨੇ ਆਏ। ਗੁਰਦਾਸ ਮਾਨ ਕਹਿੰਦਾ ਹੈ, “ਤੂੰ ਵੀ ਬਦਲ ਜਾ ਯਾਰ ਜ਼ਮਾਨਾ ਬਦਲ ਗਿਆ।” ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਉਣ ਦੇ ਚੱਕਰ ਵਿੱਚ ਆਪਣੇ ਪੈਰਾਂ ਉਪਰ ਕੁਹਾੜਾ ਮਾਰਨ ਲਿਆ ਹੈ। ਹੁਣ ਹੱਸਦੇ ਘੱਟ ਤੇ ਰੋਂਦੇ ਵੱਧ ਹਨ। ਸਿਆਣੇ ਕਹਿੰਦੇ ਹਨ ਜਦੋਂ ਬੰਦਿਆਂ ਨੂੰ “ਗੰਢੇ ਤੇ ਛਿੱਤਰ ਖਾਣ ਦੀ ਆਦਤ ਪੈ ਜਾਵੇ” ਤਾਂ ਇਹੋ ਕੁੱਝ ਹੁੰਦਾ ਹੈ ਜੋ ਹੋ ਰਿਹਾ ਹੈ। ਆ ਇੱਕ ਸੱਜਣ ਆਖੀ ਜਾ ਰਿਹਾ ਹੈ, “ਆਗੇ ਆਗੇ ਦੇਖੋ ਹੋਤਾ ਹੈ ਕਿਆ।” ਸਿਆਣੇ ਕਹਿੰਦੇ ਹਨ, ਹੋਣਾ ਤਾਂ ਉਹੀ ਹੈ ਜੋ ਉਪਰ ਵਾਲਾ ਚਾਹੁੰਦਾ ਹੈ। ਸਾਡੇ ਕਹਿਣ ਤੇ ਚਾਹੁਣ ਨਾਲ ਕੁੱਝ ਨਹੀਂ ਹੁੰਦਾ।” ਅਬ ਕਿਆ ਪਛਤਾਏਂ ਜਬ ਚਿੜੀਆਂ ਚੁਗ ਗਈ ਖੇਤ।” ਹੁਣ ਤਾਂ ਆਦਮ ਬੋਅ ਸਭ ਕੁੱਝ ਚਰੀ ਵੀ ਜਾ ਰਿਹਾ ਤੇ ਚੁਗਣ ਵੀ ਲੱਗਿਆ ਹੋਇਆ ਹੈ। ਖ਼ੈਰ ਗੱਲ ਤਾਂ ਟੁੱਟ ਗਈ ਯਾਰੀ ਦੀ ਕਰਦੇ ਸੀ। ਹੁਣ ਤਾਂ ਯਾਰੀ ਲਾਉਣ ਤੇ ਨਿਭਾਉਣ ਦਾ ਜ਼ਮਾਨਾ ਨਹੀਂ ਰਿਹਾ। ਹੁਣ ਤਾਂ ਮੱਛੀਆਂ ਪੱਥਰ ਚੱਟ ਕੇ ਉਥੇ ਹੀ ਰਹਿਣ ਵਸੇਰੇ ਬਣਾ ਰਹੀਆਂ ਹਨ। ਹੁਣ ਕੋਈ ਗਾਉਂਦਾ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸੀਂ ਉਡ ਜਾਣਾ। ਪਾਸ਼ ਤਾਂ ਕੁੱਝ ਹੋਰ ਕਹਿੰਦਾ ਹੈ, ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਵੀ ਨਹੀਂ ਜਾਏਗਾ, ਇੱਥੇ ਹੀ ਖੇਤਾਂ ਬੰਨਿਆਂ ਉਤੇ ਘਾਹ ਖੋਤੇ ਗਾ। ਹੁਣ ਚਿੜੀਆਂ ਹੀ ਨਹੀਂ ਚਿੜੇ ਵੀ ਘਾਹ ਹੀ ਖੋਤਣ ਲੱਗੇ ਹੋਏ ਹਨ। ਵਿਦਿਆ ਦਾ ਤੀਜਾ ਨੇਤਰ ਹੁਣ ਟੀਰ ਮਾਰਦਾ ਹੈ ਤੇ ਜ਼ਮੀਰ ਮਾਰਦਾ ਹੈ। ਹੁਣ ਬੁੱਲਾ ਕੀ ਕਰੇ, ਕਿਸ ਮੁਰਸ਼ਦ ਦੇ ਦਰਬਾਰ ਮੂਹਰੇ ਨੱਚੇ ਤੇ ਹੱਸੇ। ਹੁਣ ਤਾਂ ਹਰ ਕੋਈ ਨੱਚਣ ਲੱਗਿਆ ਹੋਇਆ ਹੈ। ਇਸੇ ਕਰਕੇ ਸਰਬਜੀਤ ਚੀਮਾ ਗਾਉਂਦਾ ਹੈ:-

“ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ। ਕਦੇ ਬੀਬੀ ਰਣਜੀਤ ਕੌਰ ਗਾਉਂਦੀ ਸੀ, “ਟੁੱਟ ਗਈ ਯਾਰੀ ਤੋਂ ਗਾਲ਼ ਬਿਨਾਂ ਨਾ ਬੋਲੇ। ਹੁਣ ਤਾਂ ਕੋਈ ਪੈਰ ਮਿੱਧੇ ਤੇ ਵੀ ਨਹੀਂ ਬੋਲਦਾ। ਲੋਕਾਂ ਦੀਆਂ ਜੀਭਾਂ ਠਾਕੀਆਂ ਹੋਈਆਂ ਹਨ। ਇਸੇ ਕਰਕੇ ਪਾਕਿਸਤਾਨੀ ਗਾਇਕ ਗਾਉਂਦਾ ਹੈ, “ਉਹ ਬੋਲ ਮਿੱਟੀ ਦਿਆ ਬਾਵਿਆ ਓ, ਕਿਉਂ ਨਹੀਂ ਬੋਲਦਾ, ਬੋਲਦਾ ਦਿਲਾਂ ਦੀ ਘੁੰਡੀ ਕਿਉਂ ਨਹੀਂ ਖੋਲਦਾ। ਉਹ ਬੋਲ ਮਿੱਟੀ ਦਿਆ ਬਾਵਿਆ ਓ। ਮਿੱਟੀ ਦਾ ਬਾਵਾ ਹੁਣ ਮਿੱਟੀ ਦਾ ਮਾਧੋ ਬਣ ਗਿਆ ਹੈ। ਪਰ ਉਸਨੂੰ ਉਹ ਮਾਧੋ ਦਾਸ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਭੁੱਲ ਗਿਆ ਹੈ। ਇਸੇ ਕਰਕੇ ਬਾਬਾ ਅਰਦਾਸ ਕਰੀ ਜਾ ਰਿਹਾ ਹੈ, ਅੱਖਰ ਵਾਧਾ ਘਾਟਾ, ਲਾਂਵ ਦੁਲਾਂਮ ਮੁਆਫ਼ ਕਰੀਂ। ਸੋ ਸਾਧ ਸੰਗਤ ਜੀਓ ਤੁਸੀਂ ਵੀ ਹੁਣ ਮੁਆਫ਼ ਕਰੋ।
Budh-singh-nelon-244x300 ਬੁੱਧ ਬਾਣ/ਟੁੱਟ ਗਈ ਯਾਰੀ ਤੋਂ ਗਾਲ਼ ਬਿਨਾਂ ਬੋਲੇ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment