Loading Now

ਅਮਰੀਕੀਆਂ ਦੀ ਬਦਲਦੀ ਸੋਚ

ਅਮਰੀਕੀਆਂ ਦੀ ਬਦਲਦੀ ਸੋਚ

ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਬਹੁਮਤ ਵਾਲੀ 100 ਮੈਂਬਰੀ ਸੈਨੇਟ ‘ਚ ਇਜ਼ਰਾਈਲ ਨੂੰ ਮਿਲਟਰੀ ਬੁਲਡੋਜ਼ਰਾਂ ਦੀ ਸਪਲਾਈ ਰੋਕਣ ਦਾ ਬਿੱਲ ਭਾਵੇਂ ਬੀਤੇ ਦਿਨ ਪਾਸ ਨਹੀਂ ਹੋ ਸਕਿਆ, ਪਰ ਵੋਟਾਂ ਦੀ ਗਿਣਤੀ ਦਾ ਫਰਕ ਦੱਸਦਾ ਹੈ ਕਿ ਅਮਰੀਕੀਆਂ ਵਿੱਚ ਇਜ਼ਰਾਈਲੀ ਨੀਤੀਆਂ ਖਿਲਾਫ ਨਾਰਾਜ਼ਗੀ ਵਧ ਰਹੀ ਹੈ। ਅਮਰੀਕਾ ਦੀਆਂ ਦੋਨੋਂ ਰਿਪਬਲਿਕਨ ਤੇ ਡੈਮੋਕਰੇਟਿਕ ਪਾਰਟੀਆਂ ਇਜ਼ਰਾਈਲ ਦੀ ਤਰਫਦਾਰੀ ਕਰਦੀਆਂ ਰਹੀਆਂ ਹਨ, ਪਰ ਵੋਟਿੰਗ ਸਮੇਂ ਡੈਮੋਕਰੇਟਿਕ ਪਾਰਟੀ ਦੇ ਸਿਰਫ 7 ਸੈਨੇਟਰਾਂ ਨੇ ਪਾਰਟੀ ਲਾਈਨ ਦੇ ਵਿਰੁੱਧ ਜਾ ਕੇ ਸਰਕਾਰ ਦਾ ਸਾਥ ਦਿੱਤਾ ਅਤੇ ਬਿੱਲ 40 ਦੇ ਮੁਕਾਬਲੇ 59 ਵੋਟਾਂ ਨਾਲ ਡਿਗ ਗਿਆ। ਜੰਗ ਵਿਰੋਧੀ ਅਮਰੀਕੀ ਇਸ ਨੂੰ ‘ਇਤਿਹਾਸਕ’ ਪ੍ਰਗਤੀ ਦਾ ਚਿੰਨ੍ਹ ਮੰਨ ਰਹੇ ਹਨ। ਹਾਲਾਂਕਿ ਬਿੱਲ ਪਾਸ ਨਹੀਂ ਹੋ ਸਕਿਆ, ਪਰ ਵੋਟਿੰਗ ਤੋਂ ਸਪੱਸ਼ਟ ਹੋ ਗਿਆ ਕਿ ਸੈਨੇਟ ਦੇ ਬਹੁਗਿਣਤੀ ਡੈਮੋਕਰੇਟ ਇਜ਼ਰਾਈਲ ਨੂੰ ਬਿਨਾਂ ਸ਼ਰਤ ਮਦਦ ਦੇਣ ਦੇ ਵਿਰੁੱਧ ਹਨ। ਇਹ ਵੋਟਿੰਗ ਸਿਰਫ ਹਥਿਆਰਾਂ ਦੀ ਵਿਕਰੀ ‘ਤੇ ਹੀ ਨਹੀਂ ਹੋਈ, ਸਗੋਂ ਇਹ ਈਰਾਨ ਨਾਲ ਜੰਗ ਨੂੰ ਵਧਾਉਣ ਦੀ ਵਿਰੋਧਤਾ ਵੱਲ ਵੀ ਸੰਕੇਤ ਕਰਦੀ ਹੈ।

ਅਮਰੀਕੀ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਟਰੰਪ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਕੀਤੇ ਗਏ ਹਮਲਿਆਂ ਵਿਰੁੱਧ ਵਧ ਰਹੇ ਗੁੱਸੇ ਦਰਮਿਆਨ ਅਗਾਂਹਵਧੂ ਸੈਨੇਟਰ ਬਰਨੀ ਸੈਂਡਰਸ ਨੇ ਬਿੱਲ ਪੇਸ਼ ਕੀਤਾ ਸੀ। ਐਡਮ ਸ਼ਿਫ, ਕੋਰੀ ਬੁਕਰ ਤੇ ਐਮੀ ਕਲੋਬੁਚਰ ਵਰਗੇ ਕੁਝ ਕੱਟੜ ਇਜ਼ਰਾਈਲ ਹਮਾਇਤੀ ਸੈਨੇਟਰਾਂ ਨੇ ਵੀ ਬਿੱਲ ਦੀ ਹਮਾਇਤ ਕੀਤੀ। ਇਜ਼ਰਾਈਲੀ ਫੌਜ ਲਿਬਨਾਨ ਤੇ ਗਾਜ਼ਾ ਵਿੱਚ ਬੁਲਡੋਜ਼ਰ ਨਾਲ ਸਭ ਕੁਝ ਮਲੀਆਮੇਟ ਕਰ ਰਹੀ ਹੈ, ਜਿਸ ਨੂੰ ਅਮਰੀਕਾ ਦੇ ਮਨੁੱਖੀ ਅਧਿਕਾਰ ਕਾਰਕੁੰਨ ਨਸਲਕੁਸ਼ੀ ਦੇ ਬਰਾਬਰ ਮੰਨਦੇ ਹਨ। ਬੁਲਡੋਜ਼ਰਾਂ ਦੀ ਸਪਲਾਈ ਰੋਕਣ ਤੋਂ ਇਲਾਵਾ ਇਜ਼ਰਾਈਲ ਨੂੰ 450 ਕਿੱਲੋ ਵਾਲੇ ਬੰਬ ਦੇਣ ਦੇ ਖਿਲਾਫ ਵੀ ਬੁੱਧਵਾਰ ਬਿੱਲ ਪੇਸ਼ ਹੋਇਆ ਸੀ ਤੇ ਇਸ ਦੀ ਵੀ ਡੈਮੋਕਰੇਟਾਂ ਨੇ ਪੂਰੀ ਹਮਾਇਤ ਕੀਤੀ। ਇਸ ਤੋਂ ਪਹਿਲਾਂ ਇਜ਼ਰਾਈਲ ਨੂੰ ਹਥਿਆਰ ਸਪਲਾਈ ਰੋਕਣ ਵਾਲੇ ਬਿੱਲਾਂ ਨੂੰ ਬਹੁਤੀ ਹਮਾਇਤ ਨਹੀਂ ਮਿਲਦੀ ਸੀ। 2024 ਵਿੱਚ ਇਜ਼ਰਾਈਲ ਨੂੰ ਹਥਿਆਰ ਦੇਣ ਦਾ ਵਿਰੋਧ ਕਰਨ ਵਾਲਿਆਂ ਨਾਲੋਂ ਐਤਕੀਂ ਦੁੱਗਣਿਆਂ ਨੇ ਵਿਰੋਧ ਕੀਤਾ।

ਸੈਂਡਰਸ ਨੇ ਕਿਹਾ ਹੈ ਕਿ ਇਹ ਤਬਦੀਲੀ ਅਮਰੀਕੀਆਂ ਦੀ ਸੋਚ ਵਿੱਚ ਆ ਰਹੇ ਬਦਲਾਅ ਨੂੰ ਦਰਸਾਉਂਦੀ ਹੈ। ਉਨ੍ਹਾ ਕਿਹਾ, ”ਅਮਰੀਕੀ, ਚਾਹੇ ਉਹ ਡੈਮੋਕਰੇਟ ਹਨ, ਰਿਪਬਲੀਕਨ ਹਨ ਜਾਂ ਆਜ਼ਾਦ, ਸਭ ਚਾਹੁੰਦੇ ਹਨ ਕਿ ਟੈਕਸਾਂ ਨਾਲ ਇਕੱਠਾ ਕੀਤਾ ਧਨ ਅਮਰੀਕੀਆਂ ਦੀ ਜ਼ਿੰਦਗੀ ਸੁਧਾਰਨ ਲਈ ਲਾਇਆ ਜਾਵੇ, ਨਾ ਕਿ ਨੇਤਨਯਾਹੂ ਦੀ ਗੈਰਕਾਨੂੰਨੀ ਪਸਾਰਵਾਦੀ ਜੰਗ ਵਿੱਚ ਮੱਧ-ਪੂਰਬ ਵਿੱਚ ਬੇਗੁਨਾਹ ਮਹਿਲਾਵਾਂ ਤੇ ਬੱਚਿਆਂ ਨੂੰ ਕਤਲ ਕਰਨ ਲਈ। ਨਾਮੀ ਸੰਸਥਾ ਪਿਊ ਰਿਸਰਚ ਸੈਂਟਰ ਦੇ ਹਾਲੀਆ ਸਰਵੇ ਵਿੱਚ ਪਤਾ ਲੱਗਾ ਸੀ ਕਿ 60 ਫੀਸਦੀ ਅਮਰੀਕੀ ਬਾਲਗ ਇਜ਼ਰਾਈਲ ਪ੍ਰਤੀ ਹਮਦਰਦੀ ਨਹੀਂ ਰੱਖਦੇ।

Share this content:

Post Comment