ਬੁੱਧ ਚਿੰਤਨ/ਬੁੱਧ ਸਿੰਘ ਨੀਲੋਂ
ਸਾਹਿਤ ਦੇ ਥਾਣੇਦਾਰ !
ਲਿਖਣਾ ਤੇ ਪੜ੍ਹਨਾ ਕੋਈ ਸੌਖਾ ਕੰਮ ਨਹੀਂ, ਇਸ ਲਈ ਸਬਰ, ਸੰਤੋਖ ਤੇ ਅਧਿਐਨ ਦੀ ਲੋੜ ਪੈਂਦੀ ਹੈ। ਪੰਜਾਬੀ ਸਾਹਿਤ ਲਿਖਣ ਵਾਲਿਆਂ ਦੀਆਂ ਵੱਖ ਵੱਖ ਇਛਾਵਾਂ ਤੇ ਲੋੜਾਂ ਹੁੰਦੀਆਂ ਹਨ। ਉਹਨਾਂ ਨੇ ਲਿਖ ਕੇ ਰੋਅਬ ਪਾਉਣਾ ਹੁੰਦਾ ਹੈ। ਕੋਈ ਰੁਤਬਾ ਹਾਸਲ ਕਰਨਾ ਹੁੰਦਾ ਹੈ। ਇਹੋ ਜਿਹੇ ਲੇਖਕਾਂ ਤੇ ਵਿਦਵਾਨਾਂ ਦੀ ਕੋਈ ਘਾਟ ਨਹੀਂ। ਉਹ ਇਸ ਕੰਮ ਲਈ ਮਾਇਆ ਤੇ ਦੇਹ ਦੀ ਵਰਤੋਂ ਤੇ ਦੁਰਵਰਤੋਂ ਕਰਦੇ ਹਨ। ਉਹਨਾਂ ਵਾਸਤੇ ਲਿਖਣ ਵਾਲੇ ਵੀ ਅਨੇਕ ਮਿਲ ਜਾਂਦੇ ਹਨ। ਪਿਛਲੇ ਸਮਿਆਂ ਵਿੱਚ ਪੰਜਾਬੀ ਦੇ ਕੁੱਝ ਇਹੋ ਜਿਹੇ ਲੇਖਕ ਦੇਹ ਮੁਕਤ ਹੋ ਗਏ। ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਨੂੰ ਸਾਹਿਤ ਦੇ ਖੇਤਰ ਵਿੱਚ ਸ਼ਾਮਿਲ ਕੀਤਾ। ਉਹਨਾਂ ਨੇ ਬੇਗਾਨੇ ਖ਼ਜ਼ਾਨੇ ਦੇ ਨਾਲ ਰੁਤਬੇ ਵੀ ਹਾਸਲ ਕੀਤੇ ਤੇ ਹਵਾਈ ਜਹਾਜ਼ ਦੇ ਝੂਟੇ ਵੀ ਲਏ। ਜਿਉਂ ਹੀ ਉਹਨਾਂ ਦੇ ਗੋਸਟਿ ਲੇਖਕ ਨੇ ਦੇਹ ਤਿਆਗੀ, ਉਹਨਾਂ ਦੇ ਘਰਾਂ ਵਿੱਚ ਸੱਥਰ ਵਿਛ ਗਏ। ਪੰਜਾਬੀ ਸਾਹਿਤ ਵਿੱਚ ਧੁੱਪ ਵਰਗੇ ਉਹਨਾਂ ਲੇਖਕਾਂ ਦੇ ਮੂੰਹ ਅਫਰੀਕਨਾਂ ਵਰਗੇ ਹੋ ਗਏ। ਉਹਨਾਂ ਦੀ ਕੋਈ ਕਿਤਾਬ ਜਾਂ ਕਵਿਤਾ, ਗ਼ਜ਼ਲ ਕਿਸੇ ਨੂੰ ਪੜ੍ਹਨ ਲਈ ਨਾ ਮਿਲੀ। ਕੁੱਝ ਦਿਨ ਪਹਿਲਾਂ ਮੇਰੇ ਮਿੱਤਰ ਪਿਆਰੇ ਸੁਖਮਿੰਦਰ ਰਾਮਪੁਰੀ ਦੀ ਸਮੁੱਚੀ ਸ਼ਾਇਰੀ ਪੜ੍ਹਨ ਦਾ ਮੌਕਾ ਮਿਲਿਆ ਤੇ ਨਾਲ ਹੀ ਉਸਦੇ ਇੱਕ ਮਤਬੰਨੇ ਸ਼ਾਇਰ ਦੀ ਸ਼ਾਇਰੀ ਪੜ੍ਹਦਿਆਂ ਮੈਨੂੰ ਸਮਝ ਲੱਗੀ ਕਿ ਇਸ ਚੋਰੀ ਦੇ ਪੁੱਤ ਦੀ ਸ਼ਾਇਰੀ ਵਿਚੋਂ ਤਾਂ ਸੁਖਮਿੰਦਰ ਰਾਮਪੁਰੀ ਦਾ ਮੁੜੰਗਾ ਪੈਦਾ ਹੈ। ਉਹ ਅੱਜ ਕੱਲ੍ਹ ਹੁਣ ਕੁੱਝ ਲਿਖਦਾ ਨਹੀਂ, ਸਿਰਫ਼ ਸਾਹਿਤਕ ਅਦਾਰਿਆਂ ਦੀ ਸੇਵਾ ਕਰਦਾ ਹੈ। ਉਸਦੇ ਕਿਹੜੇ ਕਿਹੜੇ ਗੀਤਾਂ ਵਿੱਚ ਝਲਕ ਮਿਲਦੀ ਹੈ ਅਗਲੇ ਦਿਨਾਂ ਵਿੱਚ ਸਬੂਤਾਂ ਸਮੇਤ ਤੁਹਾਡੇ ਰੂਬਰੂ ਕਰਦਾ। ਇਸ ਲਈ ਤੁਸੀਂ ਖ਼ੁਦ ਖੋਜ ਕਰ ਸਕਦੇ ਓ ਉਹ ਕੌਣ ਹਨ ? ਜਿਹਨਾਂ ਦੇ ਲੇਖਕਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਕੋਈ ਕਿਤਾਬ ਨਹੀਂ ਆਈ। ਸਿਆਣਿਆਂ ਨੂੰ ਇਸ਼ਾਰਾ ਕਾਫੀ ਹੈ।
ਸਾਹਿਤ ਦਾ ਸਮਾਜ ਨਾਲ ਤੇ ਸਮਾਜ ਦਾ ਸਾਹਿਤਕਾਰ ਨਾਲ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਹੈ। ਇਹ ਰਿਸ਼ਤਾ ਰੁਮਾਂਟਿਕ ਵੀ ਹੈ ਤੇ ਦੁਸ਼ਮਣੀ ਵਾਲਾ ਵੀ। ਇਹਨਾਂ ਦੇ ਵਿੱਚੋਂ ਤੁਸੀਂ ਕਿਹੜਾ ਬਣਾ ਕੇ ਜਾਂ ਬਚਾ ਕੇ ਰੱਖਣਾ ਇਹ ਤੁਹਾਡੇ ਅਹੁਦੇ ਦੇ ਨਾਲ ਨਾਲ ਜਾਤ ਉਤੇ ਵੀ ਨਿਰਭਰ ਕਰਦਾ ਹੈ। ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਜਾਤਪਾਤ ਤੇ ਊਚ ਨੀਚ ਖਤਮ ਕਰ ਦਿੱਤੀ ਸੀ। ਬਾਬਾ ਨਾਨਕ ਜੀ ਦਾ ਸਾਰੀ ਉਮਰ ਦਾ ਸਾਥੀ ਭਾਈ ਮਰਦਾਨਾ ਜੀ ਰਿਹਾ ਹੈ । ਭਾਈ ਮਰਦਾਨਾ ਜੀ ਨੀਵੀਂ ਜਾਤ ਦਾ ਸੀ। ਉਦੋਂ ਮਨੁੱਖ ਚਾਰ ਵਰਣਾਂ ਵਿੱਚ ਵੰਡੀ ਹੋਈ ਸੀ। ਬ੍ਰਾਹਮਣ, ਵੈਸ਼, ਖੱਤਰੀ ਤੇ ਸ਼ੂਦਰ। ਇਹ ਵਰਣ ਪ੍ਰਥਾ ਪੰਜ ਕੁ ਹਜ਼ਾਰ ਸਾਲ ਪਹਿਲਾਂ ਮਨੂੰ ਨੇ ਸ਼ੁਰੂ ਕੀਤੀ ਸੀ। ਬ੍ਰਾਹਮਣ ਨੇ ਆਪਣੇ ਆਪ ਨੂੰ ਪਹਿਲੇ ਸਥਾਨ ਉਤੇ ਆਪੇ ਰੱਖ ਲਿਆ। ਜਿਹਨਾਂ ਦੇ ਦਾਨ ਦੇ ਸਿਰ ਉਤੇ ਇਹ ਪਲਦੇ ਸੀ, ਉਨ੍ਹਾਂ ਨੂੰ ਸ਼ੂਦਰ ਬਣਾ ਦਿੱਤਾ। ਉਦੋਂ ਹੀ ਇਹ ਕਹਾਵਤ ਬਣੀ ਹੋਵੇਗੀ ” ਉਲਟੀ ਗੰਗਾ ਪਹੇਵੇ ਵੱਲ !” ਇਸ ਧਰਤੀ ਦੇ ਮਾਲਕਾਂ ਨੂੰ ਨੌਕਰ ਬਣਾਇਆ ਤੇ ਆਪ ਪੁਜਾਰੀ, ਅਧਿਕਾਰੀ, ਲਿਖਾਰੀ ਤੇ ਵਪਾਰੀ ਬਣ ਬੈਠੇ। ਹੁਣ ਵੀ ਦੇਸ਼ ਦੇ ਰਾਸ਼ਟਰਪਤੀ ਨੂੰ ਇਕ ਮੰਦਰ ਤੇ ਨਵੀਂ ਸੰਸਦ ਭਵਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਸੀ । ਉਸ ਵੇਲੇ ਹਾਲਤ ਕੀ ਹੋਵੇਗੀ ਜਦੋਂ ਭਾਈ ਮਰਦਾਨਾ ਜੀ ਨੂੰ ਬਾਬਾ ਨਾਨਕ ਜੀ ਨੇ ਆਪਣਾ ਸੰਗੀ ਬਣਾਇਆ ਸੀ? ਸਿਆਣੇ ਤਾਂ ਗੱਲ ਸਮਝ ਸਕਦੇ ਹਨ ਬਾਕੀ ਇਹ ਕਹਿ ਸਕਦੇ ਹਨ ਕਿ ਪੰਜਾਬ ਦੇ ਵਿੱਚ ਤਾਂ ਕੋਈ ਜਾਤ ਪਾਤ ਨਹੀਂ ਤੇ ਨਾ ਹੀ ਕੋਈ ਵਿਤਕਰਾ ਹੈ ਪਰ ਜਿਹੜੇ ਸ਼ੂਦਰ ਹਨ ਉਨ੍ਹਾਂ ਨੂੰ ਪੁੱਛ ਕੇ ਦੇਖੋ ਹਾਲਤ ਕੀ ਹੈ ? ਪਿਛਲੇ ਦਿਨੀਂ ਸਿਆਸੀ ਆਗੂ ਸੁਨੀਲ ਜਾਖੜ ਨੇ ਕਿਹਾ ਸੀ ਕਿ ਹਾਈ ਕਮਾਂਡ ਨੇ ਪੈਰ ਦੀ ਜੁੱਤੀ ਸਾਡੇ ਸਿਰ ਉਤੇ ਬਹਾ ਦਿੱਤੀ। ਉਹ ਜੁੱਤੀ ਦਲਿਤ ਭਾਈਚਾਰੇ ਦੀ ਸੀ ਜਿਸਨੂੰ ਮੁੱਖ ਮੰਤਰੀ ਬਣਾਇਆ ਸੀ ।
ਦਲਿਤ ਭਾਈਚਾਰੇ ਨੇ ਸਾਰੇ ਪੰਜਾਬ ਦੇ ਵਿੱਚ ਧਰਨੇ ਤੇ ਰੋਸ ਮੁਜ਼ਾਹਰੇ ਕੀਤੇ ਕਿ ਉਸਦੇ ਉਪਰ ਸੰਵਿਧਾਨ ਮੁਤਾਬਕ ਪਰਚਾ ਦਰਜ਼ ਹੋਵੇ ਪਰ ਅੱਜ ਤੱਕ ਨਹੀਂ ਹੋਇਆ। ਇਹ ਪਰਚਾ ਦਰਜ ਕਿਉਂ ਨਹੀਂ ਹੋਇਆ ? ਕਿਉਂਕਿ ਪੰਜਾਬ ਦੇ ਵਿੱਚ ਬ੍ਰਾਹਮਣਵਾਦੀਆਂ ਦਾ ਰਾਜ ਹੈ। “ਜਿਸ ਕੀ ਲਾਠੀ ਉਸਕੀ ਬੈਸ !” ਹੁਣ ਹੋਰ ਥਾਣੇਦਾਰੀ ਕੀ ਹੁੰਦੀ ਹੈ ? ਪੰਜਾਬੀ ਦੇ ਵਿੱਚ ਹੀ ਨਹੀਂ ਸਗੋਂ ਭਾਰਤੀ ਸਾਹਿਤ ਵਿੱਚ ਦਲਿਤ ਸਾਹਿਤ ਵੀ ਹੁੰਦਾ ਹੈ ਤੇ ਦਲਿਤ ਲੇਖਕ ਵੀ ਪਰ ਪੰਜਾਬ ਦੇ ਵਿੱਚ ਤਾਂ ਕੋਈ ਜਾਤਪਾਤ ਨਹੀਂ ਫੇਰ ਇਹ ਦਲਿਤ ਸਾਹਿਤ ਕੀ ਹੋਇਆ ? ਜੱਟ ਜਾਂ ਬ੍ਰਾਹਮਣ ਸਾਹਿਤ ਕਿਉਂ ਨਹੀਂ ? ਜਦੋਂ ਕੁੱਝ ਅਖੌਤੀ ਜਰਨਲ ਸਾਹਿਤ ਦੇ ਥਾਣੇਦਾਰ ਬਣ ਜਾਣ ਫੇਰ ਇਸ ਤਰ੍ਹਾਂ ਹੀ ਹੁੰਦਾ ਹੈ। ਜਿਵੇਂ ਕ੍ਰਿਸ਼ਨ ਜੇ ਗੋਪੀਆਂ ਨਾਲ ਅਠਖੇਲੀਆਂ ਕਰੇ ਤਾਂ ਰਾਸ ਲੀਲਾ, ਜੇ ਕੋਈ ਸ਼ੂਦਰ ਕਰੇ ਫੇਰ ਪਰਚਾ, ਜਲੀਲ ਤੇ ਸਜ਼ਾ ਹੁੰਦੀ ਹੈ। ਇਕ ਬਾਰ ਸਾਹਿਤ ਦਾ ਆਪੇ ਬਣਿਆ ਥਾਣੇਦਾਰ ਕਿਸੇ ਦੇ ਘਰ ਮੁੰਡਾ ਹੋਣ ਤੇ ਸ਼ਗਨ ਦੇਣ ਚਲੇ ਗਿਆ ਉਦੋਂ ਮੋਬਾਇਲ ਦਾ ਜ਼ਮਾਨਾ ਨਹੀਂ ਸੀ। ਬਿਨਾਂ ਦੱਸਿਆ ਪੁੱਛਿਆ ਬੰਦਾ ਕਿਸੇ ਦਾ ਘਰ ਪੁਜ ਜਾਂਦਾ ਸੀ। ਉਹ ਅੱਗੇ ਮੁੰਡੇ ਦੀ ਮਾਂ ਦੁੱਧ ਚੁੰਘਾ ਰਹੀ ਸੀ। ਉਹ ਸੋਚੀ ਪਿਆ ਬੋਲਿਆ ਕਿ ਬੁਲਾਵਾਂ ਕਿਵੇਂ ? ਥਾਣੇਦਾਰ ਨੂੰ ਸ਼ਰਾਰਤ ਸੁੱਝੀ। ਕਹਿੰਦਾ ਪੁੱਤ ਕੱਲਾ ਕੱਲਾ ਹੀ ਦੁੱਧ ਪੀਈ ਜਾਨਾਂ? ਫੇਰ ਬਾਅਦ ਵਿੱਚ ਕੀ ਹੋਇਆ ਤੁਸੀਂ ਜਾਣਦੇ ਹੀ ਜਿਵੇਂ ਬਠਿੰਡੇ ਥਾਣੇਦਾਰ ਨਾਲ ਹੋਇਆ ਸੀ। ਇਕ ਭਲਾ ਬੰਦਾ ਤਾਂ ਇਸ ਤਰ੍ਹਾਂ ਕਰ ਨੀ ਸਕਦਾ ਤੇ ਬਾਕੀ ਤੁਸੀਂ ਜਾਣੀ ਜਾਣ ਹੋ ! ਇਕ ਗੋਸ਼ਟੀ ਦੇ ਵਿੱਚ ਦਲਿਤ ਵਿਦਿਆਰਥੀ ਨੇ ਇਕ ਥਾਣੇਦਾਰ ਨੂੰ ਸਵਾਲ ਕੀਤਾ ਕਿ ਤੁਹਾਨੂੰ ਕੀ ਅਧਿਕਾਰ ਹੈ ਇਹ ਕਹਿਣ ਦਾ ਕਿ ਇਹ ਸਾਹਿਤ ਦਲਿਤ ਹੈ, ਰੋਮਾਂਟਿਕ ਹੈ ਜਾਂ ਤੁਹਾਡੇ ਬਣਾਏ ਚੌਖਟੇ ਵਿੱਚ ਕੋਈ ਹੋਰ ਵਿਵਾਦ ਦਾ ਸਾਹਿਤ ਹੈ ? ਸਾਹਿਤ ਤਾਂ ਸਾਹਿਤ ਹੁੰਦਾ ਹੈ ? ਬਸ ਫੇਰ ਕੀ ਸਵਾਲ ਕਰਨ ਵਾਲੇ ਨੂੰ ਭੱਜ ਕੇ ਜਾਨ ਛਡਾਉਣੀ ਪਈ। ਨਹੀਂ ਪੁਲਿਸ ਮੁਕਾਬਲਾ ਵੀ ਹੋ ਸਕਦਾ ਜਿਵੇਂ ਅੱਤਵਾਦ ਵੇਲੇ ਪੁਲਿਸ ਵਾਲੇ ਅਮਨ ਸ਼ਾਂਤੀ ਬਹਾਲ ਕਰਨ ਲਈ ਕਰਦੇ ਰਹੇ ।
ਇਹਨਾਂ ਕੁੱਝ ਕੁ ਸਾਹਿਤ ਦੇ ਥਾਣੇਦਾਰਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੀ ਪ੍ਰਸੰਸਾ ਦੇ ਕੇ ਮਾਰਿਆ ਹੈ । ਸਾਹਿਤ ਸਭਾਵਾਂ, ਅਕਾਦਮੀਆਂ ਦੇ ਅਹੁਦੇਦਾਰ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਇਹ ਸਭ ਥਾਣੇਦਾਰ ਹੀ ਨਹੀਂ, ਡਿਪਟੀ, ਐਸ ਪੀ, ਐਸ ਐਸ.ਪੀ, ਆਈ ਜੀ ਤੇ ਡੀਜੀਪੀ ਹੀ ਹੁੰਦੇ ਹਨ ਪਰ ਸਾਰੇ ਨਹੀਂ, ਕਈ ਚੰਗੇ ਵੀ ਹਨ। ਇਹ ਜੁਗਾੜੀਏ ਆਪਣੇ ਚਹੇਤੇ ਤੇ ਚਹੇਤੀਆਂ ਨੂੰ ਫੁੱਲਾਂ ਵਾਂਗੂੰ ਪਾਲਦੇ ਤੇ ਸੰਭਾਲ ਦੇ ਹਨ ਜੇ ਕੋਈ ਇਹਨਾਂ ਦੇ ਕਹਿਣੇ ਵਿੱਚ ਨਾ ਆਵੇ ਤਾਂ ਉਸਨੂੰ ਸੂਲੀ ਚਾੜ ਦੇਂਦੇ ਹਨ। ਸੂਲੀ ਚੜ੍ਹਿਆ ਦੇ ਵਿੱਚੋਂ ਕੋਈ ਹੀ ਸਾਰੂ ਰਾਣਾ ਵਰਗੀ ਬੋਲਦੀ ਹੈ ਨਹੀਂ ਸਭ ਚੁੱਪ ਕਰ ਘਰਾਂ ਵਿੱਚ ਹਾਰੇ ਦੀ ਪਾਥੀ ਵਾਂਗੂੰ ਧੁਖ ਧੁਖ ਸੜ ਜਾਂਦੇ ਹਨ ! ਕਿਸ ਨੂੰ ਸਨਮਾਨ, ਪੁਰਸਕਾਰ ਦੇਣਾ ਹੈ। ਸਾਹਿਤ ਸਭਾਵਾਂ ਤੇ ਅਕਾਦਮੀਆਂ ਚੋਣਾਂ ਵੇਲੇ ਅਹੁਦੇ ਵੰਡਣ ਵਾਂਗੂੰ ਆਪਸ ਵਿੱਚ ਵੰਡ ਲੈਦੇ ਹਨ। ਕਿਸ ਦੀ ਰਚਨਾ ਕਿਸ ਸਿਲੇਬਸ ਵਿੱਚ ਲਗਾਉਣੀ ਹੈ ਤੇ ਕਿਸ ਨੂੰ ਰੱਦ ਕਰਨਾ ਹੈ, ਇਹਨਾਂ ਦੇ ਆਪਣੇ ਹੀ ਕਇਦੇ ਕਾਨੂੰਨ ਹੁੰਦੇ ਹਨ। ਸਿਆਣੇ ਕਹਿੰਦੇ ਹਨ ਕਿ ਸੱਪ ਦਾ ਡੰਗਿਆਂ ਬੰਦਾ ਬਚ ਸਕਦਾ ਪਰ ਇਹਨਾਂ ਸਾਹਿਤ ਦੇ ਥਾਣੇਦਾਰਾਂ ਦਾ ਡੰਗਿਆਂ ਕੋਈ ਨਹੀਂ ਬਚਦਾ। ਇਹ ਤਾਂ ਕਈ ਬਾਰ ਜਿਵੇਂ ਸੱਪਣੀ ਆਪਣੇ ਬੱਚੇ ਖਾ ਜਾਂਦੀ ਹੈ, ਨਾਲ ਦੇ ਨੂੰ ਖਾ ਜਾਂਦੇ ਹਨ, ਜੇ ਇਹਨਾਂ ਨੂੰ ਪਤਾ ਲੱਗੇ ਕਿ ਇਹ ਸਾਹਿਤ ਦਾ ਡੀਜੀਪੀ ਬਣ ਸਕਦਾ। ਇਹਨਾਂ ਦੇ ਡੰਗੇ ਬਹੁਤ ਸਾਰੇ ਦਲਿਤ ਹੀ ਨਹੀਂ ਸਗੋਂ ਜੱਟ ਵੀ ਹਨ ਜਿਹਨਾਂ ਕੋਲ ਲਿਆਕਤ ਤਾਂ ਸੀ ਪਰ ਥਾਣੇਦਾਰਾਂ ਦੀ ਚਾਪਲੂਸੀ ਕਰਨ ਦੀ ਆਦਤ ਨਹੀਂ ਸੀ। ਸਾਹਿਤ ਦੇ ਥਾਣੇਦਾਰ ਹੋਰ ਕੀ ਕੀ ਕਰਦੇ ਹਨ ? ਕਦੇ ਫੇਰ ਸਹੀ ਤੁਸੀਂ ਆਪਣੇ ਇਲਾਕੇ ਦੇ ਥਾਣੇਦਾਰ ਪਛਾਣੋ ਤੇ ਆਪਣੇ ਬਚਾ ਲਈ ਕੋਈ ਗੁਰੀਲਾ ਗੈਂਗ ਬਣਾਵੋ ਪਰ ਭਗਵੰਤ ਸੂਅ ਨੂੰ ਪੁੱਛ ਲਿਓ ਕਿਤੇ ਪੁਲਿਸ ਮੁਕਾਬਲੇ ਵਿੱਚ ਨਾ ਮਾਰੇ ਜਾਵੋ ?

ਬੁੱਧ ਸਿੰਘ ਨੀਲੋੰ
94643 70823
Share this content:



Post Comment