Loading Now

ਪੰਜਾਬ ਵਿੱਚ ਮੁੜ ਵਧਿਆ ਹੜ੍ਹਾਂ ਦਾ ਖ਼ਤਰਾ

ਪੰਜਾਬ ਵਿੱਚ ਮੁੜ ਵਧਿਆ ਹੜ੍ਹਾਂ ਦਾ ਖ਼ਤਰਾ

ਨਵੀਂ ਦਿੱਲੀ, 3 ਅਕਤੂਬਰ – ਪੰਜਾਬ ‘ਤੇ ਇੱਕ ਵਾਰ ਫਿਰ ਹੜ੍ਹਾਂ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਭਾਰਤੀ ਮੌਸਮ ਵਿਭਾਗ ਨੇ 6 ਅਤੇ 7 ਅਕਤੂਬਰ ਨੂੰ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਔਸਤ 110 ਮਿਲੀਮੀਟਰ, ਜੰਮੂ-ਕਸ਼ਮੀਰ ਵਿੱਚ ਕਰੀਬ 120 ਮਿਲੀਮੀਟਰ ਅਤੇ ਹਿਮਾਚਲ ਪ੍ਰਦੇਸ਼ ਵਿੱਚ 160 ਤੋਂ 180 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ। ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਚਲਦਿਆਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਭਾਰਤੀ ਮੌਸਮ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਹੈ। ਪਾਣੀ ਦੇ ਵੱਧਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਡੈਮਾਂ ਵਿੱਚੋਂ ਪਾਣੀ ਘਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਕੱਲ੍ਹ ਡੈਮ ਦੇ 3 ਗੇਟ ਇੱਕ-ਇੱਕ ਮੀਟਰ ਖੋਲ੍ਹੇ ਗਏ ਅਤੇ 37,686 ਕਿਊਸਿਕ ਪਾਣੀ ਛੱਡਿਆ ਗਿਆ, ਜਦਕਿ ਪਹਿਲਾਂ 10 ਹਜ਼ਾਰ ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਸੀ।

ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 523.53 ਮੀਟਰ ਦਰਜ ਕੀਤਾ ਗਿਆ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਚਾਰ ਫੁੱਟ ਹੇਠਾਂ ਹੈ। ਇਸੇ ਤਰ੍ਹਾਂ ਪੌਂਗ ਡੈਮ ਵੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਦੋ ਫੁੱਟ ਹੇਠਾਂ ਹੈ ਅਤੇ ਬਿਆਸ ਦਰਿਆ ਵਿੱਚ ਇਸ ਵੇਲੇ 17,171 ਕਿਊਸਿਕ ਪਾਣੀ ਚੱਲ ਰਿਹਾ ਹੈ। ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਵੱਧ ਤੋਂ ਵੱਧ 32,800 ਕਿਊਸਿਕ ਪਾਣੀ ਛੱਡਿਆ ਗਿਆ ਹੈ। ਜੇ ਭਾਰੀ ਮੀਂਹ ਪੈਦਾ ਹੈ ਤਾਂ ਰਾਵੀ ਦਰਿਆ ਵਿੱਚ 22 ਖੱਡਾਂ ਰਾਹੀਂ ਵਾਧੂ ਪਾਣੀ ਆਉਣ ਦਾ ਖ਼ਦਸ਼ਾ ਹੈ। ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਵੀ ਪੱਤਰ ਲਿਖ ਕੇ ਕਿਹਾ ਹੈ ਕਿ ਕੁਸ਼ੱਲਿਆ ਡੈਮ ਨੂੰ ਰੈਗੂਲੇਟ ਕੀਤਾ ਜਾਵੇ ਤਾਂ ਜੋ ਪਹਾੜਾਂ ਵਿੱਚੋਂ ਆਉਣ ਵਾਲੇ ਪਾਣੀ ਨੂੰ ਸੰਭਾਲਿਆ ਜਾ ਸਕੇ।

Share this content:

Post Comment