Loading Now

ਪੰਜਾਬ ’ਚ 44 ਡਿਗਰੀ ਤੋਂ ਉੱਪਰ ਚੜ੍ਹਿਆ ਪਾਰਾ

ਪੰਜਾਬ ’ਚ 44 ਡਿਗਰੀ ਤੋਂ ਉੱਪਰ ਚੜ੍ਹਿਆ ਪਾਰਾ

ਚੰਡੀਗੜ੍ਹ, 24 ਅਪ੍ਰੈਲ – ਪੰਜਾਬ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਹੈ। ਗਰਮੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਤਪਸ਼ ਵਧਣ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਹਾਲਾਂਕਿ ਕਣਕਾਂ ਦੀ ਵਾਢੀ ਆਖਰੀ ਪੜਾਅ ਵਿੱਚ ਦਾਖਲ ਹੋ ਗਈ ਹੈ। ਮੌਸਮ ਵਿਭਾਗ ਨੇ 24 ਤੇ 25 ਅਪਰੈਲ ਨੂੰ ਤਿੱਖੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ 26 ਤੋਂ 28 ਅਪਰੈਲ ਦਰਮਿਆਨ ਪੰਜਾਬ ਦੇ ਕਈ ਹਿੱਸਿਆ ਵਿੱਚ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ।

ਇਸ ਦੌਰਾਨ ਕਈ ਥਾਵਾਂ ’ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਬਿਜਲੀ ਲਿਸ਼ਕਣ ਦੇ ਨਾਲ ਕਿਣ-ਮਿਣ ਵੀ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦਕਿ ਚੰਡੀਗੜ੍ਹ ਦਾ ਤਾਪਮਾਨ 40 ਡਿਗਰੀ, ਅੰਮ੍ਰਿਤਸਰ ਦਾ 40.1 ਡਿਗਰੀ, ਲੁਧਿਆਣਾ ਦਾ 40.6 ਡਿਗਰੀ, ਪਟਿਆਲਾ ਦਾ 41.6 ਡਿਗਰੀ, ਫਰੀਦਕੋਟ ਦਾ 42 ਡਿਗਰੀ, ਗੁਰਦਾਸਪੁਰ 40.5 ਡਿਗਰੀ, ਫਾਜ਼ਿਲਕਾ ਤੇ ਫਿਰੋਜ਼ਪੁਰ ਦਾ 40.2 ਡਿਗਰੀ, ਰੂਪਨਗਰ ਦਾ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਲੋਕਾਂ ਨੂੰ ਵੱਧ ਪਾਣੀ ਪੀਣ ਤੇ ਸਿਰ ਢੱਕ ਕੇ ਨਿਕਲਣ ਦੀ ਅਪੀਲ

ਪੰਜਾਬ ਵਿੱਚ ਵੱਧ ਰਹੀ ਗਰਮੀ ਨੂੰ ਵੇਖਦਿਆਂ ਡਾਕਟਰਾਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਧ ਰਹੀ ਗਰਮੀ ਕਰਕੇ ਲੋਕਾਂ ਨੂੰ ਸਿਰ ਢੱਕ ਕੇ ਘਰੋਂ ਬਾਹਰ ਨਿਕਲਣਾ ਚਾਹੀਦਾ। ਇਸ ਤੋਂ ਇਲਾਵਾ ਵੱਧ ਤੋਂ ਵੱਧ ਨਿੰਬੂ ਪਾਣੀ ਤੇ ਲੱਸੀ ਦੀ ਵਰਤੋਂ ਕਰਨੀ ਚਾਹੀਦੀ ਹੈ।

Share this content:

Post Comment