ਬਿਜਲੀ ਸਕੰਟ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਘੇਰੀ ਪੰਜਾਬ ਸਰਕਾਰ
ਚੰਡੀਗੜ੍ਹ, 24 ਅਪ੍ਰੈਲ – ਪੰਜਾਬ ਵਿੱਚ ਗਰਮੀ ਲਗਾਤਾਰ ਜ਼ੋਰ ਫੜ ਰਹੀ ਗਰਮੀ ਦੌਰਾਨ ਬਿਜਲੀ ਦੀ ਮੰਗ ਵੀ ਵਧਣ ਨਾਲ ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਬਿਜਲੀ ਸਪਲਾਈ ਪ੍ਰਬੰਧ ਠੀਕ ਕਰਨ ਦੇ ਨਾਮ ’ਤੇ ਕਈ-ਕਈ ਘੰਟਿਆਂ ਦੇ ਬਿਜਲੀ ਕੱਟ ਲਾਏ ਜਾ ਰਹੇ ਹਨ। ਸੂਬੇ ਵਿੱਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਤਿ ਦੀ ਗਰਮੀ ਵਿੱਚ ਬਿਜਲੀ ਠੀਕ ਕਰਨ ਦੇ ਨਾਮ ’ਤੇ ਲੰਬੇ-ਲੰਬੇ ਬਿਜਲੀ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ, ‘‘ਪੰਜਾਬ ਵਿੱਚ ਨਿਗਮ ਦਾ ਨਿਯਮਤ ਚੇਅਰਮੈਨ ਨਹੀਂ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਪੰਜਾਬ ਨੂੰ ਲਾਵਾਰਸ ਛੱਡ ਨਿਵੇਸ਼ ਦੇ ਨਾਂਅ ਤੇ ਸੈਰ ਸਪਾਟੇ ’ਤੇ ਹਨ।
ਹੁਣ ਜਦ ਗਰਮੀ ਦੀ ਰੁੱਤ ਆ ਗਈ ਤਾਂ ਬਿਜਲੀ ਢਾਂਚੇ ਦੀ ਮੁਰੰਮਤ ਦੇ ਨਾਂ ’ਤੇ ਸਾਰੇ ਪੰਜਾਬ ਦੀ ਬਿਜਲੀ ਬੰਦ
ਕਰ ਦਿੱਤੀ। ਇਹ ਕੰਮ ਫਰਵਰੀ ਮਾਰਚ ਵਿਚ ਕੀਤਾ ਜਾ ਸਕਦਾ ਸੀ ਪਰ ਜਦ ਬਿਜਲੀ ਨਿਗਮ ਦਾ ਨਿਯਮਤ ਚੇਅਰਮੈਨ ਹੀ ਨਹੀਂ ਹੈ, ਤਾਂ ਫੈਸਲੇ ਕੌਣ ਕਰੇ?’’ ਦਿਨ ਵੇਲੇ ਸੂਰਜੀ ਬਿਜਲੀ ਦੀ ਉਪਲਬੱਧਤਾ ਕਾਰਨ ਗਰਿੱਡ ਤੋਂ ਪੰਜਾਬ ਨੂੰ ਸਸਤੀ ਬਿਜਲੀ ਮਿਲ ਸਕਦੀ ਹੈ ਤਾਂ ਉਦੋਂ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ। ਦਿਨ ਵੇਲੇ ਬਿਜਲੀ ਔਸਤ 1.50 ਤੋਂ 2 ਰੁਪਏ ਪ੍ਰਤੀ ਯੂਨਿਟ ਮਿਲਦੀ ਹੈ, ਜਦ ਕਿ ਰਾਤ ਸਮੇਂ ਨਿਗਮ ਨੂੰ ਉਹੀ ਬਿਜਲੀ 10 ਰੁਪਏ ਪ੍ਰਤੀ ਯੂਨਿਟ ਖ਼ਰੀਦ ਕਰਕੇ ਦੇਣੀ ਪੈਂਦੀ ਹੈ।
ਮੁਰੰਮਤ ਦੇ ਨਾਂ ’ਤੇ ਬਿਜਲੀ ਕੱਟ ਮੰਦਭਾਗੇ: ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ 10-12 ਘੰਟਿਆਂ ਤੱਕ ਦੇ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕੱਟ ਅਜਿਹੇ ਸਮੇਂ ਲਾਏ ਜਾ ਰਹੇ ਹਨ, ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਬਿਜਲੀ ਵਿਭਾਗ ਵੱਲੋਂ ਮੁਰੰਮਤ ਦੇ ਨਾਮ ’ਤੇ ਵੱਡੇ-ਵੱਡੇ ਕੱਟ ਲਾਏ ਜਾ ਰਹੇ ਹਨ, ਜਦ ਕਿ ਇਹ ਕੰਮ ਸਰਦੀਆਂ ਵਿੱਚ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਬਿਜਲੀ ਕੱਟ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਰਗੇ ਉਦਯੋਗਿਕ ਸ਼ਹਿਰਾਂ ਦੇ ਨਾਲ-ਨਾਲ ਪਟਿਆਲਾ ਅਤੇ ਬਠਿੰਡਾ ਵਿੱਚ ਵੀ ਲੱਗ ਰਹੇ ਹਨ। ਉਨ੍ਹਾਂ ਖਦਸ਼ਾ ਜਤਾਇਆ ਕਿ ਜਦੋਂ ਝੋਨੇ ਦੀ ਬਿਜਾਈ ਸ਼ੁਰੂ ਹੋਵੇਗੀ ਤਾਂ ਵੱਧ ਲੋਡ ਕਾਰਨ ਸਥਿਤੀ ਹੋਰ ਵਿਗੜ ਹੋ ਸਕਦੀ ਹੈ।
ਪੰਜਾਬ ’ਚ ਬਿਜਲੀ ਸੰਕਟ ਤੇ ਮੁੱਖ ਮੰਤਰੀ ਵਿਦੇਸ਼ੀ ਦੌਰੇ ’ਤੇ: ਰੰਧਾਵਾ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਯੂਰਪ ਦਾ ਦੌਰਾ ਕਰਕੇ ਉਦਯੋਗਿਕ ਨਿਵੇਸ਼ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੂਬੇ ਵਿੱਚ ਬਿਜਲੀ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਸਰਕਾਰ ਵਿਦੇਸ਼ਾਂ ਵਿੱਚ ਪੰਜਾਬ ਨੂੰ ਨਿਵੇਸ਼ ਲਈ ਢੁੱਕਵੇਂ ਰਾਜ ਵਜੋਂ ਪੇਸ਼ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਸੂਬੇ ਵਿੱਚ ਬਿਜਲੀ ਕੱਟ ਅਤੇ ਅਸਥਿਰ ਸਪਲਾਈ ਆਮ ਜੀਵਨ ਅਤੇ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਕਿਸੇ ਵੀ ਉਦਯੋਗਿਕ ਵਿਕਾਸ ਲਈ ਨਿਰਵਿਘਨ ਬਿਜਲੀ ਸਪਲਾਈ ਸਭ ਤੋਂ ਬੁਨਿਆਦੀ ਲੋੜ ਹੈ। ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਰਿਪੋਰਟਾਂ ਅਨੁਸਾਰ ਵਾਰ-ਵਾਰ ਬਿਜਲੀ ਬੰਦ ਹੋਣ, ਵੋਲਟੇਜ ਦੇ ਉਤਰਾਅ-ਚੜ੍ਹਾਅ ਕਰਕੇ ਉਪਕਰਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ।
Share this content:



Post Comment