ਪਾਕਿਸਤਾਨ ਵੱਲੋਂ ਭਾਰਤ ’ਚ ਹਾਕੀ ਖੇਡਣ ਤੋਂ ਨਾਂਹ
ਨਵੀਂ ਦਿੱਲੀ, 17 ਸਤੰਬਰ – ਭਾਰਤ-ਪਾਕਿਸਤਾਨ ਵਿਚਾਲੇ ਮੌਜੂਦਾ ਸੰਵੇਦਨਸ਼ੀਲ ਹਾਲਾਤ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਭਾਰਤ ਆਉਣ ਤੋਂ ਇਨਕਾਰ ਕਰਦਿਆਂ ਏਸ਼ਿਆਈ ਹਾਕੀ ਫੈਡਰੇਸ਼ਨ (ਏ ਐੱਚ ਐੱਫ) ਤੋਂ ਟੂਰਨਾਮੈਂਟ ਕਿਸੇ ਹੋਰ ਦੇਸ਼ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਹਾਕੀ ਇੰਡੀਆ ਦੇ ਸਕੱਤਰ ਜਨਰਲ ਅਤੇ ਏ ਐੱਚ ਐੱਫ ਦੇ ਮੀਤ ਪ੍ਰਧਾਨ ਭੋਲਾ ਨਾਥ ਸਿੰਘ ਨੇ ਇਹ ਮੰਗ ਸਿਰੇ ਤੋਂ ਰੱਦ ਕਰ ਦਿੱਤੀ ਹੈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਮੁਹਾਲੀ ਅਤੇ ਜਲੰਧਰ ਵਿੱਚ ਖੇਡਿਆ ਜਾਣਾ ਹੈ। ਭੋਲਾ ਨਾਥ ਨੇ ਸਪੱਸ਼ਟ ਕੀਤਾ ਕਿ ਮੈਚ ਦੀ ਥਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ, ਜੇ ਪਾਕਿਸਤਾਨ ਨੇ ਖੇਡਣਾ ਹੈ ਤਾਂ ਉਸ ਨੂੰ ਭਾਰਤ ਹੀ ਆਉਣਾ ਪਵੇਗਾ। ਜੇ ਪਾਕਿਸਤਾਨ ਆਪਣੀ ਜ਼ਿੱਦ ’ਤੇ ਅੜਿਆ ਰਿਹਾ ਤਾਂ ਉਸ ਦੀ ਥਾਂ ਬੰਗਲਾਦੇਸ਼ ਜਾਂ ਓਮਾਨ ਦੀ ਟੀਮ ਨੂੰ ਖਿਡਾਇਆ ਜਾਵੇਗਾ।
ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਮੋਹੀਉੱਦੀਨ ਅਹਿਮਦ ਵਾਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਾਂ ਤਾਂ ਪੂਰਾ ਟੂਰਨਾਮੈਂਟ ਕਿਸੇ ਹੋਰ ਥਾਂ ’ਤੇ ਤਬਦੀਲ ਕੀਤਾ ਜਾਵੇ ਜਾਂ ਫਿਰ ਸਿਰਫ਼ ਪਾਕਿਸਤਾਨ ਦੇ ਮੈਚ ਭਾਰਤ ਤੋਂ ਬਾਹਰ ਕਰਵਾਏ ਜਾਣ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਫ਼ੈਸਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅਪੂਰਨ ਹਾਲਾਤ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਫੈਡਰੇਸ਼ਨ ਦਾ ਮੁੱਖ ਮਕਸਦ ਆਪਣੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਯਕੀਨੀ ਬਣਾਉਣਾ ਹੈ ਤਾਂ ਜੋ ਟੀਮ ਬਿਨਾਂ ਕਿਸੇ ਰੁਕਾਵਟ ਦੇ ਇਸ ਅਹਿਮ ਟੂਰਨਾਮੈਂਟ ਵਿੱਚ ਹਿੱਸਾ ਲੈ ਸਕੇ।
Share this content:



Post Comment