Loading Now

ਜੇ ਪੰਜਾਬ ’ਚ ਅੱਜ ਚੋਣਾਂ ਹੋ ਜਾਣ ਤਾਂ ਕੌਣ ਜਿੱਤੂ?

ਜੇ ਪੰਜਾਬ ’ਚ ਅੱਜ ਚੋਣਾਂ ਹੋ ਜਾਣ ਤਾਂ ਕੌਣ ਜਿੱਤੂ?

ਜੇ ਪੰਜਾਬ ਵਿੱਚ ਅੱਜ ਹੀ ਚੋਣਾਂ ਕਰਵਾ ਲਈਆਂ ਜਾਣ ਤਾਂ ਕਿਹੜੀ ਸਿਆਸੀ ਧਿਰ ਜੇਤੂ ਰਹੇਗੀ? ਇਸ ਸਵਾਲ ਦਾ ਜਵਾਬ ਕਈ ਅਜਿਹੇ ਵੱਖ-ਵੱਖ ਮੁੱਦਿਆਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਦਾ ਦਾਇਰਾ ਬਹੁਤ ਵਿਸ਼ਾਲ ਹੈ, ਜਿਵੇਂ ਜੰਤਰ-ਮੰਤਰ ਤੋਂ ਸ਼ੁਰੂ ਹੋ ਕੇ ਹੁਣ ਝਾਰਖੰਡ ਤੱਕ ਜਾ ਪਹੁੰਚਿਆ ‘ਜੈੱਨ-ਜ਼ੀ’ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਜਿਸ ’ਚ ਪਿਛਲੇ ਮਹੀਨੇ ‘ਕੌਕਰੋਚ ਜਨਤਾ ਪਾਰਟੀ’ ਦੇ ਅੰਦੋਲਨ ਵਿੱਚ ਹਿੱਸਾ ਲੈਣ ਵਾਲੀਆਂ ਮਹਿਲਾ ਮੁਜ਼ਾਹਰਾਕਾਰੀਆਂ ਨੂੰ ਮਿਲੀਆਂ ਜਬਰ-ਜਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਸ਼ਾਮਲ ਹਨ। ਇਸ ਤੋਂ ਇਲਾਵਾ ਸੰਸਦ ਵਿੱਚ ਕੇਂਦਰ ਸਰਕਾਰ ਦਾ ਉਹ ਲਿਖਤੀ ਜਵਾਬ ਕਿ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਅਸਥਾਨ ਨਾਲ ਜੋੜਨ ਵਾਲਾ ਕਰਤਾਰਪੁਰ ਸਾਹਿਬ ਲਾਂਘਾ ਸੁਰੱਖਿਆ ਕਾਰਨਾਂ ਕਰਕੇ ਨਹੀਂ ਖੋਲ੍ਹਿਆ ਜਾਵੇਗਾ ਅਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਹੋਈ ਅਹਿਮ ਮੀਟਿੰਗ ਜਿਹੇ ਮੁੱਦੇ ਵੀ ਇਸ ਸਵਾਲ ਦਾ ਜਵਾਬ ’ਚ ਅਹਿਮ ਭੂਮਿਕਾ ਅਦਾ ਕਰਨਗੇ।

ਇੰਨਾ ਹੀ ਨਹੀਂ, ਇਸ ਸਭ ਦੇ ਨਾਲ-ਨਾਲ ਹਫ਼ਤੇ ਦੇ ਅਖੀਰ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਦਾ ਉਹ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਬੂਲਿਆ ਕਿ ‘ਜੈੱਨ-ਜ਼ੀ’ ਦੀਆਂ ਮੁਸ਼ਕਲਾਂ ਅਤੇ ਮੰਗਾਂ ‘ਅਸਲ ਸਨ’ ਅਤੇ ਨਾਲ ਹੀ ਉਨ੍ਹਾਂ ਇਹ ਵੀ ਜੋੜਿਆ ਕਿ ਜੰਗ ਦੀ ਸੂਰਤ ਨੂੰ ਛੱਡ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿੱਚ ਤਣਾਅ ਨਹੀਂ ਹੋਣਾ ਚਾਹੀਦਾ ਅਤੇ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਆਓ, ਮੈਂ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਾਂ ਕਿ ‘ਜੰਤਰ-ਮੰਤਰ ਤੋਂ ਬਾਅਦ ਵਾਲੇ ਭਾਰਤ’ ਵਿੱਚ ਇਹ ਸਾਰੇ ਵੱਖ-ਵੱਖ ਤਾਣੇ-ਬਾਣੇ ਆਪਸ ਵਿੱਚ ਕਿਸ ਤਰ੍ਹਾਂ ਜੁੜੇ ਹੋਏ ਹਨ।

ਸਭ ਤੋਂ ਪਹਿਲਾਂ, ਮੋਦੀ-ਬਾਦਲ ਮੀਟਿੰਗ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗੱਠਜੋੜ ਦੀ ਸੰਭਾਵਨਾ ਇੱਕ ਵਾਰ ਫਿਰ ਸਾਹਮਣੇ ਆ ਰਹੀ ਹੈ। ਦੋਵਾਂ ਧਿਰਾਂ ਨੇ ਆਪਣੀ ਸੁਤੰਤਰ ਪਹੁੰਚ ਅਤੇ ਆਧਾਰ ਨੂੰ ਸਾਬਤ ਕਰਨ ਲਈ ਪੂਰਾ ਜ਼ੋਰ ਲਾ ਲਿਆ ਪਰ ਕੋਈ ਵੀ ਯਤਨ ਕਾਰਗਰ ਸਾਬਤ ਨਹੀਂ ਹੋਇਆ। ਇਸ ਸਾਲ ਮਾਰਚ ਵਿੱਚ ਪੰਜਾਬ ਦੇ ਦਿਲ ਕਹਾਉਣ ਵਾਲੇ ਸ਼ਹਿਰ ਮੋਗਾ ਦੀ ਇੱਕ ਰੈਲੀ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਸਰੀ ਪੱਗ ਬੰਨ੍ਹ ਕੇ ਆਪਣੇ ਸਰੋਤਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਕਾਲੀ ਦਲ ਦਾ ‘ਛੋਟਾ ਭਾਈ’ ਬਣ ਕੇ ਰਹਿਣਾ ਬੰਦ ਕਰਨ। ਮੋਗਾ ਦੀ ਇਹ ਰੈਲੀ ਉਸ ਗੱਲਬਾਤ ਦੇ ਟੁੱਟਣ ਤੋਂ ਦੋ ਸਾਲ ਬਾਅਦ ਹੋਈ ਸੀ, ਜੋ 2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਮਿਤ ਸ਼ਾਹ ਅਤੇ ਸੁਖਬੀਰ ਬਾਦਲ ਵਿਚਕਾਰ ਹੋਈ ਸੀ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਸਿਰੇ ਨਹੀਂ ਸੀ ਚੜ੍ਹ ਸਕੀ। ਦਰਅਸਲ, ਭਾਜਪਾ ਬਰਾਬਰ ਦੀ ਹਿੱਸੇਦਾਰੀ ਚਾਹੁੰਦੀ ਸੀ ਅਤੇ ਸੁਖਬੀਰ ਬਾਦਲ ਇਸ ਲਈ ਤਿਆਰ ਨਹੀਂ ਸਨ।

ਸਪੱਸ਼ਟ ਹੈ ਕਿ ਸਿਆਸੀ ਸੂਝ-ਬੂਝ ਨੂੰ ਪਰਖਣ ਦਾ ਚੋਣਾਂ ਤੋਂ ਵੱਡਾ ਹੋਰ ਕੋਈ ਜ਼ਰੀਆ ਨਹੀਂ ਹੁੰਦਾ। ਪ੍ਰਧਾਨ ਮੰਤਰੀ ਜਾਣਦੇ ਹਨ ਕਿ ਪੰਜਾਬ ਵਿੱਚ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਜਿਵੇਂ ਕਿ ਡੇਰਾ ਸੱਚਖੰਡ ਬੱਲਾਂ (ਜਿੱਥੇ ਮੁੱਖ ਤੌਰ ’ਤੇ ਦਲਿਤ ਸਿੱਖ ਨਤਮਸਤਕ ਹੁੰਦੇ ਹਨ) ਦਾ ਦੌਰਾ ਕਰਨਾ, ਪਿਛਲੇ ਮਹੀਨੇ ਆਧੁਨਿਕ ਜਲੰਧਰ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਾ, ਤਜਰਬੇਕਾਰ ਅਤੇ ਸੂਝਵਾਨ ਸੁਨੀਲ ਜਾਖੜ ਦੀ ਜਗ੍ਹਾ ਇੱਕ ਜੱਟ ਸਿੱਖ ਆਗੂ ਕੇਵਲ ਢਿੱਲੋਂ ਨੂੰ ਸੂਬਾ ਪਾਰਟੀ ਪ੍ਰਧਾਨ ਬਣਾਉਣਾ, ਸਾਬਕਾ ਰਾਜਦੂਤ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ ਉਪ ਰਾਜਪਾਲ ਨਿਯੁਕਤ ਕਰਨਾ ਅਤੇ ਗੁਰੂ ਨਗਰੀ ਦੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕੇਸਰੀ ਪੱਗ ਬੰਨ੍ਹ ਕੇ ਪੰਜਾਬ ਵਿੱਚ ਸਿਆਸੀ ਤੇ ਹੋਰ ਸਮਾਗਮਾਂ ’ਚ ਸ਼ਾਮਿਲ ਹੋਣ ਲਈ ਭੇਜਣਾ ਆਦਿ ਸਭ ਬੇਕਾਰ ਸਾਬਤ ਹੋਣਗੇ ਜੇਕਰ ਉਹ 2020 ਦੀਆਂ ਉਨ੍ਹਾਂ ਨਾਖੁਸ਼ਗਵਾਰ ਯਾਦਾਂ ਨੂੰ ਮੌਜੂਦਾ ਸਮੇਂ ਵੀ ਭੁਲਾਉਣ ਵੱਲ ਨਹੀਂ ਤੁਰਨਗੇ, ਜਦੋਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕੀਤੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਐੱਨ ਡੀ ਏ ਦਾ ਸਾਥ ਛੱਡ ਦਿੱਤਾ ਸੀ। ਪ੍ਰਧਾਨ ਮੰਤਰੀ ਨੂੰ ਚੇਤੇ ਹੈ ਕਿ ਕੇਂਦਰ ਸਰਕਾਰ ਦੇ ਝੁਕਣ ਅਤੇ ਉਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਪਹਿਲਾਂ, ਮੁੱਖ ਤੌਰ ’ਤੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਨੂੰ ਪੂਰਾ ਇੱਕ ਸਾਲ ਘੇਰੀ ਰੱਖਿਆ ਸੀ।

ਪ੍ਰਧਾਨ ਮੰਤਰੀ ਇਹ ਵੀ ਚੰਗੀ ਤਰ੍ਹਾਂ ਸਮਝਦੇ ਹਨ ਕਿ ‘ਜੈੱਨ-ਜ਼ੀ’ ਦੇ ਪ੍ਰਦਰਸ਼ਨਾਂ ਨੇ ਨੌਜਵਾਨਾਂ ਦੇ ਮਨਾਂ ਵਿੱਚ ਲੰਬੇ ਸਮੇਂ ਤੋਂ ਸੁਲਗ਼ ਰਹੀ ਨਿਰਾਸ਼ਾ ਨੂੰ ਭਖਾ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਆਪਣਾ ਸਿਆਸੀ ਬਿਰਤਾਂਤ ਬਦਲਣਾ ਪਵੇਗਾ ਅਤੇ ਇਸ ਮਕਸਦ ਲਈ ਉਨ੍ਹਾਂ ਦੀ ਪਾਰਟੀ ਨੂੰ ਬੀਤੇ ਸਮੇਂ ਦੀਆਂ ਕੁਝ ਕੌੜੀਆਂ ਯਾਦਾਂ ਨੂੰ ਵੀ ਨਿਗਲਣਾ ਪਵੇਗਾ। ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੀ ਪਾਰਟੀ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਰਾਹੁਲ ਗਾਂਧੀ ‘ਜੈੱਨ-ਜ਼ੀ’ ਨਾਲ ਖੜ੍ਹਨ ਦਾ ਦਿਖਾਵਾ ਕਰਦਿਆਂ ਪੰਜਾਬ ਕਾਂਗਰਸ ਦਾ ਲੰਬਾ ਕਲੇਸ਼ ਸੁਲਝਾਉਣ ਦੀ ਬਜਾਏ ਕੁੱਤਿਆਂ ਦੀਆਂ ਵੀਡੀਓਜ਼ ਬਣਾਉਣ ਵਿੱਚ ਰੁੱਝੇ ਹੋਏ ਹਨ। ਕਾਂਗਰਸ ਦੇ ਇਸ ਵੱਡੇ ਆਗੂ ਦੀ ਬੇਰੁਖ਼ੀ ਇਸ ਗੱਲ ਤੋਂ ਸਾਫ਼ ਜ਼ਾਹਰ ਹੁੰਦੀ ਹੈ ਕਿ ਉਹ ਸੂਬੇ ਵਿੱਚ ਪਾਰਟੀ ਦੀ ਅਗਵਾਈ ਨੂੰ ਲੈ ਕੇ ਬਣਿਆ ਮਤਭੇਦ ਖ਼ਤਮ ਨਾ ਕਰਨ ਦੀ ਜ਼ਿੱਦ ਉੱਤੇ ਅੜੇ ਹੋਏ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਰਾਜਾ ਵੜਿੰਗ ਨੂੰ ਪ੍ਰਧਾਨ ਥਾਪਦਿਆਂ ਰਾਹੁਲ ਗਾਂਧੀ ਨੇ ਕਰਨ ਜੌਹਰ ਦੇ ਕਿਸੇ ਫ਼ਿਲਮੀ ਡਾਇਲਾਗ ਵਾਂਗ ਆਖਿਆ ਸੀ ‘ਕਹਿ ਦੀਆ, ਸੋ ਕਹਿ ਦੀਆ’ ਭਾਵੇਂ ਕਿ ਉਸ ਵੇਲੇ ਪੰਜਾਬ ਦਾ ਦੂਜਾ ਵੱਡਾ ਹਿੱਸਾ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਮੁਜ਼ਾਹਰੇ ਕਰ ਰਿਹਾ ਸੀ।

ਕਾਂਗਰਸ ਪਾਰਟੀ ਨੂੰ ਰੋਜ਼ਾਨਾ ਟੁਕੜਿਆਂ ਵਿੱਚ ਵੰਡੇ ਜਾਂਦਿਆਂ ਦੇਖ ਕੇ ਸ਼ਾਇਦ ਪ੍ਰਧਾਨ ਮੰਤਰੀ ਨੂੰ ਲੱਗਦਾ ਹੈ ਕਿ ‘ਆਪ’ ਖ਼ਿਲਾਫ਼ ਇੱਕ ਸਾਂਝਾ ਮੋਰਚਾ ਜਾਂ ਗੱਠਜੋੜ ਬਣਾਉਣ ਦਾ ਸਮਾਂ ਆ ਗਿਆ ਹੈ। ਕੀ ਭਾਜਪਾ ਉਨ੍ਹਾਂ ਕਈ ਅਕਾਲੀ ਦਲਾਂ ਲਈ ਇੱਕ ਅਣਐਲਾਨਿਆ ਕੇਂਦਰ ਬਣ ਸਕਦੀ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਵਧ ਰਹੇ ਦਬਦਬੇ ਕਾਰਨ ਮੂਲ ਪਾਰਟੀ ਤੋਂ ਟੁੱਟ ਕੇ ਵੱਖ ਹੋ ਗਏ ਹਨ? ਆਉਣ ਵਾਲੇ ਹਾਲਾਤ ਨੂੰ ਦੇਖਦਿਆਂ, ਕੀ ਇਸ ਵਿੱਚ ‘ਵਾਰਿਸ ਪੰਜਾਬ ਦੇ’ ਵੀ ਸ਼ਾਮਲ ਹੋ ਸਕਦੀ ਹੈ ਜਿਸ ਦਾ ਮੁੱਖ ਆਗੂ ਅੰਮ੍ਰਿਤਪਾਲ ਸਿੰਘ ਦੇਸ਼ ਵਿਰੋਧੀ ਸਰਗਰਮੀਆਂ ਕਾਰਨ ਜੇਲ੍ਹ ਵਿੱਚ ਬੰਦ ਹੈ? ਪਰ ਜ਼ਰਾ ਦੇਖੋ, ਇੱਥੇ ਇੱਕ ਹੋਰ ਉਲਝਣ ਵਾਲਾ ਮਾਮਲਾ ਮਨਪ੍ਰੀਤ ਸਿੰਘ ਇਆਲੀ ਦਾ ਹੈ, ਹੁਣ ਤੁਸੀਂ ਇਸ ਤੋਂ ਭਾਵੇਂ ਜੋ ਮਰਜ਼ੀ ਮਤਲਬ ਕੱਢ ਲਵੋ। ਉਹ ਇੱਕ ਪ੍ਰਭਾਵਸ਼ਾਲੀ ਸਾਬਕਾ ਅਕਾਲੀ ਆਗੂ ਹਨ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਵਾਰਿਸ ਪੰਜਾਬ ਦੇ’ ਦਾ ਪੱਲਾ ਫੜ ਲਿਆ ਹੈ। ਉਹ ਕੱਟੜਪੰਥੀ ਜਾਂ ਅਤਿਵਾਦੀ ਹੋਣ ਦੇ ਟੈਗ ਨੂੰ ਪੂਰੇ ਜ਼ੋਰ ਨਾਲ ਰੱਦ ਕਰਦਿਆਂ ਅੰਮ੍ਰਿਤਪਾਲ ਦੀ ਅਗਵਾਈ ਨੂੰ ਪ੍ਰਵਾਨ ਕਰਦੇ ਹਨ ਅਤੇ ਨਾਲ ਹੀ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਨ ਕਿ ਲੁਧਿਆਣਾ ਦੇ ਆਸ-ਪਾਸ ਉਨ੍ਹਾਂ ਦੇ ਰੀਅਲ-ਐਸਟੇਟ ਵਿਕਾਸ ਪ੍ਰੋਜੈਕਟਾਂ ਵਿੱਚ ਕਈ ਹਿੰਦੂ ਵੀ ਕੰਮ ਕਰ ਰਹੇ ਹਨ।

ਭਾਜਪਾ ਅਤੇ ‘ਵਾਰਿਸ ਪੰਜਾਬ ਦੇ’ ਬਾਰੇ ਉੱਡ ਰਹੀਆਂ ਅਫ਼ਵਾਹਾਂ ਨੂੰ ਪਰ੍ਹੇ ਰੱਖੀਏ ਤਾਂ ਵੀ ਪ੍ਰਧਾਨ ਮੰਤਰੀ ਜਾਣਦੇ ਹਨ ਕਿ ਸਿਆਸੀ ਤੌਰ ’ਤੇ ਵਾਰ ਕਰਨ ਅਤੇ ਆਪਣੀਆਂ ਜੜ੍ਹਾਂ ਹੋਰ ਡੂੰਘੀਆਂ ਕਰਨ ਦਾ ਇਹੀ ਸਹੀ ਸਮਾਂ ਹੈ। ਉਹ ਇਹ ਵੀ ਸਮਝਦੇ ਹਨ ਕਿ ਜੇ ਅੱਜ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉੱਤੇ ਚੋਣਾਂ ਹੋ ਜਾਣ ਤਾਂ ਭਾਜਪਾ ਨੂੰ ਚੋਣ ਲੜਨ ਲਈ ਲੋੜੀਂਦੇ ਉਮੀਦਵਾਰ ਵੀ ਨਹੀਂ ਲੱਭਣਗੇ। ਇਸ ਤੋਂ ਇਲਾਵਾ ਇਸ ਹਫ਼ਤੇ ਤਾਂ ਪਾਰਟੀ ਦੇ ਆਪਣੇ ਅੰਦਰੋਂ ਵੀ ਬਗ਼ਾਵਤ ਦੇ ਸੁਰ ਉੱਠ ਖੜ੍ਹੇ ਹਨ।

ਹੁਣ ਮੁੱਖ ਤੌਰ ’ਤੇ ਦੋ ਸਵਾਲ ਬਾਕੀ ਰਹਿ ਜਾਂਦੇ ਹਨ। ਪਹਿਲਾ, ਕਰਤਾਰਪੁਰ ਸਾਹਿਬ ਲਾਂਘੇ ਦਾ ਕੀ ਬਣੇਗਾ, ਜਿਸ ਨੂੰ ਖੁੱਲ੍ਹਵਾਉਣਾ ਹਰ ਪੰਜਾਬੀ ਦੀ ਦਿਲੀ ਇੱਛਾ ਹੈ, ਖ਼ਾਸ ਕਰਕੇ ਜਦੋਂ ਪਿਛਲੇ ਹਫ਼ਤੇ ਕੇਂਦਰ ਸਰਕਾਰ ਨੇ ਕਈ ਸਾਲਾਂ ਬਾਅਦ ਨਾਥੂ ਲਾ ਅਤੇ ਸ਼ਿਪਕੀ ਲਾ ਰਾਹੀਂ ਭਾਰਤ ਤੇ ਚੀਨ ਵਿਚਕਾਰ ਸਰਹੱਦੀ ਵਪਾਰ ਮੁੜ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਹਨ। ਇੱਥੋਂ ਤੱਕ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਜ਼ੋਰਦਾਰ ਵਕਾਲਤ ਕਰ ਰਹੇ ਹਨ। ਓਧਰ, ਖ਼ੁਦ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਪਾਕਿਸਤਾਨ ਸਾਡਾ ਦੁਸ਼ਮਣ ਨਹੀਂ ਹੈ। ਜੇਕਰ ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਕੋਈ ਆਪਸੀ ਸਤਿਕਾਰ ਵਾਲਾ ਵਿਚਕਾਰਲਾ ਰਾਹ ਕੱਢ ਲੈਣ ਤਾਂ ਕੀ ਪੰਜਾਬ ਭਾਜਪਾ ਵੱਲ ਝੁਕ ਸਕਦਾ ਹੈ?

ਇਸ ਤੋਂ ਇਲਾਵਾ ਦੂਜਾ ਵੱਡਾ ਸਵਾਲ ਇਹ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਨੌਜਵਾਨ ਭਾਰਤੀਆਂ ਦੀ ਉਸ ਨਿਰਾਸ਼ਾ ਨੂੰ ਅਸਲ ਵਿੱਚ ਸਮਝਦੇ ਹਨ ਜਿਸ ਦੇ ਪ੍ਰਮਾਣ ਜੰਤਰ-ਮੰਤਰ ਤੋਂ ਲੈ ਕੇ ਝਾਰਖੰਡ ਤੱਕ ਮਿਲ ਰਹੇ ਹਨ? ਸਾਫ਼ ਹੈ ਕਿ ਪ੍ਰਧਾਨ ਮੰਤਰੀ ਦੀਆਂ ਪੰਜ ਇੰਸਟਾਗ੍ਰਾਮ ਸੈਲਫ਼ੀ ਵੀਡੀਓਜ਼ ਅਤੇ ਮੋਹਨ ਭਾਗਵਤ ਨਾਲ ਹੋਈ ਇੰਟਰਵਿਊ, ਨੌਜਵਾਨਾਂ ਤੱਕ ਪਹੁੰਚ ਬਣਾਉਣ ਦੀ ਸਰਕਾਰੀ ਕੋਸ਼ਿਸ਼ ਦਾ ਹੀ ਹਿੱਸਾ ਹਨ। ‘ਜੈੱਨ-ਜ਼ੀ’ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਮਾਤਾ ਨੂੰ ਅਪਸ਼ਬਦ ਬੋਲਣ ਵਾਲੀ ਕੁੜੀ ਨੂੰ ਜਦੋਂ ਪੀ ਐੱਮ ਨੇ ਝਿੜਕਿਆ ਤਾਂ ਉਸ ਤੋਂ ਬਾਅਦ ਨੌਜਵਾਨ ਔਰਤਾਂ ਨੂੰ ਸੋਸ਼ਲ ਮੀਡੀਆ ’ਤੇ ਜਬਰ-ਜਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਜੋ ਸਿਲਸਿਲਾ ਤੁਰਿਆ, ਉਹ ਬਹੁਤ ਫ਼ਿਕਰਮੰਦੀ ਵਾਲਾ ਹੈ।

ਭਾਵੇਂ ਪੰਜਾਬ ਵਿੱਚ ਜੰਤਰ-ਮੰਤਰ ਦੀ ਹਮਾਇਤ ਵਿੱਚ ਇੱਕ ਵੀ ਰੋਸ ਪ੍ਰਦਰਸ਼ਨ ਨਾ ਹੋਇਆ ਹੋਵੇ ਅਤੇ ਕੋਈ ਇਹ ਤਰਕ ਵੀ ਦੇਵੇ ਕਿ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਪ੍ਰਦਰਸ਼ਨ ਕਰ ਰਹੇ ਹਨ, ਜਿੱਥੇ ਉਹ ਭਾਵੇਂ ਘੱਟ ਗਿਣਤੀ ਵਿੱਚ ਹੀ ਸਹੀ, ਪਰ ਲਗਾਤਾਰ ਪਰਵਾਸ ਕਰ ਰਹੇ ਹਨ। ਖ਼ੈਰ, ਇਹ ਸਚਾਈ ਆਪਣੀ ਜਗ੍ਹਾ ਅਟੱਲ ਹੈ ਕਿ ਸੋਸ਼ਲ ਮੀਡੀਆ ਨੇ ਦੁਨੀਆ ਭਰ ਦੇ ਲੋਕਾਂ ਨੂੰ ਇੱਕ ਸੂਤਰ ਵਿੱਚ ਪਰੋ ਦਿੱਤਾ ਹੈ ਅਤੇ ਇਸੇ ਲਈ ਹਰ ਸਿਆਸੀ ਪਾਰਟੀ ਨੂੰ ਆਪਣੀਆਂ ਚੋਣ ਮੁਹਿੰਮਾਂ ਵਿੱਚ, ਖ਼ਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਇਸ ਨਵੇਂ ‘ਐਕਸ-ਫੈਕਟਰ’ ਨੂੰ ਸਮਝਣਾ ਅਤੇ ਇਸ ਦਾ ਹਿਸਾਬ ਰੱਖਣਾ ਹੀ ਪਵੇਗਾ।

Share this content:

Post Comment