ਜੁਰਮ
ਜਦੋਂ ਵੀ ਜੇ ਕਦੇ ਤੇ ਕਿਤੇ ਜਗਮੋਹਨ ਦਾ ਜ਼ਿਕਰ ਆ ਜਾਂਦਾ ਤਾਂ ਗੁਰਸੇਵਕ ਦੇ ਦਿਮਾਗ਼ ਵਿੱਚ ਇਹ ਖ਼ਿਆਲ ਬਦਲੇ ਦੀ ਅੱਗ ਦਾ ਤੂਫ਼ਾਨ ਬਣ ਕੇ ਦੌੜਨ ਲੱਗਦਾ। ਅੱਜ ਗੁਰਸੇਵਕ ਦੀ ਪਤਨੀ, ਜਿਸ ਨੂੰ ਉਹ ਪਿਆਰ ਨਾਲ ਰਾਜੋ ਕਿਹਾ ਕਰਦਾ ਸੀ, ਦੀ ਦਸਵੀਂ ਬਰਸੀ ਸੀ। ਉਸ ਦੀ ਆਤਮਾ ਦੀ ਸ਼ਾਂਤੀ ਲਈ ਘਰ ਵਿੱਚ ਕੀਰਤਨ ਤੇ ਲੰਗਰ ਕਰਵਾਇਆ ਗਿਆ। ਕੁਝ ਦੋਸਤ ਤੇ ਰਿਸ਼ਤੇਦਾਰ ਆਏ, ਗੁਰਸੇਵਕ ਤੇ ਉਸ ਦੇ ਦੋਵੇਂ ਬੇਟਿਆਂ ਨਾਲ ਹਮਦਰਦੀ ਪ੍ਰਗਟਾਈ, ਕੀਰਤਨ ਸੁਣਿਆ, ਅਰਦਾਸ ਵਿੱਚ ਸ਼ਾਮਲ ਹੋਏ, ਲੰਗਰ ਛਕਿਆ ਤੇ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਗੁਰਸੇਵਕ ਕੋਲ ਉਸ ਦੇ ਦੋਵੇਂ ਬੇਟੇ ਰਹਿ ਗਏ। ਰਾਤ ਪਈ ਤਾਂ ਦੋਵੇਂ ਬੇਟੇ ਆਪਣੇ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ।
ਗੁਰਸੇਵਕ ਆਪਣੇ ਕਮਰੇ ਵਿੱਚ ਆ ਗਿਆ। ਸੌਣ ਲਈ ਪਲੰਘ ’ਤੇ ਲੇਟ ਗਿਆ। ਸਾਹਮਣੇ ਕੰਧ ’ਤੇ ਲੱਗੀ ਰਾਜੋ ਦੀ ਤਸਵੀਰ ਵੇਖਣ ਲੱਗਾ। ਨੀਂਦ ਤਾਂ ਕਿਤੇ ਪਰ ਲਾ ਕੇ ਉੱਡ ਗਈ। ਗੁਰਸੇਵਕ ਰਾਜੋ ਨਾਲ ਬਿਤਾਈ ਜ਼ਿੰਦਗੀ ਯਾਦ ਕਰਨ ਲੱਗਾ। ਉਸ ਨਾਲ ਉਸ ਨੂੰ ਆਪਣੀ ਲਾਡਲੀ ਧੀ ਸਿੰਮੀ ਵੀ ਯਾਦ ਆਉਣ ਲੱਗੀ ਤੇ ਫਿਰ ਯਾਦ ਆ ਗਿਆ ਬੁੱਕਲ ਦਾ ਸੱਪ ਜਗਮੋਹਨ।
ਗੁਰਸੇਵਕ ਉਸ ਵਕਤ ਵਿੱਚ ਪਹੁੰਚ ਗਿਆ ਜਦੋਂ ਉਸ ਦਾ ਇੱਕ ਹੱਸਦਾ ਵੱਸਦਾ ਪਰਿਵਾਰ ਹੁੰਦਾ ਸੀ। ਉਸ ਦੀ ਪਤਨੀ ਰਾਜੋ, ਇੱਕ ਵੱਡਾ ਬੇਟਾ ਜਿਸ ਨੂੰ ਪਿਆਰ ਨਾਲ ਰਾਜਾ ਕਹਿ ਕੇ ਬੁਲਾਇਆ ਜਾਂਦਾ ਸੀ, ਇੱਕ ਸੁੱਖਾਂ ਲੱਧੀ ਪਿਆਰੀ ਜਿਹੀ ਧੀ ਜਿਸ ਨੂੰ ਸਾਰੇ ਸਿੰਮੀ ਕਹਿ ਕੇ ਬੁਲਾਉਂਦੇ ਸਨ ਅਤੇ ਸਭ ਤੋਂ ਛੋਟਾ ਬੇਟਾ ਬਿੱਲੂ ਤਾਂ ਸਭ ਦਾ ਖਿਡੌਣਾ ਸੀ। ਗੁਰਸੇਵਕ ਨੂੰ ਯਾਦ ਆਉਣ ਲੱਗਾ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਸਿਡਨੀ ਵਿੱਚ ਰਹਿੰਦਿਆਂ ਪੰਜ ਕੁ ਸਾਲ ਹੋ ਚੁੱਕੇ ਸਨ। ਭਾਰਤ ਵਿੱਚ 1984 ਦੇ ਘੱਲੂਘਾਰੇ ਤੋਂ ਬਾਅਦ ਇਹ ਪਰਿਵਾਰ ਇੱਥੇ ਆਸਟਰੇਲੀਆ ਵਿੱਚ ਪੱਕੇ ਤੌਰ ’ਤੇ ਵੱਸ ਗਿਆ ਸੀ। ਬਹੁਤ ਹੱਸਦਾ ਵੱਸਦਾ ਪਰਿਵਾਰ ਸੀ।
ਗੁਰਸੇਵਕ ਕੋਲ ਇੱਕ ਕਾਰ ਹੁੰਦੀ ਸੀ ਜਿਸ ਵਿੱਚ ਸਵੇਰ ਵੇਲੇ ਉਹ ਪਹਿਲਾਂ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ਛੱਡਦਾ, ਫਿਰ ਰਾਜੋ ਨੂੰ ਉਸ ਦੇ ਦਫ਼ਤਰ ਤੇ ਫਿਰ ਆਪ ਆਪਣੇ ਦਫ਼ਤਰ ਚਲਾ ਜਾਂਦਾ। ਉਸ ਦਾ ਘਰ ਬੱਚਿਆਂ ਦੇ ਸਕੂਲ ਤੋਂ ਕਾਫ਼ੀ ਨੇੜੇ ਸੀ ਅਤੇ ਰਾਜੋ ਦਾ ਦਫ਼ਤਰ ਵੀ ਕੋਈ ਜ਼ਿਆਦਾ ਦੂਰ ਨਹੀਂ ਸੀ। ਜੇ ਪੈਦਲ ਜਾਣਾ ਪਵੇ ਤਾਂ ਦਸ ਕੁ ਮਿੰਟ ਹੀ ਲੱਗਦੇ ਸਨ। ਜਦੋਂ ਸਕੂਲ ਛੁੱਟੀ ਹੁੰਦੀ ਤਾਂ ਰਾਜਾ ਆਪਣੀ ਛੋਟੀ ਭੈਣ ਤੇ ਛੋਟੇ ਭਰਾ ਨੂੰ ਲੈ ਕੇ ਘਰ ਆ ਜਾਂਦਾ। ਉਸ ਕੋਲ ਦਰਵਾਜ਼ਾ ਖੋਲ੍ਹਣ ਦੀ ਚਾਬੀ ਹੁੰਦੀ ਸੀ ਜਿਸ ਨਾਲ ਉਹ ਦਰਵਾਜ਼ਾ ਖੋਲ੍ਹ ਲੈਂਦੇ ਅਤੇ ਤਿੰਨੇ ਭੈਣ-ਭਰਾ ਅੰਦਰ ਆ ਜਾਂਦੇ। ਅੰਦਰ ਆ ਕੇ ਸਭ ਤੋਂ ਪਹਿਲਾਂ ਰਾਜਾ ਇਹ ਕੰਮ ਕਰਦਾ ਕਿ ਟੈਲੀਫੋਨ ਕਰਕੇ ਆਪਣੇ ਮੰਮੀ-ਪਾਪਾ ਨੂੰ ਦੱਸ ਦਿੰਦਾ ਕਿ ਉਹ ਸਾਰੇ ਘਰ ਆ ਗਏ ਹਨ ਤੇ ਸਾਰੇ ਠੀਕ ਠਾਕ ਹਨ। ਸ਼ਾਮ ਨੂੰ ਇਹ ਪਰਿਵਾਰ ਇਕੱਠਾ ਹੋ ਜਾਂਦਾ ਤੇ ਹੱਸਦੀ ਵੱਸਦੀ ਜ਼ਿੰਦਗੀ ਦਾ ਆਨੰਦ ਮਾਣਦਾ।
ਗੁਰਸੇਵਕ ਨੂੰ ਯਾਦ ਆਇਆ ਕਿ ਕਿਵੇਂ ਉਸ ਦੇ ਪਰਿਵਾਰ ਦੀ ਜ਼ਿੰਦਗੀ ਹੱਸਦੀ ਵੱਸਦੀ ਤੁਰੀ ਜਾ ਰਹੀ ਸੀ। ਇੱਕ ਦਿਨ ਟੈਲੀਫੋਨ ਦੀ ਘੰਟੀ ਵੱਜੀ। ਗੁਰਸੇਵਕ ਨੇ ਟੈਲੀਫੋਨ ਦਾ ਰਸੀਵਰ ਚੁੱਕਿਆ, ਕੰਨ ਨਾਲ ਲਾਇਆ ਤੇ ਹੈਲੋ ਕਿਹਾ। ਅੱਗੋਂ ਆਵਾਜ਼ ਆਈ, ‘‘ਸਤਿ ਸ੍ਰੀ ਅਕਾਲ ਬੇਟੇ। ਮੈਂ ਪੂਰਨ ਸਿੰਘ ਜਲੰਧਰੋਂ ਬੋਲ ਰਿਹਾ ਹਾਂ।’’
‘‘ਸਤਿ ਸ੍ਰੀ ਅਕਾਲ ਮਾਮਾ ਜੀ।’’ ਗੁਰਸੇਵਕ ਨੇ ਜਵਾਬ ਦਿੱਤਾ।
‘‘ਅੱਜ ਕਿਵੇਂ ਸਾਡੀ ਯਾਦ ਆ ਗਈ ? ਸਭ ਠੀਕ ਠਾਕ ਹੈ ਨਾ ?’’ ਗੁਰਸੇਵਕ ਨੇ ਫਿਰ ਪੁੱਛਿਆ।
ਪੂਰਨ ਸਿੰਘ, ਰਾਜੋ ਦੇ ਮਾਮਾ ਜੀ ਸਨ। ਰਸਮੀ ਜਿਹੀ ਗੱਲਬਾਤ ਹੋਈ। ਇੱਕ ਦੂਜੇ ਦਾ ਹਾਲ-ਚਾਲ ਪੁੱਛਿਆ। ਫਿਰ ਪੂਰਨ ਸਿੰਘ ਮਾਮਾ ਜੀ ਕਹਿਣ ਲੱਗੇ, ‘‘ਬੇਟਾ! ਇੱਕ ਮਦਦ ਚਾਹੀਦੀ ਸੀ।’’
‘‘ਦੱਸੋ ਮਾਮਾ ਜੀ ! ਅਸੀਂ ਕੀ ਮਦਦ ਕਰ ਸਕਦੇ ਹਾਂ ?’’ ਗੁਰਸੇਵਕ ਨੇ ਬਹੁਤ ਹੀ ਹਲੀਮੀ ਨਾਲ ਪੁੱਛਿਆ।
‘‘’ਬੇਟਾ ! ਤੁਸੀਂ ਜਾਣਦੇ ਹੋ ਨਾ ਮੰਗਲ ਸਿੰਘ ਬਾਰੇ ?’’ ਮਾਮਾ ਜੀ ਨੇ ਪੁੱਛਿਆ।
‘‘ਹਾਂ ਮਾਮਾ ਜੀ ! ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਉਹੀ ਨਾ ਜਿਹੜੇ ਮਾਮੀ ਜੀ ਦੇ ਵੱਡੇ ਭਰਾ ਹਨ।’’ ਗੁਰਸੇਵਕ ਨੇ ਸਹਿਮਤੀ ਪ੍ਰਗਟ ਕੀਤੀ।
‘‘ਆਹੋ ਬੇਟਾ ! ਉਹੀ ਮੰਗਲ ਸਿੰਘ।’’ ਮਾਮਾ ਜੀ ਨੇ ਗੱਲ ਅੱਗੇ ਤੋਰੀ।
‘‘ਮੰਗਲ ਸਿੰਘ ਦੇ ਸਹੁਰਿਆਂ ਵਿੱਚੋਂ ਇੱਕ ਪਰਿਵਾਰ ਤੁਹਾਡੇ ਸਿਡਨੀ ਵਿੱਚ ਪਹੁੰਚ ਰਿਹਾ ਹੈ। ਉਨ੍ਹਾਂ ਨੂੰ ਆਸਟਰੇਲੀਆ ਦਾ ਪੱਕਾ ਵੀਜ਼ਾ ਮਿਲ ਗਿਆ ਹੈ।
ਉਸ ਦਾ ਨਾਮ ਜਗਮੋਹਨ ਸਿੰਘ ਹੈ ਜੋ ਆਪਣੀ ਪਤਨੀ, ਇੱਕ ਬੇਟਾ ਤੇ ਇੱਕ ਬੇਟੀ ਨਾਲ ਸਿਡਨੀ ਪਹੁੰਚ ਰਹੇ ਹਨ। ਸਿਡਨੀ ਵਿੱਚ ਉਨ੍ਹਾਂ ਦਾ ਕੋਈ ਨਹੀਂ। ਮੈਂ ਤੁਹਾਡੇ ਬਾਰੇ ਉਨ੍ਹਾਂ ਨੂੰ ਦੱਸ ਦਿੱਤਾ ਹੈ। ਉਹ ਥੋੜ੍ਹੇ ਦਿਨ ਤੁਹਾਡੇ ਕੋਲ ਰਹਿਣਗੇ। ਤੁਸੀਂ ਉਨ੍ਹਾਂ ਨੂੰ ਘਰ ਲੱਭਣ ਵਿੱਚ ਤੇ ਹੋਰ ਵੀ ਲੋੜੀਂਦੀ ਮਦਦ ਕਰ ਦੇਣਾ। ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ?’’
‘‘ਨਹੀਂ ਮਾਮਾ ਜੀ ! ਸਾਨੂੰ ਇਤਰਾਜ਼ ਕਿਉਂ ਹੋਵੇਗਾ। ਸਾਨੂੰ ਤਾਂ ਸਗੋਂ ਖ਼ੁਸ਼ੀ ਹੋਵੇਗੀ ਕਿ ਕੋਈ ਆਪਣਾ ਸਾਡੇ ਕੋਲ ਆ ਰਿਹਾ ਹੈ।’’
ਗੁਰਸੇਵਕ ਨੇ ਮਾਮਾ ਜੀ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਯਕੀਨ ਦਿਵਾਇਆ।
ਗੁਰਸੇਵਕ ਨੂੰ ਉਹ ਦਿਨ ਵੀ ਯਾਦ ਆਇਆ ਜਦੋਂ ਉਹ ਜਗਮੋਹਨ ਅਤੇ ਉਸ ਦੇ ਪਰਿਵਾਰ ਨੂੰ ਸਿਡਨੀ ਏਅਰਪੋਰਟ ਮਿਲਿਆ ਸੀ। ਜਗਮੋਹਨ ਉਸ ਦੇ ਪੈਰਾਂ ਵੱਲ ਝੁਕ ਕੇ ਬੋਲਿਆ ਸੀ, ‘‘ਪੈਰੀਂ ਪੈਂਦਾ ਹਾਂ ਵੀਰ ਜੀ।’’ ਗੁਰਸੇਵਕ ਜਗਮੋਹਨ ਦੇ ਪਰਿਵਾਰ ਨੂੰ ਆਪਣੇ ਘਰ ਲੈ ਆਇਆ।
ਘਰ ਆ ਕੇ ਜਗਮੋਹਨ ਨੇ ਗੁਰਸੇਵਕ ਨੂੰ ਜੋ ਪਹਿਲੀ ਗੱਲ ਆਖੀ, ਉਹ ਇਹ ਸੀ: ‘‘’ਤੁਸੀਂ ਸਾਡੇ ਵੱਡੇ ਵੀਰ ਜੀ ਹੋ। ਮੈਂ ਤੇ ਮੇਰੀ ਪਤਨੀ ਪਾਲੀ ਤੁਹਾਨੂੰ ਵੀਰ ਜੀ ਹੀ ਕਿਹਾ ਕਰਾਂਗੇ।’’
ਗੁਰਸੇਵਕ ਨੂੰ ਸਭ ਯਾਦ ਆਉਣ ਲੱਗਾ। ਦੋਵੇਂ ਪਰਿਵਾਰ ਗੁਰਸੇਵਕ ਦੇ ਘਰ ਵਿੱਚ ਰਹਿਣ ਲੱਗੇ। ਗੁਰਸੇਵਕ ਦੀ ਪਤਨੀ ਰਾਜੋ ਅਤੇ ਜਗਮੋਹਨ ਦੀ ਪਤਨੀ ਪਾਲੀ ਵੀ ਆਪੋ ਵਿੱਚ ਰਲ-ਮਿਲ ਗਈਆਂ। ਗੁਰਸੇਵਕ ਦਾ ਬੇਟਾ ਰਾਜਾ ਅਤੇ ਜਗਮੋਹਨ ਦਾ ਬੇਟਾ ਦੋਸਤ ਬਣ ਗਏ। ਸਕੂਲ ਵਿੱਚ ਇੱਕੋ ਜਮਾਤ ਵਿੱਚ ਜਾਣ ਲੱਗੇ। ਗੁਰਸੇਵਕ ਦੀ ਬੇਟੀ ਸਿੰਮੀ ਅਤੇ ਜਗਮੋਹਨ ਦੀ ਬੇਟੀ ਵੀ ਇੱਕੋ ਜਮਾਤ ਵਿੱਚ ਜਾਣ ਲੱਗ ਪਈਆਂ। ਬਿੱਲੂ ਤਾਂ ਜਿਵੇਂ ਸਭ ਨੂੰ ਇੱਕ ਖਿਡੌਣਾ ਮਿਲ ਗਿਆ ਹੋਵੇ। ਸਾਰੇ ਉਸ ਨੂੰ ਬਹੁਤ ਪਿਆਰ ਕਰਦੇ। ਜਗਮੋਹਨ ਨੂੰ ਸਿਡਨੀ ਵਿੱਚ ਰਹਿ ਕੇ ਜੋ ਵੀ ਮਦਦ ਚਾਹੀਦੀ ਸੀ, ਗੁਰਸੇਵਕ ਕਦੇ ਵੀ ਪਿੱਛੇ ਨਹੀਂ ਹਟਿਆ। ਜੇ ਕਦੇ ਪੈਸੇ ਦੀ ਲੋੜ ਪਈ ਤਾਂ ਉਹ ਵੀ ਕੀਤੀ। ਕਿਸੇ ਵੀਕਐਂਡ ’ਤੇ ਗੁਰਸੇਵਕ ਦੋਵਾਂ ਪਰਿਵਾਰਾਂ ਨੂੰ ਪਿਕਨਿਕ ’ਤੇ ਲੈ ਜਾਂਦਾ। ਕਦੇ ‘ਸਿਡਨੀ ਸ਼ਹਿਰ’ ਤੇ ‘ਹਾਰਬਰ ਬ੍ਰਿਜ’ ਵਿਖਾ ਲਿਆਉਂਦਾ ਤੇ ਕਦੇ ਹੋਰ ਥਾਵਾਂ ਦੀ ਸੈਰ ਕਰਵਾ ਦਿੰਦਾ।
ਕਦੇ ਕਿਆਮਾ ਸ਼ਹਿਰ ਦੇ ਮਸ਼ਹੂਰ ‘ਬਲੋ ਹੋਲ’ ’ਤੇ ਚਲੇ ਜਾਂਦੇ ਤੇ ਕਦੇ ਦੋਵੇਂ ਪਰਿਵਾਰ ਕਿਸੇ ਸੋਹਣੀ ਜਿਹੀ ਬੀਚ ’ਤੇ ਖ਼ੁਸ਼ੀਆਂ ਮਨਾਉਂਦੇ। ਦੋਵੇਂ ਪਰਿਵਾਰ ਆਪਸ ਵਿੱਚ ਘੁਲ-ਮਿਲ ਗਏ ਤੇ ਦੋਵਾਂ ਪਰਿਵਾਰਾਂ ਦੀ ਦੋਸਤੀ ਵੀ ਵਧਦੀ ਗਈ।
ਗੁਰਸੇਵਕ ਅਤੇ ਜਗਮੋਹਨ ਤਾਂ ਜਿਵੇਂ ਕਈ ਸਾਲਾਂ ਦੇ ਵਿੱਛੜੇ ਹੋਏ ਦੋਸਤ ਮਿਲੇ ਹੋਣ। ਹੌਲੀ ਹੌਲੀ ਜਗਮੋਹਨ ਦੇ ਸਾਰੇ ਕੰਮ ਹੁੰਦੇ ਗਏ। ਉਸ ਨੂੰ ਉਸ ਦੀ ਮਰਜ਼ੀ ਦੀ ਨੌਕਰੀ ਮਿਲ ਗਈ। ਕਿਰਾਏ ਦਾ ਫਲੈਟ ਲੈਣ ਲਈ ਜਗਮੋਹਨ ਨੂੰ ਥੋੜ੍ਹੀ ਮੁਸ਼ਕਿਲ ਆਈ। ਜਗਮੋਹਨ ਕੋਲ ਪੇਸ਼ਗੀ ਲਈ ਪੈਸੇ ਨਹੀਂ ਸਨ। ਉਸ ਦੀ ਇਹ ਲੋੜ ਵੀ ਗੁਰਸੇਵਕ ਨੇ ਪੂਰੀ ਕਰ ਦਿੱਤੀ ਅਤੇ ਜਗਮੋਹਨ ਆਪਣੇ ਪਰਿਵਾਰ ਨਾਲ ਕਿਰਾਏ ਦੇ ਫਲੈਟ ਵਿੱਚ ਰਹਿਣ ਲੱਗ ਪਿਆ।
ਸਮਾਂ ਬੀਤਦਾ ਗਿਆ। ਦੋਵੇਂ ਪਰਿਵਾਰ ਇੱਕ-ਦੂਜੇ ਨਾਲ ਮਿਲਦੇ ਵਰਤਦੇ ਰਹੇ। ਜਗਮੋਹਨ ਨੇ ਨੌਕਰੀ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਹ ਇੱਕ ਰਾਜਨੀਤਕ ਪਾਰਟੀ ਦਾ ਮੈਂਬਰ ਵੀ ਬਣ ਗਿਆ।
ਪੰਜਾਬ ਤੋਂ ਕਈ ਨੌਜਵਾਨ ਮੁੰਡੇ-ਕੁੜੀਆਂ ਸਟੂਡੈਂਟ ਵੀਜ਼ਾ ’ਤੇ ਆਉਂਦੇ ਤਾਂ ਉਨ੍ਹਾਂ ਨੂੰ ਆਸਟਰੇਲੀਆ ਵਿੱਚ ਪੱਕਾ ਹੋਣ ਲਈ ਮਦਦ ਕਰਦਾ। ਕਦੇ ਕਦੇ ਗੁਰਸੇਵਕ ਨਾਲ ਰਾਜਨੀਤੀ ਦੀ ਗੱਲ ਕਰਦਾ ਤਾਂ ਆਖਦਾ;
‘‘ਵੀਰ ਜੀ! ਕੱਲ੍ਹ ਨੂੰ ਇਨ੍ਹਾਂ ਵਿਦਿਆਰਥੀਆਂ ਨੇ ਹੀ ਮੈਨੂੰ ਵੋਟ ਪਾ ਕੇ ਪਾਰਲੀਮੈਂਟ ਵਿੱਚ ਭੇਜਣਾ ਹੈ। ਇੱਕ ਵਾਰੀ ਮੈਂ ਪਾਰਲੀਮੈਂਟ ਵਿੱਚ ਪਹੁੰਚ ਗਿਆ ਤਾਂ ਇਹ ਸਾਰੀ ਜਨਤਾ ਮੇਰੇ ਅੱਗੇ ਪਿੱਛੇ ਘੁੰਮੇਗੀ।’’
ਗੁਰਸੇਵਕ ਜਗਮੋਹਨ ਦੇ ਰਾਜਨੀਤੀ ਵਾਲੇ ਖ਼ਿਆਲਾਂ ਨੂੰ ਜਾਣ ਕੇ ਚੁੱਪ ਜਿਹਾ ਕਰ ਜਾਂਦਾ। ਗੁਰਸੇਵਕ ਅਜੇ ਵੀ ਜਾਗ ਰਿਹਾ ਸੀ। ਪਲੰਘ ’ਤੇ ਲੇਟਿਆ ਹੀ ਉਹ ਸਾਹਮਣੇ ਕੰਧ ’ਤੇ ਲੱਗੀ ਰਾਜੋ ਦੀ ਤਸਵੀਰ ਨਾਲ ਗੱਲਾਂ ਕਰੀ ਜਾਂਦਾ ਅਤੇ ਪਿਛਲੀ ਜ਼ਿੰਦਗੀ ਨੂੰ ਯਾਦ ਕਰੀ ਜਾਂਦਾ। ਉਸ ਨੂੰ ਯਾਦ ਆਇਆ ਕਿ ਇੱਕ ਦਿਨ ਜਗਮੋਹਨ ਇੱਕ ਹੋਰ ਸੱਜਣ ਨਾਲ ਗੁਰਸੇਵਕ ਦੇ ਘਰ ਆਇਆ। ਉਸ ਸੱਜਣ ਬਾਰੇ ਦੱਸਣ ਲੱਗਾ ਕਿ ਉਸ ਦਾ ਨਾਮ ਗੁਰਮੀਤ ਸਿੰਘ ਹੈ ਅਤੇ ਉਸ ਦੇ ਰਿਸ਼ਤੇਦਾਰਾਂ ਵਿੱਚੋਂ ਹੈ। ਗੁਰਮੀਤ ਦੀ ਉਮਰ ਤਕਰੀਬਨ ਤੀਹ ਸਾਲ ਦੇ ਆਲੇ-ਦੁਆਲੇ ਹੋਵੇਗੀ। ਜਗਮੋਹਨ ਨੇ ਇਹ ਦੱਸਿਆ ਕਿ ਗੁਰਮੀਤ ਸ਼ਾਦੀਸ਼ੁਦਾ ਹੈ ਅਤੇ ਜਿਉਂ ਹੀ ਉਹ ਇੱਥੇ ਪੱਕਾ ਹੋਇਆ ਤਾਂ ਆਪਣੀ ਪਤਨੀ ਨੂੰ ਲੈ ਆਏਗਾ।
ਪਹਿਲਾਂ ਪਹਿਲਾਂ ਤਾਂ ਗੁਰਮੀਤ, ਜਗਮੋਹਨ ਨਾਲ ਗੁਰਸੇਵਕ ਦੇ ਘਰ ਆਉਂਦਾ ਸੀ, ਫਿਰ ਇਕੱਲਾ ਵੀ ਕਦੇ ਕਦੇ ਆ ਜਾਂਦਾ। ਉਹ ਗੁਰਸੇਵਕ ਤੇ ਰਾਜੋ ਦੀ ਬਹੁਤ ਇੱਜ਼ਤ ਕਰਦਾ ਸੀ। ਆਉਂਦਿਆਂ ਹੀ ਝੁਕ ਕੇ ਦੋਵਾਂ ਦੇ ਪੈਰੀਂ ਹੱਥ ਲਾਉਂਦਾ ਤੇ ‘ਪੈਰੀਂ ਪੈਂਦਾ ਹਾਂ ਜੀ’ ਕਹਿੰਦਾ। ਕਦੇ ਕਦੇ ਚਾਕਲੇਟ ਦਾ ਡੱਬਾ ਤੇ ਕਦੇ ਕਦੇ ਫੁੱਲਾਂ ਦਾ ਗੁਲਦਸਤਾ ਵੀ ਲੈ ਆਉਂਦਾ। ਉਹ ਗੁਰਸੇਵਕ ਅਤੇ ਰਾਜੋ ਦਾ ਵਿਸ਼ਵਾਸ ਜਿੱਤ ਚੁੱਕਾ ਸੀ।
ਸਮਾਂ ਬੀਤਦਾ ਗਿਆ। ਇੱਕ ਹਫ਼ਤੇ ਬਾਅਦ ਗੁਰਸੇਵਕ ਦੀ ਲਾਡਾਂ ਪਲੀ ਬੇਟੀ ਸਿੰਮੀ ਨੇ ਸੋਲ੍ਹਾਂ ਸਾਲ ਦੀ ਹੋਣਾ ਸੀ। ਆਸਟਰੇਲੀਆ ਵਿੱਚ ਕਿਸੇ ਬੱਚੇ ਦਾ ਸੋਲ੍ਹਾਂ ਸਾਲਾਂ ਦਾ ਹੋਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਸੋਲ੍ਹਾਂ ਸਾਲਾਂ ਦਾ ਬੱਚਾ ਆਪਣੀ ਮਰਜ਼ੀ ਕਰ ਸਕਦਾ ਹੈ। ਉਸ ਦੇ ਮਾਂ-ਬਾਪ ਜਾਂ ਕੋਈ ਹੋਰ ਵੀ ਉਸ ਦੇ ਕਿਸੇ ਵੀ ਆਜ਼ਾਦ ਖ਼ਿਆਲ ਵਿੱਚ ਦਖਲ ਨਹੀਂ ਦੇ ਸਕਦੇ। ਸੋਲ੍ਹਾਂ ਸਾਲਾਂ ਦਾ ਬੱਚਾ ਆਪਣੇ ਆਜ਼ਾਦ ਖ਼ਿਆਲ ਨਾਲ ਕੁਝ ਵੀ ਕਰ ਸਕਦਾ ਹੈ।
ਗੁਰਸੇਵਕ ਆਪਣੀ ਰਾਜੋ ਦੀ ਫੋਟੋ ਵੱਲ ਵੇਖਦਾ ਹੋਇਆ ਯਾਦ ਕਰੀ ਜਾ ਰਿਹਾ ਸੀ। ਉਹ ਤੇ ਉਸ ਦੀ ਰਾਜੋ ਨੂੰ ਬਹੁਤ ਚਾਅ ਸੀ ਉਸ ਦਿਨ ਦਾ ਜਦੋਂ ਉਨ੍ਹਾਂ ਦੀ ਪਿਆਰੀ ਜਿਹੀ, ਲਾਡਲੀ ਜਿਹੀ ਤੇ ਸੁੱਖਾਂ ਲੱਧੀ ਸਿੰਮੀ ਸੋਲ੍ਹਾਂ ਸਾਲਾਂ ਦੀ ਹੋ ਜਾਏਗੀ। ਉਸ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਸ਼ੁਰੂ ਹੋ ਗਈ। ਇੱਕ ਸ਼ਾਮ ਜਗਮੋਹਨ ਦਾ ਫੋਨ ਆਇਆ। ਗੁਰਸੇਵਕ ਨੇ ਫੋਨ ਦਾ ਰਸੀਵਰ ਚੁੱਕਿਆ, ਕੰਨ ਨਾਲ ਲਾਇਆ ਤੇ ਹੈਲੋ ਕਿਹਾ। ਜਗਮੋਹਨ ਨੇ ਹਮੇਸ਼ਾਂ ਵਾਂਗ ‘ਪੈਰੀਂ ਪੈਂਦਾ ਹਾਂ ਵੀਰ ਜੀ’ ਕਿਹਾ। ਥੋੜ੍ਹੀ ਜਿਹੀ ਇੱਧਰ ਉੱਧਰ ਦੀ ਗੱਲਬਾਤ ਕੀਤੀ ਤੇ ਫਿਰ ਜਗਮੋਹਨ ਕਹਿਣ ਲੱਗਾ, ‘‘ਵੀਰ ਜੀ ! ਇੱਕ ਬੇਨਤੀ ਹੈ।’’
ਗੁਰਸੇਵਕ ਨੇ ਬੜੇ ਪਿਆਰ ਨਾਲ ਪੁੱਛਿਆ, ‘‘ਜਗਮੋਹਨ ਦੱਸ ! ਤੇਰੇ ਲਈ ਮੈਂ ਕੀ ਕਰ ਸਕਦਾ ਹਾਂ।’’ ਜਗਮੋਹਨ ਕਹਿਣ ਲੱਗਾ;
‘‘ਵੀਰ ਜੀ ! ਆਉਂਦੇ ਸ਼ਨਿਚਰਵਾਰ ਨੂੰ ਤੁਹਾਡੀ ਸਿੰਮੀ ਦਾ ਜਨਮ ਦਿਨ ਹੈ। ਉਸ ਨੇ ਸੋਲ੍ਹਾਂ ਸਾਲਾਂ ਦੀ ਹੋ ਜਾਣਾ ਹੈ। ਅਸੀਂ ਚਾਹੁੰਦੇ ਹਾਂ ਕਿ ਉਸ ਦਾ ਇਹ ਜਨਮ ਦਿਨ ਅਸੀਂ ਆਪਣੇ ਘਰ ਮਨਾਈਏ। ਮੇਰੀ ਬੇਨਤੀ ਹੈ ਕਿ ਤੁਸੀਂ ਸਿੰਮੀ ਨੂੰ ਇਕੱਲਿਆਂ ਸਾਡੇ ਘਰ ਛੱਡ ਜਾਓ। ਜੇ ਕਿਸੇ ਕਾਰਨ ਤੁਸੀਂ ਨਹੀਂ ਆ ਸਕਦੇ ਤਾਂ ਮੈਂ ਆਪ ਆ ਕੇ ਸਿੰਮੀ ਨੂੰ ਤੁਹਾਡੇ ਘਰੋਂ ਲੈ ਆਵਾਂਗਾ। ਅਸੀਂ ਉਸ ਦਾ ਜਨਮ ਦਿਨ ਮਨਾਵਾਂਗੇ। ਤੁਸੀਂ ਉਸ ਦਾ ਜਨਮ ਦਿਨ ਇੱਕ ਦੋ ਹਫ਼ਤੇ ਬਾਅਦ ਮਨਾ ਲੈਣਾ।’’
ਗੁਰਸੇਵਕ ਦਾ ਮੱਥਾ ਠਣਕਿਆ। ਇਹ ਕਿਸ ਤਰ੍ਹਾਂ ਦਾ ਜਨਮ ਦਿਨ ਹੈ। ਕਿਤੇ ਨਾ ਕਿਤੇ ਕੁਝ ਗ਼ਲਤ ਹੈ। ਗੁਰਸੇਵਕ ਦੇ ਹੱਥੋਂ ਫੋਨ ਡਿੱਗ ਪਿਆ। ਉਹ ਘਬਰਾ ਜਿਹਾ ਗਿਆ। ਕਿਤੇ ਨਾ ਕਿਤੇ ਕੁਝ ਗ਼ਲਤ ਹੈ ਜਾਂ ਬਹੁਤ ਗ਼ਲਤ। ਉਹ ਚੱਕਰ ਖਾ ਕੇ ਡਿੱਗਣ ਲੱਗਾ। ਕੰਧ ਦਾ ਸਹਾਰਾ ਲਿਆ ਤੇ ਕੋਲ ਪਈ ਕੁਰਸੀ ’ਤੇ ਬੈਠ ਗਿਆ। ਉਸ ਨੂੰ ਜਾਪਿਆ ਕਿ ਉਸ ਦਾ ਸਰੀਰ ਇੱਕ ਸ਼ਮਸ਼ਾਨਘਾਟ ਹੈ ਜਿਸ ਅੰਦਰ ਅਣਗਿਣਤ ਸਿਵੇ ਹਨ। ਪਤਾ ਨਹੀਂ ਕਿਹੜੇ ਵੇਲੇ ਕਿਸ ਨੇ ਕਿਹੜੇ ਸਿਵੇ ਨੂੰ ਅੱਗ ਲਾ ਦੇਣੀ ਹੈ। ਗੁਰਸੇਵਕ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੀ ਰਾਜੋ ਨੂੰ ਜ਼ੋਰ ਦੀ ਆਵਾਜ਼ ਦਿੱਤੀ,
‘‘ਰਾਜੋ..।’’
ਰਾਜੋ ਰਸੋਈ ਵਿੱਚ ਆਟਾ ਗੁੰਨ੍ਹ ਰਹੀ ਸੀ। ਨਾਲ ਉਸ ਨੇ ਦੁੱਧ ਨੂੰ ਉਬਾਲਾ ਦੇਣ ਲਈ ਚੁੱਲ੍ਹੇ ’ਤੇ ਰੱਖਿਆ ਹੋਇਆ ਸੀ। ਆਪਣੇ ਪਤੀ ਦੀ ਜ਼ੋਰਦਾਰ ਆਵਾਜ਼ ਸੁਣ ਕੇ ਰਾਜੋ ਘਬਰਾ ਗਈ। ਆਟੇ ਨੂੰ ਵਿੱਚੇ ਛੱਡ ਕੇ ਆਪਣੇ ਲਿੱਬੜੇ ਹੋਏ ਹੱਥਾਂ ਨਾਲ ਦੌੜਦੀ ਹੋਈ ਉਸ ਕੋਲ ਆਈ। ਗੁਰਸੇਵਕ ਨੇ ਰਾਜੋ ਨੂੰ ਸਾਰੀ ਗੱਲ ਦੱਸੀ।
ਉਹ ਤਾਂ ਹੋਰ ਵੀ ਘਬਰਾ ਗਈ। ਗੁਰਸੇਵਕ ਨੇ ਰਾਜੋ ਨੂੰ ਸਲਾਹ ਦਿੱਤੀ ਕਿ ਉਹ ਸਿੰਮੀ ਨੂੰ ਪੁੱਛੇ ਕਿ ਇਸ ਬਾਰੇ ਉਸ ਨੂੰ ਪਤਾ ਹੈ ਜਾਂ ਨਹੀਂ। ਰਾਜੋ ਨੇ ਆਪਣੇ ਪਤੀ ਨੂੰ ਹੌਸਲਾ ਦਿੱਤਾ ਕਿ ਏਨਾ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ। ਵਾਹਿਗੁਰੂ ਸਭ ਠੀਕ ਕਰੇਗਾ।
ਭਾਵੇਂ ਰਾਜੋ ਨੇ ਗੁਰਸੇਵਕ ਨੂੰ ਹੌਸਲਾ ਦਿੱਤਾ, ਪਰ ਆਪ ਉਹ ਅੰਦਰੋਂ ਬਾਹਰੋਂ ਹਿੱਲ ਗਈ ਸੀ। ਉਸ ਦੀ ਛਾਤੀ ਵਿੱਚ ਪੀੜ ਜਿਹੀ ਹੋਣ ਲੱਗ ਪਈ। ਜਿਉਂ ਹੀ ਉਹ ਵਾਪਸ ਰਸੋਈ ਵਿੱਚ ਆਈ ਤਾਂ ਉਸ ਨੇ ਵੇਖਿਆ ਕਿ ਉਸ ਦਾ ਦੁੱਧ ਉੱਬਲ ਚੁੱਕਾ ਸੀ।
ਗੁਰਸੇਵਕ ਨੂੰ ਯਾਦ ਆਇਆ ਕਿ ਉਹ ਕਿਸੇ ਕੰਮ ਦਾ ਬਹਾਨਾ ਕਰ ਕੇ ਘਰੋਂ ਬਾਹਰ ਚਲਾ ਗਿਆ ਸੀ। ਰਾਜੋ ਨੇ ਸਿੰਮੀ ਨੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਬੁਲਾਇਆ। ਕਦੇ ਪਿਆਰ ਨਾਲ ਤੇ ਕਦੇ ਗੁੱਸੇ ਨਾਲ ਪੁੱਛਿਆ। ਸਿੰਮੀ ਨੇ ਸਾਰੀ ਸੱਚਾਈ ਉਗਲ ਦਿੱਤੀ। ਉਸ ਨੇ ਦੱਸ ਦਿੱਤਾ ਕਿ ਉਸ ਦਿਨ ਜਗਮੋਹਨ ਅੰਕਲ ਨੇ ਉਸ ਦੇ ਸੋਲ੍ਹਵੇਂ ਜਨਮ ਦਿਨ ਮਨਾਉਣ ਦੇ ਨਾਲ ਨਾਲ ਉਸ ਦਾ ਵਿਆਹ ਗੁਰਮੀਤ ਨਾਲ ਕਰ ਦੇਣਾ ਹੈ। ਵਿਆਹ ਤੋਂ ਅਗਲੇ ਦਿਨ ਉਨ੍ਹਾਂ ਨੇ ਮੈਲਬੌਰਨ ਵਿਖੇ ਗੁਰਮੀਤ ਦੇ ਮਾਮੇ ਦੇ ਘਰ ਚਲੇ ਜਾਣਾ ਹੈ। ਸਿੰਮੀ ਨੇ ਇਹ ਵੀ ਮੰਨ ਲਿਆ ਕਿ ਉਸ ਦਾ ਤੇ ਗੁਰਮੀਤ ਦਾ ਪਿਆਰ ਤਕਰੀਬਨ ਇੱਕ ਸਾਲ ਤੋਂ ਚੱਲ ਰਿਹਾ ਹੈ ਅਤੇ ਇਸ ਨੂੰ ਕਾਮਯਾਬ ਕਰਨ ਲਈ ਜਗਮੋਹਨ ਅੰਕਲ ਮਦਦ ਕਰਦੇ ਰਹੇ ਹਨ।
ਗੁਰਮੀਤ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਜਦੋਂ ਉਹ ਮੇਰੇ ਨਾਲ ਵਿਆਹ ਤੋਂ ਬਾਅਦ ਪੱਕਾ ਹੋ ਜਾਏਗਾ, ਉਹ ਭਾਰਤ ਜਾ ਕੇ ਆਪਣੀ ਪਤਨੀ ਨੂੰ ਤਲਾਕ ਦੇ ਆਵੇਗਾ। ਇਹ ਸਭ ਕੁਝ ਜਾਣ ਕੇ ਰਾਜੋ ਤਾਂ ਗੁੰਮ ਸੁੰਮ ਹੀ ਹੋ ਗਈ। ਜਦੋਂ ਇਹ ਸਭ ਕੁਝ ਗੁਰਸੇਵਕ ਨੂੰ ਪਤਾ ਲੱਗਾ ਤਾਂ ਉਸ ਨੂੰ ਤਾਂ ਜਿਵੇਂ ਦਿਲ ਦਾ ਦੌਰਾ ਪੈਣ ਲੱਗਾ ਹੋਵੇ। ਉਸ ਦਾ ਦਿਮਾਗ਼ ਫਟਣ ’ਤੇ ਆ ਗਿਆ। ਦੋਵਾਂ ਨੂੰ ਰੋਂਦਿਆਂ ਵੇਖ ਕੇ ਸਿੰਮੀ ਉਨ੍ਹਾਂ ਦੇ ਕੋਲ ਆਈ ਤੇ ਮੁਆਫ਼ੀ ਮੰਗਣ ਲੱਗ ਪਈ। ਦੋਵਾਂ ਨੇ ਉਸ ਨੂੰ ਸਮਝਾਇਆ ਕਿ ਅਜੇ ਤਾਂ ਉਸ ਦੀ ਉਮਰ ਬਹੁਤ ਛੋਟੀ ਹੈ। ਅਜੇ ਤਾਂ ਉਸ ਨੇ ਪੜ੍ਹਾਈ ਕਰ ਕੇ ਆਪਣੀ ਜ਼ਿੰਦਗੀ ਸੰਵਾਰਨੀ ਹੈ। ਗੁਰਮੀਤ ਦੀ ਉਮਰ ਉਸ ਦੀ ਉਮਰ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਸਿੰਮੀ ਨੇ ਸਭ ਕੁਝ ਮੰਨ ਕੇ ਦਰਬਾਰ ਸਾਹਿਬ ਦੀ ਤਸਵੀਰ ਅੱਗੇ ਖੜ੍ਹੇ ਹੋ ਕੇ ਸਹੁੰ ਖਾ ਲਈ ਕਿ ਉਹ ਹਮੇਸ਼ਾਂ ਆਪਣੇ ਮੰਮੀ-ਪਾਪਾ ਦੇ ਕਹਿਣੇ ਵਿੱਚ ਰਹੇਗੀ।
ਗੁਰਸੇਵਕ ਤੇ ਰਾਜੋ ਨੇ ਆਪਣੀ ਸੁੱਖਾਂ ਲੱਧੀ ਧੀ ਸਿੰਮੀ ਦਾ ਸੋਲ੍ਹਵਾਂ ਜਨਮ ਦਿਨ ਮਨਾਇਆ ਤਾਂ ਜ਼ਰੂਰ, ਪਰ ਅੰਦਰੋਂ ਖ਼ੁਸ਼ ਨਹੀਂ ਹੋਏ। ਉਨ੍ਹਾਂ ਦੀ ਖ਼ੁਸ਼ੀ ਤਾਂ ਕਿਸੇ ਖੂਹ ਖਾਤੇ ਪੈ ਚੁੱਕੀ ਸੀ। ਗੁਰਸੇਵਕ ਹਮੇਸ਼ਾਂ ਵਾਂਗ ਬੱਚਿਆਂ ਨੂੰ ਸਵੇਰੇ ਸਕੂਲ ਛੱਡ ਕੇ ਤੇ ਆਪਣੀ ਰਾਜੋ ਨੂੰ ਉਸ ਦੇ ਦਫ਼ਤਰ ਛੱਡ ਕੇ ਆਪਣੇ ਕੰਮ ’ਤੇ ਚਲਾ ਜਾਂਦਾ।
ਇੱਕ ਦਿਨ ਸਿੰਮੀ ਦੇ ਸਕੂਲ ਦੇ ਪ੍ਰਿੰਸੀਪਲ ਦਾ ਗੁਰਸੇਵਕ ਦੇ ਦਫ਼ਤਰ ਵਿੱਚ ਫੋਨ ਆਇਆ। ਪ੍ਰਿੰਸੀਪਲ ਨੇ ਗੁਰਸੇਵਕ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਘਰ ਨਹੀਂ ਆਏਗੀ। ਬੇਟੀ ਦੇ ਕਹਿਣ ’ਤੇ ਉਸ ਨੂੰ ਸਰਕਾਰ ਨੇ ਉਸ ਡਿਪਾਰਟਮੈਂਟ ਵਿੱਚ ਭੇਜ ਦਿੱਤਾ ਹੈ ਜਿੱਥੇ ਉਹ ਬੱਚੇ ਰਹਿੰਦੇ ਹਨ ਜਿਹੜੇ ਆਪਣੇ ਮਾਂ-ਬਾਪ ਨਾਲ ਨਹੀਂ ਰਹਿਣਾ ਚਾਹੁੰਦੇ। ਪ੍ਰਿੰਸੀਪਲ ਦੇ ਕਹਿਣ ਮੁਤਾਬਿਕ ਸਿੰਮੀ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਸ ਦੇ ਮਾਤਾ-ਪਿਤਾ ਅਤੇ ਵੱਡਾ ਭਰਾ ਉਸ ਦਾ ਕਤਲ ਕਰਨਾ ਚਾਹੁੰਦੇ ਹਨ।
ਗੁਰਸੇਵਕ ਅਤੇ ਰਾਜੋ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਮਿਲੇ। ਉਸ ਅੱਗੇ ਹੱਥ ਜੋੜੇ, ਤਰਲੇ ਕੀਤੇ, ਬੇਨਤੀਆਂ ਕੀਤੀਆਂ ਕਿ ਉਨ੍ਹਾਂ ਦੀ ਬੇਟੀ ਨੂੰ ਵਾਪਸ ਲੈ ਆਏ। ਉਨ੍ਹਾਂ ਪ੍ਰਿੰਸੀਪਲ ਨੂੰ ਦੱਸਿਆ ਕਿ ਸਿੰਮੀ ਜਗਮੋਹਨ ਅਤੇ ਗੁਰਮੀਤ ਦੇ ਉਕਸਾਵੇ ਵਿੱਚ ਆਈ ਹੋਈ ਹੈ। ਅਜੇ ਗੱਲਬਾਤ ਚੱਲ ਰਹੀ ਸੀ ਕਿ ਸਰਕਾਰੀ ਡਿਪਾਰਟਮੈਂਟ ਤੋਂ ਪ੍ਰਿੰਸੀਪਲ ਨੂੰ ਫੋਨ ਆਇਆ ਤੇ ਉਸ ਨੂੰ ਦੱਸਿਆ ਗਿਆ ਕਿ ਦੋ ਸਿੱਖ ਆਦਮੀ ਜਿਨ੍ਹਾਂ ਦੇ ਨਾਮ ਜਗਮੋਹਨ ਸਿੰਘ ਅਤੇ ਗੁਰਮੀਤ ਸਿੰਘ ਹਨ, ਇੱਕ ਵਕੀਲ ਨੂੰ ਲੈ ਕੇ ਆਏ ਅਤੇ ਸਿੰਮੀ ਨੂੰ ਆਪਣੇ ਨਾਲ ਲੈ ਗਏ ਹਨ। ਡਿਪਾਰਟਮੈਂਟ ਸਿੰਮੀ ਨੂੰ ਰੋਕ ਨਹੀਂ ਸਕਿਆ ਕਿਉਂਕਿ ਉਸ ਦੀ ਉਮਰ ਸੋਲ੍ਹਾਂ ਸਾਲ ਦੀ ਹੋ ਚੁੱਕੀ ਸੀ।
ਪ੍ਰਿੰਸੀਪਲ ਨੂੰ ਸਮਝ ਆ ਗਈ ਕਿ ਗੁਰਸੇਵਕ ਅਤੇ ਰਾਜੋ ਬਿਲਕੁਲ ਠੀਕ ਕਹਿ ਰਹੇ ਹਨ। ਉਸ ਨੂੰ ਬਦਨਸੀਬ ਮਾਂ-ਬਾਪ ਨਾਲ ਹਮਦਰਦੀ ਹੋ ਗਈ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਪੁਲੀਸ ਵਿੱਚ ਰਿਪੋਰਟ ਦਰਜ ਕਰਾਉਣ। ਪੁਲੀਸ ਵਿੱਚ ਰਿਪੋਰਟ ਦਰਜ ਕਰਵਾ ਕੇ ਗੁਰਸੇਵਕ ਅਤੇ ਰਾਜੋ ਘਰ ਆ ਗਏ। ਹੁਣ ਤੱਕ ਤਾਂ ਉਨ੍ਹਾਂ ਨੇ ਆਪਣੇ ਪੁੱਤਰਾਂ ਰਾਜਾ ਅਤੇ ਬਿੱਲੂ ਕੋਲੋਂ ਸਭ ਕੁਝ ਛੁਪਾ ਕੇ ਰੱਖਿਆ ਸੀ, ਪਰ ਅੱਜ ਉਨ੍ਹਾਂ ਨੇ ਸਾਰੀ ਕਹਾਣੀ ਉਨ੍ਹਾਂ ਨੂੰ ਦੱਸ ਦਿੱਤੀ।
ਸਾਰੀ ਕਹਾਣੀ ਸੁਣ ਕੇ ਬਿੱਲੂ ਨੂੰ ਤਾਂ ਜਿਵੇਂ ਕੁਝ ਸਮਝ ਹੀ ਨਾ ਆਇਆ ਹੋਵੇ। ਇਕਦਮ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗ ਪਿਆ। ਰਾਜੇ ਨੂੰ ਜਦੋਂ ਸਾਰੀ ਕਹਾਣੀ ਬਾਰੇ ਪਤਾ ਲੱਗਾ, ਉਹ ਤਾਂ ਦਿਨ ਰਾਤ ਗੁੱਸੇ ਵਿੱਚ ਭਾਂਬੜ ਹੋਈ ਫਿਰਨ ਲੱਗਾ। ਬਸ ਇਹੀ ਕਹੀ ਜਾਏ ਕਿ ਉਹ ਜਗਮੋਹਨ ਤੇ ਗੁਰਮੀਤ ਦਾ ਕਤਲ ਕਰ ਕੇ ਜੇਲ੍ਹ ਚਲਾ ਜਾਏਗਾ। ਆਪਣੇ ਜਵਾਨ ਪੁੱਤਰ ਦੀ ਇਹ ਹਾਲਤ ਵੇਖ ਕੇ ਗੁਰਸੇਵਕ ਤੇ ਰਾਜੋ ਘਬਰਾਉਣ ਲੱਗੇ। ਘਬਰਾਉਣ ਕੀ ਲੱਗੇ, ਬਸ ਡਰ ਹੀ ਗਏ।
ਕਿਤੇ ਸੱਚੀਂ ਮੁੱਚੀਂ ਹੀ ਇਹ ਜਵਾਨੀ ਕੋਈ ਕਾਰਾ ਨਾ ਕਰ ਦੇਵੇ। ਉਨ੍ਹਾਂ ਨੇ ਕਿਸੇ ਤਰ੍ਹਾਂ ਤਰਲਾ ਮਿੰਨਤਾਂ ਕਰ ਕੇ ਉਸ ਨੂੰ ਮਨਾ ਲਿਆ ਕਿ ਉਹ ਇੱਕ ਮਹੀਨੇ ਲਈ ਭਾਰਤ ਆਪਣੇ ਤਾਇਆ ਜੀ ਕੋਲ ਚਲਾ ਜਾਏ। ਗੁਰਸੇਵਕ ਅਜੇ ਵੀ ਰਾਜੋ ਦੀ ਤਸਵੀਰ ਨਾਲ ਗੱਲਾਂ ਕਰੀ ਜਾ ਰਿਹਾ ਸੀ।
‘‘ਤੈਨੂੰ ਯਾਦ ਹੈ ਨਾ ਰਾਜੋ ਕਿ ਅਸੀਂ ਦੋਵਾਂ ਨੇ ਆਪਣੀ ਸਿੰਮੀ ਵਾਪਸ ਲਿਆਉਣ ਲਈ ਬਹੁਤ ਭੱਜ ਦੌੜ ਕੀਤੀ ਸੀ, ਪਰ ਕਾਮਯਾਬ ਨਹੀਂ ਸੀ ਹੋਏ। ਇੱਥੇ ਆਸਟਰੇਲੀਆ ਦੇ ਕਾਨੂੰਨ ਹੀ ਇਹੋ ਜਿਹੇ ਨੇ ਜਿਨ੍ਹਾਂ ਸਾਡੀ ਇੱਕ ਨਾ ਚੱਲਣ ਦਿੱਤੀ।’’
‘‘ਰਾਜੋ ! ਤੈਨੂੰ ਯਾਦ ਹੈ ਨਾ ਕਿ ਥੱਕ ਹਾਰ ਕੇ ਅਸੀਂ ਆਪਣੀ ਬਚੀ ਹੋਈ ਜ਼ਿੰਦਗੀ ਨੂੰ ਸੰਵਾਰਨ ਲੱਗ ਪਏ ਸਾਂ, ਪਰ ਇਹ ਬਿੱਖਰੀ ਹੋਈ ਜ਼ਿੰਦਗੀ ਸੰਵਰੀ ਨਹੀਂ ਸਗੋਂ ਹੋਰ ਬਿੱਖਰ ਗਈ। ਰਾਜੋ! ਤੂੰ ਤਾਂ ਮੈਨੂੰ ਜ਼ਿੰਦਗੀ ਜਿਊਣ ਦਾ ਹੌਸਲਾ ਦਿੰਦੀ ਰਹੀ, ਪਰ ਆਪ ਆਪਣੀ ਧੀ ਦੇ ਗ਼ਮ ਵਿੱਚ ਸੁੱਕਣਾ ਸ਼ੁਰੂ ਕਰ ਦਿੱਤਾ। ਦਿਨੋ ਦਿਨ ਸੁੱਕਦੀ ਹੀ ਗਈ।’’
ਰਾਜੋ ਦੀ ਤਸਵੀਰ ਨਾਲ ਗੱਲਾਂ ਕਰਦਾ ਕਰਦਾ ਆਪ ਉਸ ਸਮੇਂ ਵਿੱਚ ਚਲਾ ਗਿਆ ਜਦੋਂ ਇੱਕ ਸਵੇਰ ਗੁਰਸੇਵਕ ਉੱਠਿਆ, ਗੁਸਲਖ਼ਾਨੇ ਗਿਆ, ਫਿਰ ਰਸੋਈ ਵਿੱਚ ਗਿਆ, ਚਾਹ ਬਣਾਈ, ਦੋ ਕੱਪ ਚਾਹ ਦੇ ਟਰੇਅ ਵਿੱਚ ਰੱਖੇ ਤੇ ਆਪਣੀ ਰਾਜੋ ਨੂੰ ਜਗਾਉਣ ਲਈ ਕਮਰੇ ਵਿੱਚ ਆਇਆ। ਰਾਜੋ ਮੂੰਹ ਮੋੜ ਕੇ ਲੇਟੀ ਹੋਈ ਸੀ। ਗੁਰਸੇਵਕ ਨੇ ਬੜੇ ਪਿਆਰ ਨਾਲ ਇੱਕ ਹੋਕਾ ਲਾਇਆ;
‘‘ਚਾਹ ਗਰਮ…।’’ ਅੱਗੋਂ ਕੋਈ ਜਵਾਬ ਨਾ ਆਇਆ। ਗੁਰਸੇਵਕ ਨੇ ਫਿਰ ਆਵਾਜ਼ ਦਿੱਤੀ;
‘‘ਰਾਜੋ ! ਉੱਠੋ, ਚਾਹ ਠੰਢੀ ਹੋ ਰਹੀ ਹੈ।’’ ਫਿਰ ਕੋਈ ਜਵਾਬ ਨਹੀਂ ਮਿਲਿਆ। ਰਾਜੋ ਮੂੰਹ ਮੋੜ ਕੇ ਲੇਟੀ ਰਹੀ। ਗੁਰਸੇਵਕ ਘਬਰਾ ਜਿਹਾ ਗਿਆ।
ਉਸ ਨੇ ਚਾਹ ਵਾਲੀ ਟਰੇਅ ਕਮਰੇ ਦੀ ਨੁੱਕਰ ਵਿੱਚ ਪਏ ਮੇਜ਼ ’ਤੇ ਰੱਖ ਕੇ ਆਪਣੀ ਰਾਜੋ ਨੂੰ ਮੋਢੇ ਤੋਂ ਫੜ ਕੇ ਹਿਲਾਇਆ। ਬੜੇ ਪਿਆਰ ਨਾਲ ਕਿਹਾ,
‘‘ਉੱਠੋ ਡਾਰਲਿੰਗ ! ਚਾਹ ਪੀ ਲਓ।’’
ਜਵਾਬ ਫਿਰ ਵੀ ਕੋਈ ਨਾ ਮਿਲਿਆ। ਗੁਰਸੇਵਕ ਨੇ ਰਾਜੋ ਦਾ ਮੂੰਹ ਆਪਣੇ ਵੱਲ ਕਰ ਲਿਆ। ਰਾਜੋ ਅਜੇ ਵੀ ਇੰਝ ਜਾਪ ਰਹੀ ਸੀ ਜਿਵੇਂ ਘੂਕ ਸੁੱਤੀ ਪਈ ਹੋਵੇ। ਗੁਰਸੇਵਕ ਤਾਂ ਬਹੁਤ ਜ਼ਿਆਦਾ ਘਬਰਾ ਗਿਆ। ਘਬਰਾਹਟ ਵਿਚ ਹੀ ਉਸ ਨੇ ਕਿੰਨੀਆਂ ਹੀ ਉੱਚੀ ਉੱਚੀ ਆਵਾਜ਼ਾਂ ਲਗਾ ਦਿੱਤੀਆਂ,
‘‘ਰਾਜੋ…ਰਾਜੋ…ਰਾਜੋ…।’’
ਗੁਰਸੇਵਕ ਪਾਗਲ ਜਿਹਾ ਹੋ ਗਿਆ। ਫਿਰ ਆਪਣੇ ਆਪ ਨੂੰ ਸੰਭਾਲਿਆ ਤੇ ਐਂਬੂਲੈਂਸ ਨੂੰ ਫੋਨ ਕਰ ਦਿੱਤਾ। ਫਿਰ ਰਾਜਾ ਤੇ ਬਿੱਲੂ ਨੂੰ ਵੀ ਉਨ੍ਹਾਂ ਦੇ ਕਮਰਿਆਂ ਵਿੱਚੋਂ ਬੁਲਾ ਲਿਆ। ਪਰਿਵਾਰ ਵਿੱਚ ਇੱਕ ਦੁੱਖ ਦੀ ਲਹਿਰ ਜਿਹੀ ਛਾ ਗਈ।
ਐਂਬੂਲੈਂਸ ਆਈ। ਐਂਬੂਲੈਂਸ ਵਾਲਿਆਂ ਨੇ ਰਾਜੋ ਨੂੰ ਚੈੱਕ ਕੀਤਾ ਤੇ ਫਿਰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਆਪਣੀ ਲਾਡਲੀ ਪਤਨੀ ਰਾਜੋ ਤੇ ਆਪਣੀ ਸੁੱਖਾਂ ਲੱਧੀ ਧੀ ਸਿੰਮੀ ਤੋਂ ਬਗੈਰ ਗੁਰਸੇਵਕ ਤਾਂ ਪਾਗਲ ਜਿਹਾ ਹੋਈ ਫਿਰਦਾ। ਰਾਜਾ ਤੇ ਬਿੱਲੂ ਵੀ ਬਸ ਆਪਣੇ ਆਪ ਵਿੱਚ ਸੁੰਗੜ ਕੇ ਰਹਿ ਗਏ।
ਕੱਲ੍ਹ ਹੀ ਤਾਂ ਰਾਜੋ ਦੀ ਦਸਵੀਂ ਬਰਸੀ ਸੀ। ਜਦੋਂ ਵੀ ਕਦੇ ਤੇ ਕਿਤੇ ਵੀ ਜੇ ਜਗਮੋਹਨ ਦਾ ਜ਼ਿਕਰ ਆ ਜਾਂਦਾ ਤਾਂ ਗੁਰਸੇਵਕ ਨੂੰ ਉਸ ਵੱਲੋਂ ਪਿੱਠ ਵਿੱਚ ਖੋਭਿਆ ਹੋਇਆ ਛੁਰਾ ਮਹਿਸੂਸ ਹੋਣ ਲੱਗਦਾ। ਫਿਰ ਗੁਰਸੇਵਕ ਨੂੰ ਜਾਪਣ ਲੱਗਦਾ ਕਿ ਉਸ ਦਾ ਸਰੀਰ ਇੱਕ ਸ਼ਮਸ਼ਾਨਘਾਟ ਹੈ ਜਿਸ ਅੰਦਰ ਉਹ ਤਿੰਨ ਬਲ ਰਹੇ ਸਿਵੇ ਮਹਿਸੂਸ ਕਰਦਾ। ਇੱਕ ਸਿਵਾ ਰਾਜੋ ਦਾ, ਇੱਕ ਸਿਵਾ ਸਿੰਮੀ ਦੇ ਕਰਮਾਂ ਦਾ ਅਤੇ ਇੱਕ ਜਗਮੋਹਨ ਦੀ ਦੋਸਤੀ ਦਾ।
Share this content:



Post Comment