ਕਿਸਾਨ ਖ਼ੁਦਕੁਸ਼ੀਆਂ ਅਤੇ ਕਾਰਨ/ਕੇਸਰ ਸਿੰਘ ਭੰਗੂ
ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਸਲਾ ਮੀਡੀਆਂ ਦੀਆਂ ਸੁਰਖ਼ੀਆਂ ਵਿੱਚ ਹੈ। ਇਹ ਖ਼ੌਫ਼ਨਾਕ ਅਤੇ ਦੁਖਦਾਈ ਵਰਤਾਰਾ ਲਗਾਤਾਰ ਜਾਰੀ ਹੈ। ਖੋਜ ਅਤੇ ਅਧਿਐਨ ਚੌਕਸ ਕਰਦੇ ਹਨ ਕਿ ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨਾਲ ਮੇਲ ਖਾਂਦੇ ਹਾਲਾਤ ਵਾਲੇ ਕਿਸਾਨ ਕੋਈ ਹੱਲ ਨਾ ਕੱਢਣ ਦੀ ਸੂਰਤ ਵਿੱਚ ਇਸ ਵਰਤਾਰੇ ਦਾ ਸ਼ਿਕਾਰ ਹੋ ਸਕਦੇ ਹਨ। ਪਹਿਲਾ ਪਹਿਲ ਸੂਬਾਈ ਸਰਕਾਰਾਂ ਨੇ ਇਸ ਵਰਤਾਰੇ ਬਾਰੇ ਨਾਂਹ-ਨੁੱਕਰ ਕੀਤੀ। ਫਿਰ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਕਾਰਨ ਕਰਜ਼ੇ ਨੂੰ ਮੰਨ ਲਿਆ, ਪਰ ਮਸਲਾ ਹੱਲ ਨਾ ਹੋਇਆ। ਖ਼ੁਦਕੁਸ਼ੀਆਂ ਦੇ ਕਾਰਨ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਹੋ ਸਕਦੇ ਹਨ, ਪਰ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਕਰਜ਼ੇ ਕਾਰਨ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਘਾਤਕ ਦਿਲ-ਕੰਬਾਊ ਵਰਤਾਰਾ ਹਨ। ਇਹ ਮਸਲਾ ਡੂੰਘੀ ਖੋਜ-ਪੜਤਾਲ ਦੀ ਮੰਗ ਕਰਦਾ ਹੈ ਤਾਂ ਕਿ ਇਸ ਦਾ ਢੁਕਵਾਂ ਹੱਲ ਲੱਭਿਆ ਜਾ ਸਕੇ।
ਕਿਸਾਨ ਖ਼ੁਦਕੁਸ਼ੀਆਂ ਦੇ ਵਰਤਾਰੇ ਦੀ ਹੋਂਦ ਮੰਨ ਲੈਣ ਮਗਰੋਂ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਨੇ ਇਸ ਮਸਲੇ ਦੀ ਗੰਭੀਰਤਾ ਬਾਰੇ ਜਾਣਨ ਲਈ ਕੁਝ ਅਧਿਐਨ ਕਰਵਾਏ। ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਕਈ ਸੰਗਠਨਾਂ ਅਤੇ ਬੁੱਧੀਜੀਵੀਆਂ ਨੇ ਵੀ ਨਿੱਜੀ ਪੱਧਰ ’ਤੇ ਇਸ ਦੇ ਕਈ ਪਹਿਲੂਆਂ ਦੀ ਘੋਖ-ਪੜਤਾਲ ਕੀਤੀ ਹੈ। ਅਧਿਐਨਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਦੀ ਮਾਲਵੇ ਦੀ ਕਪਾਹ ਪੱਟੀ ਭਾਵ ਸੰਗਰੂਰ, ਬਠਿੰਡਾ, ਮਾਨਸਾ, ਫਿਰੋਜ਼ਪੁਰ ਅਤੇ ਪੁਰਾਣਾ ਫ਼ਰੀਦਕੋਟ ਇਸ ਵਰਤਾਰੇ ਦੀ ਲਪੇਟ ਵਿੱਚ ਸਭ ਤੋਂ ਵੱਧ ਆਏ ਹਨ। ਖੇਤੀ ਉਤਪਾਦਨ ਦੀਆਂ ਗ਼ੈਰ-ਲਾਹੇਵੰਦ ਕੀਮਤਾਂ, ਲਗਾਤਾਰ ਫ਼ਸਲਾਂ ਮਾਰੇ ਜਾਣਾ, ਉੱਚੀਆਂ ਤੇ ਲਗਾਤਾਰ ਵਧੀਆਂ ਖੇਤੀ ਲਾਗਤਾਂ ਅਤੇ ਕਰਜ਼ੇ ਤੇ ਵਿਆਜ ਦੀਆਂ ਉੱਚੀਆਂ ਦਰਾਂ ਕਾਰਨ ਖ਼ਾਸਕਰ ਛੋਟੇ ਅਤੇ ਸੀਮਾਂਤ ਕਿਸਾਨ ਕਰਜ਼ੇ ਦੇ ਜੰਜਾਲ ਵਿੱਚ ਧਸ ਗਈ ਹੈ। ਖੇਤੀ ਦੇ ਸੰਕਟ, ਕਰਜ਼ੇ ਦੇ ਕਾਰਨ, ਕਰਜ਼ੇ ਦੀ ਮਾਤਰਾ ਅਤੇ ਕਿਸਾਨ ਖ਼ੁਦਕੁਸ਼ੀਆਂ ਸਬੰਧੀ ਵੱਖ-ਵੱਖ ਅੰਦਾਜ਼ੇ, ਨਤੀਜੇ ਅਤੇ ਸੁਝਾਅ ਪੇਸ਼ ਕੀਤੇ ਜਾਣ ਦੇ ਬਾਵਜੂਦ ਇਸ ਮਸਲੇ ਦਾ ਕਾਰਗਰ ਹੱਲ ਸਾਹਮਣੇ ਨਹੀਂ ਆਇਆ।
ਇਨ੍ਹਾਂ ਖ਼ਾਮੀਆਂ ਨੂੰ ਪੂਰਾ ਕਰਨ ਦੇ ਮਨਸ਼ੇ ਅਤੇ ਜ਼ਮੀਨੀ ਹਕੀਕਤਾਂ ਨੂੰ ਜਾਣਨ ਲਈ ਇਸ ਤੋਂ ਵੱਧ ਪ੍ਰਭਾਵਿਤ ਮਾਲਵੇ ਦੇ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਸਰਵੇਖਣ ਕੀਤਾ ਗਿਆ। ਇਸ ਵਿੱਚ ਪੀੜਤ ਕਿਸਾਨਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ, ਕਰਜ਼ੇ ਦਾ ਮੰਤਵ, ਕਰਜ਼ੇ ਦੀ ਪੰਡ ਵਧਣ ਦੇ ਕਾਰਨ ਅਤੇ ਕਿਸਾਨ ਖ਼ੁਦਕੁਸ਼ੀਆਂ ਦੇ ਮਸਲੇ ਨੂੰ ਸ਼ਾਮਿਲ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਬਲਾਕਾਂ ਅਤੇ ਤਹਿਸੀਲਾਂ ਦੇ ਪੀੜਤ ਕਿਸਾਨਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ। ਕਿਸਾਨ ਯੂਨੀਅਨ ਦੇ ਆਗੂਆਂ, ਪੰਚਾਇਤ ਮੈਬਰਾਂ, ਆੜ੍ਹਤੀਆਂ ਅਤੇ ਬੈਂਕਾਂ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਗਈ। ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚ 86 ਫ਼ੀਸਦੀ ਕਿਸਾਨ ਅਤੇ 12 ਫ਼ੀਸਦੀ ਖੇਤ ਮਜ਼ਦੂਰ ਸ਼ਾਮਿਲ ਸਨ। ਕਿਸਾਨਾਂ ਵਿੱਚੋਂ ਵੱਡੀ ਗਿਣਤੀ ਛੋਟੀ ਅਤੇ ਸੀਮਾਂਤ ਕਿਸਾਨੀ ਨਾਲ ਸਬੰਧਿਤ ਸਨ। ਜ਼ਿਆਦਾਤਰ ਖ਼ੁਦਕੁਸ਼ੀਆਂ ਨੌਜਵਾਨ ਅਤੇ ਅੱਧਖੜ ਉਮਰ ਦੇ ਕਿਸਾਨਾਂ ਨੇ ਕੀਤੀਆਂ। ਪੜ੍ਹਾਈ-ਲਿਖਾਈ ਦੀ ਘਾਟ ਪ੍ਰਤੱਖ ਸਾਹਮਣੇ ਆਈ। ਬਹੁਤੇ ਪੀੜਤ ਅਨਪੜ੍ਹ ਸਨ, ਜਿਸ ਕਾਰਨ ਉਨ੍ਹਾਂ ਕੋਲ ਬਹੁਤੇ ਵਿਕਲਪ ਨਾ ਹੋਣ ਕਾਰਨ ਉਨ੍ਹਾਂ ਨੂੰ ਗ਼ੈਰ-ਲਾਹੇਵੰਦ ਖੇਤੀ ’ਤੇ ਹੀ ਨਿਰਭਰ ਰਹਿਣਾ ਪਿਆ। ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਵਿੱਚ 82 ਫ਼ੀਸਦੀ ਜੱਟ ਸਿੱਖ ਸਨ ਅਤੇ ਵੱਡੀ ਗਿਣਤੀ ’ਚ ਸਾਂਝੇ ਵੱਡੇ ਪਰਿਵਾਰਾਂ ਵਿੱਚੋਂ ਸਨ। ਪੀੜਤਾਂ ਵਿੱਚੋਂ 86 ਫ਼ੀਸਦੀ ਵਿਆਹੇ ਅਤੇ ਬਾਲ-ਬੱਚੇਦਾਰ ਸਨ।
ਅਧਿਐਨ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਪੀੜਤ ਕਿਸਾਨਾਂ ਨੇ ਖ਼ੁਦਕੁਸ਼ੀ ਲਈ ਕਿਹੜਾ ਢੰਗ ਅਪਣਾਇਆ, ਫੌਰੀ ਤੌਰ ’ਤੇ ਕਿਸ ਗੱਲ ਨੇ ਖ਼ੁਦਕੁਸ਼ੀ ਲਈ ਉਕਸਾਇਆ, ਖ਼ੁਦਕੁਸ਼ੀ ਦੇ ਅਸਲ ਕਾਰਨ ਕਿਹੜੇ ਹਨ ਅਤੇ ਪੀੜਤ ਕਿਸਾਨਾਂ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਅਤੇ ਪਿੱਛੋਂ ਪਰਿਵਾਰਾਂ ਨੇ ਕਿੰਨੀ ਜ਼ਮੀਨ ਗਹਿਣੇ ਕੀਤੀ ਅਤੇ ਵੇਚੀ ਹੈ। ਪੀੜਤ ਕਿਸਾਨਾਂ ਨੇ ਖ਼ੁਦਕੁਸ਼ੀਆਂ ਲਈ ਸਭ ਤੋਂ ਵੱਧ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਹੈ, ਜਿਹੜੀ ਕਿਸਾਨਾਂ ਦੇ ਘਰਾਂ ਅਤੇ ਖੇਤਾਂ ਵਿੱਚ ਆਮ ਹੀ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਰੇਲ ਗੱਡੀ ਹੇਠ ਆ ਕੇ, ਫਾਹਾ ਲੈ ਕੇ ਅਤੇ ਅੱਗ ਲਗਾ ਕੇ ਖ਼ੁਦਕੁਸ਼ੀ ਕੀਤੀ ਹੈ। ਫੌਰੀ ਤੌਰ ’ਤੇ ਬਹੁਤੇ ਕਿਸਾਨਾਂ ਨੂੰ ਆੜ੍ਹਤੀਆਂ ਅਤੇ ਬੈਂਕ ਅਧਿਕਾਰੀਆਂ ਵੱਲੋਂ ਕਰਜ਼ਾ ਵਾਪਸੀ ਲਈ ਲਗਾਤਾਰ ਦਬਾਅ, ਘਰ ਦੇ ਵਾਰ-ਵਾਰ ਗੇੜੇ ਮਾਰ ਕੇ ਤੰਗ ਪ੍ਰੇਸ਼ਾਨ ਕਰਨ, ਲੋਕਾਂ ਸਾਹਮਣੇ ਬੇਇੱਜ਼ਤ ਕਰਨ, ਜ਼ਮੀਨ ਤੇ ਫ਼ਸਲ ’ਤੇ ਜਬਰੀ ਕਬਜ਼ਾ ਕਰਨ ਦੀਆਂ ਧਮਕੀਆਂ ਅਤੇ ਫ਼ਸਲਾਂ ਦੇ ਖ਼ਰਾਬ ਹੋਣ ਜਾਂ ਫ਼ਸਲਾਂ ਮਰਨ ਵਰਗੇ ਕਾਰਨਾਂ ਨੇ ਖ਼ੁਦਕੁਸ਼ੀਆਂ ਲਈ ਉਕਸਾਇਆ। ਕਰਜ਼ੇ ਕਾਰਨ ਜ਼ਮੀਨ ਵਿਕਣ/ਗਹਿਣੇ ਹੋ ਜਾਣ ਕਰਕੇ ਮਾਨਸਿਕ ਸੰਤੁਲਨ ਗੁਆਉਣ ਕਾਰਨ ਵੀ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ।
ਦਰਅਸਲ, ਖ਼ੁਦਕੁਸ਼ੀਆਂ ਦੇ ਕਿਸੇ ਇੱਕ ਕਾਰਨ ਨੂੰ ਨਿਰੋਲ ਕਾਰਨ ਕਹਿਣਾ ਬਹੁਤ ਮੁਸ਼ਕਿਲ ਹੈ। ਬੇਸ਼ੱਕ, ਹਥਲੇ ਅਧਿਐਨ ਮੁਤਾਬਿਕ ਕਰਜ਼ਾ ਹੀ ਖ਼ੁਦਕੁਸ਼ੀਆਂ ਦਾ ਇੱਕੋ ਇੱਕ ਕਾਰਨ ਹੈ ਕਿਉਂਕਿ ਸਰਵੇਖਣ ਵਿੱਚ ਸ਼ਾਮਿਲ ਸਾਰੇ ਕਿਸਾਨਾਂ ਸਿਰ ਬਹੁਤ ਵੱਧ ਕਰਜ਼ਾ ਸੀ। ਪੀੜਤ ਪਰਿਵਾਰਾਂ ਵੱਲੋਂ ਜ਼ਮੀਨ ਵੇਚ ਕੇ ਜਾਂ ਗਹਿਣੇ ਧਰ ਕੇ ਕਰਜ਼ਾ ਵਾਪਸੀ/ਘਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਲਈ ਇਨ੍ਹਾਂ ਪਰਿਵਾਰਾਂ ਨੇ ਆਪਣੀ 7.8 ਫ਼ੀਸਦੀ ਜ਼ਮੀਨ ਖ਼ੁਦਕੁਸ਼ੀਆਂ ਤੋਂ ਪਹਿਲਾਂ ਅਤੇ 18.4 ਫ਼ੀਸਦੀ ਖ਼ੁਦਕੁਸ਼ੀਆਂ ਤੋਂ ਬਾਅਦ ਵੇਚ ਦਿੱਤੀ ਅਤੇ ਨਾਲ ਹੀ 10.6 ਫ਼ੀਸਦੀ ਜ਼ਮੀਨ ਖ਼ੁਦਕੁਸ਼ੀਆਂ ਤੋਂ ਪਹਿਲਾਂ ਅਤੇ 5.8 ਫ਼ੀਸਦੀ ਖ਼ੁਦਕੁਸ਼ੀਆਂ ਤੋਂ ਬਾਅਦ ਗਹਿਣੇ ਧਰ ਦਿੱਤੀ। ਜ਼ਿਕਰਯੋਗ ਹੈ ਕਿ ਬਹੁਤੀ ਜ਼ਮੀਨ ਛੋਟੇ ਅਤੇ ਸੀਮਾਂਤ ਕਿਸਾਨਾਂ ਵੱਲੋਂ ਹੀ ਵੇਚੀ/ਗਹਿਣੇ ਕੀਤੀ ਗਈ ਅਤੇ ਜ਼ਮੀਨ ਖਰੀਦਣ/ਗਹਿਣੇ ਲੈਣ ਵਾਲੇ ਉਸੇ ਖਿੱਤੇ ਦੇ ਵੱਡੇ ਕਿਸਾਨ ਜਾਂ ਆੜ੍ਹਤੀਏ ਸਨ। ਕੁਝ ਕਿਸਾਨ ਸਾਰੀ ਜ਼ਮੀਨ ਵੇਚ ਕੇ ਆਪ ਮਜ਼ਦੂਰੀ ਜਾਂ ਹੋਰ ਛੋਟੇ-ਮੋਟੇ ਕੰਮ-ਧੰਦੇ ਕਰਨ ਲੱਗ ਪਏ।
ਕਿਸਾਨੀ ਕਰਜ਼ਾ ਅਤੇ ਇਸ ਕਾਰਨ ਕਿਸਾਨ ਖ਼ੁਦਕੁਸ਼ੀਆਂ ਦਾ ਮਸਲਾ ਗੁੰਝਲਦਾਰ ਅਤੇ ਬਹੁ-ਪਰਤੀ ਹੈ। ਇਸ ਦਾ ਹੱਲ ਬਹੁ-ਪਰਤੀ ਅਤੇ ਲੰਮੇ ਸਮੇਂ ਦੀਆਂ ਢੁਕਵੀਆਂ ਨੀਤੀਆਂ ਨਾਲ ਹੀ ਸੰਭਵ ਹੈ। ਪੰਜਾਬ ਸਰਕਾਰ ਇਸ ਮਸਲੇ ਦੇ ਠੀਕ ਵੇਰਵੇ ਇਕੱਠੇ ਕਰਕੇ ਕੇਂਦਰ ਸਰਕਾਰ ਕੋਲ ਰੱਖੇ ਅਤੇ ਕੇਂਦਰ ਸਰਕਾਰ ਕਿਸਾਨੀ ਦੇ ਬਚਾਅ ਲਈ ਢੁਕਵਾਂ ਰਾਹਤ ਪੈਕੇਜ ਪੰਜਾਬ ਦੀ ਕਿਸਾਨੀ ਨੂੰ ਦੇਵੇ। ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦਾ ਫੌਰੀ ਪ੍ਰਬੰਧ ਕੀਤਾ ਜਾਵੇ ਅਤੇ ਢੁਕਵੀਂ ਵਿੱਤੀ ਸਹਾਇਤਾ, ਪੈਨਸ਼ਨ, ਪਰਿਵਾਰਕ ਮੈਂਬਰਾਂ ਨੂੰ ਰੁਜ਼ਗਾਰ ਅਤੇ ਪਰਿਵਾਰ ਦੇ ਬੱਚਿਆਂ ਲਈ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ। ਪੀੜਤ ਪਰਿਵਾਰਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਕਰਜ਼ੇ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ। ਖੇਤੀ ਲਾਗਤਾਂ ਨੂੰ ਘੱਟ ਕਰਨ, ਉਤਪਾਦਨ ਦੇ ਲਾਹੇਵੰਦ ਭਾਅ, ਅਸਲ ਕੀੜੇਮਾਰ ਦਵਾਈਆਂ, ਖਾਦਾਂ ਅਤੇ ਫ਼ਸਲ ਮਰਨ ’ਤੇ ਪੂਰੇ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ ਨੂੰ ਲੋੜੀਂਦਾ ਕਰਜ਼ਾ ਘੱਟ ਵਿਆਜ ਦਰਾਂ ’ਤੇ ਮੁਹੱਈਆ ਕਰਵਾਇਆ ਜਾਵੇ।
Share this content:



Post Comment