Loading Now

ਕਵਿਤਾ/ਬੰਦਾ/ਚਰਨਜੀਤ ਸਿੰਘ ਪੰਨੂ

ਕਵਿਤਾ/ਬੰਦਾ/ਚਰਨਜੀਤ ਸਿੰਘ ਪੰਨੂ

ਮੁੱਢਲੀ ਜੜ੍ਹ ਨਾੜ ਤੋਂ ਕੱਟਿਆ,
ਮਾਰ ਕਿਲਕਾਰੀ ਰੋਇਆ ਬੰਦਾ।
ਧਰਤ ਸਵਰਗ ਦੀ ਝਾਤੀ ਪਾ ਕੇ,
ਠਗਿਆ ਠਗਿਆ ਖੋਹਿਆ ਬੰਦਾ।
ਜਗਤ ਤਮਾਸ਼ਾ ਵੇਖਣ ਖ਼ਾਤਰ,
ਦੁਨੀਆਂ ਵੱਲ ਨੂੰ ਹੋਇਆ ਬੰਦਾ।
ਪ੍ਰੀਤਮ ਨਾਲੋਂ ਤੋੜ ਕੇ ਨਾਤਾ,
ਤ੍ਰਿਸ਼ਨਾ ਵਿਚ ਪਰੋਇਆ ਬੰਦਾ।
ਗੁੰਝਲ ਨੂੰ ਸੁਲਝਾਉਣ ਦੇ ਚੱਕਰ,
ਉਲਝਣਾਂ ਵਿਚ ਫਸੋਇਆ ਬੰਦਾ।
ਬਚਪਨ ਰੰਗ ਰੁਮਾਂਚਕ ਦੁਨੀਆ,
ਮੋਹਿਤ ਰੰਗਾਂ ਤੇ ਹੋਇਆ ਬੰਦਾ।
ਅਲਬੇਲੀ ਚੰਚਲ ਮੁਗਧ ਜਵਾਨੀ,
ਇੱਲਤਾਂ ਵਿਚ ਸੰਜੋਇਆ ਬੰਦਾ।
ਪੰਜਾਂ ਦੁਸ਼ਟਾਂ ਜਾਲ਼ ਵਿਛਾਇਆ,
ਤ੍ਰਿਸ਼ਨਾ ਵਿਚ ਸੰਜੋਇਆ ਬੰਦਾ।
ਬੇੜੀ ਵਿਚ ਮਲੀਨ ਬੋਝਾ ਭਾਰਾ,
ਪਾਪਾਂ ਭਾਰ ਡਬੋਇਆ ਬੰਦਾ।
ਕਰਤੇ ਨੂੰ ਕਦੇ ਯਾਦ ਨਾ ਕੀਤਾ,
ਗ੍ਰਿਸਤ ਨੇ ਗੁਮਰੋਹਿਆ ਬੰਦਾ।
ਦੂਸ਼ਿਤ ਚੋਲ਼ਾ ਚਿੱਕੜ ਭਰਿਆ,
ਵਕਾਰਾਂ ਬੰਦੇ ਤੋਂ ਖੋਹਿਆ ਬੰਦਾ।
ਨੈਣ ਪ੍ਰਾਣ ਅੰਗ ਝੜ ਝੜ ਜਾਂਦੇ,
ਮੁਥਾਜ ਮੰਜੇ ਦਾ ਹੋਇਆ ਬੰਦਾ।
ਅੱਥਰੀ ਜ਼ਿੰਦਗੀ ਦੇ ਗਈ ਧੋਖਾ,
ਦੁੱਖਾਂ ਕੁੱਟ ਕੁੱਟ ਚੋਇਆ ਬੰਦਾ।
ਧੁਰ ਦਰਗਾਹੋਂ ਸੱਦਾ ਆਇਆ,
ਚੁੱਕ ਲੌ ਚੁੱਕ ਲੌ ਹੋਇਆ ਬੰਦਾ।
ਜਮਦੂਤਾਂ ਨੇ ਅੜਿੱਕਾ ਡਾਹਿਆ,
ਜਾਮਾ-ਤਲਾਸ਼ੀ ਟੋਹਿਆ ਬੰਦਾ।
ਪਰਖਿਆ ਧਰਮਰਾਜ ਨੇ ਖਾਤਾ,
ਪਸ਼ੇਮਾਨੀ ਵਿਚ ਖੜੋਇਆ ਬੰਦਾ।
ਨੱਕੋ ਨੱਕ ਪਾਪਾਂ ਨਾਲ ਭਰਿਆ,
ਧੋਬੀ ਪਟੜੇ ਧੋਇਆ ਬੰਦਾ।
ਉੱਡ ਗਏ ਪ੍ਰਾਣ ਪੰਖੇਰੂ ਕਿਧਰੇ,
ਲੋਕੀਂ ਕਹਿੰਦੇ ਮੋਇਆ ਬੰਦਾ।
ਖ਼ਤਮ ਹੋ ਗਈ ਸਾਹਾਂ ਦੀ ਪੂੰਜੀ,
ਚਹੁੰ ਕੰਧਿਆਂ ਨੇ ਢੋਇਆ ਬੰਦਾ।
ਜਲ ਤੇ ਬੁਲਬੁਲਾ ਫਟਿਆ ਆਖਰ,
ਅਬਚਲ ਜੋਤ ਸਮੋਇਆ ਬੰਦਾ।
ਆਪਣੇ ਘਰ ਪਹੁੰਚ ਗਿਆ ਪੰਨੂ,
ਬੇਫ਼ਿਕਰੀ ਵਿਚ ਸੋਇਆ ਬੰਦਾ।
Charanjit-singh-pannu ਕਵਿਤਾ/ਬੰਦਾ/ਚਰਨਜੀਤ ਸਿੰਘ ਪੰਨੂ
(ਚਰਨਜੀਤ ਸਿੰਘ ਪੰਨੂ)

Share this content:

Post Comment