Loading Now

ਕਵਿਤਾ/ਦਿਲ ਦੀ ਪੋਥੀ/ਸਿਮਰਜੀਤ ਕੌਰ ਗਰੇਵਾਲ

ਕਵਿਤਾ/ਦਿਲ ਦੀ ਪੋਥੀ/ਸਿਮਰਜੀਤ ਕੌਰ ਗਰੇਵਾਲ

ਦਿਲ ਦੀ ਪੋਥੀ ਵਾਲ਼ੇ ਪਹਿਲੇ ਪੰਨੇ ‘ਤੇ।
ਤੇਰਾ ਹੀ ਨਾਂ ਲਿਖਣਾ,ਹਰ ਇਕ ਬੰਨੇ ‘ਤੇ।

ਹੱਥੀਂ ਕੰਮ ਕਰੇਂਦਾ,ਵਿਹਲਾ ਬੈਠੇ ਨਾ,
ਮਾਣ ਕਰਾਂ ਮੈਂ,ਮੇਰੇ ਬਾਪੂ ਧੰਨੇ ‘ਤੇ।

ਬੇਫ਼ਿਕਰੀ ਦਾ ਆਲਮ ਬਣਦਾ ਉਸ ਵੇਲ਼ੇ,
ਰੱਖ ਲਵਾਂ ਜਦ ਸਿਰ ਨੂੰ, ਮਾਂ ਦੇ ਕੰਨ੍ਹੇ ‘ਤੇ।

ਕੰਮ ਸਿਰੇ ਨਾ ਚੜ੍ਹਦਾ ਕੋਈ ਉਸ ਵੇਲ਼ੇ,
ਹੁੰਦਾ ਹੈ ਆਗਾਜ਼ ਜਦੋਂ ਵੀ ਨੰਨੇ ‘ਤੇ।

ਰਲ਼ ਕੇ ਸਭ ਨੇ ਐਸਾ ਵਟਣਾ ਲਾ ਦਿੱਤਾ,
ਰੂਪ ਅਵੱਲਾ ਚੜ੍ਹਿਆ ਸੀ ਫ਼ਿਰ ਬੰਨੇ ‘ਤੇ।

ਖਿੰਡ ਰਹੀ ਹੈ ਮਾਲ਼ਾ ਜਿਹੜੀ ਏਕੇ ਦੀ,
ਰੁਕਣੀ,ਸਾਂਝਾਂ ਦਾ ਧਾਗਾ ਹੀ ਬੰਨ੍ਹੇ ‘ਤੇ।

ਕਿਰਤ ਕਮਾਈ ਕਰ ਕੇ,ਜਿਹੜੀ ਖਾਧੀ ਸੀ,
ਰੱਜ ਬੜਾ ਸੀ ਉਸ ਰੋਟੀ ਦੇ ਖੰਨੇ ‘ਤੇ।

ਵੇਲ਼ੇ ਸਿਰ ਹੀ ਇਹਨੂੰ ਸਾਂਭ ਅਦੀਬਾ ਤੂੰ,
ਨਜ਼ਰ ਬੁਰੀ,ਗੁਲਦਸਤੇ ਵੰਨ- ਸੁਵੰਨੇ ‘ਤੇ।

ਨਾਹੀਂ ਟਿੱਪੀ, ਨਾਹੀਂ ਅੱਧਕ ਸਜਦਾ ਹੈ,
‘ਕੱਲੀ ਬਿੰਦੀ ਹੀ ਸਜਦੀ ਹੈ ਕੰਨੇ ‘ਤੇ।

ਹੱਥਾਂ ਵਿੱਚ ਲਗਾਮ ਸਦਾ ਨਾ ਰਹਿਣੀ ਹੈ,
ਦੇਣੀ ਤੂੰ ਵੀ ਟੰਗ ਕਿਸੇ ਦਿਨ ਹੰਨੇ ‘ਤੇ।

ਦੁੱਧੋਂ ਚਿੱਟਾ ਰੰਗ,ਪਿਆਰਾ ਤੈਨੂੰ ਹੈ,
ਐਪਰ ਮਾਣ ਅਸਾਨੂੰ, ਕਣਕਾਂਵੰਨੇ ‘ਤੇ।

ਬਣਿਆ ਹੈ ਉਹ ਖ਼ੌਰੇ ਕਿਹੜੀ ਮਿੱਟੀ ਦਾ,
ਮੁੜ- ਮੁੜ ਵਾਰ ਕਰੇਂਦਾ,ਟੁੱਟੇ- ਭੰਨੇ ‘ਤੇ।

ਨਾਹੀਂ ਰਸ ਤੇ ਨਾ ਗੁੜ, ਸ਼ੱਕਰ ਮਿਲਣਾ ਹੈ,
ਆਸ ਕਦੇ ਨਾ ਲਾਈਂ,ਫੋਕੇ ਗੰਨੇ ‘ਤੇ।

ਗੱਲੀਂ- ਬਾਤੀਂ ਬਣਦਾ ਬਹੁਤਾ ਚੰਗਾ ਸੀ,
ਦਾਗ਼ ਬੜੇ ਸੀ ਉਸ ਮੰਨੇ- ਪ੍ਰਮੰਨੇ ‘ਤੇ।

ਉਹਦੇ ਰਾਹਾਂ ਵਿੱਚ ਸਦਾ ਮੈਂ ਵਿਛ ਜਾਵਾਂ,
ਸੰਭਵ ਹੈ ਇਹ ਐਪਰ,ਉਹਦੇ ਮੰਨੇ ‘ਤੇ।

ਲੋਕ ਕਦੇ ਵੀ ਸਮਝ ਸਕੇ ਨਾ ਚਾਲਾਂ ਨੂੰ,
ਕਰਨ ਭਰੋਸਾ,ਸੱਤਾ ਦੇ ਮੁਤਬੰਨੇ ‘ਤੇ।

ਅੱਲਮ- ਗੱਲਮ ਖਾ ਕੇ,ਝਾਤੀ ਮਾਰਨ ਨਾ,
ਲੱਸੀ,ਮੱਖਣ,ਦੁੱਧ,ਦਹੀਂ ਦੇ ਛੰਨੇ ‘ਤੇ।

ਦੋਵੇਂ ਅੱਖਾਂ ਹੁੰਦੇ- ਸੁੰਦੇ ਦੇਖੇ ਨਾ,
‘ਸਿਮਰ’ ਲਿਖਾਂ ਮੈਂ ਕੀ ਕੀ ,ਐਸੇ ਅੰਨ੍ਹੇ ‘ਤੇ।

ਸਿਮਰਜੀਤ ਕੌਰ ਗਰੇਵਾਲ

Share this content:

Post Comment